ਮੋਹਾਲੀ (ਨਿਆਮੀਆਂ) - ਸੰਗਠਿਤ ਬਾਲ ਵਿਕਾਸ ਸੇਵਾਵਾਂ ਯੋਜਨਾ ਨੂੰ ਬਚਾਉਣ ਤੇ ਆਪਣੇ ਰੁਜ਼ਗਾਰ ਦੀ ਗਾਰੰਟੀ ਲਈ ਅੱਜ ਜ਼ਿਲੇ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਖੁਦ ਦੀ ਗ੍ਰਿਫਤਾਰੀ ਕਰਵਾਉਣ ਲਈ ਪੇਸ਼ ਕੀਤਾ । ਪੁਲਸ ਨੇ ਕਿਸੇ ਵੀ ਆਂਗਨਵਾੜੀ ਵਰਕਰ ਤੇ ਹੈਲਪਰ ਨੂੰ ਗ੍ਰਿਫਤਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਗੁੱਟਾਂ ਵਿਚ ਕਾਫੀ ਦੇਰ ਕਸ਼ਮਕਸ਼ ਚਲਦੀ ਰਹੀ । ਆਂਗਨਵਾੜੀ ਵਰਕਰਾਂ ਬਾਅਦ ਦੁਪਹਿਰ ਅਚਾਨਕ ਦੌੜ ਕੇ ਪੁਲਸ ਦੀ ਗੱਡੀ ਵਿਚ ਚੜ੍ਹ ਗਈਆਂ ਤੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਜਾਵੇ । ਇਸ ਦੌਰਾਨ ਮੋਹਾਲੀ ਦੇ ਐੱਸ. ਡੀ. ਐੱਮ. ਉਥੇ ਪੁੱਜੇ ਤੇ ਆਂਗਨਵਾੜੀ ਵਰਕਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਰਕਰ ਨੂੰ ਨੌਕਰੀ ਤੋਂ ਨਹੀਂ ਹਟਾਇਆ ਜਾ ਰਿਹਾ ਤੇ ਉਨ੍ਹਾਂ ਸਾਰਿਆਂ ਦਾ ਪਹਿਲਾਂ ਵਾਲਾ ਹੀ ਸਟੇਟਸ ਰਹੇਗਾ । ਪੁਲਸ ਨੇ ਬੜੀ ਮੁਸ਼ਕਿਲ ਨਾਲ ਆਂਗਨਵਾੜੀ ਵਰਕਰਾਂ ਨੂੰ ਆਪਣੀ ਗੱਡੀ ਤੋਂ ਹੇਠਾਂ ਉਤਾਰਿਆ । ਪੁਲਸ ਦੀ ਸਿਰਦਰਦੀ ਇਸ ਕਾਰਨ ਵੀ ਵਧ ਗਈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਨੇ ਬਾਅਦ ਦੁਪਹਿਰ ਮੋਹਾਲੀ ਅਦਾਲਤ ਦੇ ਬੀ ਅਤੇ ਸੀ ਕੰਪਲੈਕਸ ਦਾ ਉਦਘਾਟਨ ਕਰਨ ਲਈ ਆਉਣਾ ਸੀ, ਇਸ ਲਈ ਧਰਨਾਕਾਰੀਆਂ ਨੂੰ ਉਥੋਂ ਹਟਾਉਣਾ ਬਹੁਤ ਜ਼ਰੂਰੀ ਸੀ । ਕਾਫੀ ਜੱਦੋ-ਜਹਿਦ ਤੋਂ ਬਾਅਦ ਇਨ੍ਹਾਂ ਵਰਕਰਾਂ ਨੂੰ ਉਥੋਂ ਹਟਾਇਆ ਗਿਆ ।
ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਂਗਨਵਾੜੀ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲਾ ਪ੍ਰਧਾਨ ਗੁਰਪ੍ਰੀਤ ਕੌਰ ਧਨੌਨੀ, ਸਕੱਤਰ ਭਿੰਦਰ ਕੌਰ, ਖਜ਼ਾਨਚੀ ਗੁਰਦੀਪ ਕੌਰ ਅਤੇ ਹੋਰਨਾਂ ਨੇ ਕਿਹਾ ਕਿ 54 ਦਿਨਾਂ ਤੋਂ ਆਂਗਨਵਾੜੀ ਵਰਕਰਾਂ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਹਨ ਪਰ ਰਾਜ ਸਰਕਾਰ ਹਜ਼ਾਰਾਂ ਔਰਤਾਂ ਦੇ ਰੁਜ਼ਗਾਰ ਨੂੰ ਲੈ ਕੇ ਗੰਭੀਰ ਨਹੀਂ ਹੈ ।
ਉਨ੍ਹਾਂ ਕਿਹਾ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ ਯੋਜਨਾ ਪਿਛਲੇ 42 ਸਾਲਾਂ ਤੋਂ ਕੰਮ ਕਰ ਰਹੀ ਹੈ, ਜੋ ਕਿ ਰਾਜ ਦੇ ਗਰੀਬ, ਦਲਿਤ ਬੱਚਿਆਂ ਦੇ ਸਿਹਤ ਸੰਭਾਲ, ਪੌਸ਼ਣ ਤੇ ਸਿੱਖਿਆ ਉਪਲਬਧ ਕਰਵਾ ਕੇ ਸਰਵਪੱਖੀ ਵਿਕਾਸ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਵਿਚ 26 ਹਜ਼ਾਰ 833 ਆਂਗਨਵਾੜੀ ਕੇਂਦਰਾਂ ਵਿਚ 54 ਹਜ਼ਾਰ ਦੇ ਕਰੀਬ ਵਰਕਰਾਂ ਤੇ ਹੈਲਪਰਾਂ ਕੰਮ ਕਰਦੀਆਂ ਹਨ ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਮੂਲੀ ਜਿਹਾ ਭੱਤਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਉਹ ਪੂਰੀ ਲਗਨ ਨਾਲ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਂਗਨਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕਰ ਲਈ ਹੈ ਤੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰ ਦਿੱਤੀਆਂ ਹਨ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਜਬੂਰ ਹੋ ਕੇ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਾ ਪਵੇਗਾ ਤੇ ਇਸ ਲਈ ਉਹ ਅੱਜ ਪੰਜਾਬ ਭਰ ਵਿਚ ਗ੍ਰਿਫਤਾਰੀਆਂ ਦੇਣ ਲਈ ਆਈਆਂ ਹਨ, ਤਾਂ ਕਿ ਸਰਕਾਰ ਉਨ੍ਹਾਂ ਨੂੰ ਜੇਲਾਂ ਵਿਚ ਤਿਆਰ ਖਾਣਾ ਦੇਵੇ ਤੇ ਪਿੱਛੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਭਾਲਣ ਦਾ ਵੀ ਪ੍ਰਬੰਧ ਕਰੇ ।
ਵਿਦਿਆਰਥਣ ਨਾਲ ਜਬਰ-ਜ਼ਨਾਹ ਮਾਮਲੇ 'ਚ 2 ਦੋਸ਼ੀ ਕਰਾਰ, ਅੱਜ ਸੁਣਾਈ ਜਾਏਗੀ ਸਜ਼ਾ
NEXT STORY