ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਨੂੰ ਰਾਜਾ ਦਸ਼ਰਥ ਤੇ ਮਾਤਾ ਕੌਸ਼ੱਲਿਆ ਦੇ ਪੁੱਤਰ ਦੇ ਰੂਪ ਵਿਚ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਪ੍ਰਗਟ ਹੋਏ। ਜਦੋਂ ਬ੍ਰਹਮਾ ਜੀ ਨੇ ਸ੍ਰੀ ਭਗਵਾਨ ਦੇ ਪ੍ਰਗਟ ਹੋਣ ਦਾ ਮੌਕਾ ਜਾਣਿਆ ਤਾਂ (ਉਨ੍ਹਾਂ ਸਮੇਤ) ਸਾਰੇ ਦੇਵਤਾ ਵਿਮਾਨ ਸਜਾ-ਸਜਾ ਕੇ ਚੱਲੇ। ਨਿਰਮਲ ਆਕਾਸ਼ ਦੇਵਤਿਆਂ ਦੇ ਸਮੂਹਾਂ ਨਾਲ ਭਰ ਗਿਆ। ਗੰਧਰਵਾਂ ਦੇ ਦਲ ਪ੍ਰਭੂ ਸ੍ਰੀ ਰਾਮ ਦੇ ਗੁਣਾਂ ਦਾ ਗਾਨ ਅਤੇ ਫੁੱਲਾਂ ਦੀ ਵਰਖਾ ਕਰਨ ਲੱਗੇ।
ਭਏ ਪ੍ਰਗਟ ਕ੍ਰਿਪਾਲਾ ਦੀਨਦਿਆਲਾ ਕੌਸੱਲਿਆ ਹਿਤਕਾਰੀ।
ਹਰਸ਼ਿਤ ਮਹਤਾਰੀ ਮੁਨੀ ਮਨ ਹਾਰੀ ਅਦਭੁਤ ਰੂਪ ਬਿਚਾਰੀ।।
ਉਨ੍ਹਾਂ ਦੇ ਅਨੋਖੇ ਰੂਪ ਦਾ ਵਿਚਾਰ ਕਰ ਕੇ ਮਾਤਾ ਪ੍ਰਸੰਨਤਾ ਨਾਲ ਭਰ ਗਈ। ਚਾਰੇ ਬਾਹਾਂ ਵਿਚ ਹਥਿਆਰ ਧਾਰਣ ਕਰ ਕੇ, ਦੈਵਿਕ ਗਹਿਣੇ ਤੇ ਵਨਮਾਲਾ ਪਹਿਨੀ ਵੱਡੇ-ਵੱਡੇ ਨੇਤਰ ਸਨ। ਇਸ ਤਰ੍ਹਾਂ ਸ਼ੋਭਾ ਦੇ ਸਾਗਰ ਅਤੇ ਖਰ ਰਾਖਸ਼ਸ ਨੂੰ ਮਾਰਨ ਵਾਲੇ ਭਗਵਾਨ ਪ੍ਰਗਟ ਹੋਏ।
ਤੁਲਸੀਦਾਸ ਜੀ ਕਹਿੰਦੇ ਹਨ,‘‘ਸ਼ਾਂਤ, ਸਨਾਤਨ, ਸਬੂਤਾਂ ਤੋਂ ਪਰ੍ਹੇ, ਪਾਪ-ਰਹਿਤ, ਮੋਕਸ਼ ਰੂਪ, ਪਰਮ ਸ਼ਾਂਤੀ ਪ੍ਰਦਾਨ ਕਰਨ ਵਾਲੇ, ਬ੍ਰਹਮਾ, ਸ਼ੰਭੂ ਤੇ ਸ਼ੇਸ਼ ਜੀ ਵਲੋਂ ਲਗਾਤਾਰ ਸੇਵਿਤ, ਵੇਦਾਂਤ ਰਾਹੀਂ ਜਾਣਨ ਯੋਗ, ਸਰਬ ਵਿਆਪੀ, ਦੇਵਤਿਆਂ ਦੇ ਸਭ ਤੋਂ ਵੱਡੇ ਪੂਜਣਯੋਗ, ਮਾਇਆ ਨੂੰ ਅਧੀਨ ਕਰ ਕੇ ਮਨੁੱਖੀ ਰੂਪ ਧਾਰਨ ਕਰਨ ਵਾਲੇ, ਸਮੁੱਚੇ ਪਾਪਾਂ ਨੂੰ ਹਰਨ ਵਾਲੇ, ਦਇਆ ਦੀ ਖਾਨ, ਰਘੂਕੁਲ ਵਿਚ ਸ੍ਰੇਸ਼ਠ ਅਤੇ ਰਾਜਿਆਂ ਦੇ ਸ਼ਿਰੋਮਣੀ ਸ੍ਰੀ ਰਾਮ ਕਹਾਉਣ ਵਾਲੇ ਜਗਦੀਸ਼ਵਰ ਸ੍ਰੀ ਹਰਿ ਜੀ ਦੀ ਮੈਂ ਵੰਦਨਾ ਕਰਦਾ ਹਾਂ।’’
ਕਾਕ ਭੁਸ਼ੁੰਡ ਜੀ ਗਰੁੜ ਜੀ ਨੂੰ ਕਹਿੰਦੇ ਹਨ,‘‘ਅਯੁੱਧਿਆਪੁਰੀ ਵਿਚ ਜਦੋਂ-ਜਦੋਂ ਸ੍ਰੀ ਰਘੂਵੀਰ ਭਗਤਾਂ ਦੇ ਹਿੱਤ ਲਈ ਮਨੁੱਖੀ ਸਰੀਰ ਧਾਰਨ ਕਰਦੇ ਹਨ, ਉਸ-ਉਸ ਵੇਲੇ ਮੈਂ ਜਾ ਕੇ ਸ੍ਰੀ ਰਾਮ ਜੀ ਦੀ ਨਗਰੀ ਵਿਚ ਰਹਿੰਦਾ ਹਾਂ ਅਤੇ ਪ੍ਰਭੂ ਦੀ ਸ਼ਿਸ਼ੂ ਲੀਲਾ ਦੇਖ ਕੇ ਸੁੱਖ ਪ੍ਰਾਪਤ ਕਰਦਾ ਹਾਂ। ਫਿਰ ਹੇ ਪਕਸ਼ੀਰਾਜ, ਸ੍ਰੀ ਰਾਮ ਜੀ ਦੇ ਸ਼ਿਸ਼ੂ ਰੂਪ ਨੂੰ ਹਿਰਦੇ ਵਿਚ ਰੱਖ ਕੇ ਮੈਂ ਆਪਣੇ ਆਸ਼ਰਮ ਵਿਚ ਆ ਜਾਂਦਾ ਹਾਂ।’’
ਇਸ ਭਵਸਾਗਰ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਹੈ। ਇਸ ਨੂੰ ਪਾਰ ਲਾਉਣ ਵਾਲਾ ਹੈ ਪ੍ਰਭੂ ਸ੍ਰੀ ਰਾਮ ਨਾਂ ਦਾ ਮਹਾਮੰਤਰ, ਜਿਸ ਨੂੰ ਮਹੇਸ਼ਵਰ ਸ੍ਰੀ ਸ਼ਿਵ ਜੀ ਜਪਦੇ ਹਨ ਅਤੇ ਉਨ੍ਹਾਂ ਵਲੋਂ ਕਾਸ਼ੀ ਵਿਚ ਮੁਕਤੀ ਲਈ ਇਸੇ ਰਾਮ ਨਾਮ ਮਹਾਮੰਤਰ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਇਸ ਦੀ ਮਹਿਮਾ ਗਣੇਸ਼ ਜੀ ਜਾਣਦੇ ਹਨ, ਜੋ ਇਸ ਰਾਮ ਨਾਮ ਦੇ ਪ੍ਰਭਾਵ ਨਾਲ ਹੀ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ।
ਪ੍ਰਭੂ ਸ੍ਰੀ ਰਾਮ ਜੀ ਦੇ ਪ੍ਰਗਟ ਰੂਪ ਦਾ ਭੇਤ ਸਮਝਾਉਂਦੇ ਹੋਏ ਭਗਵਾਨ ਸ਼ਿਵ ਮਾਤਾ ਪਾਰਵਤੀ ਜੀ ਨੂੰ ਕਹਿੰਦੇ ਹਨ,‘‘ਗਿਆਨੀ ਮੁਨੀ, ਯੋਗੀ ਤੇ ਸਿੱਧ ਲਗਾਤਾਰ ਨਿਰਮਲ ਮਨ ਨਾਲ ਜਿਨ੍ਹਾਂ ਦਾ ਧਿਆਨ ਕਰਦੇ ਹਨ ਅਤੇ ਵੇਦ, ਪੁਰਾਣ ਤੇ ਸ਼ਾਸਤਰ ਜਿਨ੍ਹਾਂ ਦੀ ਕੀਰਤੀ ਗਾਉਂਦੇ ਹਨ, ਉਨ੍ਹਾਂ ਹੀ ਸਰਬ-ਵਿਆਪੀ, ਸਮੁੱਚੇ ਬ੍ਰਹਿਮੰਡਾਂ ਦੇ ਸਵਾਮੀ, ਭਗਵਾਨ ਸ੍ਰੀ ਰਾਮ ਨੇ ਆਪਣੇ ਭਗਤਾਂ ਦੇ ਹਿੱਤ ਲਈ ਆਪਣੀ ਇੱਛਾ ਨਾਲ ਰਘੂਕੁਲ ਦੇ ਮਣੀਰੂਪ ਵਿਚ ਅਵਤਾਰ ਲਿਆ ਹੈ।’’
ਭਗਵਾਨ ਸ੍ਰੀ ਰਾਮ ਜੀ ਲੰਕਾ ਚੜ੍ਹਾਈ ਤੋਂ ਪਹਿਲਾਂ ਰਾਮੇਸ਼ਵਰਮ ਸ਼ਿਵਲਿੰਗ ਦੀ ਸਥਾਪਨਾ ਵੇਲੇ ਭਗਵਾਨ ਸ਼ੰਕਰ ਨਾਲ ਆਪਣੀ ਇਕਸਾਰਤਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ–
‘‘ਜੋ ਸ਼ਿਵ ਨਾਲ ਧ੍ਰੋਹ ਰੱਖਦਾ ਹੈ ਅਤੇ ਮੇਰਾ ਭਗਤ ਕਹਾਉਂਦਾ ਹੈ, ਉਹ ਮਨੁੱਖ ਸੁਪਨੇ ਵਿਚ ਵੀ ਮੈਨੂੰ ਪ੍ਰਾਪਤ ਨਹੀਂ ਕਰ ਸਕਦਾ। ਸ਼ੰਕਰ ਜੀ ਤੋਂ ਦੂਰ ਹੋ ਕੇ ਵਿਰੋਧ ਕਰ ਕੇ ਜੋ ਮੇਰੀ ਭਗਤੀ ਚਾਹੁੰਦਾ ਹੈ, ਉਹ ਨਰਕ ਦੇ ਭਾਗੀ, ਮੂਰਖ ਤੇ ਘੱਟ ਦਿਮਾਗ ਵਾਲੇ ਹਨ।’’
ਰਾਮੇਸ਼ਵਰ ਧਾਮ ਦੀ ਮਹਿਮਾ ਬਾਰੇ ਸ੍ਰੀ ਰਾਮ ਕਹਿੰਦੇ ਹਨ,‘‘ਜੋ ਮਨੁੱਖ ਮੇਰੇ ਸਥਾਪਤ ਕੀਤੇ ਹੋਏ ਇਨ੍ਹਾਂ ਰਾਮੇਸ਼ਵਰ ਜੀ ਦਾ ਦਰਸ਼ਨ ਕਰਨਗੇ, ਉਹ ਸਰੀਰ ਛੱਡ ਕੇ ਮੇਰੇ ਲੋਕ ਨੂੰ ਜਾਣਗੇ ਅਤੇ ਜੋ ਗੰਗਾ ਜਲ ਲਿਆ ਕੇ ਇਨ੍ਹਾਂ ’ਤੇ ਚੜ੍ਹਾਏਗਾ, ਉਹ ਮਨੁੱਖ ਮੇਰੀ ਕਿਰਪਾ ਰੂਪੀ ਮੁਕਤੀ ਪ੍ਰਾਪਤ ਕਰੇਗਾ।’
‘‘ਜੋ ਨਿਸ਼ਕਾਮ ਹੋ ਕੇ ਸ੍ਰੀ ਰਾਮੇਸ਼ਵਰ ਜੀ ਦੀ ਸੇਵਾ ਕਰਨਗੇ, ਉਨ੍ਹਾਂ ਨੂੰ ਸ਼ੰਕਰ ਜੀ ਮੇਰੀ ਭਗਤੀ ਦੇਣਗੇ ਅਤੇ ਜੋ ਮੇਰੇ ਬਣਾਏ ਸੇਤੂ ਦਾ ਦਰਸ਼ਨ ਕਰੇਗਾ, ਉਹ ਬਿਨਾਂ ਮਿਹਨਤ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵੇਗਾ।’’
ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦਾ ਪਾਵਨ ਚਰਿੱਤਰ ਵੈਦਿਕ ਸਨਾਤਨ ਧਰਮ ਦੇ ਸੰਪੂਰਨ ਧਾਰਮਿਕ ਸਾਹਿਤ ਦਾ ਮੁਕਟ ਸ਼ਿਰੋਮਣੀ ਹੈ। ਭਰਤ, ਲਕਸ਼ਮਣ, ਸ਼ਤਰੂਘਨ, ਹਨੂਮਾਨ ਜੀ ਤੇ ਵਿਭੀਸ਼ਣ ਵਰਗੇ ਭਗਤੀ ਰੂਪੀ ਮਣੀ-ਮਾਣਕ ਉਨ੍ਹਾਂ ਦੇ ਮੁਕਟ ’ਚ ਸਜੇ ਹੋਏ ਹਨ।
ਕੇਵਟ, ਸ਼ਬਰੀ, ਸੁਗਰੀਵ, ਜਾਮਵੰਤ ਤੇ ਅੰਗਦ ਦੇ ਰੂਪ ਵਿਚ ਪਰਮ ਭਗਤ ਮਾਲਾ ਦੇ ਰੂਪ ਵਿਚ ਭਗਵਾਨ ਸ੍ਰੀ ਰਾਮ ਜੀ ਦੇ ਕੰਠ ਨੂੰ ਸੁਸ਼ੋਭਿਤ ਕਰ ਰਹੇ ਹਨ। ਬ੍ਰਹਮ ਰਿਸ਼ੀ ਵਸ਼ਿਸ਼ਠ ਤੇ ਵਿਸ਼ਵਾਮਿਤਰ ਅਤੇ ਮਹਾਰਿਸ਼ੀ ਅਗਸਤਯ ਵਰਗੇ ਮਹਾਪੁਰਸ਼ਾਂ ਦੀ ਆਭਾ ਪ੍ਰਭੂ ਦੇ ਮੁੱਖ ’ਤੇ ਪ੍ਰਕਾਸ਼ਮਾਨ ਹੋ ਰਹੀ ਹੈ।
ਤੁਲਸੀਦਾਸ ਜੀ ਭਗਵਾਨ ਸੀਤਾਰਾਮ ਜੀ ਦੀ ਵੰਦਨਾ ਕਰਦੇ ਹੋਏ ਕਹਿੰਦੇ ਹਨ–
‘‘ਨੀਲੇ ਕਮਲ ਸਮਾਨ ਸ਼ਾਮ ਅਤੇ ਕੋਮਲ ਜਿਨ੍ਹਾਂ ਦੇ ਅੰਗ ਹਨ, ਸ੍ਰੀ ਸੀਤਾ ਜੀ ਜਿਨ੍ਹਾਂ ਦੇ ਖੱਬੇ ਪਾਸੇ ਬਿਰਾਜਮਾਨ ਹਨ ਅਤੇ ਜਿਨ੍ਹਾਂ ਦੇ ਹੱਥਾਂ ਵਿਚ (ਕ੍ਰਮਵਾਰ) ਅਮੋਘ ਬਾਣ ਤੇ ਸੁੰਦਰ ਧਨੁਸ਼ ਹੈ, ਉਨ੍ਹਾਂ ਰਘੂਵੰਸ਼ ਦੇ ਸਵਾਮੀ ਸ੍ਰੀ ਰਾਮ ਚੰਦਰ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ।’’
–ਰਵੀਸ਼ੰਕਰ ਸ਼ਰਮਾ
ਕੋਰੋਨਾ ਮਹਾਮਾਰੀ ਨਿਗਲ ਗਈ ਗਾਰਮੈਂਟ ਇੰਡਸਟਰੀ ਦੇ 3 ਸੀਜ਼ਨ, ਕਰੋੜਾਂ ਰੁਪਏ ਦਾ ਸਟਾਕ ਹੋਇਆ ਜਮ੍ਹਾ
NEXT STORY