ਜਲੰਧਰ (ਬਿਊਰੋ) : ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ 'ਚ 26 ਜਨਵਰੀ ਦਾ ਦਿਨ ਬਹੁਤ ਖ਼ਾਸ ਮਹੱਤਵ ਰੱਖਦਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਭਾਵ ਦੇਸ਼ 'ਚ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ ਸੀ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਇਸ ਦਿਨ ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ਸੀ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਣ ਆਉਂਦਾ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਜਾਣੋ ਕਿਉਂ ਖ਼ਾਸ ਹੈ 26 ਜਨਵਰੀ
ਸਾਲ 1929 ਦੇ ਦਸੰਬਰ ਮਹੀਨੇ 'ਚ ਲਾਹੌਰ 'ਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਹੋਇਆ ਸੀ, ਜਿਸ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਇਸ ਸੈਸ਼ਨ 'ਚ ਪ੍ਰਸਤਾਵ ਪਾਸ ਹੋਇਆ ਸੀ ਕਿ ਜੇਕਰ ਅੰਗਰੇਜ਼ੀ ਹਕੁਮਤ 26 ਜਨਵਰੀ 1930 ਤਕ ਭਾਰਤ ਨੂੰ ਡੋਮਿਨਿਅਨ ਦਾ ਅਹੁਦਾ ਨਹੀਂ ਦਿੰਦੀ ਤਾਂ ਭਾਰਤ ਖੁਦ ਨੂੰ ਪੂਰੀ ਤਰ੍ਹਾਂ ਨਾਲ ਸੁਤੰਤਰ ਐਲਾਨ ਕਰ ਦੇਵੇਗਾ। ਇਸ ਦੇ ਬਾਵਜੂਦ 26 ਜਨਵਰੀ 1930 ਤੱਕ ਜਦ ਅੰਗਰੇਜ਼ ਸਰਕਾਰ ਨੇ ਕੁਝ ਨਹੀਂ ਦਿੱਤਾ ਤਾਂ ਕਾਂਗਰਸ ਨੇ ਉਸ ਦਿਨ ਭਾਰਤ ਨੂੰ ਪੂਰੀ ਤਰ੍ਹਾਂ ਸੁਤੰਤਰ ਐਲਾਨ ਕਰ ਦਿੱਤਾ ਅਤੇ ਆਪਣਾ ਸਰਗਰਮ ਅੰਦੋਲਨ ਸ਼ੁਰੂ ਕਰ ਦਿੱਤਾ।
ਲਾਹੌਰ 'ਚ ਰਾਵੀ ਨਦੀ ਦੇ ਕਿਨਾਰੇ ਜਵਾਹਰ ਲਾਲ ਨਹਿਰੂ ਨੇ ਲਹਿਰਾਇਆ ਸੀ ਤਿਰੰਗਾ
ਇਸ ਦਿਨ ਜਵਾਹਰ ਲਾਲ ਨਹਿਰੂ ਨੇ ਲਾਹੌਰ 'ਚ ਰਾਵੀ ਨਦੀ ਕਿਨਾਰੇ ਤਿਰੰਗਾ ਲਹਿਰਾਇਆ। ਇਸ ਦਿਨ ਨੂੰ ਭਾਰਤ 26 ਜਨਵਰੀ 1930 ਨੂੰ ਸੁਤੰਤਰਤਾ ਦਿਹਾੜੇ ਦੇ ਰੂਪ 'ਚ ਮਨਾਉਂਦਾ ਹੈ। ਉਸ ਦਿਨ ਤੋਂ ਬਾਅਦ 1947 'ਚ ਦੇਸ਼ ਦੇ ਆਜ਼ਾਦ ਹੋਣ ਤੱਕ 26 ਜਨਵਰੀ ਸੁਤੰਤਰਤਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਰਿਹਾ। ਇਸ ਤੋਂ ਬਾਅਦ ਦੇਸ਼ ਅਜ਼ਾਦ ਹੋਇਆ ਅਤੇ 15 ਅਗਸਤ ਨੂੰ ਭਾਰਤ ਦਾ ਸੁਤੰਤਰਤਾ ਦਿਵਸ ਮਨਾਇਆ ਜਾਣ ਲੱਗਾ। ਭਾਰਤ ਦਾ ਸੰਵਿਧਾਨ 26 ਨਵੰਬਰ 1949 ਤੱਕ ਤਿਆਰ ਹੋ ਗਿਆ ਸੀ। ਉਸ ਸਮੇਂ ਜਿਹੜੇ ਨੇਤਾ ਸਨ, ਉਨ੍ਹਾਂ ਨੇ 2 ਮਹੀਨੇ ਹੋਰ ਰੁਕਣ ਦਾ ਫ਼ੈਸਲਾ ਲਿਆ ਅਤੇ ਫਿਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅਤੇ ਇਸ ਦਿਨ ਨੂੰ ਉਸ ਸਮੇਂ ਤੋਂ ਗਣਤੰਤਰ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ।
26 ਨਵੰਬਰ ਸੰਵਿਧਾਨ ਦਿਹਾੜਾ
ਭਾਰਤ ਦੇ ਅਜ਼ਾਦ ਹੋਣ ਦੇ ਬਾਅਦ ਸੰਵਿਧਾਨ ਸਭਾ ਦਾ ਗਠਨ ਹੋਇਆ। ਸੰਵਿਧਾਨ ਸਭਾ ਨੇ ਆਪਣਾ ਕੰਮ 9 ਦਸੰਬਰ 1946 ਤੋਂ ਸ਼ੁਰੂ ਕੀਤਾ। ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। ਇਸ ਦੀਆਂ ਬੈਠਕਾਂ 'ਚ ਪ੍ਰੈਸ ਅਤੇ ਜਨਤਾ ਨੂੰ ਹਿੱਸਾ ਲੈਣ ਦੀ ਅਜ਼ਾਦੀ ਸੀ। ਅਨੇਕਾਂ ਸੁਧਾਰਾਂ ਅਤੇ ਬਦਲਾਵਾਂ ਦੇ ਬਾਅਦ ਸਭਾ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖ਼ਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਡਾ. ਭੀਮ ਰਾਓ ਅੰਬੇਡਕਰ ਸਨ ਡਰਾਫਟਿੰਗ ਕਮੇਟੀ ਦੇ ਪ੍ਰਧਾਨ
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।
ਸੰਸਦ ਭਵਨ ਦੀ ਲਾਈਬਰੇਰੀ 'ਚ ਹਨ ਸੰਵਿਧਾਨ ਦੀਆਂ ਹੱਥਲਿਖਤ ਕਾਪੀਆਂ
ਭਾਰਤੀ ਸੰਵਿਧਾਨ ਦੀਆਂ 2 ਕਾਪੀਆਂ, ਜੋ ਹਿੰਦੀ ਤੇ ਅੰਗਰੇਜ਼ੀ 'ਚ ਹੱਥ ਨਾਲ ਲਿਖੀਆਂ ਗਈਆਂ ਸਨ। ਭਾਰਤੀ ਸੰਵਿਧਾਨ ਦੀਆਂ ਹੱਥ ਨਾਲ ਲਿਖੀਆਂ ਮੂਲ ਕਾਪੀਆਂ ਸੰਸਦ ਭਵਨ ਦੀ ਲਾਈਬ੍ਰੇਰੀ 'ਚ ਸੁਰੱਖਿਅਤ ਰੱਖੀਆਂ ਹੋਈਆਂ ਹਨ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ ਗਵਰਨਮੈਂਟ ਹਾਊਸ 'ਚ 26 ਜਨਵਰੀ 1950 ਨੂੰ ਸਹੁੰ ਚੁੱਕੀ ਸੀ। ਗਣਤੰਤਰ ਦਿਵਸ ਦੀ ਪਹਿਲੀ ਰੇਡ 1955 ਨੂੰ ਦਿੱਲੀ ਦੇ ਰਾਜਪਥ 'ਤੇ ਹੋਈ ਸੀ। ਉਥੇ ਹੀ 29 ਜਨਵਰੀ ਨੂੰ ਵਿਜੈ ਚੌਂਕ 'ਤੇ ਬੀਟਿੰਗ ਰਿਟ੍ਰੀਟ ਸੇਰੇਮਨੀ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਭਾਰਤੀ ਫੌਜਾਂ, ਹਵਾਈ ਫੌਜ ਅਤੇ ਨੌਸੈਨਾ ਦੇ ਬੈਂਡ ਹਿੱਸਾ ਲੈਂਦੇ ਹਨ। ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਅਮਰ ਜੋਤੀ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ।
ਖੇਤੀ ਕਾਨੂੰਨ: ਸਰਕਾਰ ਲਈ ਵੱਡੀ ਚਿੰਤਾ ਘੱਟੋ-ਘੱਟ ਸਮਰਥਨ ਮੁੱਲ ਦਾ ਰਾਸ਼ਟਰੀ ਪ੍ਰਚਾਰ
NEXT STORY