ਮਾਨਸਾ, (ਜੱਸਲ)- ਅਦਾਲਤ 'ਚ ਚੱਲਦੇ ਇਰਾਦਾ ਕਤਲ ਦੇ ਮਾਮਲੇ 'ਚੋਂ ਬਰੀ ਕਰਵਾਉਣ ਨੂੰ ਲੈ ਕੇ 15 ਲੱਖ ਰੁਪਏ ਠੱਗਣ ਦੇ ਦੋਸ਼ 'ਚ ਥਾਣਾ ਕੋਟਧਰਮੂ ਦੀ ਪੁਲਸ ਨੇ ਪਿੰਡ ਭੰਮੇ ਕਲਾਂ ਵਾਸੀ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਗੁਰਪਿਆਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ 29 ਸਤੰਬਰ 2014 ਨੂੰ ਹਾਈ ਕੋਰਟ ਚੰਡੀਗੜ੍ਹ ਵਿਖੇ ਅਧਿਆਪਕਾ ਸਿਮਰਜੀਤ ਕੌਰ ਨਾਲ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਨਾਰਾਜ਼ ਲੜਕੀ ਦੇ ਪੇਕੇ ਪਰਿਵਾਰ ਨੇ 16 ਅਪ੍ਰੈਲ 2015 ਨੂੰ ਮੋਟਰਸਾਈਕਲ 'ਤੇ ਜਾ ਰਹੇ ਉਕਤ ਦੋਵਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਤ ਹੋ ਗਈ ਸੀ, ਜਦਕਿ ਗੁਰਪਿਆਰ ਸਿੰਘ ਜ਼ਖ਼ਮੀ ਹੋ ਗਿਆ ਸੀ, ਉਸ ਸਮੇਂ ਥਾਣਾ ਝੁਨੀਰ ਦੀ ਪੁਲਸ ਨੇ ਗੁਰਪਿਆਰ ਦੇ ਬਿਆਨਾਂ 'ਤੇ ਲੜਕੀ ਦੇ ਪਿਤਾ ਗਮਦੂਰ ਸਿੰਘ, ਭਰਾ ਸੁਖਵਿੰਦਰ ਸਿੰਘ, ਬੂਟਾ ਸਿੰਘ, ਜੱਗੀ ਸਿੰਘ, ਭਤੀਜਾ ਬੱਬੀ ਵਾਸੀ ਭੰਮੇ ਕਲਾਂ, ਗਗਨਦੀਪ ਸਿੰਘ ਵਾਸੀ ਰਤੀਆ ਅਤੇ ਮੱਖਣ ਸਿੰਘ ਵਾਸੀ ਫੱਤਾ ਮਾਲੋਕਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਇਸ ਸਬੰਧੀ ਜ਼ਮਾਨਤ 'ਤੇ ਆਏ ਉਕਤ ਮਾਮਲੇ 'ਚ ਨਾਮਜ਼ਦ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਦੇ ਹੀ ਤਿੰਨ ਵਿਅਕਤੀਆਂ ਭਰਪੂਰ ਸਿੰਘ, ਬੂਟਾ ਸਿੰਘ ਅਤੇ ਹਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਉਕਤ ਮਾਮਲੇ 'ਚੋਂ ਪੂਰਨ ਤੌਰ 'ਤੇ ਬਰੀ ਕਰਵਾ ਦੇਣਗੇ ਪਰ ਇਸ ਲਈ 15 ਲੱਖ ਰੁਪਏ ਖ਼ਰਚ ਹੋਣਗੇ। ਇਸ ਸਬੰਧੀ ਉਕਤ ਤਿੰਨਾਂ ਵਿਅਕਤੀਆਂ ਨੇ ਉਸ ਕੋਲੋਂ 15 ਲੱਖ ਰੁਪਏ ਲੈ ਲਏ। ਸਮਾਂ ਬੀਤਣ 'ਤੇ ਉਨ੍ਹਾਂ ਨੇ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਦਾ ਕੋਈ ਰਾਜ਼ੀਨਾਮਾ ਜਾਂ ਮਾਮਲਾ ਹੀ ਨਿਪਟਾਇਆ। ਇਸ 'ਤੇ ਪੁਲਸ ਨੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਸਰਕਾਰੀ ਸਕੂਲ
NEXT STORY