ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆ ਸਥਾਪਨਾ ਦਿਵਸ ਮੌਕੇ ਸ਼੍ਰੀ ਲਾਲ ਬਹਾਦਰ ਆਰੀਆ ਮਹਿਲਾ ਕਾਲਜ ਦੇ ਵਿਹਡ਼ੇ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੇ ਮੁੱਖ ਮਹਿਮਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜ ਸ਼ੇਖਰ ਅੱਤਰੀ ਸਨ। ਉਨ੍ਹਾਂ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ। ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਰੀਆ ਮਹਿਲਾ ਕਾਲਜ ਦੇ ਜਨਰਲ ਸਕੱਤਰ ਭਾਰਤ ਭੂਸ਼ਣ ਮੈਨਨ ਨੇ ਕਿਹਾ ਕਿ ਆਰੀਆ ਸਮਾਜ ਦੀ ਸਥਾਪਨਾ ਅੱਜ ਹੀ ਦੇ ਦਿਨ 1857 ਵਿਚ ਮਹਾਰਿਸ਼ੀ ਦਇਆਨੰਦ ਨੇ ਕੀਤੀ ਸੀ ਅਤੇ ਇਸਦਾ ਪ੍ਰਚਾਰ 36 ਦੇਸ਼ਾਂ ਵਿਚ ਹੋ ਰਿਹਾ ਹੈ। ਮੁੱਖ ਮਹਿਮਾਨ ਜਸਟਿਸ ਰਾਜ ਸ਼ੇਖਰ ਅੱਤਰੀ ਨੇ ਨਵੇਂ ਸੰਮਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮੇਰੀ ਵੇਦਾਂ ਨੂੰ ਪਡ਼੍ਹਨ ’ਚ ਬਹੁਤ ਹੀ ਰੁਚੀ ਸੀ। ਅੱਜ ਉਹ ਰੁਚੀ ਪੂਰੀ ਹੋ ਰਹੀ ਹੈ ਕਿਉਂਕਿ ਮੈਨੇਜਮੈਂਟ ਵਲੋਂ ਅੱਜ ਮੈਨੂੰ ਚਾਰੋਂ ਵੇਦ ਸਾਮਵੇਦ, ਰਿਗਵੇਦ, ਯਜੁਰਵੇਦ ਅਤੇ ਅਰਥਵੇਦ ਭੇਟ ਕੀਤੇ ਗਏ ਹਨ। ਇਨ੍ਹਾਂ ਵੇਦਾਂ ਦੀ ਮਹਿਮਾ ਭਾਰਤ ਤੋਂ ਜ਼ਿਆਦਾ ਯੂਰਪੀਅਨ ਦੇਸ਼ਾਂ ਵਿਚ ਹੈ। ਖਾਸ ਤੌਰ ’ਤੇ ਜਰਮਨੀ ਵਿਚ ਤਾਂ ਇਨ੍ਹਾਂ ਰਾਹੀਂ ਕਈ ਦਵਾਈਆਂ ਵੀ ਲਾਂਚ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਅਮਰੀਕਾ ਨੇ ਵੀ ਤੁਲਸੀ ਨੂੰ ਪੇਟੈਂਟ ਕਰਵਾ ਲਿਆ ਹੈ। ਵੇਦ ਸੈਕੁਲਰ ਹਨ। ਵੇਦਾਂ ਵਿਚ ਅੰਧਵਿਸ਼ਵਾਸ ਨੂੰ ਦੂਰ ਕਰਨ ਲਈ ਬਹੁਤ ਕੁਝ ਲਿਖਿਆ ਗਿਆ ਹੈ। ਵੇਦਾਂ ਵਿਚ ਗਿਆਨ ਭਰਿਆ ਪਿਆ ਹੈ। ਇਸਤਰੀਆਂ ਦੇ ਸਨਮਾਨ ਪ੍ਰਤੀ ਵੀ ਵੇਦਾਂ ਵਿਚ ਬਹੁਤ ਕੁਝ ਲਿਖਿਆ ਹੋਇਆ ਹੈ ਪਰ ਅੱਜ ਦੇ ਆਧੁਨਿਕ ਸਮਾਜ ਵਿਚ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਾਲਜ ਪ੍ਰਬੰਧਕ ਕਮੇਟੀ ਵਲੋਂ ਇਸ ਮੌਕੇ ਜਸਟਿਸ ਰਾਜ ਸ਼ੇਖਰ ਅੱਤਰੀ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਨਾਂ ਵਿਚ ਲਡ਼ਕੀਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਆਰੀਆ ਸਮਾਜ ਦੇ ਇੰਸਟੀਚਿਊਟਸ ਤੋਂ ਪਡ਼੍ਹ ਕੇ ਕਈ ਵਿਦਿਆਰਥੀ ਵੱਖ-ਵੱਖ ਉੱਚ ਅਹੁਦਿਆਂ ’ਤੇ ਪਹੁੰਚੇ ਹਨ। ਵੇਦਾਂ ਦਾ ਅਰਥ ਹੀ ਗਿਆਨ ਹੈ। ਇਸ ਮੌਕੇ ਜ਼ਿਲਾ ਸੈਸ਼ਨ ਜੱਜ ਵਰਿੰਦਰ ਗਰੇਵਾਲ, ਸੀ. ਜੇ. ਐੱਮ. ਪੀ. ਐੱਸ. ਕਾਲੇਕਾ, ਸਕੂਲ ਪ੍ਰਿੰਸੀਪਲ ਨੀਲਮ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਮਹਿੰਦਰ ਖੰਨਾ, ਐਡਵੋਕੇਟ ਰਾਹੁਲ ਗੁਪਤਾ, ਬਾਰ ਐਸੋ. ਦੇ ਪ੍ਰਧਾਨ ਗੁਰਵਿੰਦਰ ਗਿੰਦੀ, ਜਨਰਲ ਸਕੱਤਰ ਨਿਤਿਨ ਬਾਂਸਲ ਆਦਿ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵਲੋਂ ਸਡ਼ਕ ਸੁਰੱਖਿਆ ਕਮੇਟੀ ਨਾਲ ਮੀਟਿੰਗ
NEXT STORY