ਜਲੰਧਰ (ਪੁਨੀਤ)– ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਨਵੇਂ ਮੀਟਰ ਲਗਵਾਉਣ ਦਾ ਹੜ੍ਹ ਆ ਚੁੱਕਾ ਹੈ। ਜਲੰਧਰ ਸਰਕਲ ਅਧੀਨ ਆਉਂਦੀਆਂ ਡਿਵੀਜ਼ਨਾਂ ਵਿਚ ਰੋਜ਼ਾਨਾ 125 ਤੋਂ 150 ਨਵੀਆਂ ਅਰਜ਼ੀਆਂ ਮਹਿਕਮੇ ਨੂੰ ਪ੍ਰਾਪਤ ਹੋ ਰਹੀਆਂ ਹਨ। ਆਲਮ ਇਹ ਹੈ ਕਿ ਵਿਭਾਗ ਕੋਲ ਸਿੰਗਲ ਫੇਜ਼ ਦੇ ਨਵੇਂ ਮੀਟਰ ਅਤੇ ਬਕਸਿਆਂ ਦੀ ਭਾਰੀ ਸ਼ਾਰਟੇਜ ਚੱਲ ਰਹੀ ਹੈ, ਜਿਸ ਕਾਰਨ ਨਵੇਂ ਮੀਟਰ ਲਗਾਉਣ ਦਾ ਕੰਮ ਬੇਹੱਦ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ।
ਸਰਕਲ ਵਿਚ ਲਗਭਗ 2000 ਨਵੇਂ ਮੀਟਰਾਂ ਸਬੰਧੀ ਫੀਸ ਜਮ੍ਹਾ ਹੋ ਚੁੱਕੀ ਹੈ ਅਤੇ ਕੁਨੈਕਸ਼ਨ ਲਗਾਉਣ ਦਾ ਕੰਮ ਪੈਂਡਿੰਗ ਹੈ, ਜਿਸ ਕਾਰਨ ਲੋਕ ਪਾਵਰ ਨਿਗਮ ਦੇ ਦਫ਼ਤਰਾਂ ਵਿਚ ਰੋਜ਼ਾਨਾ ਚੱਕਰ ਲਗਾ ਰਹੇ ਹਨ ਤਾਂ ਜੋ ਨਵਾਂ ਮੀਟਰ ਲੱਗ ਸਕੇ ਅਤੇ ਉਨ੍ਹਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਸਕੇ। ਅਪਲਾਈ ਹੋਏ ਜ਼ਿਆਦਾਤਰ ਕੁਨੈਕਸ਼ਨਾਂ ਵਿਚ ਖਪਤਕਾਰ ਵੱਲੋਂ ਇਕ ਹੀ ਘਰ ਵਿਚ ਦੂਜੇ ਮੀਟਰ ਲਈ ਅਰਜ਼ੀ ਦਿੱਤੀ ਗਈ ਹੈ। ਇਸ ਕਾਰਨ ਘਰ ਵਿਚ ਦੂਜਾ ਕੁਨੈਕਸ਼ਨ ਅਪਲਾਈ ਕਰਨ ਵਾਲਿਆਂ ’ਤੇ ਵਿਭਾਗ ਦੀਆਂ ਨਜ਼ਰਾਂ ਕੇਂਦਰਿਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੈਂਡਿੰਗ 2000 ਕੁਨੈਕਸ਼ਨ ਜਾਂਚ ਦੇ ਘੇਰੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਕੋਲ ਡਿਮਾਂਡ ਨਾਲੋਂ 20-25 ਫੀਸਦੀ ਮੀਟਰ ਉਪਲੱਬਧ ਹਨ ਪਰ ਬਕਸਾ ਇਕ ਵੀ ਨਹੀਂ ਹੈ, ਜਿਸ ਕਾਰਨ ਨਵੇਂ ਮੀਟਰ ਨਹੀਂ ਲੱਗ ਪਾ ਰਹੇ।
ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਮੁਫਤ ਬਿਜਲੀ ਦਾ ਦੁੱਗਣਾ ਲਾਭ ਲੈਣ ਲਈ ਇਕ ਹੀ ਘਰ ਵਿਚ ਦੂਜੇ ਵਿਅਕਤੀ ਦੇ ਨਾਂ ’ਤੇ ਕੁਨੈਕਸ਼ਨ ਅਪਲਾਈ ਕਰ ਚੁੱਕੇ ਹਨ। ਕਈ ਕੇਸ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਸ ਵਿਚ ਪਤੀ ਦੇ ਨਾਂ ’ਤੇ ਕੁਨੈਕਸ਼ਨ ਚੱਲ ਰਿਹਾ ਹੈ ਅਤੇ ਪਤਨੀ ਦੇ ਨਾਂ ’ਤੇ ਨਵਾਂ ਮੀਟਰ ਲਗਾਉਣ ਦੀ ਅਰਜ਼ੀ ਦਿੱਤੀ ਜਾ ਚੁੱਕੀ ਹੈ। ਅਜਿਹੇ ਕੁਨੈਕਸ਼ਨ ਨੂੰ ਜਾਰੀ ਕਰਨ ਲਈ ਮਹਿਕਮੇ ਵੱਲੋਂ ਕਈ ਸਾਵਧਾਨੀਆਂ ਅਪਣਾਈਆਂ ਜਾ ਰਹੀਆਂ ਹਨ ਤਾਂ ਜੋ ਮਹਿਕਮੇ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਕਾਰਨ ਦੂਜਾ ਕੁਨੈਕਸ਼ਨ ਜਾਰੀ ਕਰਨ ਤੋਂ ਪਹਿਲਾਂ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ ਘਰ ਵਿਚ ਦੂਜਾ ਕੁਨੈਕਸ਼ਨ ਲੈਣ ਵਾਲਿਆਂ ਲਈ ਮਹਿਕਮੇ ਵੱਲੋਂ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ। ਇਸ ਵਿਚ ਮੁੱਖ ਤੌਰ ’ਤੇ ਘਰ ਵਿਚ ਰਸੋਈ ਘਰ ਅਲੱਗ ਹੋਣਾ ਜ਼ਰੂਰੀ ਹੈ, ਪੌੜੀਆਂ ਘਰ ਦੇ ਬਾਹਰੋਂ (ਵਿਹੜੇ) ਹੋਣੀਆਂ ਚਾਹੀਦੀਆਂ ਹਨ। ਮੁਫ਼ਤ ਬਿਜਲੀ ਦੀ ਦੁਰਵਰਤੋਂ ਰੋਕਣ ਲਈ ਇਕ ਵਿਸ਼ੇਸ਼ ਨਿਯਮ ਵੀ ਲਾਗੂ ਹੁੰਦਾ ਹੈ, ਜਿਸ ਮੁਤਾਬਕ ਘਰ ਦੇ ਜਿਸ ਹਿੱਸੇ ਵਿਚ ਦੂਜੇ ਕੁਨੈਕਸ਼ਨ ਨਾਲ ਬਿਜਲੀ ਦੀ ਵਰਤੋਂ ਕੀਤੀ ਜਾਣੀ ਹੈ, ਉਸ ਦੀ ਬਿਜਲੀ ਦੀ ਵਾਇਰਿੰਗ ਅਲੱਗ ਹੋਣੀ ਚਾਹੀਦੀ ਹੈ। ਮਹਿਕਮੇ ਵੱਲੋਂ ਨਿਯਮਾਂ ਦੀ ਜਾਂਚ ਦਾ ਹਵਾਲਾ ਦੇ ਲੋਕਾਂ ਨੂੰ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਕਾਰਨ ਨਵਾਂ ਮਕਾਨ ਬਣਾਉਣ ਵਾਲੇ ਲੋਕਾਂ ਨੂੰ ਪਹਿਲਾ ਕੁਨੈਕਸ਼ਨ ਲਗਾਉਣ ਲਈ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਜਲੰਧਰ ਵਿਚ ਮੀਟਰ ਅਤੇ ਬਕਸਿਆਂ ਦੀ ਸ਼ਾਰਟੇਜ ਚੱਲ ਰਹੀ ਹੈ, ਉਥੇ ਹੀ ਇਸਦੇ ਉਲਟ ਜਲੰਧਰ ਵੱਲੋਂ ਪਿਛਲੇ ਹਫਤੇ ਬਠਿੰਡਾ ਨੂੰ 500 ਤੋਂ ਜ਼ਿਆਦਾ ਮੀਟਰ ਦਿੱਤੇ ਗਏ ਹਨ। ਜਲੰਧਰ ਸਰਕਲ ਵਿਚ ਰੋਜ਼ਾਨਾ 150 ਦੇ ਲਗਭਗ ਕੁਨੈਕਸ਼ਨ ਅਪਲਾਈ ਹੋ ਰਹੇ ਹਨ, ਜਦਕਿ ਕਈ ਸਬ-ਡਵੀਜ਼ਨਾਂ ਕੋਲ ਇਕ ਵੀ ਮੀਟਰ ਉਪਲੱਬਧ ਨਹੀਂ ਹੈ।
ਵਿਭਾਗ ਵੱਲੋਂ 15 ਦਿਨ ਬਾਅਦ ਨਵੇਂ ਕੁਨੈਕਸ਼ਨਾਂ ਸਬੰਧੀ ਰਿਪੋਰਟ ਪਟਿਆਲਾ ਭੇਜੀ ਜਾਂਦੀ ਹੈ। ਇਸ ਿਵਚ ਨਵੇਂ ਅਪਲਾਈ ਹੋਏ ਕੁਨੈਕਸ਼ਨਾਂ ਅਤੇ ਰਿਲੀਜ਼ ਕੀਤੇ ਗਏ ਕੁਨੈਕਸ਼ਨਾਂ ਅਤੇ ਉਪਲੱਬਧ ਮੀਟਰਾਂ ਦਾ ਵੇਰਵਾ ਦੇਣਾ ਹੁੰਦਾ ਹੈ। ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਭੇਜੀ ਗਈ ਰਿਪੋਰਟ ਦੇ ਬਾਵਜੂਦ ਅਜੇ ਤੱਕ ਨਵੇਂ ਮੀਟਰ ਨਹੀਂ ਆਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਲਾਟ ਆਉਣ ਦੀ ਉਡੀਕ ਹੈ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਘਰਾਂ ਦੇ ਕੁਨੈਕਸ਼ਨ ਲਾਏ ਜਾਣਗੇ, ਜਿਨ੍ਹਾਂ ਦੇ ਘਰਾਂ ਵਿਚ ਟੈਂਪਰੇਰੀ ਕੁਨੈਕਸ਼ਨ ਰਾਹੀਂ ਬਿਜਲੀ ਸਪਲਾਈ ਚੱਲ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਕ ਘਰ ਵਿਚ ਦੂਜਾ ਮੀਟਰ ਜਾਰੀ ਕਰਨ ਵਿਚ ਕਿੰਨੀ ਸਾਵਧਾਨੀ ਅਪਣਾਉਂਦਾ ਹੈ।
ਇਹ ਵੀ ਪੜ੍ਹੋ: ਜਲੰਧੜ 'ਚ ‘ਆਪ’ ਵਿਧਾਇਕ ਤੇ DCP 'ਚ ਹੱਥੋਪਾਈ, ਮਾਮਲਾ ਭਖਣ ਮਗਰੋਂ DCP ਨਰੇਸ਼ ਡੋਗਰਾ ਖ਼ਿਲਾਫ਼ ਕੇਸ ਦਰਜ
ਪਾਵਰਕਾਮ ਦੀਆਂ ਕਾਲੀਆਂ ਭੇਡਾਂ ਨੇ ਨਜ਼ਰਅੰਦਾਜ਼ ਕੀਤੇ ਨਿਯਮ, ਜਾਂਚ ਹੋਣ ’ਤੇ ਸਾਹਮਣੇ ਆਵੇਗਾ ਭ੍ਰਿਸ਼ਟਾਚਾਰ
ਦੱਸਿਆ ਜਾ ਰਿਹਾ ਹੈ ਕਿ ਕਈ ਕਥਿਤ ਬਿਜਲੀ ਕਰਮਚਾਰੀ ਨਿਯਮਾਂ ਦੇ ਉਲਟ ਕੁਨੈਕਸ਼ਨ ਲਗਾ ਰਹੇ ਹਨ। ਮਹਿਕਮੇ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਲਾਗੂ ਹੋਣ ਦੇ ਬਾਅਦ ਜਾਰੀ ਹੋਏ ਕੁਨੈਕਸ਼ਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਇਸ ਨਾਲ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਸਾਹਮਣੇ ਆਵੇਗਾ। ਨਾਂ ਨਾ ਛਾਪਣ ਦੀ ਸੂਰਤ ਵਿਚ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਸੈਟਿੰਗ ਕਰ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਵੱਖ-ਵੱਖ ਸਬ-ਡਿਵੀਜ਼ਨਾਂ ਦੇ ਭ੍ਰਿਸ਼ਟ ਕਰਮਚਾਰੀਆਂ ਵੱਲੋਂ ਵੱਖਰੀ ਵਾਇਰਿੰਗ ਨਾ ਹੋਣ ਦੇ ਬਾਵਜੂਦ ਮੀਟਰ ਲਗਾਏ ਗਏ ਹਨ, ਉਥੇ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਖਾਨਾਪੂਰਤੀ ਲਈ ਰਸੋਈ ਘਰ ਵਿਖਾ ਕੇ ਕੁਝ ਕਰਮਚਾਰੀਆਂ ਨੇ ਮੀਟਰ ਲਗਾ ਦਿੱਤੇ ਹਨ। ਇਸ ਸਮੇਂ ਮੀਟਰਾਂ ਅਤੇ ਬਕਸਿਆਂ ਦੀ ਸ਼ਾਰਟੇਜ ਚੱਲ ਰਹੀ ਹੈ ਪਰ ਕੁਝ ਕਰਮਚਾਰੀ ਸੈਟਿੰਗ ਕਰ ਕੇ ਲੋਕਾਂ ਦਾ ਕੁਨੈਕਸ਼ਨ ਜਾਰੀ ਕਰਵਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੀਟਰ ਲਗਾਉਣ ਲਈ ਪੈਸਿਆਂ ਦੀ ਵਸੂਲੀ ਕਰਨ ਦੀਆਂ ਗੱਲਾਂ ਕਈ ਬਿਜਲੀ ਘਰਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਕਈ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਦੇ ਬਾਵਜੂਦ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਰਾਜਪਾਲ ਦੇ ਇਜਲਾਸ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਲਾਨ
NEXT STORY