ਬਾਘਾ ਪੁਰਾਣਾ (ਚਟਾਨੀ) : ਪੰਜਾਬ ਅੰਦਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਹਾਸਲ ਕਰਨ ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਆਗੂਆਂ ਨੂੰ ਤਰਜੀਹ ਦੇਣ ਦੀ ਰਣਨੀਤੀ ਲਗਾਤਾਰ ਜਾਰੀ ਹੈ। ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਨੂੰ ਵੀ ਇਸੇ ਸਿਆਸੀ ਸੋਚ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਭਾਜਪਾ ਨੂੰ ਉਮੀਦ ਹੈ ਕਿ ਸਿੱਖ ਭਾਈਚਾਰੇ ਵਿਚ ਮਜ਼ਬੂਤ ਪਛਾਣ ਰੱਖਣ ਵਾਲੇ ਚਿਹਰਿਆਂ ਨੂੰ ਅੱਗੇ ਲਿਆ ਕੇ ਉਹ ਪੰਜਾਬ ਦੀ ਰਵਾਇਤੀ ਸਿਆਸਤ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਸਕੇਗੀ ਪਰ ਇਸ ਦੇ ਨਾਲ ਹੀ ਪਾਰਟੀ ਦੇ ਟਕਸਾਲੀ ਵਰਗ ਵਿਚ ਅੰਦਰੂਨੀ ਤੌਰ ’ਤੇ ਅਜਿਹੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ ਜੋ ਇਸ ਰਣਨੀਤੀ ਨੂੰ ਆਪਣੇ ਸਾਲਾਂ ਦੇ ਸੰਘਰਸ਼ ਅਤੇ ਵਫ਼ਾਦਾਰੀ ਦੇ ਮੁਕਾਬਲੇ ਘੱਟ ਤਰਜੀਹ ਮਿਲਣ ਵਜੋਂ ਦੇਖ ਰਹੀਆਂ ਹਨ। ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਭਾਜਪਾ ਅੰਦਰ ਚੱਲ ਰਹੀਆਂ ਚਰਚਾਵਾਂ ਇਕ ਵਾਰ ਫਿਰ ਸੁਰਖੀਆਂ ਵਿਚ ਹਨ।
ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਨਵੇਂ ਪ੍ਰਧਾਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਹੈ ਪਰ ਇਸ ਰਸਮੀ ਉਤਸ਼ਾਹ ਦੇ ਪਿੱਛੇ ਇਕ ਹੋਰ ਤਸਵੀਰ ਵੀ ਮੌਜੂਦ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਕਈ ਅਜਿਹੇ ਆਗੂ ਅਤੇ ਵਰਕਰ, ਜਿਨ੍ਹਾਂ ਨੇ ਦਹਾਕਿਆਂ ਤੱਕ ਆਰ. ਐੱਸ. ਐੱਸ. ਅਤੇ ਭਾਜਪਾ ਦੇ ਸੰਗਠਨਾਤਮਕ ਢਾਂਚੇ ਵਿਚ ਕੰਮ ਕੀਤਾ, ਮੌਜੂਦਾ ਫੈਸਲਿਆਂ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਭਾਜਪਾ ਪੰਜਾਬ ਵਿਚ ਆਪਣਾ ਵਿਸਥਾਰ ਕਰ ਰਹੀ ਹੈ, ਤਿਵੇਂ-ਤਿਵੇਂ ਪੁਰਾਣੇ ਕਾਰਕੁਨਾਂ ਦੀ ਭੂਮਿਕਾ ਪਿੱਛੇ ਧੱਕੀ ਜਾ ਰਹੀ ਹੈ ਅਤੇ ਦੂਜੀਆਂ ਪਾਰਟੀਆਂ ਤੋਂ ਆਏ ਪ੍ਰਭਾਵਸ਼ਾਲੀ ਆਗੂਆਂ ਨੂੰ ਅਹਿਮ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ।
ਟਕਸਾਲੀ ਭਾਜਪਾਈਆਂ ਦਾ ਤਰਕ ਹੈ ਕਿ ਪੰਜਾਬ ਵਿਚ ਜਦੋਂ ਭਾਜਪਾ ਦੀ ਸਿਆਸੀ ਜ਼ਮੀਨ ਬਹੁਤ ਸੀਮਤ ਸੀ, ਉਸ ਵੇਲੇ ਉਨ੍ਹਾਂ ਨੇ ਪਾਰਟੀ ਨੂੰ ਜ਼ਿੰਦਾ ਰੱਖਣ ਲਈ ਲੰਮਾ ਸੰਘਰਸ਼ ਕੀਤਾ। ਖਾੜਕੂਵਾਦ ਦੇ ਦੌਰ ਦੌਰਾਨ ਅਤੇ ਉਸ ਤੋਂ ਬਾਅਦ ਦੇ ਕਈ ਸਾਲਾਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੇ ਸਮਾਜਿਕ ਅਤੇ ਸਿਆਸੀ ਦਬਾਅ ਦਾ ਸਾਹਮਣਾ ਕੀਤਾ। ਕਈਆਂ ਨੂੰ ਧਮਕੀਆਂ ਮਿਲੀਆਂ, ਕਈਆਂ ਨੇ ਆਪਣੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਸੰਗਠਨ ਲਈ ਕੰਮ ਕੀਤਾ ਅਤੇ ਕਈ ਪਰਿਵਾਰਾਂ ਨੂੰ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ। ਅਜਿਹੇ ਵਰਕਰਾਂ ਦਾ ਮੰਨਣਾ ਹੈ ਕਿ ਜਦੋਂ ਪਾਰਟੀ ਆਪਣੇ ਸਭ ਤੋਂ ਮਜ਼ਬੂਤ ਦੌਰ ਵਿਚ ਹੈ ਤਾਂ ਲੀਡਰਸ਼ਿਪ ਦੀਆਂ ਅਹਿਮ ਜ਼ਿੰਮੇਵਾਰੀਆਂ ਉਨ੍ਹਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਔਖੇ ਸਮੇਂ ਵਿਚ ਪਾਰਟੀ ਦਾ ਸਾਥ ਨਹੀਂ ਛੱਡਿਆ।
ਗੱਠਜੋੜ ਦੀ ਸਿਆਸਤ ਤੋਂ ਉੱਪਰ ਉੱਠ ਕੇ ਖੁਦ ਦਾ ਆਧਾਰ ਮਜਬੂਤ ਕਰਨਾ ਹੈ ਭਾਜਪਾ ਦਾ ਨਿਸ਼ਾਨਾ
ਦੂਜੇ ਪਾਸੇ ਭਾਜਪਾ ਦੀ ਉੱਚ ਕਮਾਨ ਪੰਜਾਬ ਦੀਆਂ ਬਦਲ ਰਹੀਆਂ ਸਿਆਸੀ ਹਕੀਕਤਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲੈਂਦੀ ਨਜ਼ਰ ਆ ਰਹੀ ਹੈ। ਸੂਬੇ ਦੀ ਸਮਾਜਿਕ ਬਣਤਰ, ਧਾਰਮਿਕ ਸੰਵੇਦਨਸ਼ੀਲਤਾ ਅਤੇ ਚੋਣੀ ਗਣਿਤ ਨੂੰ ਦੇਖਦਿਆਂ ਪਾਰਟੀ ਅਜਿਹੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਵਿਆਪਕ ਵਰਗਾਂ ਵਿਚ ਸਵੀਕਾਰਤਾ ਰੱਖਦੇ ਹੋਣ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਦਾ ਮੁੱਖ ਮਕਸਦ ਪੰਜਾਬ ਵਿਚ ਆਪਣੇ ਲਈ ਇੱਕ ਅਜਿਹਾ ਸਿਆਸੀ ਆਧਾਰ ਤਿਆਰ ਕਰਨਾ ਹੈ ਜੋ ਉਸ ਨੂੰ ਸਿਰਫ਼ ਗੱਠਜੋੜ ਦੀ ਸਿਆਸਤ ਤੱਕ ਸੀਮਤ ਨਾ ਰੱਖੇ, ਸਗੋਂ ਭਵਿੱਖ ਵਿਚ ਆਪਣੇ ਬਲਬੂਤੇ ’ਤੇ ਸਰਕਾਰ ਬਣਾਉਣ ਦੇ ਦਾਅਵੇ ਨੂੰ ਵੀ ਮਜ਼ਬੂਤੀ ਦੇ ਸਕੇ। ਹਾਲਾਂਕਿ ਪਾਰਟੀ ਅੰਦਰ ਉੱਠ ਰਹੇ ਸਵਾਲ ਵੀ ਘੱਟ ਮਹੱਤਵਪੂਰਨ ਨਹੀਂ ਹਨ।
ਕਈ ਟਕਸਾਲੀ ਆਗੂ ਇਹ ਸਵਾਲ ਕਰ ਰਹੇ ਹਨ ਕਿ ਕੀ ਪੰਜਾਬ ਭਾਜਪਾ ਵਿਚ ਅਜਿਹੇ ਤਜ਼ਰਬੇਕਾਰ ਅਤੇ ਵਫ਼ਾਦਾਰ ਆਗੂਆਂ ਦੀ ਕਮੀ ਹੈ ਜੋ ਸੂਬੇ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਲਗਾਤਾਰ ਬਾਹਰੋਂ ਆਏ ਆਗੂਆਂ ਨੂੰ ਹੀ ਸਿਰਮੌਰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਇਸ ਦਾ ਅਸਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦੇ ਮਨੋਬਲ ’ਤੇ ਪੈ ਸਕਦਾ ਹੈ। ਭਾਵੇਂ ਅਨੁਸ਼ਾਸਨ ਕਾਰਨ ਇਹ ਨਾਰਾਜ਼ਗੀ ਜਨਤਕ ਤੌਰ ’ਤੇ ਸਾਹਮਣੇ ਨਹੀਂ ਆ ਰਹੀ, ਪਰ ਪਾਰਟੀ ਦੇ ਅੰਦਰ ਇਸ ਬਾਰੇ ਚਰਚਾ ਲਗਾਤਾਰ ਜਾਰੀ ਹੈ।
ਨਵੇਂ ਚਿਹਰਿਆਂ ਦੀ ਆਮਦ ਕਾਰਨ ਵਿਗੜ ਸਕਦਾ ਹੈ ਨਵੇਂ ਅਤੇ ਪੁਰਾਣੇ ਚਿਹਰਿਆਂ ਅੰਦਰਲਾ ਸੰਤੁਲਨ
ਪੰਜਾਬ ਭਾਜਪਾ ਰਵਾਇਤੀ ਕੈਡਰ-ਆਧਾਰਿਤ ਸਿਆਸਤ ਤੋਂ ਹਟ ਕੇ ਸਿਆਸੀ ਲਾਭ ਨੂੰ ਪਹਿਲ ਦੇ ਰਹੀ ਹੈ ਜਾਂ ਫਿਰ ਇਹ ਬਦਲਾਅ ਸੂਬੇ ਦੀਆਂ ਸਿਆਸੀ ਲੋੜਾਂ ਮੁਤਾਬਕ ਇਕ ਲਾਜ਼ਮੀ ਰਣਨੀਤੀ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਆਪਣੇ ਵਿਸਥਾਰ ਦੀ ਯੋਜਨਾ ਅਤੇ ਟਕਸਾਲੀ ਵਰਕਰਾਂ ਦੀਆਂ ਉਮੀਦਾਂ ਵਿਚ ਕਿਵੇਂ ਸੰਤੁਲਨ ਬਣਾਉਂਦੀ ਹੈ, ਕਿਉਂਕਿ ਪੰਜਾਬ ਦੀ ਸਿਆਸਤ ਵਿਚ ਇਹ ਸੰਤੁਲਨ ਹੀ ਭਾਜਪਾ ਦੇ ਭਵਿੱਖ ਦੀ ਦਿਸ਼ਾ ਤੈਅ ਕਰ ਸਕਦਾ ਹੈ।
ਬੱਸ ਸਟੈਂਡ ਨੇੜੇ ਵਾਪਰਿਆ ਦਰਦਨਾਕ ਹਾਦਸਾ! ਮਹਿਲਾ ਦੀ ਮੌਕੇ 'ਤੇ ਹੋਈ ਮੌਤ
NEXT STORY