ਜਲੰਧਰ (ਚੋਪੜਾ)—ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਪਹਿਲੀ ਜਲੰਧਰ ਫੇਰੀ ਦੌਰਾਨ ਦਲਜੀਤ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਜ਼ਿਲਾ ਕਾਂਗਰਸੀ ਵਰਕਰਾਂ ਨਾਲ ਇਕ ਬੈਠਕ ਕਰ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਜਿੱਤ ਦਾ ਮੂਲ ਮੰਤਰ ਦਿੰਦਿਆਂ ਕਿਹਾ ਕਿ ਵਰਕਰ ਕੈਪਟਨ ਅਮਰਿੰਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀ ਸਹੁੰ ਨੂੰ ਪੂਰਾ ਕਰਦਿਆਂ ਨਸ਼ਿਆਂ ਦੀ ਮੇਨ ਸਪਲਾਈ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਨਸ਼ਾ ਮਾਫੀਆ ਦੇ ਨਾਲ ਕਿਸੇ ਪੁਲਸ, ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਸੀ ਆਗੂ ਦੇ ਸੰਬੰਧ ਸਾਹਮਣੇ ਆਏ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਇੰਸ. ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਇਸਦਾ ਪ੍ਰਤੱਖ ਸਬੂਤ ਹੈ। 'ਸਿਰੋਪਾਓ ਜਾਂ ਸਾਫਾ' ਦੀ ਸਿਆਸਤ ਕਰਨ ਵਾਲੇ ਅਕਾਲੀ-ਭਾਜਪਾ ਦੇ ਆਗੂ ਕਰ ਰਹੇ ਹਨ ਰੂਲ ਆਫ ਲਾਅ ਦੀਆਂ ਗੱਲਾਂ। ਕਾਂਗਰਸ ਦਾ ਧਿਆਨ ਪੰਜਾਬ ਦੀ ਖੁਸ਼ਹਾਲੀ ਤੇ ਵਿਕਾਸ ਵੱਲ ਹੈ, ਨਾ ਕਿ ਬਦਲਾਖੋਰੀ ਦੀ ਰਾਜਨੀਤੀ ਵੱਲ, ਸਰਕਾਰ ਕਿਸੇ ਨਾਲ ਧੱਕਾ ਨਹੀਂ ਕਰ ਰਹੀ।
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਜਿੰਨੀ ਜਲਦੀ ਹੋ ਜਾਣ, ਕਾਂਗਰਸ ਨੂੰ ਓਨਾ ਹੀ ਫਾਇਦਾ ਹੋਵੇਗਾ। ਕਾਂਗਰਸ ਦੀ ਲਹਿਰ ਚੱਲ ਰਹੀ ਹੈ ਤੇ ਜਨਤਾ ਨੇ ਕਾਂਗਰਸ ਦਾ ਮੇਅਰ ਬਣਾਉਣ ਦਾ ਮਨ ਬਣਾਇਆ ਹੋਇਆ ਹੈ। ਉਨ੍ਹਾਂ ਜਾਖੜ ਕੋਲੋਂ ਮੰਗ ਕੀਤੀ ਕਿ ਸੋਸ਼ਲ ਸਕਿਓਰਿਟੀ ਦੇ ਫੰਡਜ਼ ਜਾਰੀ ਕਰਵਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇ। ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਕਾਂਗਰਸੀ ਵਰਕਰਾਂ 'ਤੇ ਜ਼ਬਰਦਸਤ ਵਧੀਕੀਆਂ ਕੀਤੀਆਂ। ਉਨ੍ਹਾਂ 'ਤੇ ਦੋਹਰੀ ਨਾਗਰਿਕਤਾ ਨੂੰ ਲੈ ਕੇ ਝੂਠੀਆਂ ਸ਼ਿਕਾਇਤਾਂ ਕਰਵਾਈਆਂ। ਹੁਣ ਸ਼ਿਕਾਇਤਕਰਤਾ ਖੁਦ ਹੀ ਪੱਤਰਕਾਰਾਂ ਦੇ ਸਾਹਮਣੇ ਸ਼ਿਕਾਇਤਾਂ ਵਾਪਸ ਲੈ ਰਹੇ ਹਨ। ਹੈਨਰੀ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਸ਼ਹਿਰੀਆਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਹੈ। ਭਾਜਪਾ ਦੇ ਵਿਧਾਇਕਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇ ਕਿ ਕਿਵੇਂ 4 ਮਰਲੇ ਦੇ ਘਰਾਂ ਵਿਚ ਰਹਿਣ ਵਾਲੇ ਵਿਧਾਇਕ ਕਰੋੜਾਂ ਦੇ ਮਾਲਕ ਬਣ ਬੈਠੇ। ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿਚ ਥਾਣਿਆਂ ਦਾ ਅਕਾਲੀਕਰਨ ਹੋ ਗਿਆ ਹੈ। ਪੁਲਸ ਅਧਿਕਾਰੀ ਸ਼ਰੇਆਮ ਕਹਿੰਦੇ ਸਨ ਕਿ ਉਪਰੋਂ ਦਬਾਅ ਕਾਰਨ ਸਾਡੀ ਮਜਬੂਰੀ ਹੈ ਕਿ ਕਾਂਗਰਸੀ ਵਰਕਰਾਂ 'ਤੇ ਕੇਸ ਦਰਜ ਕਰਨਾ ਹੀ ਪਵੇਗਾ। ਬੇਰੀ ਨੇ ਕਿਹਾ ਕਿ ਪਾਰਟੀ ਨੂੰ ਵਰਕਰਾਂ ਦਾ ਮਨੋਬਲ ਉੱਚਾ ਬਣਾਈ ਰੱਖਣਾ ਪਵੇਗਾ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਇਕੋ ਇਕ ਏਜੰਡਾ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ, ਭਾਜਪਾ ਤੇ 'ਆਪ' ਦਾ ਸਫਾਇਆ ਕੀਤਾ ਹੈ, ਉਸੇ ਤਰ੍ਹਾਂ ਨਿਗਮ ਚੋਣਾਂ ਵਿਚ ਵੀ ਕਾਂਗਰਸ ਹਰੇਕ ਵਾਰਡ 'ਤੇ ਆਪਣਾ ਝੰਡਾ ਲਹਿਰਾਏ। ਸਾਬਕਾ ਵਿਧਾਇਕ ਜਗਬੀਰ ਬਰਾੜ ਨੇ ਦੱਸਿਆ ਕਿ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਜਾਖੜ ਨੂੰ ਮੁੱਖ ਮੰਤਰੀ ਕੋਲੋਂ ਸਪੈਸ਼ਲ ਫੰਡ ਰਿਲੀਜ਼ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਕਾਂਗਰਸੀ ਆਪਣੇ ਸੰਬੰਧਿਤ ਵਾਰਡਾਂ ਵਿਚ ਵਿਕਾਸ ਦੇ ਕੰਮ ਕਰਵਾ ਸਕਣ।
ਸਾਬਕਾ ਮੇਅਰ ਤੇ ਵਿਧਾਇਕ ਜੈ ਕਿਸ਼ਨ ਸੈਣੀ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋ ਕੇ ਨਗਰ ਨਿਗਮ ਚੋਣਾਂ ਲੜਨ ਤੇ ਕਾਂਗਰਸ ਦਾ ਮੇਅਰ ਬਣਵਾਉਣ ਤਾਂ ਜੋ ਜਲੰਧਰ ਨੂੰ ਵਿਕਾਸ ਦਾ ਇਕ ਮਾਡਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਜਲੰਧਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਮੰਨਿਆ ਜਾਂਦਾ ਸੀ ਪਰ ਅੱਜ ਭਾਜਪਾ ਨੇ ਸ਼ਹਿਰ ਦੇ ਹਾਲਾਤ ਬੇਹੱਦ ਬਦਤਰ ਬਣਾ ਦਿੱਤੇ ਹਨ। ਇਸ ਮੌਕੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਬਿੱਟਾ, ਡਾ. ਨਵਜੋਤ ਦਹੀਆ, ਕੌਂਸਲਰ ਪਵਨ ਕੁਮਾਰ, ਮਨਜਿੰਦਰ ਸਿੰਘ ਜੌਹਲ, ਅੰਗਦ ਦੱਤਾ, ਅਰੁਣ ਜੈਨ, ਰਾਜ ਕੁਮਾਰ ਰਾਜੂ, ਹਰਜਿੰਦਰ ਸਿੰਘ ਲਾਡਾ, ਪਵਨ ਸ਼ਰਮਾ, ਕਮਲਜੀਤ ਕੌਰ ਮੁਲਤਾਨੀ, ਸ਼੍ਰੀਕੰਠ ਜੱਜ, ਡਾ. ਸੁਨੀਲ ਸ਼ਰਮਾ, ਧੀਰਜ ਘਈ, ਸਮੀਰ ਲੂੰਬਾ ਤੇ ਹੋਰ ਵੀ ਮੌਜੂਦ ਸਨ।
ਇੱਕ ਹਫਤੇ ਤੋਂ ਲਾਪਤਾ ਲੜਕੇ ਦਾ ਨਹੀ ਮਿਲ ਰਿਹਾ ਸੁਰਾਗ, ਪੁਲਸ ਨੂੰ ਅਗਵਾ ਦਾ ਸ਼ੱਕ
NEXT STORY