ਸਮਰਾਲਾ (ਬੰਗੜ, ਗਰਗ) - ਇਥੋਂ ਨਜ਼ਦੀਕ ਪਿੰਡ ਕੋਟਲਾ ਭੜੀ ਵਿਖੇ ਉਸ ਵਕਤ ਮਾਹੌਲ ਗਮਗੀਨ ਹੋ ਗਿਆ, ਜਦੋਂ ਭਾਰਤੀ ਫੌਜ ਵਿਚੋਂ ਛੁੱਟੀ ਕੱਟਣ ਆਏ ਮੁੱਛ-ਫੁੱਟ ਗੱਭਰੂ ਦੀ ਬੀਤੀ ਰਾਤ ਮੌਤ ਹੋ ਗਈ, ਜਦਕਿ ਉਸਦੀ ਮਾਂ ਦਾ ਸਿਵਾ ਅਜੇ ਠੰਡਾ ਵੀ ਨਹੀਂ ਸੀ ਹੋਇਆ। ਮਾਂ ਬੀਤੇ ਕੱਲ ਬੀਮਾਰੀ ਕਾਰਨ ਦਮ ਤੋੜ ਗਈ ਸੀ, ਜਿਸਦਾ ਸਸਕਾਰ ਕੱਲ ਪਿੰਡ ਕੋਟਲਾ ਭੜੀ ਵਿਖੇ ਕੀਤਾ ਗਿਆ ਤੇ ਅੱਜ ਉਸ ਮਾਂ ਦਾ ਇਕਲੌਤਾ ਫੌਜੀ ਪੁੱਤ ਵੀ ਉਸੇ ਸ਼ਮਸ਼ਾਨਘਾਟ 'ਚ ਅਗਨੀ ਹਵਾਲੇ ਕਰ ਦਿੱਤਾ ਗਿਆ।
ਮ੍ਰਿਤਕ ਨੌਜਵਾਨ ਫੁੱਟਬਾਲ ਤੇ ਬਾਸਕਟਬਾਲ ਦਾ ਹੋਣਹਾਰ ਖਿਡਾਰੀ ਸੀ, ਜਿਸਦੇ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਨਰਿੰਦਰਪਾਲ ਸਿੰਘ ਉਰਫ ਰਵੀ ਉਮਰ 23 ਸਾਲ ਪੁੱਤਰ ਸਵ. ਚਰਨ ਸਿੰਘ 12ਵੀਂ ਦੀ ਪੜ੍ਹਾਈ ਤੋਂ ਬਾਅਦ ਭਾਰਤੀ ਫੌਜ ਵਿਚ ਭਰਤੀ ਹੋ ਗਿਆ। ਉਸਦਾ ਕੱਦ ਛੇ ਫੁੱਟ ਦੋ ਇੰਚ ਹੋਣ ਕਾਰਨ ਭਾਰਤੀ ਫੌਜ ਵਲੋਂ ਉਸਨੂੰ ਬਾਸਕਟਬਾਲ ਦੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਸੀ, ਹਾਲਾਂਕਿ ਉਹ ਸਕੂਲ ਦੌਰਾਨ ਫੁੱਟਬਾਲ ਦਾ ਵੀ ਆਹਲਾ ਖਿਡਾਰੀ ਸੀ। ਉਹ ਇਕ ਮਹੀਨੇ ਦੀ ਛੁੱਟੀ ਕੱਟਣ ਲਈ ਪਿੰਡ ਆਇਆ ਹੋਇਆ ਸੀ, ਜਿਸ ਦੌਰਾਨ ਫੌਜੀ ਤੇ ਉਸਦੀ ਮਾਂ ਜਸਵਿੰਦਰ ਕੌਰ ਬੀਮਾਰੀ ਦੀ ਜਕੜ ਵਿਚ ਆ ਗਏ। ਮਾਂ ਨੂੰ ਫੌਜੀ ਹਸਪਤਾਲ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਕੱਲ 19 ਫਰਵਰੀ ਨੂੰ ਮੌਤ ਹੋ ਗਈ ਤੇ ਉਸਦਾ ਸਸਕਾਰ ਕੱਲ ਕਰ ਦਿੱਤਾ ਗਿਆ ਸੀ।
ਉਸ ਤੋਂ ਕੁਝ ਘੰਟਿਆਂ ਬਾਅਦ ਹੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਫੌਜੀ ਨਰਿੰਦਰਪਾਲ ਸਿੰਘ ਵੀ ਦਮ ਤੋੜ ਗਿਆ। ਨਰਿੰਦਰਪਾਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਦੱਸਿਆ ਕਿ ਛੇ ਮਹੀਨੇ ਪਹਿਲਾਂ ਜੰਮੂ ਵਿਖੇ ਡਿਊਟੀ ਦੌਰਾਨ ਹੋਏ ਬੰਬ ਧਮਾਕੇ ਕਾਰਨ ਨਰਿੰਦਰਪਾਲ ਜ਼ਖਮੀ ਹੋ ਗਿਆ ਸੀ ਤੇ ਚੰਗੀ ਕਿਸਮਤ ਨਾਲ ਉਦੋਂ ਉਹ ਮੌਤ ਨੂੰ ਹਰਾ ਕੇ ਬਚ ਗਿਆ ਸੀ ਪਰ ਹੁਣ ਬਦਕਿਸਮਤੀ ਨੇ ਉਸਨੂੰ ਪਿੰਡ ਆ ਕੇ ਘੇਰ ਲਿਆ। ਫੌਜੀ ਨੌਜਵਾਨ ਦੀ ਮੌਤ ਤੋਂ ਬਾਅਦ ਸਮੁੱਚਾ ਪਿੰਡ ਗਮ ਦੇ ਮਾਹੌਲ ਵਿਚ ਡੁੱਬ ਗਿਆ। ਇਸ ਮੌਕੇ ਨਗਰ ਪੰਚਾਇਤ ਪਿੰਡ ਕੋਟਲਾ ਭੜੀ ਤੇ ਯੁਵਕ ਸੇਵਾਵਾਂ ਕਲੱਬ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕੇ ਭਰ 'ਚੋਂ ਲੋਕ ਹਮਦਰਦੀ ਪ੍ਰਗਟ ਕਰਨ ਲਈ ਪੁੱਜੇ।
ਯਾਰਾਂ ਸਮੇਤ ਹੋਇਆ ਸੀ ਫੌਜ 'ਚ ਭਰਤੀ
ਪਿੰਡ ਕੋਟਲਾ ਭੜੀ ਦਾ ਮੁੱਛ-ਫੁੱਟ ਗੱਭਰੂ ਨਰਿੰਦਰਪਾਲ ਸਿੰਘ ਆਪਣੇ ਯਾਰਾਂ ਸਮੇਤ ਫੌਜ ਵਿਚ ਭਰਤੀ ਹੋਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਚੜ੍ਹਦੀ ਉਮਰ ਦੇ ਇਕੋ ਜਿਹੇ ਨੌਜਵਾਨਾਂ ਦਾ ਇਹ ਟੋਲਾ ਫੁੱਟਬਾਲ ਖੇਡਣ ਦਾ ਸ਼ੌਕੀਨ ਸੀ, ਜਿਨ੍ਹਾਂ ਨੇ ਆਪਣੀ ਟੀਮ ਬਣਾ ਕੇ ਪੰਜਾਬ ਦੇ ਵੱਖ-ਵੱਖ ਖੇਡ ਮੇਲਿਆਂ 'ਚ ਵੱਡੇ-ਵੱਡੇ ਇਨਾਮ ਜਿੱਤੇ। ਖੇਡ ਭਾਵਨਾ ਦੇ ਨਾਲ-ਨਾਲ ਦੇਸ਼ ਸੇਵਾ ਦਾ ਮੋਹ ਵੀ ਇਨ੍ਹਾਂ 'ਚ ਜਾਗ ਪਿਆ, ਜਿਸ ਕਾਰਨ ਟੀਮ ਵਿਚੋਂ 6 ਨੌਜਵਾਨ ਭਾਰਤੀ ਫੌਜ ਦਾ ਹਿੱਸਾ ਬਣ ਗਏ। ਇਸੇ ਕਾਰਨ ਕੋਟਲਾ ਭੜੀ ਨੂੰ ਫੌਜੀਆਂ ਦੇ ਪਿੰਡ ਵਜੋਂ ਵੀ ਜਾਣਿਆ ਜਾਣ ਲੱਗਾ ਤੇ ਅੱਜ ਇਨ੍ਹਾਂ ਨੌਜਵਾਨਾਂ ਦਾ ਜਿਗਰੀ ਯਾਰ ਸਦਾ ਲਈ ਤੁਰ ਗਿਆ ਤਾਂ ਇਲਾਕੇ ਭਰ 'ਚ ਸੋਗ ਪਸਰ ਗਿਆ।
ਲੜਕੀਆਂ ਨਾਲ ਖਿੱਚਦੇ ਸਨ ਅਸ਼ਲੀਲ ਤਸਵੀਰਾਂ, ਫਿਰ ਬਲੈਕਮੇਲਿੰਗ
NEXT STORY