ਰੂਪਨਗਰ, (ਕੈਲਾਸ਼)- ਪੁਰਾਣੀ ਸਬਜ਼ੀ ਮੰਡੀ ਤੋਂ ਨਵੀਂ ਬਣੀ ਮਾਰਕੀਟ ਨੂੰ ਜਾਣ ਵਾਲੇ ਮਾਰਗ 'ਤੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਗੇਟ ਲਾਏ ਜਾਣ ਅਤੇ ਕੌਂਸਲ ਵੱਲੋਂ ਗੇਟ ਨਾ ਲਵਾਏ ਜਾਣ ਨੂੰ ਲੈ ਕੇ ਮਾਮਲਾ ਤੂਲ ਫ਼ੜਦਾ ਜਾ ਰਿਹਾ ਹੈ। ਦੋਵੇਂ ਪਾਸੇ ਤੋਂ ਮਾਮਲਾ ਨੋਕ-ਝੋਕ ਦੇ ਬਾਅਦ ਥਾਣਾ ਸਿਟੀ 'ਚ ਪਹੁੰਚ ਗਿਆ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀ ਸੇਫਟੀ ਲਈ ਮਾਰਗਾਂ 'ਤੇ ਗੇਟ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਕਿ ਰਾਤ ਦੇ ਸਮੇਂ ਹੋਣ ਵਾਲੀ ਚੋਰੀ ਆਦਿ ਤੋਂ ਬਚਾਅ ਰਹੇ। ਉਕਤ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਨੇ ਆਪਣੇ ਨਿੱਜੀ ਖਰਚੇ 'ਤੇ ਸਬਜ਼ੀ ਮੰਡੀ ਤੋਂ ਮਾਰਕੀਟ ਨੂੰ ਜਾਣ ਵਾਲੇ ਰਸਤੇ 'ਤੇ ਗੇਟ ਲਾਉਣ ਲਈ ਮਾਰਗ ਦੇ ਦੋਵੇਂ ਪਾਸੇ ਟੋਏ ਪੁਟਵਾ ਦਿੱਤੇ ਪਰ ਕਿਸੇ ਨੇ ਇਸ ਦੀ ਸ਼ਿਕਾਇਤ ਨਗਰ ਕੌਂਸਲ ਨੂੰ ਦੇ ਦਿੱਤੀ, ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਕਤ ਪੁੱਟੇ ਜਾ ਰਹੇ ਟੋਇਆਂ ਦਾ ਕੰਮ ਤੁਰੰਤ ਰੁਕਵਾ ਦਿੱਤਾ ਅਤੇ ਇਸ ਸਬੰਧ 'ਚ ਕੁਝ ਦੁਕਾਨਦਾਰਾਂ ਨੂੰ ਕੌਂਸਲ ਵੱਲੋਂ ਨੋਟਿਸ ਵੀ ਭੇਜਿਆ ਗਿਆ। ਦੂਜੇ ਪਾਸੇ ਦੁਕਾਨਦਾਰਾਂ ਨੇ ਉਕਤ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਸ ਦਾ ਗੰਭੀਰ ਨੋਟਿਸ ਲਿਆ ਕਿਉਂਕਿ ਦੁਕਾਨਦਾਰ ਚਾਹੁੰਦੇ ਸਨ ਕਿ ਮਾਰਕੀਟ ਦੇ ਸਾਰੇ ਮਾਰਗਾਂ 'ਤੇ ਗੇਟ ਲੱਗਣ ਤੋਂ ਬਾਅਦ ਉੱਥੇ ਸੁਰੱਖਿਆ ਲਈ ਚੌਕੀਦਾਰ ਰੱਖਿਆ ਜਾਵੇ। ਉਕਤ ਮਾਮਲੇ ਦਾ ਹੱਲ ਨਾ ਹੋਣ ਕਾਰਨ ਜਿਥੇ ਉਕਤ ਟੋਏ ਲੋਕਾਂ 'ਚ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਹੀ ਸ਼ਹਿਰ ਨਿਵਾਸੀਆਂ ਨੇ ਉਕਤ ਮਾਮਲੇ ਦਾ ਤੁਰੰਤ ਹੱਲ ਕੀਤੇ ਜਾਣ ਦੀ ਮੰਗ ਵੀ ਕੀਤੀ।
ਨਿੱਜੀ ਪ੍ਰਾਪਰਟੀ 'ਚ ਕੌਂਸਲ ਦੀ ਨਹੀਂ ਹੋਣੀ ਚਾਹੀਦੀ ਦਖਲਅੰਦਾਜ਼ੀ : ਬਿੰਟਾ
ਉਕਤ ਮਾਰਗ ਦੇ ਨਾਲ ਹੀ ਕਾਰੋਬਾਰ ਕਰਨ ਵਾਲੇ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਦੱਸਿਆ ਕਿ ਮਾਰਕੀਟ 'ਚ ਕਰੀਬ 82 ਦੁਕਾਨਾਂ ਹਨ, ਜਿਸ ਦਾ ਨਾਮ ਸੁਪਰ ਮਾਰਕੀਟ ਰੱਖਿਆ ਗਿਆ ਹੈ। ਨਗਰ ਸੁਧਾਰ ਟਰੱਸਟ ਵੱਲੋਂ ਜਦੋਂ ਉਕਤ ਸਥਾਨ ਦੀ ਬੋਲੀ ਕੀਤੀ ਗਈ ਸੀ, ਉਦੋਂ ਕੁਝ ਲੋਕਾਂ ਨੇ ਮਿਲ ਕੇ ਸਾਰੀ ਜਗ੍ਹਾ ਖਰੀਦ ਲਈ ਸੀ ਅਤੇ ਉਨ੍ਹਾਂ ਹੀ ਦੁਕਾਨਾਂ ਲਈ ਅੱਗੇ ਜਗ੍ਹਾ ਵੇਚੀ ਹੈ। ਇਹ ਨਿੱਜੀ ਪ੍ਰਾਪਰਟੀ ਹੈ। ਇਸ ਲਈ ਇਸ 'ਚ ਨਗਰ ਕੌਂਸਲ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ।
ਕੀ ਕਹਿੰਦੇ ਨੇ ਕੌਂਸਲ ਪ੍ਰਧਾਨ
ਇਸ ਸਬੰਧ 'ਚ ਜਦੋਂ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਉਕਤ ਸਮੱਸਿਆ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਉਕਤ ਮਾਮਲਾ ਈ. ਓ. ਦੇ ਅਧੀਨ ਹੈ। ਜਦੋਂਕਿ ਨਗਰ ਕੌਂਸਲ ਦੇ ਈ. ਓ. ਭੂਸ਼ਣ ਜੈਨ ਨੇ ਦੱਸਿਆ ਕਿ ਉਕਤ ਮਾਰਗ ਨਗਰ ਕੌਂਸਲ ਦੇ ਅਧੀਨ ਹੈ ਕਿਉਂਕਿ ਉਕਤ ਮਾਰਗ ਤੋਂ ਹੀ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੂੰ ਮੁਹੱਈਆ ਕਰਵਾਈ ਗਈ ਹੈ, ਜਿਸ ਕਾਰਨ ਦੁਕਾਨਦਾਰ ਆਪਣੀ ਮਨਮਰਜ਼ੀ ਨਾਲ ਉੱਥੇ ਗੇਟ ਨਹੀਂ ਲਵਾ ਸਕਦੇ। ਜਦੋਂਕਿ ਇਸ ਸਬੰਧ 'ਚ ਸਬੰਧਤ ਦੁਕਾਨਦਾਰਾਂ ਅਤੇ ਪੁਲਸ ਨੂੰ ਵੀ ਨੋਟਿਸ ਭੇਜੇ ਗਏ ਹਨ। ਉਧਰ, ਕੌਂਸਲ ਦੇ ਐੱਸ.ਡੀ.ਓ. ਹਰਪ੍ਰੀਤ ਸਿੰਘ ਭਿਓਰਾ ਨੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਟੋਏ ਪੁੱਟੇ ਹਨ, ਉਨ੍ਹਾਂ ਵੱਲੋਂ ਹੀ ਇਨ੍ਹਾਂ ਨੂੰ ਭਰਿਆ ਜਾਵੇਗਾ। ਕੌਂਸਲ ਨੇ ਇਸ ਸਬੰਧ 'ਚ ਥਾਣਾ ਸਿਟੀ ਰੂਪਨਗਰ 'ਚ ਸ਼ਿਕਾਇਤ ਦੇ ਦਿੱਤੀ ਹੈ।
ਠੇਲ੍ਹਾ ਮਜ਼ਦੂਰ ਯੂਨੀਅਨ ਵੱਲੋਂ ਮਹਿੰਗਾਈ ਖਿਲਾਫ਼ ਨਾਅਰੇਬਾਜ਼ੀ
NEXT STORY