ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ)-ਇਕ ਪਾਸੇ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਤੇ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੇਂਡੂ ਖੇਤਰ 'ਚ ਚੱਲ ਰਹੇ ਵੱਡੇ ਤੇ ਛੋਟੇ ਹਸਪਤਾਲਾਂ 'ਚ ਸਰਕਾਰ ਦਾ ਉਕਾ ਹੀ ਧਿਆਨ ਨਹੀਂ ਹੈ। ਇਸ ਦੀ ਮਿਸਾਲ ਸਬ ਤਹਿਸੀਲ ਮੰਡੀ ਲੱਖੇਵਾਲੀ ਅਧੀਨ ਆਉਦੇ ਪਿੰਡ ਚੱਕ ਸ਼ੇਰੇਵਾਲਾ ਤੋਂ ਮਿਲਦੀ ਹੈ, ਜਿਥੇ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਕਮਿਊਨਟੀ ਹੈਲਥ ਸੈਂਟਰ (ਸੀ.ਐਚ.ਸੀ) ਬਣਾਇਆ ਗਿਆ ਸੀ ਪਰ ਖੇਤਰ ਦੇ ਲੋਕਾਂ ਨੂੰ ਜੋ ਸੁੱਖ ਸਹੂਲਤਾਂ ਮਿਲਣੀਆ ਚਾਹੀਦੀਆਂ ਸਨ, ਉਹ ਮਿਲ ਨਹੀਂ ਰਹੀਆਂ ਤੇ ਬਹੁਤ ਸਾਰੀਆਂ ਘਾਟਾਂ ਦਿਖਾਈ ਦੇ ਰਹੀਆਂ ਹਨ। ਜਿੰਨਾਂ ਵੱਲੋਂ ਸਿਹਤ ਵਿਭਾਗ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਵੱਡੀ ਘਾਟ ਜੋ ਰੜਕ ਰਹੀ ਹੈ, ਉਹ ਹੈ ਸਪੈਸ਼ਲਿਸਟ ਡਾਕਟਰਾਂ ਦੀ ਕਿਉਂਕਿ ਇਥੇ ਸਪੈਸ਼ਲਿਸਟ ਡਾਕਟਰ ਇਕ ਵੀ ਨਹੀਂ ਹੈ। ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਦੇ ਸਬੰਧ 'ਚ 'ਜਗਬਾਣੀ' ਵੱਲੋਂ ਇਸ ਹਫਤੇ ਦੀ ਇਹ ਵਿਸੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਇਨ੍ਹਾਂ ਡਾਕਟਰਾਂ ਦੀ ਹੈ ਲੋੜ
ਚੱਕ ਸ਼ੇਰੇਵਾਲਾ ਦੇ ਹਸਪਤਾਲ 'ਚ ਅੱਖਾਂ ਦੀਆਂ ਬਿਮਾਰੀਆਂ ਵਾਲਾ, ਦਿਲ ਦੇ ਰੋਗਾਂ ਵਾਲਾ, ਬੱਚਿਆਂ ਦੀਆਂ ਬਿਮਾਰੀਆਂ ਵਾਲਾ ਤੇ ਹੱਡੀਆਂ ਦੀਆਂ ਬਿਮਾਰੀਆਂ ਵਾਲਾ ਕੋਈ ਡਾਕਟਰ ਨਹੀਂ ਹੈ। ਇਥੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਪੈਸ਼ਲਿਸਟ ਡਾਕਟਰਾਂ ਦੀ ਘਾਟ ਕਾਰਨ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਵੇ ਜਾਂ ਐਮਰਜੈਂਸੀ ਆ ਜਾਵੇ ਤਾਂ ਕੋਈ ਖਾਸ ਪ੍ਰਬੰਧ ਨਹੀਂ ਤੇ ਮਰੀਜ ਅੱਗੇ ਤੋਰਨ ਲਈ ਇਥੋਂ ਦੇ ਪ੍ਰਬੰਧਕਾ ਨੂੰ ਮਜਬੂਰ ਹੋਣਾ ਪੈਦਾ ਹੈ।
ਇਲਾਕੇ ਦੇ 88 ਪਿੰਡਾਂ ਦਾ ਸੈਂਟਰ ਹੈ ਚੱਕ ਸ਼ੇਰੇਵਾਲਾ
ਜ਼ਿਕਰਯੋਗ ਹੈ ਕਿ ਕਮਿਊਨਟੀ ਹੈਲਥ ਸੈਂਟਰ ਚੱਕ ਸ਼ੇਰੇਵਾਲਾ ਅਧੀਨ ਇਸ ਇਲਾਕੇ ਦੇ ਕੁੱਲ 88 ਪਿੰਡਾਂ ਨੂੰ ਜੋੜਿਆ ਗਿਆ ਹੈ ਤੇ ਇਸ ਦਾ ਘੇਰਾ 35-40 ਕਿਲੋਂਮੀਟਰ ਤੱਕ ਫੈਲਿਆ ਹੋਇਆ ਹੈ। ਇਹ ਸੈਂਟਰ ਇਕ ਸਾਈਡ ਤੇ ਲਿਆ ਕੇ ਬਣਾਇਆ ਗਿਆ ਹੈ ਤੇ ਪਿੰਡ ਬਹੁਤ ਦੂਰ ਪੈਂਦੇ ਹਨ। ਇਸ ਸੈਂਟਰ ਅਧੀਨ 88 ਪਿੰਡਾਂ ਲਈ ਚਾਰ ਥਾਵਾਂ ਬਰੀਵਾਲਾ, ਥਾਂਦੇਵਾਲਾ, ਕਾਨਿਆਂਵਾਲੀ ਤੇ ਚੱਕ ਸ਼ੇਰੇਵਾਲਾ ਵਿਖੇ ਔਰਤਾਂ ਲਈ ਡਲਿਵਰੀ ਕੇਂਦਰ ਚਲਾਏ ਜਾ ਰਹੇ ਹਨ।
ਡਾਕਟਰਾਂ ਦੀਆਂ ਪੋਸਟਾਂ ਪਿੰਡਾਂ 'ਚ ਵੀ ਹਨ ਖਾਲੀ
ਇਸ ਸੈਂਟਰ ਅਧੀਨ ਆਉਂਦੇ ਪਿੰਡਾਂ 'ਚ ਜ਼ਿਲਾ ਪ੍ਰੀਸ਼ਦ ਰਾਹੀ ਰੱਖੇ ਗਏ ਡਾਕਟਰਾਂ ਦੀਆਂ ਕੁੱਲ 11 ਅਸਾਮੀਆਂ ਹਨ ਪਰ ਉਨ੍ਹਾਂ 'ਚੋਂ ਵੀ 3 ਹੀ ਡਾਕਟਰ ਹਨ ਤੇ 8 ਪੋਸਟਾਂ ਖਾਲੀ ਹਨ। ਸਿਹਤ ਵਰਕਰਾਂ ਦੀਆਂ ਇਸ ਸੈਂਟਰ ਨਾਲ ਸਬੰਧਿਤ 29 ਅਸਾਮੀਆਂ ਹਨ ਪਰ ਇਨ੍ਹਾਂ 'ਚੋਂ 20 ਖਾਲੀ ਹਨ ਤੇ ਸਿਰਫ਼ 9 ਹੀ ਭਰੀਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਿਹਤ ਵਰਕਰਾਂ ਨੇ ਮਲੇਰੀਆ ਅਤੇ ਡੇਂਗੂ ਆਦਿ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ।
ਮਸ਼ੀਨਾ ਹਨ ਪਰ ਚਲਾਉਣ ਵਾਲੇ ਨਹੀਂ
ਹਸਪਤਾਲ ਵਿਚ ਐਕਸਰੇ ਮਸ਼ੀਨਾਂ ਹਨ, ਲੈਬ ਹੈ ਪਰ ਲੈਬ 'ਚ ਦੋ ਹੋਰ ਮੁਲਾਜ਼ਮਾ ਦੀ ਲੋੜ ਹੈ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜੇਕਰ ਇਸ ਖੇਤਰ ਨਾਲ ਸਬੰਧਿਤ ਪਿੰਡਾਂ ਦੇ ਲੋਕਾਂ ਦੀ ਸਹੂਲਤਾਂ ਲਈ ਇਹ ਐਡਾ ਵੱਡਾ ਹਸਪਤਾਲ ਬਣਾਇਆ ਗਿਆ ਹੈ ਤਾਂ ਫੇਰ ਇੱਥੇ ਆਉਣ ਵਾਲੇ ਮਰੀਜਾਂ ਲਈ ਸਾਰੀਆਂ ਲੋੜੀਦੀਆਂ ਸਹੂਲਤਾਂ ਵੀ ਮੁਹੱਈਆਂ ਕਰਵਾਉਣੀਆ ਚਾਹੀਦੀਆਂ ਹਨ।
ਹਸਪਤਾਲ ਵੱਲੋਂ ਕੀਤਾ ਜਾ ਰਿਹਾ ਹੈ ਵਧੀਆ ਪ੍ਰਬੰਧ-ਐਸ ਐਮ ਓ ਡਾ : ਕਿਰਨਦੀਪ ਕੌਰ
ਕਮਿਊਨਟੀ ਹੈਲਥ ਸੈਂਟਰ ਚੱਕ ਸ਼ੇਰੇਵਾਲਾ ਦੇ ਐਸ ਐਮ ਓ ਡਾ : ਕਿਰਨਦੀਪ ਕੌਰ ਨਾਲ ਜਦ 'ਜਗਬਾਣੀ ' ਵੱਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਹਸਪਤਾਲ 'ਚ ਰੋਜ਼ਾਨਾ 200 ਮਰੀਜ ਆ ਰਹੇ ਹਨ। ਉਨ੍ਹਾਂ ਦੱਸਿਆ ਮਰੀਜਾਂ ਨੂੰ ਲੋੜੀਦੀਆਂ ਦਵਾਈਆ ਮੁਫ਼ਤ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਦੀ ਡਲਿਵਰੀਆਂ ਹਰ ਮਹੀਨੇ 40 ਦੇ ਕਰੀਬ ਇਥੇ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਇਹ ਮੰਨਿਆਂ ਕਿ ਇਸ ਹਸਪਤਾਲ 'ਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਰੜਕ ਰਹੀ ਹੈ।
ਸਰਕਾਰ ਡਾਕਟਰ ਭੇਜੇ ਤਾਂ ਪਿੰਡਾਂ ਦੇ ਲੋਕਾਂ ਨੂੰ ਹੋ ਸਕਦਾ ਹੈ ਲਾਭ
ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ , ਸਮਾਜ ਸੇਵਕ ਪਰਮਜੀਤ ਸਿੰਘ ਲੱਖੇਵਾਲੀ ਅਤੇ ਅਧਿਆਪਕ ਸ਼ਿਵਰਾਜ ਸਿੰਘ ਭਾਗਸਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੇ ਸਿਹਤ ਵਿਭਾਗ ਕਮਿਊਨਟੀ ਹੈਲਥ ਸੈਂਟਰ ਚੱਕ ਸ਼ੇਰੇਵਾਲਾ ਵਿਖੇ ਸਪੈਸ਼ਲਿਸਟ ਡਾਕਟਰਾਂ ਨੂੰ ਭੇਜਣ ਦਾ ਪ੍ਰਬੰਧ ਕਰੇ ਤਾਂ ਕਿ ਇਸ ਹਸਪਤਾਲ ਅਧੀਨ ਆਉਦੇ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਪਿੰਡਾਂ ਦੀਆਂ ਸਿਹਤ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ, ਉਹਨਾਂ ਨੂੰ ਵੀ ਭਰਿਆ ਜਾਵੇ।
ਡਾਕਟਰਾਂ ਦੀ ਘਾਟ ਬਾਰੇ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ - ਸਿਵਲ ਸਰਜਨ
ਸਿਵਲ ਸਰਜਨ ਡਾ : ਸੁਖਪਾਲ ਸਿੰਘ ਬਰਾੜ ਨਾਲ ਜਦ ਚੱਕ ਸ਼ੇਰੇਵਾਲਾ ਦੇ ਹਸਪਤਾਲ ਵਿਖੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਬਾਰੇ ਲਿਖ ਕੇ ਭੇਜਿਆ ਹੋਇਆ ਹੈ ਤੇ ਅਪੀਲ ਕੀਤੀ ਗਈ ਹੈ ਕਿ ਜ਼ਿਲੇ ਦੇ ਸਾਰੇ ਹਸਪਤਾਲਾਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਕਿ ਹਸਪਤਾਲਾਂ 'ਚ ਆਉਣ ਵਾਲੇ ਮਰੀਜਾਂ ਨੂੰ ਕੋਈ ਦਿੱਕਤ ਨਾ ਆਵੇ।
ਡਿੱਪੂ ਹੋਲਡਰਾਂ ਨੇ ਲਾਇਆ ਫੂਡ ਇੰਸਪੈਕਟਰ 'ਤੇ ਧੱਕੇਸ਼ਾਹੀ ਦਾ ਦੋਸ਼
NEXT STORY