ਦਸੂਹਾ, (ਝਾਵਰ)- ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਰੰਧਾਵਾ ਖੰਡ ਮਿੱਲ ਦੇ ਬੱਸ ਸਟੈਂਡ 'ਤੇ ਬਾਹਰੀ ਇਲਾਕੇ ਦੀਆਂ ਗੰਨਾ ਪਰਚੀਆਂ ਨੂੰ ਲੈ ਕੇ ਟਰੈਫਿਕ ਜਾਮ ਕਰ ਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਗੰਨਾ ਖੇਤਾਂ ਵਿਚ ਖੜ੍ਹਾ ਹੈ, ਜਦਕਿ ਮਿੱਲ ਮੈਨੇਜਮੈਂਟ ਬਾਹਰੀ ਇਲਾਕੇ ਦਾ ਗੰਨਾ ਵੱਧ ਚੁੱਕ ਰਹੀ ਹੈ।
ਪ੍ਰਧਾਨ ਚੌਹਾਨ ਨੇ ਦੱਸਿਆ ਕਿ ਮਿੱਲ ਦੇ ਬਾਹਰ ਗੰਨਿਆਂ ਦੀਆਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 60 ਫੀਸਦੀ ਬਾਹਰੀ ਇਲਾਕੇ ਦੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਕਿਸਾਨ ਬਹੁਤ ਹੀ ਆਰਥਕ ਤੰਗੀ ਦਾ ਸ਼ਿਕਾਰ ਹਨ। ਜੇਕਰ ਉਨ੍ਹਾਂ ਦਾ ਗੰਨਾ ਨਹੀਂ ਪੀੜਿਆ ਜਾਂਦਾ ਤਾਂ ਉਹ ਹੋਰ ਵੀ ਆਰਥਕ ਮੰਦਹਾਲੀ 'ਚ ਚਲੇ ਜਾਣਗੇ।
ਚੱਕਾ ਜਾਮ ਦੌਰਾਨ ਲਗਭਗ 2 ਘੰਟੇ ਬਾਅਦ ਨਾਇਬ ਤਹਿਸੀਲਦਾਰ ਉਂਕਾਰ ਸਿੰਘ, ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ ਅਤੇ ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮਿੱਲ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਕਰਨ ਲਈ ਬੁਲਾਇਆ। ਮਿੱਲ ਪ੍ਰਬੰਧਕਾਂ ਵੱਲੋਂ ਪੰਕਜ ਸ਼ਰਮਾ ਤੇ ਹੋਰ ਅਧਿਕਾਰੀ ਆਏ, ਜਿਨ੍ਹਾਂ ਅੱਗੇ ਕਿਸਾਨਾਂ ਨੇ ਇਲਾਕੇ ਦੀਆਂ 500 ਪਰਚੀਆਂ ਅਤੇ ਬਾਹਰੀ ਇਲਾਕੇ ਦੀਆਂ ਪਰਚੀਆਂ ਬੰਦ ਕਰਨ ਦੀ ਸ਼ਰਤ ਰੱਖੀ। ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਸਨ, ਜਿਸ ਕਾਰਨ ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਫੈਸਲੇ ਦੇ ਯਤਨ ਜਾਰੀ ਹਨ।
ਜਦੋਂ ਇਸ ਸਬੰਧੀ ਰੰਧਾਵਾ ਸ਼ੂਗਰ ਮਿੱਲ ਦੇ ਸੀਨੀਅਰ ਮੈਨੇਜਰ ਦੇਸ ਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿੱਲ ਵੱਲੋਂ ਜਾਰੀ ਕੈਲੰਡਰ ਦੇ ਅਨੁਪਾਤ ਅਨੁਸਾਰ ਹੀ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਿੱਲ ਉਸ ਸਮੇਂ ਤੱਕ ਚੱਲਦੀ ਰਹੇਗੀ, ਜਦੋਂ ਤੱਕ ਕਿਸਾਨਾਂ ਦਾ ਪੂਰਾ ਗੰਨਾ ਨਹੀਂ ਪੀੜਿਆ ਜਾਂਦਾ। ਉਨ੍ਹਾਂ ਕਿਹਾ ਕਿ ਮਿੱਲ ਵੱਲੋਂ ਕਿਸਾਨਾਂ ਨੂੰ ਨਿਰਧਾਰਤ ਸਮੇਂ ਅੰਦਰ ਅਦਾਇਗੀ ਵੀ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਵਿਚ ਮੁੱਖ ਤੌਰ 'ਤੇ ਰਣਜੀਤ ਸਿੰਘ ਨਾਮਧਾਰੀ, ਗੁਰਬਖਸ਼ ਸਿੰਘ, ਸਤਪਾਲ, ਮਲਕੀਤ ਸਿੰਘ, ਜੁਝਾਰ ਸਿੰਘ, ਅਵਤਾਰ ਸਿੰਘ ਤਾਰੀ, ਲੱਕੀ, ਪੰਕਜ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਕਮਲਜੀਤ ਸਿੰਘ ਚੌਹਾਨ, ਨਰਿੰਦਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਸੁਖਵੀਰ ਸਿੰਘ, ਸੋਨੀ, ਕਿਸਮਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਰਾਜੀਵ ਬਾਹਟੀਵਾਲ ਅਤੇ ਹੋਰ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਸਨ।
7 ਘੰਟੇ ਬਾਅਦ ਪ੍ਰਸ਼ਾਸਨ ਦੀ ਹਾਜ਼ਰੀ 'ਚ ਮਿੱਲ ਦੇ ਕੇਨ ਮੈਨੇਜਰ ਕੁਲਦੀਪ ਸਿੰਘ ਨੇ ਐਲਾਨ ਕੀਤਾ ਕਿ 22 ਮਾਰਚ ਤੋਂ ਆਊਟਰ ਏਰੀਏ ਦਾ ਗੰਨਾ ਨਹੀਂ ਲਿਆ ਜਾਵੇਗਾ। 23 ਮਾਰਚ ਤੋਂ 7 ਅਪ੍ਰੈਲ ਤੱਕ ਲੋਕਲ ਏਰੀਏ ਦਾ ਗੰਨਾ ਹੀ ਪੀੜਿਆ ਜਾਵੇਗਾ। ਮੰਗਾਂ ਮੰਨੇ ਜਾਣ 'ਤੇ ਸ਼ਾਮ ਸਾਢੇ 6 ਵਜੇ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ।
ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਬੰਬ ਵਰਗੀ ਚੀਜ਼ ਮਿਲਣ ਨਾਲ ਮਚੀ ਹਫੜਾ-ਦਫੜੀ
NEXT STORY