ਲੁਧਿਆਣਾ (ਧੀਮਾਨ) - ਜੇਕਰ ਤੁਸੀਂ ਬਿਨਾਂ ਬਿੱਲ ਦੇ ਮਾਲ ਭੇਜਣਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਜੀ. ਐੱਸ. ਟੀ. ਬਿੱਲ ਖਰੀਦ ਕੇ ਹੀ ਮਾਲ ਭੇਜੋ। ਬਾਜ਼ਾਰ ਵਿਚ ਅਜਿਹੇ ਲੋਕ ਵੀ ਬੈਠੇ ਹਨ, ਜੋ ਜਾਅਲੀ ਬਿੱਲਾਂ 'ਤੇ ਦੇਸ਼ ਵਿਚ ਕਿਤੇ ਵੀ ਮਾਲ ਭੇਜਣ ਦੀ ਪੂਰੀ ਗਾਰੰਟੀ ਦਿੰਦੇ ਹਨ। ਇਸ ਧੰਦੇ 'ਚ ਲੁਧਿਆਣਾ ਦੀਆਂ 10 ਅਜਿਹੀਆਂ ਵੱਡੀਆਂ ਐਕਸਪੋਰਟ ਕੰਪਨੀਆਂ ਸਾਹਮਣੇ ਆਈਆਂ ਹਨ, ਜੋ ਜੀ. ਐੱਸ. ਟੀ. ਲੱਗਣ ਤੋਂ ਬਾਅਦ ਖੁੱਲ੍ਹੀਆਂ ਹਨ।
ਇਨ੍ਹਾਂ ਕੰਪਨੀਆਂ ਨੇ ਆਪ ਵੱਖ-ਵੱਖ ਨਾਵਾਂ ਨਾਲ ਕੁਝ ਜਾਅਲੀ ਬਿੱਲ ਬੁੱਕਸ ਰੱਖੀਆਂ ਹਨ ਤਾਂ ਕਿ ਰਸਤੇ ਵਿਚ ਕੋਈ ਪੁੱਛੇ ਤਾਂ ਉਸ ਨੂੰ ਬਿੱਲ ਦਿਖਾਇਆ ਜਾ ਸਕੇ। ਸਰਕਾਰ ਦੇ ਜੀ. ਐੱਸ. ਟੀ. ਸਿਸਟਮ ਨੂੰ ਫੇਲ ਕਰਨ ਵਿਚ ਟਰਾਂਸਪੋਰਟਰਾਂ ਦਾ ਸਭ ਤੋਂ ਵੱਡਾ ਹੱਥ ਹੈ। ਹੁਣ ਦੇਖਣਾ ਇਹ ਕਿ ਕੀ ਈ-ਵੇਅ ਬਿੱਲ ਸਿਸਟਮ ਇਸ ਕਾਲੇ ਧੰਦੇ ਨੂੰ ਰੋਕ ਸਕੇਗਾ ਜਾਂ ਟਰਾਂਸਪੋਰਟਰ ਕੋਈ ਨਵਾਂ ਰਸਤਾ ਕੱਢ ਲੈਣਗੇ।
ਇਹ ਕਾਰੋਬਾਰ ਕਾਫੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਸ ਵਿਚ ਦਿੱਲੀ, ਲੁਧਿਆਣਾ, ਫਗਵਾੜਾ ਅਤੇ ਮੰਡੀ ਗੋਬਿੰਦਗੜ੍ਹ ਵਿਚ ਬੈਠੇ ਵੱਡੇ ਮਗਰਮੱਛ ਸ਼ਾਮਲ ਹਨ। ਪਤਾ ਲੱਗਾ ਹੈ ਕਿ ਜਿਸ ਸਮੇਂ ਵੈਟ ਸਿਸਟਮ ਸੀ, ਉਸ ਸਮੇਂ ਦੀਆਂ ਕੰਪਨੀਆਂ ਨੂੰ ਇਨ੍ਹਾਂ ਨੇ ਜੀ. ਐੱਸ. ਟੀ. ਦੇ ਕਾਰੋਬਾਰ ਵਿਚ ਸ਼ਾਮਲ ਨਾ ਕਰ ਕੇ ਨਵੇਂ ਨਾਵਾਂ ਨਾਲ ਕੰਪਨੀਆਂ ਬਣਾਈਆਂ ਹਨ। ਸੂਤਰ ਅਨੁਸਾਰ ਇਨ੍ਹਾਂ ਨਾਲ ਲੁਧਿਆਣਾ ਦੇ ਦੋ ਈ. ਟੀ. ਓ. ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਇਨ੍ਹਾਂ ਨਾਲ ਪੂਰੀ 'ਸੈਟਿੰਗ' ਹੈ। ਇਨ੍ਹਾਂ 'ਚੋਂ ਇਕ ਨੇ ਆਪਣੇ ਭਰਾ ਨੂੰ ਅੰਮ੍ਰਿਤਸਰ ਤੋਂ ਮਾਲ ਭੇਜਣ ਲਈ ਉਥੇ ਬਿਠਾਇਆ ਹੋਇਆ ਹੈ। ਇਨ੍ਹਾਂ 'ਮਗਰਮੱਛਾਂ' ਦੇ ਸਬੰਧ ਲੁਧਿਆਣਾ 'ਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ 'ਚ ਇਸ ਤਰ੍ਹਾਂ ਦੇ ਹਨ ਕਿ ਇਨ੍ਹਾਂ ਦਾ ਨਾਂ ਲੈਂਦਿਆਂ ਕੋਈ ਅਧਿਕਾਰੀ ਟਰੱਕ ਰੋਕਣ ਦੀ ਹਿੰਮਤ ਨਹੀਂ ਕਰਦਾ।
ਆਈ. ਐੱਸ. ਆਈ. ਨੂੰ ਫੌਜ ਦੀ ਖੁਫੀਆ ਜਾਣਕਾਰੀ ਭੇਜਣ ਵਾਲਾ ਜਾਸੂਸ ਗ੍ਰਿਫਤਾਰ
NEXT STORY