ਸਿੱਖ ਇਤਿਹਾਸ ਵਿਸ਼ੇਸ਼
ਲੇਖਕ : ਬਲਦੀਪ ਸਿੰਘ ਰਾਮੂਵਾਲੀਆ
10 ਅਪ੍ਰੈਲ 1765 ਨੂੰ ਅੰਮ੍ਰਿਤਸਰ ਦੀ ਧਰਤੀ ’ਤੇ ਵਿਸਾਖੀ ਦੇ ਇਕੱਠ (ਸਰਬਤ ਖਾਲਸਾ) ਵਿਚ ਇਹ ਗੁਰਮਤਾ ਸੋਧਿਆ ਗਿਆ ਕਿ ਹੁਣ ਲਾਹੌਰ ਤੇ ਕਬਜ਼ਾ ਕੀਤਾ ਜਾਵੇ। ਸੋ ਸ.ਲਹਿਣਾ ਸਿੰਘ ਭੰਗੀ, ਗੁੱਜਰ ਸਿੰਘ ਭੰਗੀ ਤੇ ਹੋਰ ਦੂਜੇ ਸਰਦਾਰਾਂ ਨੇ ਜਾ ਲਾਹੌਰ ਘੇਰ ਲਿਆ। ਬਾਗ਼ਬਾਨਪੁਰ ਦੇ ਕੁਝ ਅਰਾਈਂ ਕਿਲ੍ਹੇ ਵਿਚ ਮਾਲੀ ਦਾ ਕੰਮ ਕਰਦੇ ਸਨ। ਤਕੜੇ ਇਨਾਮ ਦੇ ਲਾਲਚ ਵਿਚ ਇਹ ਸਿੰਘਾਂ ਨੂੰ ਕਿਲੇ ਦੀ ਕੰਧ ਦੀ ਉਸ ਬਾਹੀ ਵਾਲੇ ਪਾਸੇ ਲੈ ਆਏ ਜਿਥੇ ਪਾੜ ਲਾਉਣਾ ਸੌਖਾ ਸੀ। ਪਾੜ ਲੱਗਣ ਸਾਰ ਸਭ ਤੋਂ ਪਹਿਲ੍ਹਾਂ ਗੁੱਜਰ ਸਿੰਘ ਭੰਗੀ ਆਪਣੇ 50 ਸਾਥੀਆਂ ਸਮੇਤ ਅੰਦਰ ਗਿਆ, ਇਸਦਾ ਇਸ਼ਾਰਾ ਮਿਲਦੇ ਹੀ ਮਗਰੇ ਲਹਿਣਾ ਸਿੰਘ ਭੰਗੀ ਵੀ ਕਿਲੇ ਅੰਦਰ ਵੜ ਗਿਆ। ਇਹ ਘਟਨਾਂ 16 ਅਪ੍ਰੈਲ 1765 ਦੀ ਹੈ। ਲਾਹੌਰ ਦਾ ਸੂਬੇਦਾਰ ਜੋ ਅਬਦਾਲੀ ਨੇ ਲਾਇਆ ਸੀ ਕਾਬਲੀ ਮੱਲ, ਉਹ ਲਾਹੌਰ ਨਹੀ ਸੀ। ਅਗਲੀ ਸਵੇਰ ਉਸਦੇ ਨਾਇਬ (ਭਾਣਜੇ )ਬਖਸ਼ੀ ਅਮੀਰ ਸਿੰਘ ਨੇ ਸ਼ਹਿਰ ਦੀ ਫ਼ਸੀਲ ਤੋਂ ਸਿੱਖਾਂ ’ਤੇ ਤੋਪ ਨਾਲ ਹਮਲਾ ਕੀਤਾ ਪਰ ਜਲਦ ਹੀ ਸ. ਤਾਰਾ ਸਿੰਘ ਮੁਜੰਗ ਨੇ ਇਸਨੂੰ ਤੇ ਕਾਬਲੀ ਮਲ ਦੇ ਜਵਾਈ ਜਗਨਨਾਥ ਨੂੰ ਜਾ ਦਬੋਚਿਆ। ਉਧਰ ਸ. ਸੋਭਾ ਸਿੰਘ ਕਨੱਈਆ ਵੀ ਆਪਣੇ 200 ਸਵਾਰਾਂ ਸਮੇਤ ਭੰਗੀ ਸਰਦਾਰਾਂ ਨਾਲ ਆ ਰਲਿਆ। 17 ਅਪ੍ਰੈਲ 1765 ਨੂੰ ਸਾਰੇ ਲਾਹੌਰ ਤੇ ਸਰਦਾਰਾਂ ਦਾ ਕਬਜ਼ਾ ਸੀ।
ਇਸ ਵਕਤ ਕੁਝ ਬੇ ਮੁਹਾਰੇ ਹੋਏ ਸਿੱਖ ਜਵਾਨਾਂ ਨੇ ਲਾਹੌਰ ਵਿਚ ਲੁਟ ਪਾਉਣੀ ਸ਼ੁਰੂ ਕੀਤੀ ਤਾਂ ਸ਼ਹਿਰ ਦੇ ਪਤਵੰਤੇ ਸੱਜਣ ਚੌਧਰੀ ਰੂਪਾ, ਮੀਰ ਨੱਥੂ ਸ਼ਾਹ, ਹਾਫਿਜ਼ ਕਾਦਰ ਬਖਸ਼, ਲਾਲਾ ਬਿਸ਼ਨ ਸਿੰਘ, ਲਾਲਾ ਮਹਿਰਾਜ ਸਿੰਘ ਆਦਿ ਪੰਚੈਤ ਰੂਪ 'ਚ ਭੰਗੀ ਸਰਦਾਰਾਂ ਕੋਲ ਗੁਹਾਰ ਪਾਉਣ ਆਏ ਕਿ ਆਮ ਬੰਦੇ ਨਾਲ ਹੋ ਰਹੀ ਇਹ ਵਧੀਕੀ ਰੋਕੋ। ਸਰਦਾਰਾਂ ਨੇ ਓਸੇ ਵਕਤ ਡੌਂਡੀ ਫਿਰਵਾ ਦਿੱਤੀ ਕਿ ਜੇ ਕੋਈ ਵੀ ਲੁਟ-ਖੋਹ ਕਰਦਾ ਫੜਿਆ ਗਿਆ ਤਾਂ ਸਲੋਤਰ ਨਾਲ ਉਸਦੀ ਡਾਅਢੀ ਸੇਵਾ ਹੋਵੇਗੀ। ਤਿੰਨੇ ਸਰਦਾਰ ਹੱਥਾਂ 'ਚ ਮੋਟੇ ਡੰਡੇ ਲੈ ਤੇ ਘੋੜਿਆਂ ’ਤੇ ਸਵਾਰ ਹੋ ਕੇ ਬਜ਼ਾਰਾਂ ਵਿਚ ਚੱਕਰ ਲਾ ਰਹੇ ਸਨ, ਜਿਥੇ ਕੋਈ ਖਰਾਬੀ ਕਰਦਾ ਮਿਲਿਆ ਉਥੇ ਹੀ ਉਸਦੀ ਭੁਗਤ ਸਵਾਰ ਸ਼ਹਿਰ 'ਚੋਂ ਬਾਹਰ ਕੱਢ ਦਿੱਤਾ ਗਿਆ। ਕਾਬਲੀ ਮੱਲ ਦੇ ਪਰਿਵਾਰ ਨੂੰ ਰਿਹਾਅ ਕਰ ਦਿੱਤਾ ਕਿ ਉਹ ਆਪਣਾ ਕਾਰੋਬਰ ਕਰ ਸਕਦੇ ਹਨ ਪਰ ਉਨ੍ਹਾਂ ਜੰਮੂ ਜਾਣ ਨੂੰ ਤਰਜੀਹ ਦਿੱਤੀ।
ਲਾਹੌਰ ਸ਼ਹਿਰ ਨੂੰ ਤਿੰਨਾਂ ਸਰਦਾਰਾਂ ਨੇ ਵੰਡ ਲਿਆ। ਲਾਹੌਰ ਦੀ ਦੱਖਣੀ ਬਾਹੀ ਨਿਆਜ਼ ਬੇਗ ਤਕ ਦਾ ਇਲਾਕਾ ਸ. ਸੋਭਾ ਸਿੰਘ ਹਿੱਸੇ ਆਇਆ। ਉਸਨੇ ਆਪਣਾ ਟਿਕਾਣਾ ਔਰੰਗਜ਼ੇਬ ਦੀ ਧੀ ਜ਼ੇਬਉਨਿਸਾ ਦੇ ਬਾਗ ਵਿਚ ਕੀਤਾ। ਇਸ ਜਗ੍ਹਾ ਨੂੰ ਕਿਲੇ ਦਾ ਰੂਪ ਦਿੱਤਾ, ਜਿਸ ਕਾਰਨ ਇਸਦਾ ਨਾਮ ਨਵਾ ਕੋਟ ਪੈ ਗਿਆ। ਸ. ਗੁੱਜਰ ਸਿੰਘ ਭੰਗੀ ਦੇ ਹਿੱਸੇ ਸ਼ਹਿਰ ਦੀ ਪੂਰਬੀ ਬਾਹੀ ਦਾ ਹਿੱਸਾ ਆਇਆ। ਇਸਦੇ ਵਿਚਕਾਰ ਉਸਨੇ ਕੰਧਾ ਤੋਂ ਬਿਨ੍ਹਾਂ ਕਿਲ੍ਹਾਂ ਬਣਾਇਆ, ਜਿਸ ਕਾਰਨ ਅੱਜ ਵੀ ਇਸਨੂੰ ਕਿਲ੍ਹਾ ਗੁਜਰ ਸਿੰਘ ਕਹਿ ਕੇ ਯਾਦ ਕੀਤਾ ਜਾਂਦਾ ਹੈ। ਕੇਂਦਰੀ ਸ਼ਹਿਰ ਤੇ ਸ. ਲਹਣਾ ਸਿੰਘ ਭੰਗੀ ਦਾ ਕਬਜ਼ਾ ਸੀ। ਇਸ ਕਬਜ਼ੇ ਵਿਚੋਂ ਹਿੱਸਾ ਲੈਣ ਲਈ ਜਦ ਇਹਨਾਂ ਦਾ ਪੁਰਾਣਾ ਯਾਰ ਚੜਤ ਸਿੰਘ ਸ਼ੁਕਰਚੱਕੀਆ ਆਇਆ ਤਾਂ ਇਹਨਾਂ ਸਰਦਾਰਾਂ ਨੇ ਉਹਨੂੰ ਜ਼ਮਜ਼ਮਾ ਤੋਪ ਦੇ ਦਿੱਤੀ, ਜੋ ਉਸ ਵਕਤ ਆਪਣੀ ਮਿਸਾਲ ਆਪ ਸੀ। ਲਾਹੌਰ ਤੋਂ ਖਾਲਸਾਈ ਸਿੱਕਾ ਜ਼ਾਰੀ ਕੀਤਾ ਗਿਆ। ਲਾਹੌਰ ਦੇ ਲੋਕ ਭੰਗੀ ਸਰਦਾਰਾਂ ਦੇ ਪ੍ਰਬੰਧ ਤੋਂ ਬਹੁਤ ਖ਼ੁਸ਼ ਸਨ।
ਉਧਰ ਅਬਦਾਲੀ ਨੂੰ ਵੀ ਪੰਜਾਬ ਦੀ ਗੜਬੜ੍ਹ ਬਾਰੇ ਪਤਾ ਲੱਗ ਗਿਆ ਸੀ ਪਰ ਡੇਢ ਸਾਲ ਉਹ ਆਪਣੇ ਮੁਲਕ ਦੀਆਂ ਉਲਝਣਾਂ 'ਚ ਉਲਝਿਆ ਰਿਹਾ। ਆਖਰ 1766, ਨਵੰਬਰ ਵਿਚ ਉਸਨੇ ਫਿਰ ਪੰਜਾਬ ਤੇ ਅੱਠਵੀਂ ਵਾਰ ਚੜਾਈ ਕੀਤੀ। ਇਧਰ ਸਿੰਘਾਂ ਤਕ ਵੀ ਖ਼ਬਰ ਪਹੁੰਚ ਗਈ ਕਿ ਸ਼ਾਹ ਲੰਮਾ ਲਾਮ ਲਸ਼ਕਰ ਲੈ ਕੇ ਆ ਰਿਹਾ ਹੈ। 22 ਦਸੰਬਰ ਨੂੰ ਅਬਦਾਲੀ ਲਾਹੌਰ ਦੇ ਨੇੜੇ ਮਹਿਮੂਦ ਬੂਟੀ ਪਿੰਡ ਵਿਚ ਆ ਰੁਕਿਆ। ਉਧਰ ਸ. ਲਹਿਣਾ ਸਿੰਘ ਤੇ ਗੁਜਰ ਸਿੰਘ ਤਾਂ ਕਸੂਰ ਵਲ ਚਲੇ ਗਏ, ਸ.ਸੋਭਾ ਸਿੰਘ, ਅਜਾਇਬ ਸਿੰਘ ਤੇ ਹੀਰਾ ਸਿੰਘ ਪਾਕਪਟਨ ਵਲ ਚਲੇ ਗਏ। ਅਸਲ 'ਚ ਸਰਦਾਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਸਨ ਕਿ ਇਸ ਵਕਤ ਸ਼ਾਹ ਨਾਲ ਸਿੱਧੀ ਟੱਕਰ ਦਾ ਕੋਈ ਫਾਇਦਾ ਨਹੀ ਹੈ, ਦੂਸਰਾ ਇਹ ਢੰਗ ਉਨ੍ਹਾਂ ਦੀ ਗੁਰੀਲਾ ਯੁੱਧ ਨੀਤੀ ਦਾ ਹਿੱਸਾ ਵੀ ਸੀ।
ਲਾਹੌਰ ਦੇ ਸੱਜਣ ਜਦ ਅਬਦਾਲੀ ਨੂੰ ਨਜ਼ਰਾਨੇ ਲੈ ਕਿ ਮਿਲੇ ਤਾਂ ਅਬਦਾਲੀ ਨੇ ਉਨ੍ਹਾਂ ਕੋਲੋਂ ਪੁਛਿਆ ਕਿ ਕੀ ਸਿੱਖਾਂ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ? ਤਾਂ ਸਾਰੇ ਲੋਕਾਂ ਨੇ ਇਕ ਆਵਾਜ਼ ਵਿਚ ਸਿੱਖ ਸਰਦਾਰਾਂ ਦੇ ਉਚੇ-ਸੁੱਚੇ ਕਿਰਦਾਰ ਦੀ ਸਿਫਤ ਹੀ ਨਹੀ ਕੀਤੀ ਸਗੋਂ ਅਬਦਾਲੀ ਨੂੰ ਇਹ ਵੀ ਕਿਹਾ ਕਿ ਤੁਸੀ ਲਾਹੌਰ ਦਾ ਸੂਬੇਦਾਰ ਤੇ ਕਿਸੇ ਨੂੰ ਕਿਸੇ ਨੂੰ ਥਾਪਣਾ ਹੀ ਹੈ ਤੇ ਸੱਚ ਇਹ ਵੀ ਹੈ ਕਿ ਸਿੱਖਾਂ ਤੁਹਾਡੇ ਜਾਣ ਪਿੱਛੋਂ ਫਿਰ ਲਾਹੌਰ ਮੱਲ ਲੈਣਾ ਹੈ, ਚੰਗਾ ਹੋਵੇਗਾ ਜੇ ਇਹ ਸੂਬੇਦਾਰੀ ਤੁਸੀ ਪਹਿਲ੍ਹਾਂ ਹੀ ਇਨ੍ਹਾਂ ਨੂੰ ਦੇ ਦੇਵੋ। ਅਬਦਾਲੀ ਵੀ ਹੁਣ ਤਕ ਇਹ ਸਮਝ ਚੁਕਾ ਸੀ ਕਿ ਸਿੰਘਾਂ ਨੂੰ ਦਬਾਇਆ ਨਹੀ ਜਾ ਸਕਦਾ ਭਾਂਵੇ ਜਿੰਨੀ ਮਰਜ਼ੀ ਸਖਤੀ ਕਰ ਲਵੋ। ਸਗੋਂ ਜਿੰਨੀ ਸਖ਼ਤੀ ਹੋਵੇਗੀ ਉਨ੍ਹਾਂ ਵੱਧ ਵਖਤ ਪਾਉਣਗੇ। ਚੰਗਾ ਇਹੋ ਹੈ ਸੁਲ੍ਹਾ ਕਰ ਲਈ ਜਾਏ। ਇਸੇ ਮਕਸਦ ਨਾਲ ਉਸਨੇ ਸ. ਲਹਿਣਾ ਸਿੰਘ ਵੱਲ ਕਾਬਲੀ ਖੁਸ਼ਕ ਮੇਵੇ, ਦੁਸ਼ਾਲਾ, ਸੇਬ ਤੇ ਇਕ ਚਿੱਠੀ ਭੇਜੀ ਕਿ ਮੈਨੂੰ ਮਿਲੋ, ਮੈਂ ਤੁਹਾਨੂੰ ਲਾਹੌਰ ਦੀ ਸੂਬੇਦਾਰੀ ਦੇਣੀ ਚਾਹੁੰਦਾ ਹਾਂ, ਭਾਂਵੇ ਤੁਸੀ ਮੈਨੂੰ ਕੋਈ ਮਾਲੀਆ ਵੀ ਨਾ ਦੇਣਾ ਬਸ ਮੇਰੀ ਤਾਅਬੇਦਾਰੀ ਵਿਚ ਲਾਹੌਰ ਦੇ ਨਾਜ਼ਮ ਬਣ ਜਾਵੋ।
ਸਰਦਾਰ ਲਹਿਣਾ ਸਿੰਘ ਭੰਗੀ ਨੇ ਮੌੜ ਪਿੰਡ ਦੇ ਰਹਿਮਤ ਉੱਲਾ ਬੇਗ ਰਾਹੀਂ ਸ਼ਾਹ ਨੂੰ ਜਵਾਬ ਘੱਲਿਆ ਕਿ ਖਾਲਸੇ ਨੂੰ ਰਾਜ ਕੇਵਲ ਗੁਰੂ ਬਖਸ਼ਦਾ ਹੈ ਅਤੇ ਇਹ ਓਸੇ ਦੀ ਤਾਅਬੇਦਾਰੀ ਕਰਦਾ ਹੈ। ਤੇਰੀ ਇਹ ਮਿਹਰਬਾਨੀ ਮੰਗ ਕਰਦੀ ਹੈ ਮੈਂ ਤੇਰੇ ਕੋਲ ਹਾਜ਼ਰ ਹੋਵਾਂ ਪਰ ਮੇਰਾ ਖਾਲਸਾ ਜੀ ਮੈਨੂੰ ਇਸਦੀ ਇਜ਼ਾਜ਼ਤ ਨਹੀ ਦਿੰਦਾ ਤੇ ਖ਼ਾਲਸੇ ਦੇ ਹੁਕਮ ਦੀ ਅਵੱਗਿਆ ਕੋਈ ਨਹੀ ਕਰ ਸਕਦਾ, ਨਾਲ ਹੀ ਸ਼ਾਹ ਦੀ ਖਿੱਲਤ ਵਾਪਸ ਕਰਦਿਆਂ ਕਿਹਾ ਕਿ ਇਹ ਤਾਂ ਤੁਹਾਡੇ ਵਰਗੇ ਬਾਦਸ਼ਾਹਾਂ ਨੂੰ ਚੀਜ਼ਾਂ ਸੋਭਾ ਦਿੰਦੀਆਂ ਨੇ ਸਾਡੇ ਕਿਸੇ ਕੰਮ ਨਹੀ ਹਨ। ਇਕ ਭੂਰਾ, ਗੋਂਗਲੂ ਤੇ ਮੱਕੀ, ਛੋਲੇ ਆਦਿ ਭੇਜ ਕਿ ਸਪੱਸ਼ਟ ਕੀਤਾ ਕਿ ਤੇਰੇ ਕੀਮਤੀ ਦੁਸ਼ਾਲੇ ਨਾਲੋਂ ਇਹ ਭੂਰਾ ਚੰਗਾ, ਸੇਬ ਨਾਲੋਂ ਗੋਂਗਲੂ ਵਧੀਆ ਤੇ ਮੇਵਿਆ ਨਾਲੋਂ ਆਹ ਸੁੱਕੀਆਂ ਛੱਲੀਆਂ ਤੇ ਛੋਲੇ ਹੀ ਸਾਡਾ ਖਾਈਆ ਹਨ। ਅਬਦਾਲੀ ਦੀ ਸੂਬੇਦਾਰੀ ਨੂੰ ਸਿੰਘਾਂ ਨੇ ਠੁੱਡਾ ਮਾਰਿਆ ਤਾਂ ਅਬਦਾਲੀ ਨੇ ਦਾਦਨ ਖਾਂ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ। ਸ਼ਾਹ ਦੇ ਵਾਪਸ ਜਾਂਦਿਆਂ ਹੀ ਤਿੰਨਾਂ ਸਰਦਾਰਾਂ ਨੇ ਲਾਹੌਰ ਫਿਰ ਆ ਘੇਰਿਆ ਅਤੇ ਦਾਦਨ ਖਾਂ ਨੂੰ ਲਲਕਾਰਿਆ ਪਰ ਉਹ ਹੱਥ ਖੜੇ ਕਰ ਗਿਆ। ਬਿਨ੍ਹਾਂ ਕਿਸੇ ਹੀਲ ਹੁਜਤ ਤੋਂ ਸਰਦਾਰਾਂ ਨੇ ਲਾਹੌਰ ’ਤੇ ਕਬਜ਼ਾ ਕਰ ਲਿਆ ਅਤੇ ਇਸ ਨਾਲ ਹੀ ਅਬਦਾਲੀ ਦੀ ਸਫ ਸਦਾ ਲਈ ਪੰਜਾਬ ਵਿਚੋਂ ਲਪੇਟੀ ਗਈ।
ਚੰਡੀਗੜ੍ਹ : SSP ਨੀਲਾਂਬਰੀ ਨੇ ਖੁਦ ਦਾ 'ਕੋਰੋਨਾ ਟੈਸਟ' ਕਰਾਉਣ ਦਾ ਲਿਆ ਫੈਸਲਾ
NEXT STORY