ਗੁਰਦਾਸਪੁਰ, (ਦੀਪਕ)–ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਮਨਰੇਗਾ, ਪਲਾਟ, ਫਲੈਟ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਰਤੀਆਂ ਨੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕਰਨ ਉਪਰੰਤ ਡੀ. ਸੀ. ਦਫਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਲਿਬਰੇਸ਼ਨ ਦੇ ਪ੍ਰਦੇਸ਼ ਸਕੱਤਰ ਕਾ. ਗੁਰਮੀਤ ਸਿੰਘ ਬਖ਼ਤਪੁਰਾ, ਕਾ. ਗੁਲਜ਼ਾਰ ਸਿੰਘ, ਵਿਜੇ ਸੋਹਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਕਰੋੜਾਂ ਲੋਕ ਰੋਟੀ, ਕੱਪੜਾ ਅਤੇ ਮਕਾਨ ਦੀਆਂ ਜ਼ਰੂਰਤਾਂ ਤੋਂ ਵਾਂਝੇ ਹਨ। ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਲਈ ਪਿੰਡਾਂ ਦੇ ਮਜ਼ਦੂਰਾਂ ਲਈ ਮਨਰੇਗਾ ਰੁਜ਼ਗਾਰ ਸ਼ੁਰੂ ਕੀਤਾ ਗਿਆ ਸੀ ਪਰ ਇਸ ਸਕੀਮ ਨੂੰ ਪੰਜਾਬ ਵਿਚ ਲਾਗੂ ਹੋਏ 10 ਸਾਲ ਬੀਤ ਗਏ ਹਨ ਪਰ 5 ਫੀਸਦੀ ਮਜ਼ਦੂਰਾਂ ਨੂੰ ਵੀ 100 ਦਿਨ ਦਾ ਮਨਰੇਗਾ ਰੁਜ਼ਗਾਰ ਪੂਰੇ ਦਸ਼ਕ ਵਿਚ ਨਸੀਬ ਨਹੀਂ ਹੋਇਆ। ਜਿਨ੍ਹਾਂ ਮਜ਼ਦੂਰਾਂ ਨੂੰ ਕੁਝ ਦਿਨ ਕੰਮ ਮਿਲਿਆ ਹੈ, ਉਨ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ ਦਾ ਪੰਜਾਬ ਪੱਧਰ 'ਤੇ 7 ਕਰੋੜ 88 ਲੱਖ ਅਤੇ ਜ਼ਿਲੇ ਵਿਚ 47 ਲੱਖ 23 ਹਜ਼ਾਰ ਦਾ ਛੇ ਮਹੀਨੇ ਪਹਿਲਾਂ ਕੀਤੇ ਕੰਮ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ।
ਆਗੂਆਂ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਨੂੰ ਪਲਾਟ ਦੇਣ ਵਾਲੀ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ ਦੀਆਂ ਜ਼ਮੀਨਾਂ 'ਤੇ ਵੱਡੇ ਲੋਕਾਂ ਦੇ ਨਾਜਾਇਜ਼ ਕਬਜ਼ੇ ਹਨ, ਜਿਨ੍ਹਾਂ ਨੂੰ ਕੋਈ ਸਰਕਾਰ ਛੁਡਾਉਣ ਲਈ ਰਾਜ਼ੀ ਨਹੀਂ ਹੈ ਅਤੇ ਪ੍ਰਸ਼ਾਸਨ ਵੀ ਮੁਰਦਾ ਬਣਿਆ ਹੋਇਆ ਹੈ। ਖੁਦ ਪੰਚਾਇਤ ਤੇ ਵਿਕਾਸ ਮੰਤਰੀ ਨੇ ਵੀ ਮੰਨਿਆ ਹੈ ਕਿ ਉਨ੍ਹਾਂ ਦੀ ਪ੍ਰਸ਼ਾਸਨ ਬਿਲਕੁੱਲ ਨਹੀਂ ਸੁਣਦਾ।
ਉਨ੍ਹਾਂ ਕਿਹਾ ਕਿ 100 ਦਿਨ ਦਾ ਮਨਰੇਗਾ ਰੁਜ਼ਗਾਰ ਲੈਣ, 5-5 ਮਰਲੇ ਦਾ ਪਲਾਟ ਲੈਣ ਤੇ ਸ਼ਹਿਰਾਂ ਵਿਚ ਫਲੈਟ ਲੈਣ, ਮਨਰੇਗਾ ਦੇ ਬਕਾਏ ਜਾਰੀ ਕਰਵਾਉਣ, ਬੁਢਾਪਾ-ਵਿਧਵਾ ਪੈਨਸ਼ਨ 3 ਹਜ਼ਾਰ ਰੁਪਏ ਕਰਵਾਉਣ, ਸ਼ਾਮਲਾਟ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਖਤਮ ਕਰਵਾਉਣ ਅਤੇ ਦਲਿਤਾਂ 'ਤੇ ਅੱਤਿਆਚਾਰ ਬੰਦ ਕਰਵਾਉਣ ਦੇ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਅਸ਼ਵਨੀ ਕੁਮਾਰ, ਬਸੀਰ ਗਿੱਲ, ਬਲਬੀਰ ਰੰਧਾਵਾ, ਜਤਿੰਦਰ, ਅਸ਼ਵਨੀ ਕੁਮਾਰ ਹੈਪੀ, ਗੋਪਾਲ, ਦਲਬੀਰ ਭੋਲਾ, ਕਾ. ਕਰਮ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਰਾਜੂ, ਜੋਗਿੰਦਰ ਪਾਲ, ਮਨਜੀਤ ਰਾਜ ਆਦਿ ਹਾਜ਼ਰ ਸਨ।
ਜਲੰਧਰ ਦੇ ਇਸ ਇਲਾਕੇ 'ਚ ਆਉਂਦੇ ਹਨ ਭੂਤ ਪ੍ਰੇਤ, ਜਾਣੋ ਕੀ ਹੈ ਮਾਮਲਾ
NEXT STORY