ਫਾਜ਼ਿਲਕਾ(ਲੀਲਾਧਰ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਗੁਰਦਾਸਪੁਰ ਵਿਖੇ ਹੋਈ 15ਵੀਂ ਜਨਰਲ ਕੌਂਸਲ ਦੀ ਮੀਟਿੰਗ 'ਚ ਕੀਤੇ ਫੈਸਲੇ ਮੁਤਾਬਕ ਸਮੁੱਚੇ ਪੰਜਾਬ 'ਚ ਸਕੂਲੀ ਸਿੱਖਿਆ ਤੇ ਵੱਖ-ਵੱਖ ਕਾਡਰ ਦੇ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਮੰਗ ਪੱਤਰ ਸਾਰੇ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਨਾਲ ਸਾਂਝੇ ਕੀਤੇ ਜਾਣ, ਤਾਂ ਜੋ ਜੂਨ 'ਚ ਹੋਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਇਹ ਵਿਧਾਇਕ ਤੇ ਮੰਤਰੀ ਸਰਕਾਰੀ ਸਿੱਖਿਆ ਨੂੰ ਬਚਾਉਣ ਤੇ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਚਰਚਾ ਕਰ ਸਕਣ।
ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਭਗਵੰਤ ਭਠੇਜਾ ਤੇ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ਦੀ ਅਗਵਾਈ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਸਥਾਨਕ ਕੈਨਾਲ ਰੈਸਟ ਹਾਊਸ 'ਚ ਮੰਗ ਪੱਤਰ ਸੌਂਪਿਆ ਤੇ ਮੰਗਾਂ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰਧਾਨ ਭਠੇਜਾ ਤੇ ਜਨਰਲ ਸਕੱਤਰ ਅਗਰਵਾਲ ਨੇ ਵਿਧਾਇਕ ਘੁਬਾਇਆ ਨੂੰ ਮੰਗ ਪੱਤਰ 'ਚ ਦਰਜ ਮੰਗਾਂ ਸੰਬੰਧੀ ਦੱਸਿਆ ਕਿ ਘੱਟ ਬੱਚਿਆਂ ਦੇ ਬਹਾਨੇ ਬੰਦ ਕੀਤੇ ਸਕੂਲ ਫਿਰ ਤੋਂ ਚਾਲੂ ਕੀਤੇ ਜਾਣ, ਬੱਚਿਆਂ ਦੀ ਵਰਦੀ ਲਈ 1000 ਰੁਪਏ ਪ੍ਰਤੀ ਬੱਚਾ ਗ੍ਰਾਂਟ ਦਿੱਤੀ ਜਾਵੇ, ਪੀਣ ਲਈ ਸਾਫ਼ ਪਾਣੀ ਤੇ ਬੈਠਣ ਦਾ ਪ੍ਰਬੰਧ ਹਰ ਸਕੂਲ 'ਚ ਕੀਤਾ ਜਾਵੇ ਤੇ ਇਸ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆ, ਰੀ-ਚੈਕਿੰਗ ਤੇ ਰੀ-ਅਪੀਅਰ ਫੀਸਾਂ ਘਟਾਈਆਂ ਜਾਣ ਸੰਬੰਧੀ ਵਿਧਾਨ ਸਭਾ 'ਚ ਚਰਚਾ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਕਾਰੀ ਸਿੱਖਿਆ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਤੇ ਅਧਿਆਪਕਾਂ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ ਤਾਂ ਜੁਲਾਈ ਮਹੀਨੇ 'ਚ ਸੂਬਾ ਪੱਧਰ 'ਤੇ ਵੱਡਾ ਐਕਸ਼ਨ ਕੀਤਾ ਜਾਵੇਗਾ। ਵਿਧਾਇਕ ਘੁਬਾਇਆ ਨੇ ਜੀ. ਟੀ. ਯੂ. ਦੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਕਤ ਅਧਿਆਪਕਾਂ ਦੀਆਂ ਮੰਗਾਂ 'ਤੇ ਚਰਚਾ ਤੇ ਕੁਝ ਮੁੱਦੇ ਚੁੱਕੇ ਜਾਣਗੇ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਵੀ ਇਸ ਸੰਬੰਧੀ ਮਿਲ ਕੇ ਜਾਇਜ਼ ਮੰਗਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲਾ ਆਗੂ ਕ੍ਰਿਸ਼ਨ ਕੁਮਾਰ, ਮਹਿੰਦਰ, ਵਰਿੰਦਰ ਸਿੰਘ ਮਿੱਤਲ, ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ, ਬਲਾਕ ਪ੍ਰਧਾਨ ਧਰਮਿੰਦਰ ਗੁਪਤਾ, ਪਰਮਜੀਤ ਸਿੰਘ ਸ਼ੇਰੇਵਾਲਾ, ਅਮਨਦੀਪ ਸਿੰਘ, ਰੀਸ਼ੂ ਸੇਠੀ, ਵਿਨੈ ਕੁਮਾਰ, ਰਾਕੇਸ਼ ਖੁਰਾਣਾ, ਪਰਮਿੰਦਰ ਸ਼ਰਮਾ, ਰਾਜ ਸਿੰਘ, ਅਸ਼ਵਨੀ ਕਟਾਰੀਆ, ਪੰਕਜ ਕੁਮਾਰ, ਰਮੇਸ਼ ਸੁਧਾ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਅਧਿਆਪਕ ਹਾਜ਼ਰ ਸਨ।
ਫਿਰੋਜ਼ਪੁਰ, (ਪਰਮਜੀਤ, ਸ਼ੈਰੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਗੁਰਦਾਸਪੁਰ ਵਿਖੇ ਜਨਰਲ ਕੌਂਸਲ ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਅੱਜ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀਨੀਅਰ ਮੀਤ ਪ੍ਰਧਾਨ ਰਾਜੀਵ ਹਾਂਡਾ ਅਤੇ ਪ੍ਰੈੱਸ ਸਕੱਤਰ ਨੀਰਜ ਯਾਦਵ ਦੀ ਅਗਵਾਈ ਵਿਚ ਸਕੂਲੀ ਸਿੱਖਿਆ ਤੇ ਅਧਿਆਪਕ ਮਸਲਿਆਂ ਸਬੰਧੀ ਮੰਗ-ਪੱਤਰ ਵਿਧਾਇਕਾ ਸਤਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਨੂੰ ਦਿੱਤਾ ਤਾਂ ਜੋ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਸਰਕਾਰੀ ਸਿੱਖਿਆ ਨੂੰ ਬਚਾਉਣ ਅਤੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਹੱਲ ਕਰਨ ਲਈ ਚਰਚਾ ਹੋ ਸਕੇ। ਇਸ ਮੌਕੇ ਅਮਿਤ ਸੋਨੀ, ਅਮਿਤ ਸ਼ਰਮਾ, ਗੌਰਵ ਮੁੰਜਾਲ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਅਮਿਤ, ਤਰਲੋਕ ਭੱਟੀ, ਸੰਜੇ ਚੌਧਰੀ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸਬਸਿਡੀ ਛੱਡੀ , ਜਨਤਾ ਨੂੰ ਵੀ ਕੀਤੀ ਅਪੀਲ
NEXT STORY