ਕਾਠਗੜ੍ਹ, (ਰਾਜੇਸ਼)- ਅੱਜ ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਬਨ੍ਹਾਂ ਵਿਖੇ ਲਾਏ ਗਏ ਪੱਕੇ ਪੁਲਸ ਨਾਕੇ 'ਤੇ ਜ਼ਿਲਾ ਨਵਾਂਸ਼ਹਿਰ ਦੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪੁਲਸ ਦੀ ਮਦਦ ਨਾਲ ਆਉਣ-ਜਾਣ ਵਾਲੇ ਵਾਹਨਾਂ 'ਚ ਲਿਜਾਏ ਜਾ ਰਹੇ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਗਏ। ਜਾਣਕਾਰੀ ਦਿੰਦਿਆਂ ਅਸਿਸਟੈਂਟ ਫੂਡ ਐਂਡ ਸਪਲਾਈ ਮਨੋਜ ਖੋਸਲਾ ਨੇ ਦੱਸਿਆ ਕਿ ਜ਼ਿਲਾ ਫੂਡ ਸੇਫਟੀ ਅਫ਼ਸਰ ਰਾਖੀ ਨਾਇਕ ਦੀ ਅਗਵਾਈ 'ਚ ਨਾਕੇ 'ਤੇ ਡਿਊਟੀ ਕਰ ਰਹੇ ਏ.ਐੱਸ.ਆਈ. ਜਸਪਾਲ ਸਿੰਘ ਦੀ ਮਦਦ ਨਾਲ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ, ਜਿਸ ਦੌਰਾਨ ਫਿਲੌਰ ਤੋਂ ਆਈ ਕੋਲਡ ਡਰਿੰਕ ਦੀ ਗੱਡੀ, ਰਾਜਪੁਰੇ ਤੋਂ ਆਈ ਬਿਸਕੁਟਾਂ ਦੀ ਗੱਡੀ, ਫਤਿਹਗੜ੍ਹ ਸਾਹਿਬ ਤੋਂ ਜੂਸ ਦੀ ਗੱਡੀ, ਰਾਜਪੁਰੇ ਤੋਂ ਮਸਾਲੇ ਤੇ ਬੜੀਆਂ ਲੈ ਕੇ ਆ ਰਹੀ ਗੱਡੀ, ਦੁੱਧ ਦੇ, ਢਾਬਿਆਂ ਤੋਂ ਦਾਲ ਆਦਿ ਦੇ ਕੁੱਲ 8 ਸੈਂਪਲ ਅਤੇ ਮਾਰਚ ਮਹੀਨੇ ਵਿਚ ਹੁਣ ਤਕ 36 ਸੈਂਪਲ ਭਰੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਜਨਵਰੀ, ਫਰਵਰੀ 'ਚ ਵੱਖ-ਵੱਖ ਦੁਕਾਨਾਂ ਤੋਂ ਵੱਖ-ਵੱਖ ਪਦਾਰਥਾਂ ਦੇ 80 ਸੈਂਪਲ ਭਰੇ ਗਏ, ਜਿਨ੍ਹਾਂ ਵਿਚੋਂ 34 ਫੇਲ ਸਾਬਤ ਹੋਏ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਫੇਲ ਪਾਏ ਗਏ ਵੱਖ-ਵੱਖ ਪਦਾਰਥਾਂ ਦੇ ਸੈਂਪਲਾਂ ਵਾਲੇ ਦੁਕਾਨਦਾਰਾਂ ਨੂੰ 1 ਲੱਖ 82 ਹਜ਼ਾਰ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ ਤੇ ਜੋ ਹੁਣ ਸੈਂਪਲ ਭਰੇ ਜਾ ਰਹੇ ਹਨ ਉਨ੍ਹਾਂ ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਘਟੀਆ ਮਿਆਰ ਦੇ ਪਦਾਰਥ ਸਪਲਾਈ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਨਸ਼ੇ ਵਾਲੇ 80 ਟੀਕਿਆਂ ਸਮੇਤ 2 ਕਾਬੂ
NEXT STORY