ਮੈਂ ਪਿੱਛੇ ਜਿਹੇ ਪੰਜਾਬ ਤੋਂ ਬਾਹਰ ਦੱਖਣ ਵੱਲ ਗਿਆ ਸੀ। ਇਕ ਦਾਨਿਸ਼ਵਰ ਨੇ ਸਹਿਜ ਸੁਭਾਅ ਹੀ ਪੁੱਛਿਆ, ''ਪੰਜਾਬ ਕਾ ਕਿਆ ਹਾਲ ਹੈ ਭਾਈ?'' ''ਕੀ ਦੱਸਾਂ, ਇਕੋ ਹੀ ਘਟਨਾ ਬਹੁਤ ਹੈ, ਅੰਦਾਜ਼ਾ ਤੁਸੀਂ ਆਪੇ ਲਗਾ ਲੈਣਾ'' ਇਹ ਆਖ ਕੇ ਮੈਂ ਉਸ ਨੂੰ ਘਟਨਾ ਸੁਣਾਈ, ਜਿਸ ਨੂੰ ਸੁਣ ਕੇ ਉਸਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਇਉਂ ਸੀ–ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਇਕ ਪਿੰਡ ਵਿਚ ਇਕ ਆਮ ਕਿਸਾਨ ਦਾ ਮੁੰਡਾ ਚਿੱਟਾ (ਸਮੈਕ) ਲੈਣ ਲੱਗ ਗਿਆ। ਜ਼ਮੀਨ ਵੀ ਥੋੜ੍ਹੀ, ਥੁੜਾਂ ਤੇ ਕਰਜ਼ੇ ਮਾਰੇ ਪਿਓ ਨੇ ਮੁੰਡੇ ਨੂੰ ਸਿੱਧੇ ਰਾਹੇ ਪਾਉਣ ਲਈ ਬੜੇ ਯਤਨ ਕੀਤੇ ਪਰ ਸਿੱਟਾ ਇਹ ਨਿਕਲਿਆ ਕਿ ਮੁੰਡੇ ਨੇ ਆਪਣਾ ਪਿਓ ਵੀ ਚਿੱਟੇ ਉੱਤੇ ਲਾ ਲਿਆ। ਦੋਵੇਂ ਪਿਓ-ਪੁੱਤ ਚਿੱਟੇ ਨੇ ਨਿਚੋੜ ਲਏ।
ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ਕਾਰਨ ਜ਼ਮੀਨ ਵੇਚਣ ਲੱਗੇ ਤਾਂ ਨੂੰਹ ਤੇ ਸੱਸ ਨੇ ਏਕਾ ਕਰ ਲਿਆ ਤੇ ਕੋਰਟ 'ਚੋਂ ਜਾ ਕੇ ਸਟੇਅ ਲੈ ਲਿਆ। ਗੁੱਸੇ ਵਿਚ ਆਏ ਪਿਓ-ਪੁੱਤਾਂ ਨੇ ਦੋਵੇਂ ਜ਼ਨਾਨੀਆਂ ਮਾਰਨੀਆਂ ਚਾਹੀਆਂ। ਕਿਵੇਂ ਨਾ ਕਿਵੇਂ ਮਾਂ ਤਾਂ ਬਚ ਗਈ ਪਰ ਮੁੰਡੇ ਨੇ ਵਿਹੜੇ ਵਿਚ ਬੈਠੀ ਕੱਪੜੇ ਧੋ ਰਹੀ ਪਤਨੀ ਦੇ ਸਿਰ ਵਿਚ ਕਹੀ ਮਾਰ ਉਸ ਨੂੰ ਮੁਕਾ ਦਿੱਤਾ। ਪਿਓ-ਪੁੱਤ ਜੇਲ ਵਿਚ ਹਨ ਤੇ ਘਰ ਵਿਚ ਦੁੱਖਾਂ ਮਾਰੀ ਇਕੱਲੀ ਔਰਤ ਰਹਿ ਗਈ ਹੈ। ਉਹ ਕੀ ਕਰੇ? ਜਿਊਂਦੀ ਮਰਿਆਂ ਵਰਗੀ ਹੈ।
ਅਜਿਹੀਆਂ ਘਟਨਾਵਾਂ ਹੁਣ ਪੰਜਾਬ ਵਿਚ ਆਮ ਹੋ ਗਈਆਂ ਨੇ। ਸਵਾਲ ਮੂੰਹ ਅੱਡੀ ਖ਼ਲ੍ਹੋਤਾ ਹੈ ਕਿ ਇਹ ਉਹੀ ਪੰਜਾਬ ਹੈ, ਜਿਸ ਦੀ ਤਸਵੀਰ ਦੇਖਦਿਆਂ ਹੁਣ ਡਰ ਆਉਣ ਲੱਗਾ ਹੈ। ਮੇਰੇ ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ, ਕਵੀਆਂ-ਕਲਾਕਾਰਾਂ, ਯੋਧਿਆਂ, ਸੂਰਬੀਰਾਂ ਤੇ ਦੇਸ਼ਭਗਤਾਂ ਦਾ ਪੰਜਾਬ? ਕਿਸ ਨੇ ਸਿਰਜੀ ਹੈ ਲਹੂ ਵਿਚ ਭਿੱਜੀ ਹੋਈ ਅਜਿਹੀ ਤਸਵੀਰ ਮੇਰੇ ਪੰਜਾਬ ਦੀ? ਲੱਗਦਾ ਹੈ ਕਿ ਪੰਜਾਬ ਦੀ ਤਸਵੀਰ ਨੂੰ ਖੂਨ ਦੇ ਨਾਲ-ਨਾਲ ਨਸ਼ਾ ਵੀ ਲੱਗ ਗਿਆ ਹੈ ਚਿੱਟੇ ਦਾ, ਜੋ ਕਦੇ ਇਹਦੇ ਉੱਤੋਂ ਲੱਥਣਾ ਨਹੀਂ। ਧੁੰਦਲੀ-ਧੁਆਂਖੀ ਤੇ ਉਦਾਸੀ ਮਾਰੀ ਮੇਰੇ ਪੰਜਾਬ ਦੀ ਤਸਵੀਰ ਵੇਖਣ ਵਾਲਿਓ, ਕਿੰਨਾ ਕੁ ਚਿਰ ਵੇਖੀ ਜਾਓਗੇ ਏਸ ਨੂੰ? ਸੋਚੀ ਜਾਓਗੇ ਤੇ ਕੋਸੀ ਜਾਓਗੇ ਆਪਣੇ ਆਪ ਨੂੰ? ਤਸਵੀਰ ਹੱਥਾਂ ਵਿਚ ਹੈ ਮੇਰੇ, ਅਨੇਕਾਂ ਸਵਾਲ ਮਨ-ਮਸਤਕ ਵਿਚ ਸ਼ੋਰ ਪਾ ਰਹੇ ਨੇ। ਅਜੀਬ ਅਵਸਥਾ ਹੈ। ਰੰਗਲੇ ਪੰਜਾਬ ਦੀ ਮਹਿਮਾ ਗਾਉਣ ਵਾਲੇ ਗਵੱਈਏ ਗੂੰਗੇ ਹੋ ਗਏ ਨੇ ਤੇ ਕਹਿੰਦੇ ਨੇ ਪੰਜਾਬ ਰੰਗਲਾ ਨਹੀਂ, ਸਗੋਂ ਕੰਗਲਾ ਬਣ ਕੇ ਰਹਿ ਗਿਆ ਹੈ ਤੇ ਸਾਡੇ ਕੋਲੋਂ ਝੂਠੇ-ਮੂਠੇ ਗੀਤ ਰਚ ਕੇ ਨਹੀਂ ਗਾਏ ਜਾਣੇ। ਪੰਜਾਬ ਦੀਆਂ ਸਿਫਤਾਂ ਸੁਣਾਉਣ ਤੇ ਗਾਉਣ ਵਾਲਿਆਂ ਦੇ ਮੂੰਹਾਂ ਨੂੰ ਜਿੰਦਰੇ ਵੱਜ ਗਏ ਨੇ। ਆਪਣਾ 'ਡਾਇਰੀਨਾਮਾ' ਲਿਖਦਿਆਂ ਕਲੇਜੇ ਧੂਹ ਪੈ ਰਹੀ ਹੈ ਪਰ ਜੇਕਰ ਇਹ ਗੱਲਾਂ ਅਸਾਂ ਨਹੀਂ ਕਰਨੀਆਂ ਤਾਂ ਹੋਰ ਕਿਸ ਨੇ ਕਰਨੀਆਂ?
ਕੋਈ ਵੇਲਾ ਹੁੰਦਾ ਸੀ, ਸ਼ਾਮ ਪੈਣ ਵੇਲੇ ਜੇ ਲਾਲ ਹਨੇਰੀ ਚੜ੍ਹਨੀ ਤਾਂ ਬਜ਼ੁਰਗਾਂ ਨੇ ਆਖਣਾ ਕਿ ਅੱਜ ਖੈਰ-ਸੁੱਖ ਨਹੀਂ ਹੈ, ਜ਼ਰੂਰ ਕਿਸੇ ਨੌਜਵਾਨ ਗੱਭਰੂ ਦਾ ਕਤਲ ਹੋ ਗਿਆ ਹੈ। ਤੇ ਹੁਣ ਬਿਨਾਂ ਲਾਲ ਹਨੇਰੀ ਚੜ੍ਹੇ ਤੋਂ ਹੀ ਚਿੱਟੇ ਦਿਨ ਪੰਜਾਬ ਵਿਚ ਗੱਭਰੂਆਂ ਦੇ ਅੰਨ੍ਹੇਵਾਹ ਕਤਲ ਹੋ ਰਹੇ ਨੇ ਤੇ ਲਾਸ਼ਾਂ ਦੇ ਢੇਰ ਲੱਗ ਰਹੇ ਨੇ। ਕੋਈ ਮਾਂ ਨੂੰ ਵੱਢ ਰਿਹੈ। ਕੋਈ ਪਤਨੀ ਨੂੰ, ਕੋਈ ਪੁੱਤ ਨੂੰ, ਕੋਈ ਧੀ ਨੂੰ ਤੇ ਕੋਈ ਜ਼ਾਲਮ ਪੁੱਤ ਪਿਓ ਦੇ ਟੁਕੜੇ-ਟੁਕੜੇ ਕਰ ਰਿਹਾ ਹੈ।
ਬੀਤੇ ਦਿਨ ਮੋਗਾ ਜ਼ਿਲੇ ਦੇ ਪਿੰਡ ਨੱਥੂਵਾਲ ਗਰਬੀ ਵਿਚ ਇਕੋ ਪਰਿਵਾਰ ਦੇ ਜੀਆਂ ਦੇ ਇਕੱਠੇ ਕਤਲ ਨੇ ਪੰਜਾਬੀਆਂ ਦੇ ਸੀਨੇ ਛਲਣੀ ਕਰ ਦਿੱਤੇ। ਇਸ ਤੋਂ ਪਹਿਲਾਂ ਮਜੀਠਾ ਜ਼ਿਲੇ ਵਿਚ ਇਸ਼ਕ 'ਚ ਅੰਨ੍ਹੇ ਇਕ ਬੰਦੇ ਨੇ ਘਰ ਦੇ ਸਾਰੇ ਜੀਅ ਨਹਿਰ ਵਿਚ ਰੋੜ੍ਹ ਦਿੱਤੇ। ਬੋਰੀਆਂ 'ਚੋਂ ਲਾਸ਼ਾਂ ਮਿਲੀਆਂ। ਐ ਪੰਜਾਬ, ਕਿਹੋ ਜਿਹੀ ਮਾਨਸਿਕਤਾ ਹੋ ਗਈ ਹੈ ਤੇਰੇ ਪੁੱਤਾਂ ਦੀ?
'ਚਿੱਟਾ' ਚੰਦਰਾ ਜੜ੍ਹਾਂ 'ਚ ਬਹਿ ਗਿਆ
ਇਹ 'ਚਿੱਟਾ' ਚੰਦਰਾ ਪਤਾ ਨਹੀਂ ਕੀ ਸ਼ੈਅ ਹੈ? ਚਿੱਟਾ-ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣ ਧੀਆਂ ਨੂੰ ਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰ ਫ਼ਨਾਹ ਕਰ ਸੁੱਟੇ ਨੇ ਚਿੱਟੇ ਨੇ। ਮਾਵਾਂ ਨੇ ਸਿਰਾਂ ਉੱਤੇ ਚਿੱਟੀਆਂ ਚੁੰਨੀਆਂ ਓੜ੍ਹ ਲਈਆਂ ਤੇ ਪੱਲੇ ਸਾਰੀ ਉਮਰ ਦਾ ਰੋਣਾ ਪੈ ਗਿਐ।
ਚਿੱਟੇ ਦੀ ਓਵਰਡੋਜ਼ ਨਾਲ ਮਰਦੇ ਮੁੰਡਿਆਂ ਦੀਆਂ ਵੀਡੀਓਜ਼ ਦੇਖਦਿਆਂ ਦਿਲ ਨੂੰ ਹੌਲ਼ ਪੈਂਦੇ ਨੇ। ਕੋਈ ਦਿਨ ਸੁੱਕਾ ਨਹੀਂ ਜਾਂਦਾ, ਜਦ ਨਸ਼ੇ ਦੀ ਓਵਰਡੋਜ਼ ਨਾਲ ਮੁੰਡਿਆਂ ਦੇ ਮਰਨ ਦੀਆਂ ਖਬਰਾਂ ਨਾ ਆਉਂਦੀਆਂ ਹੋਣ! ਚਿੱਟੇ ਦੇ ਉਜਾੜੇ ਟੱਬਰਾਂ ਦੇ ਦਿਲਾਂ ਦੀਆਂ ਸੁਣੋ, ਹਾਲ ਜਾਣੋ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਮੁੰਡਿਆਂ ਦੇ ਮੁੰਡੇ ਤੁਰ ਗਏ ਜਹਾਨੋਂ, ਤੁਰੀ ਜਾ ਰਹੇ ਨੇ। ਕਾਰਾਂ, ਨਾਰਾਂ, ਹਵੇਲੀਆਂ ਤੇ ਜ਼ਮੀਨਾਂ ਪਿੱਛੇ ਲਾਵਾਰਿਸ ਰਹਿ ਗਈਆਂ ਨੇ। ਐ ਪੰਜਾਬ ਪਿਆਰੇ! ਤੈਂ ਕਦੇ ਇਹ ਸੋਚਿਆ ਸੀ ਕਿ ਨੌਬਤ ਇਥੋਂ ਤੱਕ ਆ ਜਾਵੇਗੀ? ਮੈਂ ਸਪੱਸ਼ਟ ਕਹਿੰਦਾ ਕਿ ਚਿੱਟੇ ਦੇ ਸੌਦਾਗਰਾਂ ਨੂੰ ਨਾ ਅਜੇ ਨੱਥ ਪਈ ਹੈ ਤੇ ਨਾ ਪੈਂਦੀ ਦਿਖਦੀ ਹੈ।
ਪੰਜਾਬ ਦੇ ਥਾਣੇ, ਕਚਹਿਰੀਆਂ, ਹਸਪਤਾਲ, ਦਫਤਰ ਤੇ ਇਥੋਂ ਤੱਕ ਕਿ ਸ਼ਮਸ਼ਾਨਘਾਟ ਵੀ ਭਰੇ ਪਏ ਦਿਸਦੇ ਨੇ। ਜਿੱਧਰ ਮਰਜ਼ੀ ਚਲੇ ਜਾਓ, ਪਿੱਟ- ਸਿਆਪਾ ਹੈ, ਘੈਂਸ-ਘੈਂਸ ਹੈ। ਰੋਸ-ਮੁਜ਼ਾਹਰੇ ਹਨ। ਧਰਨੇ-ਮਰਨੇ ਹਨ। ਗੋਲੀ ਚਲਾਉਣੀ ਤਾਂ ਹੁਣ ਬੜੀ ਛੋਟੀ ਜਿਹੀ ਤੇ ਆਮ ਗੱਲ ਹੋ ਗਈ ਹੈ, ਕੋਈ ਪਰਵਾਹ ਨਹੀਂ, ਜਦ ਮਰਜ਼ੀ ਤੇ ਜਿਥੇ ਮਰਜ਼ੀ, ਗੋਲੀ ਚਲਾ ਕੇ ਪਾਰ ਬੁਲਾਓ। ਹੋਰ ਤਾਂ ਹੋਰ, ਹੁਣੇ ਜਿਹੇ ਦੀ ਗੱਲ ਹੈ, ਹੜ੍ਹਾਂ ਮਾਰੇ ਲੋਕਾਂ ਨੂੰ ਵਸਤਾਂ ਵੰਡਣ ਪਿੱਛੇ ਇਕ ਪਿੰਡ ਵਿਚ ਰੌਲਾ ਪੈ ਗਿਆ ਤੇ ਗੋਲੀ ਚਲਾ ਦਿੱਤੀ, ਕਈ ਜ਼ਖਮੀ ਕਰ ਸੁੱਟੇ। ਰੱਬ ਦੀ ਕਰੋਪੀ ਦਾ ਸੇਕ ਤਾਂ ਹਾਲੇ ਝੱਲ ਰਹੇ ਸਨ ਤੇ ਨਾਲ ਹੀ ਮਨੁੱਖੀ ਕਰੋਪੀ ਵੀ ਰਲ ਗਈ। ਇਸ ਗੱਲ ਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਸੜਕ ਹਾਦਸਿਆਂ ਨੇ ਪੰਜਾਬ ਵਿਚ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਹੋਈ ਜਾ ਰਹੇ ਨੇ। ਕੈਂਸਰ ਹਰ ਗਲੀ, ਹਰ ਮੋੜ ਤੇ ਹਰ ਘਰ ਵਿਚ ਖਲ੍ਹੋਤਾ ਮੂੰਹ ਅੱਡੀ ਫਿਰਦਾ ਹੈ। ਕਿੱਧਰੇ ਪੜ੍ਹਿਆ ਸੀ, ਕਿਸੇ ਸਿਆਣੇ ਨੇ ਲਿਖਿਆ ਸੀ ਕਿ ਜੇਕਰ ਬੰਦੇ ਨੂੰ ਆਪਣੇ ਘਰ ਤੋਂ ਹੀ ਭੈਅ ਆਣ ਲੱਗ ਜਾਵੇ, ਤਾਂ ਉਸ ਘਰ ਵਿਚ ਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ।
ਲੱਖਾਂ ਧੀਆਂ ਤੇ ਪੁੱਤਾਂ ਦੀ ਪ੍ਰਦੇਸਾਂ ਵੱਲ ਉਡਾਰੀ
ਗੱਲ ਕਰਦਾ ਹਾਂ, ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਦੀ। ਪਲੱਸ ਟੂ ਕੀਤੀ, ਆਈਲੈਟਸ 'ਚੋਂ ਬੈਂਡ ਲਏ ਤੇ ਜਹਾਜ਼ ਫੜਿਆ, ਪ੍ਰਦੇਸ ਵੱਲ ਮੁਹਾਰਾਂ ਮੋੜ ਲਈਆਂ। ਪੰਜਾਬ ਦੇ ਲੱਖਾਂ ਧੀਆਂ ਤੇ ਪੁੱਤ ਪ੍ਰਦੇਸੀਂ ਜਾ ਬੈਠੇ। ਕਦੇ ਵਾਪਸ ਨਹੀਂ ਪਰਤਣਾ ਤੇ ਨਾ ਹੀ ਉਹ ਵਾਪਸ ਪਰਤਣ ਲਈ ਗਏ ਨੇ। ਸਾਡੇ ਸਿਆਣੇ ਕਿਹਾ ਕਰਦੇ ਸਨ ਕਿ ਦੁੱਧ ਤੇ ਪੁੱਤ ਕਦੇ ਵੇਚੀਦੇ ਨਹੀਂ ਹੁੰਦੇ। ਅਸੀਂ ਪੁੱਤਾਂ ਨਾਲ ਪੈਸੇ ਵੀ ਦਿੱਤੇ ਹਨ ਪ੍ਰਦੇਸ ਨੂੰ ਤੋਰਦਿਆਂ। ਇਕ ਵਿਦਿਆਰਥੀ ਪਿੱਛੇ ਘੱਟੋ- ਘੱਟ ਪੰਦਰਾਂ ਲੱਖ ਰੁਪਏ। ਜੇਕਰ ਸਾਢੇ ਤਿੰਨ ਸਾਲਾਂ ਦੇ ਜੋੜੀਏ ਤਾਂ ਚਾਰ ਲੱਖ ਤੋਂ ਵੀ ਵੱਧ ਪੰਜਾਬ ਦਾ ਬੱਚਾ ਪ੍ਰਦੇਸ ਗਿਆ ਹੈ, ਤਾਂ ਗੱਲ ਅਰਬਾਂ ਰੁਪਿਆਂ ਵਿਚ ਜਾਵੇਗੀ। ਕੀ ਹੁਣ ਪੰਜਾਬ ਦਾ ਇਹ ਗਿਆ ਪੈਸਾ ਕਦੇ ਵਾਪਸ ਆਏਗਾ? ਜੁਆਬ ਨਾਂਹ ਵਿਚ ਮਿਲਦਾ ਹੈ। ਕਿਸੇ ਵੀ ਏਅਰਪੋਰਟ ਉੱਤੇ ਚਲੇ ਜਾਓ, ਖਾਸ ਕਰ ਦਿੱਲੀ ਜਾਂ ਅੰਮ੍ਰਿਤਸਰ। ਵਿਦਿਆਰਥੀ ਪੜ੍ਹਾਈ ਦੇ ਵੀਜ਼ਿਆਂ ਉੱਤੇ ਜਾ ਰਹੇ ਮੁੰਡੇ-ਕੁੜੀਆਂ ਦੀਆਂ ਕਤਾਰਾਂ ਏਨੀਆਂ ਲੰਬੀਆਂ ਨੇ ਕਿ ਇਮੀਗ੍ਰੇਸ਼ਨ ਚੈਕਿੰਗ ਵਾਲੇ ਮੱਥੇ ਫੜੀ ਬੈਠੇ ਖੁਦ ਦੇਖ ਆਇਆ ਹਾਂ। ਐ ਪੰਜਾਬ ਪਿਆਰੇ, ਤੇਰੇ ਕੋਲ ਕੀ ਰਹਿ ਗਿਐ, ਜਦ ਪੜ੍ਹੀ-ਲਿਖੀ ਤੇ ਡਿਗਰੀਆਂ-ਡਿਪਲੋਮਿਆਂ ਵਾਲੀ ਜੁਆਨੀ ਮੂੰਹ ਫੇਰ ਚੱਲੀ ਹੈ ਤੇਰੇ ਤੋਂ। ਕਾਲਜ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਨਹੀਂ ਹੋਏ। ਖਾਲੀ ਭਾਂ-ਭਾਂ ਦੇਖ ਅਧਿਆਪਕ ਵੀ ਭੱਜਣ ਲੱਗੇ ਨੇ। ਕਿਹਾ ਕਰਦੇ ਸਨ ਕਿ ਪੰਜਾਬ ਦਾ ਕਿਸਾਨ ਮੁਲਕ ਦਾ ਢਿੱਡ ਭਰਦਾ ਹੈ। ਅੰਨਦਾਤਾ ਹੈ। ਰੱਜਵਾਂ ਅਨਾਜ ਪੈਦਾ ਕਰਦਾ ਹੈ ਪਰ ਮਾਲਵੇ ਖਿੱਤੇ ਵਿਚ ਲਗਾਤਾਰ ਫਾਹੇ ਲੈ ਰਹੇ ਤੇ ਸਪਰੇਆਂ ਪੀ ਰਹੇ ਅੰਨਦਾਤਿਆਂ ਦੇ ਘਰਾਂ 'ਚੋਂ ਵਿਛੇ ਸੱਥਰ ਕੌਣ ਉਠਾਵੇਗਾ? ਕੋਈ ਵੀ ਨਹੀਂ। ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਨਾ ਕੇਂਦਰ ਰੋਕ ਸਕਿਆ ਤੇ ਨਾ ਸਥਾਨਕ ਸਰਕਾਰਾਂ। ਐ ਪੰਜਾਬ ਪਿਆਰੇ, ਇਹ ਤਾਂ ਕੁਝ ਕੁ ਝਲਕਾਂ ਹੀ ਨੇ ਤੇਰੀ ਉਦਾਸੀ ਮਾਰੀ ਫਿੱਕੀ ਫੋਟੋ 'ਚੋਂ ਤੱਕੀਆਂ। ਹਰੇ ਗੂੜ੍ਹੇ ਰੰਗਾਂ ਵਾਲੀ ਟਹਿਕਦੀ ਤੇ ਸੁੰਦਰਤਾ ਭਰੀ ਤੇਰੀ ਤਸਵੀਰ ਦੇਖਣ ਦੀ ਚਾਹਤ ਲਈ ਕਾਮਨਾ ਹੀ ਕੀਤੀ ਜਾ ਸਕਦੀ ਹੈ।
—ਨਿੰਦਰ ਘੁਗਿਆਣਵੀ (ਮੇਰਾ ਡਾਇਰੀਨਾਮਾ)
ਕਾਨੂੰਨ ਦੀ ਜਾਣਬੁੱਝ ਕੇ ਕੀਤੀ ਗਈ ਉਲੰਘਣਾ ਹੈ 'ਐੱਨ.ਆਰ.ਸੀ.'
NEXT STORY