ਇਹ ਮੰਨਣ 'ਚ ਕੋਈ ਹਰਜ ਨਹੀਂ ਕਿ ਪਾਟੀਦਾਰ ਨੇਤਾ ਹਾਰਦਿਕ ਪਟੇਲ 'ਚ ਕਈ ਖਾਸੀਅਤਾਂ ਹਨ, ਜੋ ਉਨ੍ਹਾਂ ਨੂੰ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ 'ਚ ਖਾਸ ਬਣਾ ਰਹੀਆਂ ਹਨ। ਕਾਂਗਰਸ ਜਿਥੇ ਹਾਰਦਿਕ ਪਟੇਲ ਦੀਆਂ ਉਂਗਲਾਂ 'ਤੇ ਨੱਚ ਰਹੀ ਹੈ ਅਤੇ ਆਪਣੀਆਂ ਚੋਣ ਸੰਭਾਵਨਾਵਾਂ ਹਾਰਦਿਕ ਪਟੇਲ ਦੇ ਕ੍ਰਿਸ਼ਮਈ ਅਕਸ 'ਚ ਦੇਖ ਰਹੀ ਹੈ, ਉਥੇ ਹੀ ਭਾਜਪਾ ਹਾਰਦਿਕ ਦੀਆਂ ਚਾਲਬਾਜ਼ੀਆਂ ਦੇ ਸ਼ਿਕੰਜੇ 'ਚ ਹੈ ਤੇ ਭਾਜਪਾ ਨੂੰ ਹਾਰਦਿਕ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੀ. ਡੀ. ਕਾਂਡ ਵਰਗੇ ਹੱਥਕੰਡੇ ਵੀ ਅਪਣਾਉਣੇ ਪਏ ਹਨ।
ਹਾਰਦਿਕ ਪਟੇਲ ਇਕ ਨੌਜਵਾਨ ਹਨ ਤੇ ਗੁਜਰਾਤ ਦੇ ਪਾਟੀਦਾਰ ਸਮਾਜ ਦੇ ਦਮਦਾਰ ਨੇਤਾ ਬਣ ਚੁੱਕੇ ਹਨ। ਉਨ੍ਹਾਂ ਨੇ ਰਾਖਵੇਂਕਰਨ ਦੀ ਅੱਗ 'ਚ ਉਸੇ ਭਾਜਪਾ ਨੂੰ ਝੋਕ ਦਿੱਤਾ, ਜਿਹੜੀ ਭਾਜਪਾ ਪਾਟੀਦਾਰ ਸਮਾਜ ਦੀ ਸਿਆਸਤ 'ਤੇ ਸਵਾਰੀ ਕਰਦੀ ਸੀ। ਕਾਂਗਰਸ ਨੇ ਹਾਰਦਿਕ ਪਟੇਲ ਦੀ ਰਾਖਵੇਂਕਰਨ ਦੀ ਮੰਗ ਮੰਨ ਕੇ ਚੋਣ ਸਿਆਸਤ 'ਚ ਉਨ੍ਹਾਂ ਦੀ ਸਰਵਉੱਚਤਾ ਨੂੰ ਕਬੂਲ ਕਰ ਲਿਆ ਹੈ। ਮੀਡੀਆ ਵੀ ਪੂਰੀ ਤਰ੍ਹਾਂ ਹਾਰਦਿਕ ਪਟੇਲ ਦੇ ਚਮਤਕਾਰ ਤੋਂ ਜਿਵੇਂ ਮੋਹਿਤ ਹੋ ਗਿਆ ਹੈ ਅਤੇ ਮੀਡੀਆ 'ਚ ਮੋਦੀ ਅਤੇ ਰਾਹੁਲ ਗਾਂਧੀ ਤੋਂ ਵੀ ਜ਼ਿਆਦਾ ਜਗ੍ਹਾ ਹਾਰਦਿਕ ਪਟੇਲ ਨੂੰ ਮਿਲ ਰਹੀ ਹੈ।
ਸਥਾਪਿਤ ਸੱਚ ਹੈ ਕਿ ਗੁਜਰਾਤ ਦੀ ਸਿਆਸਤ ਪਟੇਲ ਜਾਤ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਜਿਸ ਤਰ੍ਹਾਂ ਬਿਹਾਰ ਅਤੇ ਯੂ. ਪੀ. ਦੀ ਸਿਆਸਤ 'ਚ ਯਾਦਵਾਂ ਦਾ ਦਬਦਬਾ ਹੈ, ਉਸੇ ਤਰ੍ਹਾਂ ਗੁਜਰਾਤ 'ਚ ਪਟੇਲਾਂ ਦਾ ਦਬਦਬਾ ਹੈ।
ਬਿਹਾਰ ਤੇ ਯੂ. ਪੀ. 'ਚ ਯਾਦਵਾਂ ਦਰਮਿਆਨ ਉਪ-ਜਾਤਾਂ ਦਾ ਕੋਈ ਝਗੜਾ ਨਹੀਂ ਪਰ ਗੁਜਰਾਤ 'ਚ ਪਟੇਲ ਜਾਤ ਦੇ ਅੰਦਰ ਵੀ ਕਈ ਉਪ-ਜਾਤਾਂ ਹਨ, ਜਿਨ੍ਹਾਂ 'ਚ ਸਮੇਂ-ਸਮੇਂ 'ਤੇ ਸਿਆਸੀ ਵਿਵਾਦ ਖੜ੍ਹੇ ਹੁੰਦੇ ਰਹਿੰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਟੇਲ ਜਾਤ ਦੀਆਂ ਉਪ-ਜਾਤਾਂ ਦੇ ਆਪੋ-ਆਪਣੇ ਨੇਤਾ ਵੀ ਹਨ ਤੇ ਹਾਰਦਿਕ ਪਟੇਲ ਦੀ ਉਪ-ਜਾਤ ਪਾਟੀਦਾਰ ਦੀ ਧੌਂਸ ਥੋੜ੍ਹੀ ਜ਼ਿਆਦਾ ਹੈ।
ਪੂਰੀ ਪਟੇਲ ਜਾਤੀ ਦੀ ਆਬਾਦੀ ਗੁਜਰਾਤ ਦੀ ਕੁਲ ਆਬਾਦੀ ਦੇ ਲੱਗਭਗ 10 ਫੀਸਦੀ ਹੈ ਪਰ ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਗੁਜਰਾਤ ਦੀ ਪੂਰੀ ਸਿਆਸਤ ਇਸੇ ਆਬਾਦੀ ਦੇ ਲੋਕਾਂ 'ਤੇ ਚੱਲ ਰਹੀ ਹੈ। ਪਟੇਲ ਜਾਤ ਦੇ ਲੋਕ ਜਿਸ ਨੂੰ ਚਾਹੁਣਗੇ, ਉਸੇ ਨੂੰ ਸੱਤਾ 'ਚ ਬਿਠਾ ਸਕਦੇ ਹਨ ਅਤੇ ਸੱਤਾ ਤੋਂ ਬਾਹਰ ਕਰ ਸਕਦੇ ਹਨ।
ਸਿਆਸਤ ਹੀ ਕਿਉਂ, ਕਾਰੋਬਾਰ ਅਤੇ ਜ਼ਮੀਨਾਂ 'ਤੇ ਵੀ ਇਨ੍ਹਾਂ ਦਾ ਹੀ ਕਬਜ਼ਾ ਹੈ। ਗੁਜਰਾਤ ਤੋਂ ਲੈ ਕੇ ਅਮਰੀਕਾ ਤਕ ਪਟੇਲ ਜਾਤ ਦੇ ਲੋਕ ਕਾਰੋਬਾਰ 'ਚ ਫੈਲੇ ਹੋਏ ਹਨ ਅਤੇ ਜ਼ਿਆਦਾਤਰ ਜ਼ਮੀਨ ਵੀ ਪਟੇਲ ਜਾਤ ਦੇ ਲੋਕਾਂ ਕੋਲ ਹੀ ਹੈ। ਖੇਤੀਬਾੜੀ 'ਤੇ ਵੀ ਇਨ੍ਹਾਂ ਦੀ ਹੀ ਅਜਾਰੇਦਾਰੀ ਹੈ। ਗੁਜਰਾਤ 'ਚ ਪਟੇਲਾਂ ਨੂੰ 'ਜਾਗੀਰਦਾਰਾਂ' ਵਜੋਂ ਦੇਖਿਆ ਜਾਂਦਾ ਹੈ। ਇਸ ਜਾਤ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਕੋਲ ਸਰਦਾਰ ਪਟੇਲ ਵਰਗੇ ਮਹਾਨ ਆਗੂ ਦੀ ਵਿਰਾਸਤ ਹੈ।
ਪਰ ਚੋਣ ਵਿਸ਼ਲੇਸ਼ਕ ਜਾਂ ਮੀਡੀਆ ਬਦਲਦੇ ਹੋਏ ਸਿਆਸੀ ਸਮੀਕਰਨ ਅਤੇ ਸਿਆਸੀ ਗਲਬੇ ਨੂੰ ਸਮਝ ਨਹੀਂ ਰਹੇ। ਵੱਡੀਆਂ ਜਾਤਾਂ ਦਾ ਮਿੱਥਕ ਅਤੇ ਗਲਬਾ ਟੁੱਟ ਰਿਹਾ ਹੈ, ਦੇਸ਼ 'ਚ ਨਵੇਂ ਸਿਆਸੀ ਸਮੀਕਰਨ ਬਣ ਰਹੇ ਹਨ। ਇਹ ਸਿਆਸੀ ਸਮੀਕਰਨ ਵੱਡੀਆਂ ਅਤੇ ਗਲਬੇ ਵਾਲੀਆਂ ਜਾਤਾਂ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਹੋ ਰਹੇ ਹਨ। ਸਭ ਤੋਂ ਪਹਿਲਾਂ ਇਸ ਦੀ ਮਿਸਾਲ ਬਿਹਾਰ 'ਚ ਦੇਖਣ ਨੂੰ ਮਿਲੀ ਸੀ, ਜਿਥੇ ਯਾਦਵਾਂ ਦੇ ਗਲਬੇ ਅਤੇ ਗੁੰਡਾਗਰਦੀ ਕਾਰਨ ਪੈਦਾ ਹੋਈ ਲਾਲੂ ਦੀ ਸੱਤਾ ਨੂੰ ਨਿਤੀਸ਼ ਕੁਮਾਰ ਨੇ ਨਵੇਂ ਸਮਾਜਿਕ ਢਾਂਚੇ ਦੇ ਆਧਾਰ 'ਤੇ ਹਿਲਾ ਦਿੱਤਾ ਸੀ।
ਪਿੱਛੇ ਜਿਹੇ ਯੂ. ਪੀ. 'ਚ ਯਾਦਵਾਂ ਦੇ ਗਲਬੇ ਵਾਲੀ ਅਖਿਲੇਸ਼ ਸਰਕਾਰ ਦਾ ਪਤਨ ਹੁੰਦਾ ਕਿਸ ਨੇ ਨਹੀਂ ਦੇਖਿਆ? ਸਭ ਤੋਂ ਵੱਡੀ ਮਿਸਾਲ ਤਾਂ ਹਰਿਆਣਾ ਦੀ ਹੈ, ਜਿਥੇ ਜਾਟਾਂ ਦਾ ਗਲਬਾ ਜ਼ਿਕਰਯੋਗ ਸੀ ਤੇ ਸਾਰੀਆਂ ਪਾਰਟੀਆਂ ਜਾਟਾਂ 'ਤੇ ਹੀ ਦਾਅ ਲਾਉਂਦੀਆਂ ਹਨ ਤੇ ਸੂਬੇ 'ਚ ਜਾਟ ਮੁੱਖ ਮੰਤਰੀ ਹੋਣ ਦੀ ਕਲਪਨਾ ਕੀਤੀ ਜਾਂਦੀ ਸੀ। ਭਾਜਪਾ ਨੇ ਹਰਿਆਣਾ 'ਚ ਇਹ ਖੁਸ਼ਫਹਿਮੀ ਦੂਰ ਕਰ ਦਿੱਤੀ ਤੇ ਅੱਜ ਉਥੇ ਗੈਰ-ਜਾਟ ਗਲਬੇ ਵਾਲੀ ਭਾਜਪਾ ਸਰਕਾਰ ਚੱਲ ਰਹੀ ਹੈ ਤੇ ਮੁੱਖ ਮੰਤਰੀ ਵੀ ਗੈਰ-ਜਾਟ ਹੈ।
ਜੇ ਦੇਸ਼ ਦੇ ਹੋਰਨਾਂ ਸੂਬਿਆਂ 'ਚ ਅਜਿਹਾ ਹੋ ਸਕਦਾ ਹੈ ਤਾਂ ਫਿਰ ਗੁਜਰਾਤ 'ਚ ਪਟੇਲ-ਪਾਟੀਦਾਰਾਂ ਦਾ ਸਿਆਸੀ ਹਸ਼ਰ ਬੁਰਾ ਕਿਉਂ ਨਹੀਂ ਹੋ ਸਕਦਾ। ਕੀ ਹਾਰਦਿਕ ਪਟੇਲ ਉਥੇ ਪਾਟੀਦਾਰਾਂ ਦਾ ਸਿਆਸੀ ਪਤਨ ਹੋਣ ਤੋਂ ਰੋਕ ਸਕਣਗੇ।
ਇਕ ਸਮਾਂ ਉਹ ਵੀ ਸੀ, ਜਦੋਂ ਗੁਜਰਾਤ 'ਚ ਗੈਰ-ਪਟੇਲ ਮੁੱਖ ਮੰਤਰੀ ਹੋਣ ਦੀ ਉਮੀਦ ਜਾਂ ਕਲਪਨਾ ਨਹੀਂ ਕੀਤੀ ਜਾਂਦੀ ਸੀ। ਇਸ ਖੁਸ਼ਫਹਿਮੀ ਨੂੰ ਖੁਦ ਮੋਦੀ ਨੇ ਤੋੜਿਆ ਸੀ। ਕੇਸ਼ੂਭਾਈ ਪਟੇਲ ਵਿਰੁੱਧ ਅੰਦਰੂਨੀ ਵਿਰੋਧ ਤੋਂ ਬਾਅਦ ਮੋਦੀ ਨੇ ਸੱਤਾ ਸੰਭਾਲੀ ਸੀ ਤੇ ਉਹ ਪੂਰੇ 12 ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹੇ। ਇਸ ਦੌਰਾਨ ਉਨ੍ਹਾਂ ਨੇ ਕਿਸੇ ਪਟੇਲ ਨੇਤਾ ਨੂੰ ਉੱਠਣ ਨਹੀਂ ਦਿੱਤਾ।
ਕਈ ਸਥਾਪਿਤ ਪਟੇਲ ਨੇਤਾ ਬੌਖਲਾ ਗਏ ਸਨ ਤੇ ਮੋਦੀ ਦੇ ਵਿਰੁੱਧ ਖੜ੍ਹੇ ਹੋ ਗਏ ਸਨ ਪਰ ਆਖਿਰ 'ਚ ਸਾਰੇ ਜਾਂ ਤਾਂ ਮੋਦੀ ਦੇ ਸਮਰਥਕ ਬਣ ਗਏ ਜਾਂ ਫਿਰ ਸਿਆਸੀ ਹਾਸ਼ੀਏ 'ਤੇ ਚਲੇ ਗਏ। ਕੇਸ਼ੂਭਾਈ ਪਟੇਲ ਨੂੰ ਵੀ ਮੋਦੀ ਦੇ ਵਿਰੁੱਧ ਖੜ੍ਹਾ ਕੀਤਾ ਗਿਆ। ਉਨ੍ਹਾਂ ਨੂੰ ਇਹ ਖੁਸ਼ਫਹਿਮੀ ਸੀ ਕਿ ਭਾਜਪਾ ਉਨ੍ਹਾਂ ਦੇ ਰਹਿਮੋ-ਕਰਮ 'ਤੇ ਚੱਲਦੀ ਹੈ। ਕੇਸ਼ੂਭਾਈ ਪਟੇਲ ਇਕ ਸਮੇਂ ਭਾਜਪਾ ਦੇ ਪ੍ਰਵਾਨਿਤ ਨੇਤਾ ਸਨ ਤੇ ਉਨ੍ਹਾਂ ਸਾਹਮਣੇ ਕੋਈ ਖੜ੍ਹਾ ਹੋਣ ਦੀ ਹਿੰਮਤ ਨਹੀਂ ਕਰਦਾ ਸੀ।
ਕੇਸ਼ੂਭਾਈ ਬਹਿਕਾਵੇ 'ਚ ਆ ਗਏ ਤੇ ਉਨ੍ਹਾਂ ਨੇ ਮੁੜ ਮੁੱਖ ਮੰਤਰੀ ਬਣਨਾ ਚਾਹਿਆ, ਜਿਸ ਨੂੰ ਲੈ ਕੇ ਉਹ ਮੋਦੀ ਦੇ ਵਿਰੁੱਧ ਖੜ੍ਹੇ ਹੋ ਗਏ। ਭਾਜਪਾ ਨੇ ਮੋਦੀ ਨੂੰ ਹਟਾ ਕੇ ਕੇਸ਼ੂਭਾਈ ਨੂੰ ਮੁੱਖ ਮੰਤਰੀ ਬਣਾਉਣ ਤੋਂ ਨਾਂਹ ਕਰ ਦਿੱਤੀ ਸੀ, ਜਿਸ 'ਤੇ ਕੇਸ਼ੂਭਾਈ ਭਾਜਪਾ ਨਾਲੋਂ ਅੱਡ ਹੋ ਗਏ ਤੇ ਆਪਣੀ ਵੱਖਰੀ ਪਾਰਟੀ ਬਣਾ ਲਈ।
ਹਾਰਦਿਕ ਪਟੇਲ ਵਾਂਗ ਕੇਸ਼ੂਭਾਈ ਨੇ ਵੀ ਪਟੇਲਾਂ ਦੀ ਅਣਖ ਦਾ ਮੁੱਦਾ ਉਠਾਇਆ ਸੀ, ਪਟੇਲਾਂ ਦੀ ਸਿਆਸੀ ਵਿਰਾਸਤ ਨੂੰ ਉਛਾਲਿਆ ਸੀ। ਉਨ੍ਹਾਂ ਦੀਆਂ ਸਿਆਸੀ ਰੈਲੀਆਂ 'ਚ ਭਾਰੀ ਭੀੜ ਜੁੜਦੀ ਸੀ। 2012 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਮੀਡੀਆ ਅਤੇ ਚੋਣ ਵਿਸ਼ਲੇਸ਼ਕ ਖੁੱਲ੍ਹ ਕੇ ਐਲਾਨ ਕਰ ਚੁੱਕੇ ਸਨ ਕਿ ਮੋਦੀ ਨੂੰ ਕੇਸ਼ੂਭਾਈ ਪਟੇਲ ਦੀ ਸਿਆਸੀ ਚੁਣੌਤੀ ਭਾਰੀ ਪਵੇਗੀ ਪਰ ਅਜਿਹਾ ਨਹੀਂ ਹੋਇਆ।
ਮੀਡੀਆ ਤੇ ਚੋਣ ਵਿਸ਼ਲੇਸ਼ਕਾਂ ਦੀ ਖੁਸ਼ਫਹਿਮੀ ਉਦੋਂ ਵੀ ਦਮ ਤੋੜ ਚੁੱਕੀ ਸੀ ਕਿਉਂਕਿ ਕੇਸ਼ੂਭਾਈ ਕੋਈ ਕ੍ਰਿਸ਼ਮਾ ਨਹੀਂ ਕਰ ਸਕੇ ਸਨ। ਉਹ ਕਿਸੇ ਤਰ੍ਹਾਂ ਸਿਰਫ ਆਪਣੀ ਸੀਟ ਬਚਾ ਸਕੇ ਸਨ ਪਰ ਉਨ੍ਹਾਂ ਦੇ ਸਾਰੇ ਮਹਾਰਥੀ ਚੋਣਾਂ 'ਚ ਹਾਰ ਚੁੱਕੇ ਸਨ। ਪਟੇਲ ਜਾਤ ਦੇ ਲੋਕਾਂ ਦਾ ਉਦੋਂ ਬਹੁਤਾ ਸਮਰਥਨ ਮੋਦੀ ਨੂੰ ਹੀ ਮਿਲਿਆ ਸੀ।
ਹਾਰਦਿਕ ਪਟੇਲ ਨੂੰ ਅੱਜ ਬਹੁਤ ਤਾਕਤਵਰ ਨੇਤਾ ਮੰਨ ਲਿਆ ਗਿਆ ਹੈ ਪਰ ਉਨ੍ਹਾਂ ਦੀ ਸਿਆਸੀ ਤਾਕਤ ਕੇਸ਼ੂਭਾਈ ਪਟੇਲ ਵਰਗੀ ਵੀ ਨਹੀਂ ਹੈ। ਸਵਾਲ ਇਹ ਹੈ ਕਿ ਜੇ ਕੇਸ਼ੂਭਾਈ ਪਟੇਲ ਮੋਦੀ ਤੇ ਭਾਜਪਾ ਦਾ ਕੁਝ ਨਹੀਂ ਵਿਗਾੜ ਸਕੇ ਅਤੇ ਅਪਮਾਨਿਤ ਹੋ ਕੇ ਆਪਣੇ ਪਰਿਵਾਰ ਨੂੰ ਮੁੜ ਭਾਜਪਾ 'ਚ ਸ਼ਾਮਿਲ ਕਰਨ ਲਈ ਮਜਬੂਰ ਹੋ ਗਏ ਤਾਂ ਫਿਰ ਹਾਰਦਿਕ ਪਟੇਲ ਮੋਦੀ ਦਾ ਕੀ ਵਿਗਾੜ ਲੈਣਗੇ।
ਜਾਤ, ਰਾਖਵੇਂਕਰਨ ਦੀ ਅੱਗ ਭੜਕਾ ਕੇ ਅਕਸ ਤਾਂ ਚਮਕਾਇਆ ਜਾ ਸਕਦਾ ਹੈ ਪਰ ਇਸ ਨਾਲ ਸੱਤਾ ਹਾਸਿਲ ਨਹੀਂ ਕੀਤੀ ਜਾ ਸਕਦੀ। ਚੋਣਾਂ 'ਚ ਵੋਟਾਂ ਹਾਸਿਲ ਕਰਨਾ ਮੁਸ਼ਕਿਲ ਕੰਮ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿਰਫ ਇਕ ਜਾਤ ਦੀਆਂ ਵੋਟਾਂ ਦੀ ਬਦੌਲਤ ਸੱਤਾ ਹਾਸਿਲ ਨਹੀਂ ਕੀਤੀ ਜਾ ਸਕਦੀ।
ਪੱਛੜੀਆਂ ਜਾਤਾਂ 'ਚ ਸਿਰਫ ਪਟੇਲ-ਪਾਟੀਦਾਰ ਹੀ ਨਹੀਂ ਹਨ, ਕੁਝ ਹੋਰ ਗਰੀਬ ਵੀ ਹਨ, ਜਿਹੜੇ ਪਾਟੀਦਾਰਾਂ ਦੇ ਰਾਖਵਾਂਕਰਨ ਅੰਦੋਲਨ ਤੋਂ ਖਫਾ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਹੱਕ ਮਾਰ ਕੇ ਖੁਸ਼ਹਾਲ ਪਾਟੀਦਾਰਾਂ ਨੂੰ ਰਾਖਵੇਂਕਰਨ ਦਾ ਲਾਭ ਦਿੱਤਾ ਜਾਵੇ।
ਅਜਿਹੀਆਂ ਜਾਤਾਂ ਭਾਜਪਾ ਦੇ ਪੱਖ 'ਚ ਹੋ ਕੇ ਪਾਟੀਦਾਰਾਂ ਦੇ ਵਿਰੁੱਧ ਚੋਣਾਂ 'ਚ ਭੁਗਤ ਸਕਦੀਆਂ ਹਨ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਹਾਰਦਿਕ ਪਟੇਲ ਸੱਤਾ ਬਣਾਉਣ ਤੇ ਵਿਗਾੜਨ ਦੀ ਸਮਰੱਥਾ ਰੱਖਦੇ ਹਨ। ਇਹ ਵੱਖਰੀ ਗੱਲ ਹੈ ਕਿ ਕਾਂਗਰਸ ਸਿਰਫ ਤੇ ਸਿਰਫ ਹਾਰਦਿਕ ਪਟੇਲ ਦੀ ਕਥਿਤ ਸਿਆਸੀ ਤਾਕਤ 'ਤੇ ਸਵਾਰ ਹੋ ਗਈ ਹੈ। ਜੇ ਭਾਜਪਾ ਨਾ ਹਾਰੀ ਤਾਂ ਫਿਰ ਹਾਰਦਿਕ ਪਟੇਲ ਕਾਂਗਰਸ ਲਈ 'ਖਲਨਾਇਕ' ਬਣ ਜਾਣਗੇ।
(guptvishnu0gmail.com)
ਕੀ ਤੁਹਾਡੀਆਂ ਕੀਮਤੀ ਚੀਜ਼ਾਂ ਬੈਂਕ ਲਾਕਰਾਂ 'ਚ ਸੁਰੱਖਿਅਤ ਹੁੰਦੀਆਂ ਹਨ
NEXT STORY