ਅਜੇ ਦੋ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਜਯੋਤਿਰਾਦਿੱਤਿਆ ਸਿੰਧੀਆ ਨੇ ਬਿਆਨ ਦਿੱਤਾ। ਉਹ ਕਹਿੰਦੇ ਹਨ, ''ਕਾਂਗਰਸ ਨੂੰ ਸਵੈ-ਚਿੰਤਨ ਕਰਨ ਦੀ ਲੋੜ ਹੈ।'' ਸਿੰਧੀਆ ਤੋਂ ਪਹਿਲਾਂ ਸਲਮਾਨ ਖੁਰਸ਼ੀਦ, ਸੰਜੇ ਨਿਰੂਪਮ, ਅਸ਼ੋਕ ਤੰਵਰ ਵੀ ਲੱਗਭਗ ਇਸੇ ਤਰ੍ਹਾਂ ਦੇ ਵਿਚਾਰ ਰੱਖ ਚੁੱਕੇ ਹਨ। ਇਹ ਸੁਭਾਵਿਕ ਵੀ ਹੈ ਕਿਉਂਕਿ ਕਾਂਗਰਸ ਨਿਰਵਿਵਾਦ ਤੌਰ 'ਤੇ ਭਾਰੀ ਅੰਤਰ-ਵਿਰੋਧ ਅਤੇ ਇਕ ਸੰਵੇਦਨਹੀਣ ਅਤੇ ਕਮਜ਼ੋਰ ਲੀਡਰਸ਼ਿਪ ਕਰ ਕੇ ਆਪਣੀ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ। ਆਖਿਰ 134 ਸਾਲ ਪੁਰਾਣੀ ਸਿਆਸੀ ਪਾਰਟੀ, ਜਿਸ ਨੇ ਆਜ਼ਾਦ ਭਾਰਤ ਦੇ 72 ਸਾਲਾਂ 'ਚੋਂ 50 ਸਾਲ ਦੇਸ਼ 'ਤੇ ਪ੍ਰਤੱਖ ਰਾਜ ਕੀਤਾ, ਉਹ ਅੱਜ ਆਈ. ਸੀ. ਯੂ. ਵਿਚ ਕਿਵੇਂ ਪਹੁੰਚ ਗਈ?
ਖਾਣ ਵਾਲੇ ਦੰਦ ਹੋਰ ਅਤੇ ਦਿਖਾਉਣ ਵਾਲੇ ਹੋਰ
ਉਪਰੋਕਤ ਪਿਛੋਕੜ 'ਚ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਆਈ ਇਕ ਖ਼ਬਰ ਅਹਿਮ ਹੋ ਜਾਂਦੀ ਹੈ, ਜਿਸ ਅਨੁਸਾਰ ਪਾਰਟੀ ਨੇੜ ਭਵਿੱਖ 'ਚ ਆਪਣੇ ਵਰਕਰਾਂ ਲਈ ਕੈਂਪ ਲਗਾਏਗੀ, ਜਿਸ ਵਿਚ ਉਨ੍ਹਾਂ ਨੂੰ ਰਾਸ਼ਟਰਵਾਦ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਸਹੀ ਹੈ ਕਿ ਕਾਂਗਰਸ ਨੂੰ ਰਾਸ਼ਟਰਵਾਦ ਦਾ ਪਾਠ ਮੁੜ ਪੜ੍ਹਨ ਦੀ ਲੋੜ ਹੈ। ਦਹਾਕਿਆਂ ਤੋਂ ਪਾਰਟੀ 'ਤੇ ਇਕ ਵੰਸ਼ ਦਾ ਗ਼ਲਬਾ ਹੈ, ਜੋ 'ਗਾਂਧੀਵਾਦ' (ਮਹਾਤਮਾ ਗਾਂਧੀ) ਬ੍ਰਾਂਡ ਦਾ ਇਕਲੌਤਾ ਵਾਰਿਸ ਹੋਣ ਦਾ ਦਾਅਵਾ ਵੀ ਕਰਦਾ ਹੈ ਪਰ ਪਿਛਲੇ ਕੁਝ ਦਹਾਕਿਆਂ 'ਚ ਕਾਂਗਰਸ ਦੇ 'ਗਾਂਧੀਵਾਦ' ਵਿਚ ਭਿਆਨਕ ਮਿਲਾਵਟ ਹੋਈ ਹੈ, ਭਾਵ ਬਾਹਰੀ ਮੁਖੌਟਾ ਗਾਂਧੀ ਜੀ ਦੇ ਦਰਸ਼ਨ (ਫਿਲਾਸਫੀ) ਦਾ, ਤਾਂ ਅੰਦਰੂਨੀ ਚਰਿੱਤਰ ਵੰਸ਼ਵਾਦ ਨਾਲ ਪੈਦਾ ਵਿਸ਼ੁੱਧ ਮੌਕਾਪ੍ਰਸਤੀ, ਰਾਸ਼ਟਰ ਵਿਰੋਧੀ ਅਤੇ ਖੱਬੇਪੱਖੀ, ਭਾਵ–ਖਾਣ ਵਾਲੇ ਦੰਦ ਹੋਰ ਅਤੇ ਦਿਖਾਉਣ ਵਾਲੇ ਹੋਰ।
ਗਾਂਧੀ ਜੀ ਉਮਰ ਭਰ ਲਾਲਚ ਅਤੇ ਡਰ ਤੋਂ ਪੈਦਾ ਮਜ਼੍ਹਬੀ ਸੋਚ ਵਿਰੁੱਧ ਲੜਦੇ ਰਹੇ। ਇਸ ਪਿਛੋਕੜ ਵਿਚ ਕਾਂਗਰਸੀ ਨੇਤਾਵਾਂ ਨੂੰ ਆਪਣੇ ਦਿਲ 'ਤੇ ਹੱਥ ਰੱਖ ਕੇ ਪੁੱਛਣ ਦੀ ਲੋੜ ਹੈ ਕਿ ਕੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਕਾਂਗਰਸ ਵਿਚ ਉਦੈ ਹੋਣ ਅਤੇ ਉਨ੍ਹਾਂ ਦੀ ਲੀਡਰਸ਼ਿਪ 'ਚ ਪਾਰਟੀ ਵਲੋਂ ਸੰਚਾਲਿਤ ਸੂਬਿਆਂ 'ਚ ਸਿੱਧੇ-ਅਸਿੱਧੇ ਤੌਰ 'ਤੇ ਮਜ਼੍ਹਬੀ ਸੋਚ ਨੂੰ ਉਤਸ਼ਾਹ ਨਹੀਂ ਮਿਲਿਆ ਹੈ?
ਬਾਪੂ ਆਸਥਾਵਾਨ ਹਿੰਦੂ ਸਨ, ਜਿਹੜੇ ਸ਼ੁੱਧ ਮਨੁੱਖੀ ਰੂਪ ਨਾਲ ਸਨਾਤਨ ਸੰਸਕ੍ਰਿਤੀ ਅਤੇ ਬਹੁਲਤਾਵਾਦੀ ਰਵਾਇਤਾਂ ਤੋਂ ਪ੍ਰੇਰਿਤ ਸਨ। ਉਨ੍ਹਾਂ ਦੇ ਜੀਵਨ ਦਾ ਆਧਾਰ ਭਗਵਾਨ ਸ਼੍ਰੀ ਰਾਮ ਰਹੇ। ਇਸੇ ਕਾਰਣ ਉਹ ਇਕ ਆਦਰਸ਼, ਨਿਆਂਪ੍ਰਿਯ ਅਤੇ ਸਾਫ-ਸੁਥਰੀ ਸ਼ਾਸਨ ਵਿਵਸਥਾ ਦੀ ਕਲਪਨਾ ਨੂੰ ਰਾਮਰਾਜ ਦੇ ਰੂਪ 'ਚ ਦੇਖਦੇ ਸਨ। ਕਿਹਾ ਜਾਂਦਾ ਹੈ ਕਿ ਆਖਰੀ ਸਮੇਂ 'ਚ ਉਨ੍ਹਾਂ ਦੇ ਮੂੰਹ 'ਚੋਂ 'ਹੇ! ਰਾਮ' ਨਿਕਲਿਆ ਸੀ। ਇਸੇ ਪਿਛੋਕੜ 'ਚ ਕੀ ਇਹ ਸੱਚ ਨਹੀਂ ਕਿ ਯੂ. ਪੀ. ਏ. ਕਾਲ (2004-14) ਵਿਚ ਸ਼੍ਰੀਮਤੀ ਸੋਨੀਆ ਗਾਂਧੀ ਦੀ ਸਿੱਧੀ ਅਗਵਾਈ 'ਚ ਸੁਪਰੀਮ ਕੋਰਟ 'ਚ ਹਲਫਨਾਮਾ ਦਿੰਦੇ ਹੋਏ ਭਗਵਾਨ ਸ਼੍ਰੀ ਰਾਮ ਨੂੰ ਕਾਲਪਨਿਕ ਦੱਸ ਕੇ ਉਨ੍ਹਾਂ ਦੇ ਜੀਵਨਕਾਲ 'ਚ ਬਣੇ ਰਾਮਸੇਤੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ?
ਇਹ ਵੀ ਸੱਚ ਹੈ ਕਿ ਗੈਰ-ਸੰਵਿਧਾਨਿਕ ਰੂਪ ਨਾਲ ਗਠਿਤ 'ਰਾਸ਼ਟਰੀ ਸਿਫਾਰਸ਼ੀ ਕਮੇਟੀ' (ਐੱਨ. ਏ. ਸੀ.), ਜਿਸਦੀ ਪ੍ਰਧਾਨਗੀ ਖ਼ੁਦ ਸੋਨੀਆ ਗਾਂਧੀ ਕਰ ਰਹੀ ਸੀ, ਦੀ ਸਿਫਾਰਿਸ਼ 'ਤੇ ਉਸ ਵੇਲੇ ਦੀ ਮਨਮੋਹਨ ਸਿੰਘ ਸਰਕਾਰ ਬਹੁਗਿਣਤੀਆਂ ਵਿਰੋਧੀ ਫਿਰਕੂ ਹਿੰਸਾ ਰੋਕਥਾਮ (ਨਿਆਂ ਅਤੇ ਨੁਕਸਾਨ ਪੂਰਤੀ) ਬਿੱਲ ਲੈ ਕੇ ਆਈ ਸੀ, ਜਿਸ ਦੇ ਜ਼ਰੀਏ ਹਿੰਦੂਆਂ ਨੂੰ ਆਪਣੇ ਦੇਸ਼ 'ਚ ਦੂਜੇ ਦਰਜੇ ਦਾ ਨਾਗਰਿਕ ਬਣਾਉਣ ਦੀ ਸਾਜ਼ਿਸ਼ ਰਚੀ ਗਈ।
ਇਸਲਾਮੀ ਅੱਤਵਾਦੀਆਂ ਨਾਲ ਹਮਦਰਦੀ
ਉਸੇ ਦੌਰ 'ਚ ਇਸਲਾਮੀ ਅੱਤਵਾਦੀਆਂ ਪ੍ਰਤੀ ਹਮਦਰਦੀ ਰੱਖਦਿਆਂ ਅਤੇ ਹੰਝੂ ਵਹਾਉਂਦੇ ਹੋਏ ਮਿੱਥਕ 'ਹਿੰਦੂ ਅੱਤਵਾਦ' ਦਾ ਹਊਆ ਖੜ੍ਹਾ ਕੀਤਾ ਗਿਆ। ਜਦੋਂ ਸੰਨ 2008 'ਚ ਦਿੱਲੀ ਸਥਿਤ ਜਾਮੀਆ ਨਗਰ ਦੇ ਬਾਟਲਾ ਹਾਊਸ ਵਿਚ ਅੱਤਵਾਦੀਆਂ ਨਾਲ ਪੁਲਸ ਦਾ ਮੁਕਾਬਲਾ ਹੋਇਆ, ਜਿਸ ਵਿਚ 2 ਅੱਤਵਾਦੀ ਮਾਰ ਦਿੱਤੇ ਗਏ ਸਨ ਅਤੇ ਇਕ ਪੁਲਸ ਅਧਿਕਾਰੀ ਸ਼ਹੀਦ ਹੋਇਆ ਸੀ, ਉਦੋਂ ਪਾਰਟੀ ਦੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਨੇ ਜਿਥੇ ਇਸ ਮੁਕਾਬਲੇ ਨੂੰ ਫਰਜ਼ੀ ਦੱਸ ਦਿੱਤਾ, ਤਾਂ ਸਲਮਾਨ ਖੁਰਸ਼ੀਦ ਨੇ ਦਾਅਵਾ ਕੀਤਾ ਕਿ ਮੁਕਾਬਲੇ ਦੀਆਂ ਤਸਵੀਰਾਂ ਦੇਖ ਕੇ ਸੋਨੀਆ ਗਾਂਧੀ ਰੋ ਰਹੀ ਸੀ। ਇਹੋ ਨਹੀਂ, ਜਦੋਂ ਉਸੇ ਸਾਲ ਮੁੰਬਈ (26/11) 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਹਮਲਾ ਕੀਤਾ, ਉਦੋਂ ਦਿੱਗਵਿਜੇ ਸਿੰਘ ਨੇ ਇਸ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਨਾਂ ਜੋੜ ਕੇ ਪਾਕਿਸਤਾਨ ਨੂੰ ਕਲੀਨ-ਚਿੱਟ ਦੇਣ ਅਤੇ ਇਸਲਾਮੀ ਅੱਤਵਾਦ ਦੇ ਭਰਮ ਦਾ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੀ ਬਾਪੂ ਤੋਂ ਪ੍ਰੇਰਨਾ ਪ੍ਰਾਪਤ ਕਰਨ ਵਾਲੀ ਪਾਰਟੀ ਤੋਂ ਅਜਿਹੇ ਦੇਸ਼ ਵਿਰੋਧੀ ਰਵੱਈਆ ਦੀ ਆਸ ਕੀਤੀ ਜਾ ਸਕਦੀ ਹੈ?
ਗਾਂਧੀ ਜੀ ਗਊ ਰੱਖਿਆ ਸਹਿਤ ਹੋਰ ਸੱਭਿਆਚਾਰਕ ਅਤੇ ਰਵਾਇਤੀ ਵਿਸ਼ਿਆਂ 'ਤੇ ਕਿਸੇ ਵੀ ਤਿਆਗ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਅਤੇ ਸਵਦੇਸ਼ੀ ਉਨ੍ਹਾਂ ਲਈ ਭਾਰਤ ਦੇ ਵਿਕਾਸ ਦਾ ਮੰਤਰ ਸੀ। ਅੱਜ ਇਨ੍ਹਾਂ ਸਾਰੇ ਵਿਸ਼ਿਆਂ 'ਤੇ ਆਰ. ਐੱਸ. ਐੱਸ. ਅਤੇ ਉਸਦੇ ਵਿਚੋਂ ਨਿਕਲੇ ਭਾਈਵਾਲ ਸੰਗਠਨਾਂ ਤੋਂ ਇਲਾਵਾ ਕੋਈ ਚਰਚਾ ਨਹੀਂ ਕਰਦਾ ਹੈ। ਪ੍ਰਤੀਕੂਲ ਇਸ ਦੇ ਮੌਜੂਦਾ ਕਾਂਗਰਸ ਦੇ ਚੋਟੀ ਦੇ ਨੇਤਾ ਦੇਸ਼ ਦੀਆਂ ਸਨਾਤਨ ਰਵਾਇਤਾਂ ਦਾ ਮਜ਼ਾਕ ਉਡਾਉਂਦੇ ਹਨ। ਇਸਦੀ ਮਿਸਾਲ ਫਰਾਂਸ ਦੀ ਇਕ ਘਟਨਾ ਤੋਂ ਮਿਲਦੀ ਹੈ, ਜਿਸ 'ਚ ਦੁਸਹਿਰੇ ਵਾਲੇ ਦਿਨ ਭਾਰਤੀ ਹਵਾਈ ਫੌਜ ਦੇ ਪਹਿਲੇ ਰਾਫੇਲ ਲੜਾਕੂ ਜਹਾਜ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੇ ਸ਼ਸਤਰ-ਪੂਜਨ ਨੂੰ ਕਾਂਗਰਸੀ ਨੇਤਾ ਮੱਲਿਕਾਅਰਜੁਨ ਖੜਗੇ ਨੇ ਡਰਾਮਾ ਦੱਸਿਆ ਹੈ। ਇਹੋ ਨਹੀਂ, ਜਦੋਂ ਸੰਨ 2017 'ਚ ਗਊ ਰੱਖਿਆ ਸਬੰਧਿਤ ਜਨਤਕ ਵਿਚਾਰ-ਵਟਾਂਦਰਾ ਸਿਖਰ 'ਤੇ ਸੀ, ਉਦੋਂ ਵੀ ਜਨਤਕ ਵਿਰੋਧ ਦੇ ਨਾਂ 'ਤੇ ਕੇਰਲ ਸਥਿਤ ਕੰਨੂਰ 'ਚ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੇ ਵਫ਼ਾਦਾਰ ਨੇਤਾਵਾਂ ਨੇ ਨਾ ਸਿਰਫ ਜਨਤਕ ਤੌਰ 'ਤੇ ਗਊ ਦੇ ਵੱਛੇ ਦੀ ਹੱਤਿਆ ਕੀਤੀ, ਨਾਲ ਹੀ ਉਸ ਦੇ ਮਾਸ ਦਾ ਸੇਵਨ ਵੀ ਕੀਤਾ।
ਰਾਸ਼ਟਰਵਾਦੀ ਗਾਂਧੀ ਜੀ ਲਈ ਦੇਸ਼ਹਿੱਤ, ਪ੍ਰਭੂਸੱਤਾ ਅਤੇ ਰਾਸ਼ਟਰੀ ਸੁਰੱਖਿਆ ਸਭ ਤੋਂ ਉਪਰ ਸੀ ਪਰ ਮੌਜੂਦਾ ਸਮੇਂ 'ਚ ਕਾਂਗਰਸ ਵਲੋਂ 'ਅਸਥਾਈ' ਆਰਟੀਕਲ 370-35ਏ ਦੇ ਸੰਵਿਧਾਨਿਕ ਖੋਰੇ ਦਾ ਵਿਰੋਧ, 'ਭਾਰਤ ਤੇਰੇ ਟੁਕੜੇ ਹੋਂਗੇ, ਇੰਸ਼ਾ....ਅੱਲ੍ਹਾ....ਇੰਸ਼ਾ.....ਅੱਲ੍ਹਾ' ਵਰਗੇ ਨਾਅਰੇ ਲਗਾਉਣ ਵਾਲੇ ਦੇਸ਼ ਵਿਰੋਧੀ 'ਟੁਕੜੇ-ਟੁਕੜੇ ਗੈਂਗ' ਦਾ ਸਮਰਥਨ, ਭਾਰਤੀ ਫੌਜ ਦੇ ਪ੍ਰਾਕਰਮ 'ਤੇ ਸਵਾਲ ਖੜ੍ਹੇ ਕਰਨਾ, ਵੱਖਵਾਦੀ ਅਤੇ ਫੁੱਟਪਾਊ ਤਾਕਤਾਂ ਲਈ ਦਿਲ ਧੜਕਣਾ–ਮੌਜੂਦਾ ਕਾਂਗਰਸ ਦੀ ਕਾਰਜਸ਼ੈਲੀ ਬਣ ਗਈ ਹੈ।
ਆਖਿਰ ਕਾਂਗਰਸ ਦਾ ਮੂਲ ਗਾਂਧੀਵਾਦੀ ਚਰਿੱਤਰ ਕਦੋਂ ਅਤੇ ਕਿਉਂ ਬਦਲਿਆ? ਸੰਨ 1948 'ਚ ਗਾਂਧੀ ਜੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਤੋਂ ਬਾਅਦ ਜਦੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੀ ਛਤਰ-ਛਾਇਆ 'ਚ ਕਾਂਗਰਸ ਆਈ, ਉਦੋਂ ਪਾਰਟੀ 'ਚ ਰਾਸ਼ਟਰਵਾਦੀ ਅਤੇ ਸਨਾਤਨ ਵਿਚਾਰਾਂ ਦਾ ਤਿਆਗ ਗੈਰ-ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਇਸ ਦਾ ਮੁੱਖ ਕਾਰਣ ਪੰ. ਨਹਿਰੂ ਦਾ ਖੱਬੇਪੱਖੀ ਸਮਾਜਵਾਦ ਵੱਲ ਝੁਕਾਅ ਸੀ, ਜਿਸਦਾ ਪ੍ਰਭਾਵ ਉਨ੍ਹਾਂ ਦੀਆਂ ਕਸ਼ਮੀਰ, ਪਾਕਿਸਤਾਨ, ਚੀਨ, ਤਿੱਬਤ ਆਦਿ ਨੀਤੀਆਂ 'ਚ ਵੀ ਦਿਖਿਆ ਅਤੇ ਹੁਣ ਇਨ੍ਹਾਂ ਸਾਰਿਆਂ ਦਾ ਸੰਤਾਪ ਦੇਸ਼ ਦਹਾਕਿਆਂ ਤੋਂ ਸਹਿਣ ਕਰ ਰਿਹਾ ਹੈ।
ਪੰ. ਨਹਿਰੂ ਦਾ ਭਰਮ 1962 ਦੀ ਜੰਗ ਵਿਚ ਚੀਨ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਟੁੱਟਾ, ਜਿਸ ਵਿਚ ਖੱਬੇਪੱਖੀ ਦੁਸ਼ਮਣ ਰਾਸ਼ਟਰ ਦੇ ਪੱਖ ਵਿਚ ਖੜ੍ਹੇ ਹੋ ਗਏ ਸਨ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਸੰਨ 1963 ਦੀ ਗਣਤੰਤਰ ਦਿਵਸ ਪਰੇਡ 'ਚ ਉਨ੍ਹਾਂ ਨੇ ਆਰ. ਐੱਸ. ਐੱਸ. ਨੂੰ ਸੱਦਾ ਭੇਜਿਆ ਅਤੇ ਸੰਸਦ ਵਿਚ ਅਸਥਾਈ ਆਰਟੀਕਲ-370 ਨੂੰ ਹਟਾਉਣ ਦਾ ਵਾਅਦਾ ਕਰ ਦਿੱਤਾ ਪਰ ਬੀਮਾਰ ਹੋਣ ਕਾਰਣ ਉਨ੍ਹਾਂ ਦਾ ਮਈ 1964 'ਚ ਦੇਹਾਂਤ ਹੋ ਗਿਆ।
ਕਾਂਗਰਸ ਦੀ ਬੌਧਿਕ ਪਤਨ
ਕਾਂਗਰਸ ਦੇ ਬੌਧਿਕ ਪਤਨ ਨੂੰ ਸੰਨ 1969 ਤੋਂ ਬਾਅਦ ਹੋਰ ਰਫਤਾਰ ਮਿਲੀ, ਜਦੋਂ ਅੰਦਰੂਨੀ ਕਲੇਸ਼ ਕਾਰਣ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ ਅਤੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਸਦ 'ਚ ਆਪਣੀ ਘੱਟਗਿਣਤੀ ਸਰਕਾਰ ਨੂੰ ਬਚਾਉਣ ਲਈ ਉਨ੍ਹਾਂ ਖੱਬੇਪੱਖੀਆਂ ਦਾ ਸਹਾਰਾ ਲਿਆ, ਜਿਨ੍ਹਾਂ ਨੇ ਪਾਕਿਸਤਾਨ ਦੇ ਜਨਮ 'ਚ ਦਾਈ ਦੀ ਭੂਮਿਕਾ ਨਿਭਾਈ, ਆਜ਼ਾਦ ਭਾਰਤ ਨੂੰ ਕਈ ਰਾਸ਼ਟਰਾਂ ਦਾ ਸਮੂਹ ਮੰਨਿਆ, 1948 'ਚ ਹੈਦਰਾਬਾਦ 'ਚ ਭਾਰਤੀ ਫੌਜ ਵਿਰੁੱਧ ਜੇਹਾਦੀ ਰਜਾਕਾਰਾਂ ਦੀ ਮਦਦ ਕੀਤੀ ਅਤੇ ਸੰਨ 1967 'ਚ ਭਸਮਾਸੁਰ ਨਕਸਲਵਾਦ ਨੂੰ ਪੈਦਾ ਕੀਤਾ।
ਉਸੇ ਦੌਰ 'ਚ ਤੱਤਕਾਲੀਨ ਕਾਂਗਰਸ ਅਤੇ ਉਸ ਦੀ ਚੋਟੀ ਦੀ ਲੀਡਰਸ਼ਿਪ ਦੇ ਵਿਚਾਰਕ-ਸਿਆਸੀ ਦਰਸ਼ਨ 'ਚ ਖੱਬੇਪੱਖੀ-ਚਿੰਤਨ ਦਾ ਕਬਜ਼ਾ ਹੋ ਗਿਆ। ਇਹ ਆਸਾਨ ਵੀ ਸੀ ਕਿਉਂਕਿ ਇੰਦਰਾ ਗਾਂਧੀ ਵੀ ਆਪਣੇ ਪਿਤਾ ਵਾਂਗ ਸੋਵੀਅਤ ਸੰਘ ਅਤੇ ਸਮਾਜਵਾਦ ਤੋਂ ਪ੍ਰਭਾਵਿਤ ਸੀ। ਸੰਨ 1971 'ਚ ਉਨ੍ਹਾਂ ਨੇ ਖੱਬੇਪੱਖੀ ਮੋਹਨ ਕੁਮਾਰਮੰਗਲਮ ਨੂੰ ਮੰਤਰੀ ਬਣਾਇਆ। ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦਾ ਦੇਸ਼ 'ਤੇ 'ਵਿਸ਼ੇਸ਼ ਅਧਿਕਾਰ' ਹੋਣ ਦੀ ਵਿਗੜੀ ਮਾਨਸਿਕਤਾ ਨੂੰ ਸਥਾਪਿਤ ਕਰਨ 'ਚ ਮੋਹਨ ਕੁਮਾਰਮੰਗਲਮ ਦੀ ਭੂਮਿਕਾ ਅਹਿਮ ਸੀ। ਸੰਨ 1975-77 ਦੀ ਐਮਰਜੈਂਸੀ ਉਸੇ ਮਾਨਸਿਕਤਾ ਦੇ ਗਰਭ 'ਚੋਂ ਨਿਕਲਿਆ ਸੰਤਾਪ ਸੀ। ਅੱਜ ਵੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਇਸੇ ਮਾਨਸਿਕਤਾ ਤੋਂ ਪੀੜਤ ਹੈ।
ਇਸੇ ਤਰ੍ਹਾਂ 1971 'ਚ ਹੀ ਖੱਬੇਪੱਖੀ ਸਈਦ ਨੁਰੂਲ ਹਸਨ ਨੂੰ ਦੇਸ਼ ਦੇ ਅਤਿ-ਮਹੱਤਵਪੂਰਨ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਨ੍ਹਾਂ ਦੇ ਕਾਰਜਕਾਲ 'ਚ ਚੋਟੀ ਦੇ ਵਿੱਦਿਅਕ ਰੈਗੂਲੇਟਰੀ ਅਦਾਰਿਆਂ 'ਚ ਉਨ੍ਹਾਂ ਖੱਬੇਪੱਖੀਆਂ ਦੀ ਨਿਯੁਕਤੀ ਹੋਈ, ਜੋ ਵਿਚਾਰਕ ਕਾਰਣਾਂ ਤੋਂ ਇਸ ਵਿਸ਼ਾਲ ਜ਼ਮੀਨੀ ਹਿੱਸੇ ਦੀਆਂ ਵੈਦਿਕ ਸੰਸਕ੍ਰਿਤੀ ਅਤੇ ਰਵਾਇਤਾਂ ਨਾਲ ਅੱਜ ਵੀ ਨਫਰਤ ਕਰਦੇ ਹਨ। ਹਸਨ ਦੇ ਦੌਰ 'ਚ ਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (1875) ਵਾਂਗ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (1969) ਨੂੰ ਵੀ ਰਾਸ਼ਟਰ ਨੂੰ ਅੰਦਰੋਂ ਤੋੜਨ ਵਾਲੇ ਬੌਧਿਕ ਹਥਿਆਰ ਵਜੋਂ ਤਿਆਰ ਕੀਤਾ ਗਿਆ।
ਇਹੋ ਕਾਰਣ ਹੈ ਕਿ ਜਿਸ ਇੰਦਰਾ ਗਾਂਧੀ ਨੇ ਰਾਸ਼ਟਰਵਾਦ ਦਾ ਪਰਿਚੈ ਦਿੰਦਿਆਂ 1971 'ਚ ਤੱਤਕਾਲੀਨ ਪਾਕਿਸਤਾਨ ਨੂੰ ਦੋ ਟੁਕੜਿਆਂ ਵਿਚ ਵੰਡ ਦਿੱਤਾ ਸੀ, ਉਨ੍ਹਾਂ ਨੇ ਹੀ ਅਗਲੇ ਸਾਲ ਸ਼ਿਮਲਾ ਸਮਝੌਤਾ ਕਰ ਕੇ ਭਾਰਤ ਦੇ ਅਟੁੱਟ ਹਿੱਸੇ ਕਸ਼ਮੀਰ ਨੂੰ ਦੋਪੱਖੀ ਮੁੱਦਾ ਐਲਾਨ ਦਿੱਤਾ। ਇਹੋ ਨਹੀਂ, ਇੰਦਰਾ ਗਾਂਧੀ ਨੇ 1974-75 'ਚ ਉਸੇ ਘੋਰ ਫਿਰਕਾਪ੍ਰਸਤ ਸ਼ੇਖ ਅਬਦੁੱਲਾ ਨੂੰ ਮੁੜ ਤੋਂ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਬਣਾ ਦਿੱਤਾ, ਜਿਨ੍ਹਾਂ ਦੇ ਜੇਹਾਦੀ ਏਜੰਡੇ ਨੂੰ ਜਾਣ ਕੇ ਪੰ. ਨਹਿਰੂ ਨੇ ਸੰਨ 1953 'ਚ ਸੂਬੇ ਦੀ ਸੱਤਾ ਤੋਂ ਹਟਾ ਕੇ ਗ੍ਰਿਫਤਾਰ ਕਰਵਾ ਦਿੱਤਾ ਸੀ। ਇਸੇ ਦੌਰ 'ਚ ਕਾਂਗਰਸ ਨੇ ਆਰਟੀਕਲ-370 'ਤੇ ਪੰ. ਨਹਿਰੂ ਦੇ ਦੇਸ਼ ਨਾਲ ਕੀਤੇ ਵਾਅਦੇ ਦੀ ਅਣਦੇਖੀ ਕਰਦਿਆਂ ਇਸੇ ਕਸ਼ਮੀਰ ਅਤੇ ਬਾਕੀ ਭਾਰਤ ਵਿਚਾਲੇ ਦਾ ਇਕੋ-ਇਕ ਸੰਵਿਧਾਨਿਕ ਪੁਲ ਦੱਸਣਾ ਸ਼ੁਰੂ ਕਰ ਦਿੱਤਾ, ਜਿਸ ਦੀ ਕੀਮਤ 1990 ਦੇ ਦਹਾਕੇ 'ਚ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਤੋਂ ਪਲਾਇਨ ਕਰ ਕੇ ਚੁਕਾਉਣੀ ਪਈ। ਖੱਬੇਪੱਖੀ-ਕਾਂਗਰਸ ਦੇ ਫੁੱਟਪਾਊ ਚਿੰਤਨ ਨੇ ਹੀ 27 ਫਰਵਰੀ 2002 'ਚ ਗੁਜਰਾਤ ਸਥਿਤ ਗੋਧਰਾ ਦੀ ਉਸ ਭਿਆਨਕ ਘਟਨਾ ਨੂੰ ਵੀ ਬਾਬਰੀ ਮਸਜਿਦ ਡੇਗਣ ਦੀ ਪ੍ਰਤੀਕਿਰਿਆ ਦੱਸ ਕੇ ਸਾਧਾਰਨ ਘਟਨਾ ਦੱਸਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਅਯੁੱਧਿਆ ਤੋਂ ਪਰਤ ਰਹੀ ਸਾਬਰਮਤੀ ਟ੍ਰੇਨ ਦੀ ਐੱਸ-6 ਬੋਗੀ 'ਚ ਸਵਾਰ 57 ਕਾਰਸੇਵਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।
ਸੱਚ ਤਾਂ ਇਹ ਹੈ ਕਿ ਕਾਂਗਰਸ ਕੋਲ ਵਿਚਾਰਕ ਦਰਸ਼ਨ ਦੇ ਨਾਂ 'ਤੇ ਮੌਕਾਪ੍ਰਸਤੀ ਅਤੇ ਖੱੱਬੇਪੱਖੀ ਚਿੰਤਨ ਦੀ ਜੂਠ ਬਚੀ ਹੈ। ਗਾਂਧੀਵਾਦ 'ਤੇ ਆਧਾਰਿਤ ਚਿੰਤਨ ਨੂੰ ਕਾਂਗਰਸ ਦਹਾਕਿਆਂ ਪਹਿਲਾਂ ਤਿਆਗ ਚੁੱਕੀ ਹੈ ਅਤੇ ਹੁਣ ਉਹ ਸਿਰਫ ਨਹਿਰੂ-ਗਾਂਧੀ ਪਰਿਵਾਰ ਦੀ ਪਰਛਾਈ ਮਾਤਰ ਹੈ। ਕਾਂਗਰਸ ਜਾਂ ਤਾਂ ਚੋਟੀ ਦੀ ਲੀਡਰਸ਼ਿਪ ਨੂੰ ਬਦਲ ਦੇਵੇ, ਭਾਵ ਨਵੀਂ ਲੀਡਰਸ਼ਿਪ ਲੈ ਕੇ ਆਵੇ ਜਾਂ ਫਿਰ ਮੌਜੂਦਾ ਚੋਟੀ ਦੀ ਲੀਡਰਸ਼ਿਪ ਖ਼ੁਦ ਨੂੰ ਬਦਲ ਲਵੇ, ਭਾਵ ਕਾਂਗਰਸ ਆਪਣੇ ਮੂਲ ਰਾਸ਼ਟਰਵਾਦੀ ਚਰਿੱਤਰ ਵੱਲ ਪਰਤ ਆਏ। ਕੀ ਮੌਜੂਦਾ ਝਰੋਖੇ 'ਚ ਇਹ ਸੰਭਵ ਹੈ? ਮੈਨੂੰ ਪਾਠਕਾਂ ਦੇ ਜਵਾਬਾਂ ਦੀ ਉਡੀਕ ਰਹੇਗੀ।
—ਬਲਬੀਰ ਪੁੰਜ
ਮਨਜੀਤ ਸਿੰਘ ਜੀ. ਕੇ. ਦੀ ਸਿੱਖ ਰਾਜਨੀਤੀ ’ਚ ਤੀਸਰੀ ਪਾਰੀ
NEXT STORY