ਚੀਨ ਦੀ ਕਥਿਤ ਤਾਕਤ, ਵਿਕਾਸ ਦੀ ਤਾਰੀਫ, ਗੁਣਗਾਨ ਕਰਨ ਵਾਲੇ, ਮਿਸਾਲਾਂ ਦੇਣ ਵਾਲੇ ਲੋਕਾਂ ਅਤੇ ਕਮਿਊਨਿਸਟ ਸ਼ਾਸਨ ਪ੍ਰਣਾਲੀ ਨੂੰ ਬਿਹਤਰ ਜਾਂ ਫਿਰ ਜਨਵਾਦੀ ਮੰਨਣ ਵਾਲੇ ਲੋਕਾਂ ਨੂੰ 'ਲੀ ਸ਼ਾਓਬੋ' ਦੀ ਕੁਰਬਾਨੀ ਨੂੰ ਜਾਣਨਾ ਚਾਹੀਦਾ ਹੈ। ਜੇਕਰ 'ਲੀ ਸ਼ਾਓਬੋ' ਦੀ ਕੁਰਬਾਨੀ ਨੂੰ ਦੁਨੀਆ ਜਾਣੇਗੀ ਤਾਂ ਚੀਨ ਦੀ ਖਤਰਨਾਕ, ਅਣਮਨੁੱਖੀ ਅਰਾਜਕ, ਵਹਿਸ਼ੀ, ਹਿੰਸਕ ਸ਼ਾਸਨ ਪ੍ਰਣਾਲੀ ਨੂੰ ਵੀ ਜਾਣ ਲਵੇਗੀ। ਇਹ ਵੀ ਸਹੀ ਹੈ ਕਿ ਦੁਨੀਆ ਦੇ ਆਮ ਲੋਕਾਂ ਨੂੰ ਚੀਨ ਨਾਲ ਸੰੰਬੰਧਤ ਗੱਲਾਂ ਬਾਰੇ ਬਹੁਤ ਘੱਟ ਜਾਣਕਾਰੀਆਂ ਹਨ। ਚੀਨ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਹੈ, ਚੀਨ ਨੇ ਇੰਨੀ ਤਰੱਕੀ ਕੀਤੀ ਹੈ, ਇਹ ਆਰਥਿਕ ਹੀ ਨਹੀਂ ਸਗੋਂ ਵੱਡੀ ਰਣਨੀਤਿਕ ਤਾਕਤ ਵੀ ਹੈ ਵਗੈਰਾ-ਵਗੈਰਾ।
ਇਹ ਅਜਿਹੀਆਂ ਜਾਣਕਾਰੀਆਂ ਹਨ, ਜਿਨ੍ਹਾਂ ਬਾਰੇ ਚੀਨ ਖੁਦ ਚਾਹੁੰਦਾ ਹੈ ਕਿ ਦੁਨੀਆ ਦੇ ਸਾਹਮਣੇ ਆਉਣ ਅਤੇ ਦੁਨੀਆ ਉਸ ਤੋਂ ਡਰੇ ਪਰ ਇਹ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿ ਉਹ ਕਿੰਨਾ ਵੱਡਾ ਬਸਤੀਵਾਦੀ, ਅਣਮਨੁੱਖੀ, ਜ਼ਾਲਿਮ, ਲੁਟੇਰਾ, ਹਿੰਸਕ, ਮਜ਼ਦੂਰ ਵਿਰੋਧੀ ਅਤੇ ਮਨੁੱਖਤਾ ਵਿਰੋਧੀ ਹੈ। ਇਸ ਤੋਂ ਇਲਾਵਾ ਉਹ ਲੋਕਤੰਤਰ ਵਿਰੋਧੀ ਵੀ ਹੈ ਅਤੇ ਗੁਆਂਢੀ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਕੁਚਲਣ ਦੀ ਕੋਸ਼ਿਸ਼ 'ਚ ਰਹਿੰਦਾ ਹੈ। ਇਹ ਸਾਰੀਆਂ ਜਾਣਕਾਰੀਆਂ ਚੀਨ ਤੋਂ ਬਾਹਰ ਆਉਂਦੀਆਂ ਹੀ ਨਹੀਂ। ਆਖਿਰ ਕਿਉਂ?
ਇਸ ਲਈ ਕਿ ਚੀਨ 'ਚ ਪ੍ਰਗਟਾਵੇ ਦੀ ਆਜ਼ਾਦੀ ਹੈ ਹੀ ਨਹੀਂ, ਮੀਡੀਆ ਦੀ ਆਜ਼ਾਦੀ 'ਤੇ ਪਾਬੰਦੀ ਹੈ, ਅਖਬਾਰਾਂ ਅਤੇ ਨਿਊਜ਼ ਚੈਨਲ ਤਾਨਾਸ਼ਾਹੀ ਕੰਟਰੋਲ ਹੇਠ ਹਨ ਅਤੇ ਉਹ ਉਹੀ ਖਬਰ ਦੇਣ ਲਈ ਮਜਬੂਰ ਹਨ ਜੋ ਖਬਰ ਤਾਨਾਸ਼ਾਹੀ ਕਮਿਊਨਿਸਟ ਸਰਕਾਰ ਦੇਣਾ ਚਾਹੁੰਦੀ ਹੈ। ਸੋਸ਼ਲ ਮੀਡੀਆ ਵੀ ਭਾਰਤ ਜਾਂ ਹੋਰਨਾਂ ਦੇਸ਼ਾਂ ਵਾਂਗ ਆਜ਼ਾਦ ਨਹੀਂ ਹੈ, ਸਗੋਂ ਉਸ 'ਤੇ ਵੀ ਤਾਨਾਸ਼ਾਹੀ ਦਾ ਪਹਿਰਾ ਲੱਗਾ ਹੋਇਆ ਹੈ। ਇਹੋ ਵਜ੍ਹਾ ਹੈ ਕਿ 'ਲੀ ਸ਼ਾਓਬੋ' ਬਾਰੇ ਦੁਨੀਆ ਦੇ ਆਮ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ।
ਫਿਰ ਵੀ ਦੁਨੀਆ ਦੀ ਚੌਕਸ ਲੋਕਤੰਤਰਿਕ ਪ੍ਰਣਾਲੀ 'ਲੀ ਸ਼ਾਓਬੋ' ਨੂੰ ਲੈ ਕੇ ਚੀਨ ਦਾ ਹਿੰਸਕ ਤੇ ਜ਼ਾਲਿਮ ਚਿਹਰਾ ਦੇਖ ਕੇ ਦੰਗ ਹੈ ਤੇ 'ਲੀ ਸ਼ਾਓਬੋ' ਨੂੰ ਮਹਾਨ ਲੋਕਤੰਤਰਿਕ ਸੈਨਾਨੀ ਦਾ ਦਰਜਾ ਦੇ ਰਹੀ ਹੈ। 'ਲੀ ਸ਼ਾਓਬੋ' ਨੇ ਲੋਕਤੰਤਰ ਦੀ ਲੜਾਈ 'ਚ ਕੁਰਬਾਨੀ ਦਿੱਤੀ।
ਹੁਣ ਅਸੀਂ ਇਸ ਸਵਾਲ 'ਤੇ ਆਉਂਦੇ ਹਾਂ ਕਿ 'ਲੀ ਸ਼ਾਓਬੋ' ਕੌਣ ਸਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਕੀ ਸੀ? ਉਹ ਕਿਸ ਤਰ੍ਹਾਂ ਚੀਨ ਦੀ ਕਮਿਊਨਿਸਟ ਤਾਨਾਸ਼ਾਹੀ ਦੀਆਂ ਅੱਖਾਂ ਦਾ ਰੋੜਾ ਬਣੇ ਹੋਏ ਸਨ ਅਤੇ ਉਨ੍ਹਾਂ ਦੀ ਮੌਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਿਉਂ ਕੀਤਾ? ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਵਰਕਰ ਸਦਮੇ 'ਚ ਹਨ ਅਤੇ 'ਲੀ ਸ਼ਾਓਬੋ' ਦੀ ਮੌਤ ਲਈ ਚੀਨ ਦੇ ਹਿੰਸਕ ਰੁਝਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਇੰਨਾ ਹੀ ਨਹੀਂ, ਨੋਬਲ ਪੁਰਸਕਾਰ ਕਮੇਟੀ ਦੀ ਮੁਖੀ ਬੇਸਿਟ ਰੋਸ ਐਂਡਰਸਨ ਨੂੰ ਵੀ ਚੀਨ ਨੇ 'ਲੀ ਸ਼ਾਓਬੋ' ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਣ ਲਈ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਦੁਨੀਆ ਦੀ ਲੋਕਤੰਤਰਿਕ ਪ੍ਰਣਾਲੀ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਨੂੰ ਪਤਾ ਹੈ ਕਿ ਚੀਨ 'ਚ ਲੋਕਤੰਤਰ ਦੀ ਲੜਾਈ ਲੜਨ ਵਾਲੇ ਸੈਨਾਨੀਆਂ ਲਈ ਚੁਣੌਤੀ ਕਿੰਨੀ ਖਤਰਨਾਕ ਹੈ। ਲੋਕਤੰਤਰ ਦੀ ਲੜਾਈ ਦਾ ਅਰਥ ਚੀਨੀ ਕਮਿਊਨਿਸਟ ਤਾਨਾਸ਼ਾਹੀ ਦੀ ਹਿੰਸਕ ਅਤੇ ਵਹਿਸ਼ੀ ਕਾਰਵਾਈ ਦਾ ਸਾਹਮਣਾ ਕਰਨਾ ਹੁੰਦਾ ਹੈ।
'ਲੀ ਸ਼ਾਓਬੋ' ਦੁਨੀਆ 'ਚ ਪ੍ਰਸਿੱਧ ਸਨ ਤੇ ਉਨ੍ਹਾਂ ਦੀ ਜੀਵਨਗਾਥਾ ਤੋਂ ਦੁਨੀਆ ਜਾਣੂ ਸੀ। ਇਸ ਲਈ ਕਮਿਊਨਿਸਟ ਤਾਨਾਸ਼ਾਹੀ ਨੇ ਉਨ੍ਹਾਂ ਨੂੰ ਜੇਲ 'ਚ ਸੜਨ-ਮਰਨ ਲਈ ਸੁੱਟ ਦਿੱਤਾ। ਜੇ ਉਹ ਸਾਧਾਰਨ ਲੋਕਤੰਤਰਿਕ ਸੈਨਾਨੀ ਹੁੰਦੇ ਤਾਂ ਉਨ੍ਹਾਂ ਨੂੰ ਸਿੱਧੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁੰਦਾ ਤੇ ਦੁਨੀਆ ਨੂੰ ਪਤਾ ਵੀ ਨਹੀਂ ਲੱਗਣਾ ਸੀ।
ਯਕੀਨੀ ਤੌਰ 'ਤੇ 'ਲੀ ਸ਼ਾਓਬੋ' ਚੀਨ ਦੇ ਮਹਾਨ ਲੋਕਤੰਤਰਿਕ ਸੈਨਾਨੀ ਸਨ, ਜਿਨ੍ਹਾਂ ਦੀ ਪਿੱਛੇ ਜਿਹੇ ਕੈਂਸਰ ਨਾਲ ਮੌਤ ਹੋ ਗਈ। ਇਹ ਮੌਤ ਕੈਂਸਰ ਨਾਲ ਹੋਈ ਜਾਂ ਤਾਨਾਸ਼ਾਹੀ ਪੁਲਸ ਦੇ ਤਸ਼ੱਦਦ ਅਤੇ ਵਧੀਕੀਆਂ ਕਾਰਨ, ਇਸ ਦੀ ਕੋਈ ਜਾਣਕਾਰੀ ਦੁਨੀਆ ਕੋਲ ਨਹੀਂ ਹੈ। ਦੁਨੀਆ ਤਾਂ ਉਹੀ ਗੱਲ ਜਾਣਦੀ ਹੈ ਜੋ ਚੀਨ ਨੇ ਬਾਹਰ ਕੱਢੀ ਹੈ।
ਚੀਨ ਨੇ ਕਿਹਾ ਹੈ ਕਿ 'ਲੀ ਸ਼ਾਓਬੋ' ਦੀ ਮੌਤ ਕੈਂਸਰ ਕਾਰਨ ਹੋਈ ਹੈ ਜਦਕਿ ਇਹ ਸੱਚ ਨਹੀਂ ਲੱਗਦਾ। ਫਿਰ ਸੱਚ ਕੀ ਹੈ? ਸੱਚ ਇਹ ਹੈ ਕਿ 'ਲੀ ਸ਼ਾਓਬੋ' ਦੀ ਮੌਤ ਚੀਨੀ ਤਾਨਾਸ਼ਾਹੀ ਦੀ ਜੇਲ 'ਚ ਤਸ਼ੱਦਦ ਅਤੇ ਵਧੀਕੀਆਂ ਕਾਰਨ ਹੋਈ।
'ਲੀ ਸ਼ਾਓਬੋ' ਦੀ ਮੌਤ ਤੋਂ ਪਹਿਲਾਂ ਖਬਰ ਆਈ ਸੀ ਕਿ ਪੂਰੀ ਦੁਨੀਆ ਦੇ ਲੋਕਤੰਤਰਿਕ ਸੈਨਾਨੀਆਂ ਅਤੇ ਕਈ ਰਾਸ਼ਟਰ ਮੁਖੀਆਂ ਨੇ 'ਲੀ ਸ਼ਾਓਬੋ' ਨੂੰ ਰਿਹਾਅ ਕਰਨ ਅਤੇ ਉਨ੍ਹਾਂ ਦਾ ਇਲਾਜ ਵਿਦੇਸ਼ 'ਚ ਕਰਵਾਉਣ ਦੀ ਅਪੀਲ ਚੀਨ ਨੂੰ ਕੀਤੀ ਸੀ ਪਰ ਚੀਨ ਨੇ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ। ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ 'ਲੀ ਸ਼ਾਓਬੋ' ਦੀ ਪਤਨੀ ਸ਼ੀਆ ਵੀ ਚੀਨ ਦੀ ਜੇਲ 'ਚ ਹੀ ਕੈਦ ਹੈ ਅਤੇ ਚੀਨ ਉਸ ਨੂੰ ਵੀ ਰਿਹਾਅ ਕਰਨ ਲਈ ਤਿਆਰ ਨਹੀਂ ਹੈ।
ਚੀਨ 'ਚ ਲੋਕਤੰਤਰ ਦੀ ਅਲਖ ਜਗਾਉਣ ਲਈ ਚੀਨੀ ਤਾਨਾਸ਼ਾਹੀ ਵਿਰੁੱਧ ਖੜ੍ਹੇ ਹੋਣ ਲਈ 'ਲੀ ਸ਼ਾਓਬੋ' ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ ਸੀ। ਉਦੋਂ ਵੀ ਚੀਨ ਨੇ ਕਾਫੀ ਹੰਗਾਮਾ ਖੜ੍ਹਾ ਕੀਤਾ ਸੀ ਅਤੇ ਨੋਬਲ ਪੁਰਸਕਾਰ ਕਮੇਟੀ ਨੂੰ ਅੱਖਾਂ ਦਿਖਾਉਂਦਿਆਂ ਕਿਹਾ ਸੀ ਕਿ ਜੇ 'ਲੀ ਸ਼ਾਓਬੋ' ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਨਾ ਬਦਲਿਆ ਗਿਆ ਤਾਂ ਇਸ ਦੇ ਨਤੀਜੇ ਬਹੁਤ ਬੁਰੇ ਹੋਣਗੇ। ਚੀਨ ਦੀ ਗਿੱਦੜਭਬਕੀ ਸਾਹਮਣੇ ਝੁਕਣ ਤੋਂ ਕਮੇਟੀ ਨੇ ਇਨਕਾਰ ਕਰ ਦਿੱਤਾ ਸੀ ਜਦਕਿ ਚੀਨ ਨੇ ਆਪਣੀ ਆਰਥਿਕ ਅਤੇ ਰਣਨੀਤਿਕ ਤਾਕਤ ਦਾ ਵੀ ਡਰ ਦਿਖਾਇਆ ਸੀ।
'ਲੀ ਸ਼ਾਓਬੋ' ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਣ ਕਾਰਨ ਚੀਨ 'ਤੇ ਮਾਨਸਿਕ ਦਬਾਅ ਬਣ ਗਿਆ ਸੀ ਅਤੇ ਉਸ 'ਤੇ ਕਈ ਕੌਮਾਂਤਰੀ ਸੰਗਠਨਾਂ ਦੀ ਟੇਢੀ ਨਜ਼ਰ ਸੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚੀਨ ਦੀ ਪੂਰੀ ਦੁਨੀਆ 'ਚ ਆਲੋਚਨਾ ਵੀ ਹੋਈ ਸੀ।
ਤਿਨਾਨਮਿਨ ਚੌਕ ਦੀ ਘਟਨਾ ਯਾਦ ਕਰੋ, ਜਿਥੇ 1989 'ਚ ਲੱਖਾਂ ਲੋਕ ਕਮਿਊਨਿਸਟ ਤਾਨਾਸ਼ਾਹੀ ਤੋਂ ਆਜ਼ਾਦੀ ਅਤੇ ਲੋਕਤੰਤਰ ਦੀ ਸਥਾਪਨਾ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਸਨ। ਸਿਰਫ ਇਸ ਚੌਕ ਦੀ ਹੀ ਗੱਲ ਨਹੀਂ ਸਗੋਂ ਚੀਨ ਦੇ ਕਈ ਸ਼ਹਿਰਾਂ 'ਚ ਲੋਕਤੰਤਰਵਾਦੀਆਂ ਨੇ ਅੰਦੋਲਨ ਚਲਾਇਆ ਸੀ। ਲੋਕਤੰਤਰਵਾਦੀ ਕਈ ਦਿਨਾਂ ਤਕ ਭੁੱਖੇ-ਪਿਆਸੇ ਬੈਠੇ ਰਹੇ। ਉਨ੍ਹਾਂ ਨੇ ਰੇਲਾਂ ਤਕ ਜਾਮ ਕੀਤੀਆਂ ਹੋਈਆਂ ਸਨ। ਉਨ੍ਹਾਂ ਦੇ ਇਸ ਅੰਦੋਲਨ ਨੂੰ ਖਤਮ ਕਰਵਾਉਣ ਲਈ ਚੀਨੀ ਤਾਨਾਸ਼ਾਹਾਂ ਨੇ ਕਈ ਹੱਥਕੰਡੇ ਅਪਣਾਏ ਪਰ ਅੰਦੋਲਨਕਾਰੀਆਂ ਦੀ ਇੱਛਾ ਨਹੀਂ ਡੋਲੀ ਸੀ। ਫਿਰ ਚੀਨ ਨੇ ਆਪਣਾ ਵਹਿਸ਼ੀਪਨ ਦਿਖਾਇਆ ਸੀ ਅਤੇ ਰੇਲਾਂ ਦੀਆਂ ਪਟੜੀਆਂ 'ਤੇ ਬੈਠੇ ਨਿਹੱਥੇ ਅੰਦੋਲਨਕਾਰੀਆਂ ਨੂੰ ਕੁਚਲਣ ਲਈ ਉਨ੍ਹਾਂ 'ਤੇ ਰੇਲ ਚਲਾਈ ਸੀ, ਤਿਨਾਨਮਿਨ ਚੌਕ 'ਚ ਅੰਦੋਲਨਕਾਰੀਆਂ ਨੂੰ ਖਦੇੜਣ ਲਈ ਉਨ੍ਹਾਂ 'ਤੇ ਟੈਂਕ ਚਲਾਇਆ ਗਿਆ, ਗੋਲੀਆਂ ਤੇ ਮਿਜ਼ਾਈਲਾਂ ਤਕ ਚਲਾਈਆਂ ਗਈਆਂ। ਇਸ ਨਾਲ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਅਤੇ ਲਗਭਗ ਇਕ ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਦੀ ਬਾਅਦ 'ਚ ਹੱਤਿਆ ਕਰ ਦਿੱਤੀ ਗਈ।
'ਲੀ ਸ਼ਾਓਬੋ' ਵੀ ਉਸੇ ਤਿਨਾਨਮਿਨ ਚੌਕ ਦੇ ਅੰਦੋਲਨਕਾਰੀ ਸਨ। ਉਦੋਂ ਉਹ ਅਮਰੀਕਾ 'ਚ ਪੜ੍ਹ ਰਹੇ ਸਨ ਅਤੇ ਪੜ੍ਹਾਈ ਦੌਰਾਨ ਹੀ ਲੋਕਤੰਤਰ ਦੀ ਲੜਾਈ ਲੜਨ ਵਾਸਤੇ ਚੀਨ ਪਰਤੇ ਸਨ ਤੇ ਉਦੋਂ ਤੋਂ ਹੀ ਚੀਨ ਦੀ ਜੇਲ 'ਚ ਬੰਦ ਸਨ। ਭਾਰਤੀ ਕਮਿਊਨਿਸਟਾਂ ਨੂੰ ਸਮਝਣ ਅਤੇ ਇਨ੍ਹਾਂ ਦੇ ਖਤਰਨਾਕ, ਹਿੰਸਕ ਚਿਹਰੇ ਤੋਂ ਜਾਣੂ ਹੋਣ ਲਈ 'ਲੀ ਸ਼ਾਓਬੋ' ਦੇ ਸੰਘਰਸ਼ ਦੀ ਕਹਾਣੀ ਬਾਰੇ ਜਾਣਨਾ ਜ਼ਰੂਰੀ ਹੈ। ਭਾਰਤੀ ਕਮਿਊਨਿਸਟ ਆਪਣੇ ਆਪ ਨੂੰ ਜਨਵਾਦੀ ਅਤੇ ਮਾਓ, ਮਾਰਕਸ ਦੇ ਪੈਰੋਕਾਰ ਕਹਿੰਦੇ ਹਨ।
ਮਾਓਵਾਦ ਜਾਂ ਮਾਰਕਸਵਾਦ 'ਚ ਜਨਵਾਦ ਕਿਥੇ ਹੈ? ਮਾਓਵਾਦ ਅਤੇ ਮਾਰਕਸਵਾਦ ਜਨਵਾਦ ਦੀ ਥਾਂ ਤਾਨਾਸ਼ਾਹੀ ਹੁੰਦੀ ਹੈ। ਇਸ ਦੀ ਮਿਸਾਲ ਅਸੀਂ ਚੀਨ 'ਚ ਦੇਖ ਰਹੇ ਹਾਂ ਅਤੇ ਕਦੇ ਦੁਨੀਆ ਨੇ ਸੋਵੀਅਤ ਸੰਘ 'ਚ ਦੇਖੀ ਸੀ। ਮਾਓ ਅਤੇ ਮਾਰਕਸ ਦੇ ਪੈਰੋਕਾਰਾਂ ਨੇ ਪੂਰੀ ਦੁਨੀਆ 'ਚ ਲਗਭਗ 10 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕੀਤੀ ਹੈ।
ਚੀਨ 'ਚ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚੀਨ ਵਿਰੁੱਧ ਪਾਬੰਦੀਆਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। 'ਲੀ ਸ਼ਾਓਬੋ' ਦੇ ਸੰਘਰਸ਼ ਦੀ ਕਹਾਣੀ ਅਤੇ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਅਤੇ ਕਦੇ ਨਾ ਕਦੇ ਚੀਨ 'ਚ ਲੋਕਤੰਤਰ ਦਾ ਸੂਰਜ ਚੜ੍ਹਨਾ ਤੈਅ ਹੈ । (guptvishnu@gmail.com)
'ਲਾਲੂ ਐਂਡ ਫੈਮਿਲੀ' ਦੀ ਬੇਹਿਸਾਬੀ ਜਾਇਦਾਦ
NEXT STORY