ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਆਮ ਤੌਰ 'ਤੇ ਤਿੰਨ ਚੀਜ਼ਾਂ ਬਾਰੇ ਗੱਲਾਂ ਕਰਦੇ ਹਨ : ਵਾਸ਼ਿੰਗਟਨ ਨੂੰ ਬਦਲਣਾ, ਅਮਰੀਕਾ ਨੂੰ ਸਭ ਤੋਂ ਅੱਗੇ ਰੱਖਣਾ ਤੇ ਅਮਰੀਕੀਆਂ ਨੂੰ ਰੋਜ਼ਗਾਰ ਦੇਣਾ।
ਪਹਿਲੀ ਗੱਲ ਤਾਂ ਕਦੇ ਸਾਕਾਰ ਹੁੰਦੀ ਹੀ ਨਹੀਂ ਕਿਉਂਕਿ ਵਾਸ਼ਿੰਗਟਨ ਇਕ ਮਹਾਨ ਗਣਰਾਜ ਦੀ ਰਾਜਧਾਨੀ ਹੈ, ਜੋ 200 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਹ ਅਜਿਹਾ ਸ਼ਹਿਰ ਹੈ, ਜੋ ਦੁਨੀਆ ਦੇ ਸਾਰੇ ਦੇਸ਼ਾਂ 'ਚੋਂ ਸਭ ਤੋਂ ਵੱਡੀ ਅਰਥ ਵਿਵਸਥਾ ਨੂੰ ਕੰਟਰੋਲ ਕਰਦਾ ਹੈ ਤੇ ਨਾਲ ਹੀ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਨੂੰ ਵੀ। ਇਹ ਇਕ ਅਜਿਹਾ ਸ਼ਹਿਰ ਨਹੀਂ, ਜੋ ਕਿਸੇ ਮਸੀਹਾ ਦੀ ਉਡੀਕ ਕਰ ਰਿਹਾ ਹੋਵੇ ਪਰ ਜੇਕਰ ਕੋਈ ਬਹੁਤ ਵੱਡਾ ਬਦਲਾਅ ਸੰਭਵ ਵੀ ਹੋਇਆ ਤਾਂ ਉਹ ਬਦਤਰ ਹੋਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ।
'ਅਮਰੀਕਾ ਨੂੰ ਸਭ ਤੋਂ ਅੱਗੇ ਰੱਖਣ' ਦੀ ਗੱਲ ਇਕ ਅਰਥਹੀਣ ਨਾਅਰਾ ਹੈ ਕਿਉਂਕਿ ਇਹ ਇਸ ਮਾਨਤਾ 'ਤੇ ਆਧਾਰਿਤ ਹੈ ਕਿ ਸਾਬਕਾ ਰਾਸ਼ਟਰਪਤੀ ਅਮਰੀਕਾ ਨੂੰ ਦੂਜੇ ਜਾਂ ਤੀਜੇ ਨੰਬਰ 'ਤੇ ਰੱਖਦੇ ਰਹੇ ਹਨ, ਜਦਕਿ ਅਸਲ 'ਚ ਉਹ ਅਜਿਹਾ ਨਹੀਂ ਕਰਦੇ ਰਹੇ। ਰਿਚਰਡ ਨਿਕਸਨ ਦੇ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਕਿਹਾ ਕਰਦੇ ਸਨ ਕਿ ਹਰੇਕ ਕਿਸਮ ਦੀ ਵਿਦੇਸ਼ ਨੀਤੀ ਅਸਲ 'ਚ ਘਰੇਲੂ ਨੀਤੀ ਹੁੰਦੀ ਹੈ। ਉਨ੍ਹਾਂ ਦਾ ਅਜਿਹਾ ਕਹਿਣ ਦਾ ਮਤਲਬ ਕਿ ਅਮਰੀਕਾ ਘਰੇਲੂ ਮੰਗਾਂ ਦੀ ਪ੍ਰਤੀਕਿਰਿਆ ਵਜੋਂ ਹੀ ਵਿਦੇਸ਼ਾਂ ਵਿਚ ਲੜਾਈਆਂ ਲੜਦਾ ਹੈ ਅਤੇ ਇਸ ਲਈ ਅਜਿਹੀ ਕੋਈ ਸੰਭਾਵਨਾ ਨਹੀਂ ਕਿ ਡੋਨਾਲਡ ਟਰੰਪ ਵੀ ਇਸ ਮਾਮਲੇ ਵਿਚ ਕੁਝ ਜ਼ਿਆਦਾ ਬਦਲਾਅ ਹਾਸਿਲ ਕਰਨ ਦੇ ਯੋਗ ਹੋਣਗੇ। ਉਹ ਉਨ੍ਹਾਂ ਜੰਗਾਂ ਤੋਂ ਅਮਰੀਕੀ ਫੌਜੀਆਂ ਨੂੰ ਵਾਪਿਸ ਬੁਲਾ ਲੈਣਗੇ, ਜੋ ਜਿੱਤੀਆਂ ਹੀ ਨਹੀਂ ਜਾ ਸਕਦੀਆਂ ਪਰ ਅਜਿਹਾ ਕਰਨ ਵਾਲੇ ਉਹ ਪਹਿਲੇ ਅਮਰੀਕੀ ਰਾਸ਼ਟਰਪਤੀ ਨਹੀਂ ਹੋਣਗੇ।
ਤੀਜਾ ਵਾਅਦਾ ਸਭ ਤੋਂ ਦਿਲਚਸਪ ਹੈ ਕਿਉਂਕਿ ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ ਅਮਰੀਕਾ 'ਚ ਚੋਣਾਂ ਦਾ ਅਸਲੀ ਵਿਸ਼ਾ ਨੌਕਰੀਆਂ ਤੇ ਅਰਥ ਵਿਵਸਥਾ ਹੀ ਹੈ। ਟਰੰਪ ਦਾ ਜਨ-ਆਧਾਰ ਸਰੀਰਕ ਮਿਹਨਤ ਵਾਲੇ ਭਾਵ 'ਬਲਿਊ ਕਾਲਰ' ਕੰਮ ਕਰਨ ਵਾਲੇ ਗੋਰੇ ਲੋਕ ਹਨ। ਇਸ ਦਾ ਮਤਲਬ ਇਹ ਹੈ ਕਿ ਇਹ ਲੋਕ ਆਪਣੇ ਹੱਥੀਂ ਕੰਮ ਨਹੀਂ ਕਰਦੇ। ਹੈਨਰੀ ਫੋਰਡ ਨੇ ਅਜਿਹੀ ਰਵਾਇਤ ਸ਼ੁਰੂ ਕੀਤੀ ਸੀ, ਜਿਸ ਨਾਲ ਇਹ ਬਲਿਊ ਕਾਲਰ ਕੰਮ ਕਰਨ ਵਾਲੇ ਲੋਕ ਮੱਧਵਰਗ ਦਾ ਹਿੱਸਾ ਬਣ ਗਏ। ਇਹ ਰਵਾਇਤ ਸੀ ਸਸਤੀਆਂ ਕਾਰਾਂ ਤਿਆਰ ਕਰਨਾ ਤਾਂ ਕਿ ਇਨ੍ਹਾਂ ਨੂੰ ਅਸੈਂਬਲ ਕਰਨ ਵਾਲੇ ਲੋਕ ਇਨ੍ਹਾਂ ਨੂੰ ਖਰੀਦ ਸਕਣ।
ਇਕ ਵਿਦਿਆਰਥੀ ਦੇ ਰੂਪ ਵਿਚ ਮੈਂ ਅਮਰੀਕਾ ਦੇ ਵਿਸਕਾਨਸਿਨ ਪ੍ਰਾਂਤ ਦੇ ਜੈਂਜਵਿਲੇ ਸ਼ਹਿਰ ਵਿਚ ਰਹਿੰਦਾ ਹੁੰਦਾ ਸੀ। ਜਿਨ੍ਹਾਂ ਪਰਿਵਾਰਾਂ 'ਚ ਮੈਂ ਰਹਿੰਦਾ ਸੀ, ਉਨ੍ਹਾਂ 'ਚੋਂ ਇਕ ਸੀ ਜਾਨਸਨ ਪਰਿਵਾਰ, ਜਿਸ ਦਾ ਮੁਖੀ ਇਕ ਅਜਿਹਾ ਵਿਅਕਤੀ ਸੀ, ਜੋ ਕਈ ਸਾਲਾਂ ਤੋਂ ਕਾਰਾਂ ਦੇ ਪਹੀਏ ਫਿੱਟ ਕਰਦਾ ਆ ਰਿਹਾ ਸੀ। ਉਸ ਨੂੰ ਸਿਰਫ ਇਸੇ ਕੰਮ ਦੀ ਹੀ ਟ੍ਰੇਨਿੰਗ ਮਿਲੀ ਹੋਈ ਸੀ। ਆਪਣੀ ਮਿਹਨਤ ਦੇ ਬਲਬੂਤੇ ਉਸ ਨੇ ਜੋ ਪੈਸਾ ਕਮਾਇਆ ਸੀ, ਉਸ ਨਾਲ ਉਸ ਨੇ ਬਹੁਤ ਖੂਬਸੂਰਤ ਘਰ ਬਣਾਇਆ ਸੀ ਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਈ ਸੀ। ਕਾਰਾਂ ਦਾ ਉਹ ਕਾਰਖਾਨਾ 1919 'ਚ ਸ਼ੁਰੂ ਹੋਇਆ ਸੀ ਤੇ ਉਸ ਵਿਚ 5 ਹਜ਼ਾਰ ਤੋਂ ਵੱਧ ਕਰਮਚਾਰੀ ਸਨ। ਸਾਲ 2009 'ਚ ਇਹ ਕਾਰਖਾਨਾ ਬੰਦ ਹੋ ਗਿਆ ਕਿਉਂਕਿ ਚੀਨ ਅਤੇ ਦੱਖਣੀ ਅਮਰੀਕਾ 'ਚ ਮਜ਼ਦੂਰੀ ਜ਼ਿਆਦਾ ਸਸਤੀ ਹੋਣ ਕਾਰਨ ਕਾਰਾਂ ਅਮਰੀਕਾ ਦੀ ਬਜਾਏ ਉਥੇ ਅਸੈਂਬਲ ਕਰਨਾ ਜ਼ਿਆਦਾ ਸਸਤਾ ਪੈਂਦਾ ਸੀ।
ਅੱਜ ਚੀਨ ਅਤੇ ਦੱਖਣੀ ਅਮਰੀਕਾ ਤੇ ਭਾਰਤ ਵਿਚ ਵੀ ਮਸ਼ੀਨੀਕਰਨ ਅਤੇ ਸਵੈ-ਚਾਲਨ (ਆਟੋਮੇਸ਼ਨ) ਕਾਰਨ ਨੌਕਰੀਆਂ ਖਤਮ ਹੋ ਰਹੀਆਂ ਹਨ। ਮਸ਼ੀਨੀਕਰਨ ਅਤੇ ਸਵੈ-ਚਾਲਨ ਇੰਨਾ ਸਮਰੱਥ ਹੋ ਗਿਆ ਹੈ ਕਿ ਸਸਤੀ ਤੋਂ ਸਸਤੀ ਕਿਰਤ ਸ਼ਕਤੀ ਤੋਂ ਵੀ ਜ਼ਿਆਦਾ ਸਸਤਾ ਪੈ ਰਿਹਾ ਹੈ। ਸਿੱਟੇ ਵਜੋਂ ਕਾਰਖਾਨਾ ਉਦਯੋਗ ਵਾਪਿਸ ਅਮਰੀਕਾ ਪਰਤ ਰਹੇ ਹਨ ਪਰ ਵਿਨਿਰਮਾਣ ਦੀ ਪ੍ਰਕਿਰਿਆ ਵਿਚ ਹੁਣ ਜ਼ਿਆਦਾ ਮਜ਼ਦੂਰਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ, ਇਸ ਲਈ ਇਨ੍ਹਾਂ ਕਾਰਖਾਨਿਆਂ ਦੇ ਵਾਪਿਸ ਪਰਤਣ ਨਾਲ ਅਮਰੀਕੀ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਹੇ ਹਨ।
ਅਮਰੀਕਾ ਵਿਚ ਜੋ ਲੋਕ ਬਲਿਊ ਕਾਲਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ, ਉਨ੍ਹਾਂ ਨੂੰ ਕਾਫੀ ਸਮੇਂ ਤਕ ਉੱਚੀਆਂ ਮਜ਼ਦੂਰੀ ਦਰਾਂ ਦਾ ਲਾਭ ਮਿਲਦਾ ਰਿਹਾ ਹੈ। ਕੁਝ ਹੱਦ ਤਕ ਚੀਨ ਬਾਰੇ ਵੀ ਇਹ ਗੱਲ ਸੱਚ ਹੈ, ਜਿਥੇ ਪ੍ਰਤੀ ਵਿਅਕਤੀ ਆਮਦਨ ਸਾਡੀ ਤੁਲਨਾ ਵਿਚ ਪੰਜ ਗੁਣਾ ਵੱਧ ਹੈ। ਬੇਰੋਜ਼ਗਾਰੀ ਅਤੇ ਜਮਹੂਰੀ ਰਾਜਨੀਤੀ ਦੀ ਅਸਲੀ ਪ੍ਰਕਿਰਿਆ ਤਾਂ ਭਾਰਤ ਵਿਚ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਸਭ ਕੁਝ ਸਾਡੀਆਂ ਅੱਖਾਂ ਦੇ ਐਨ ਸਾਹਮਣੇ ਹੋ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਸਵੈ-ਚਾਲਨ ਕਾਰਨ ਇਨਫੋਸਿਸ ਨੇ 8 ਹਜ਼ਾਰ ਕਰਮਚਾਰੀਆਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਹੈ।
ਇਹ ਇਕ ਬਹੁਤ ਹੀ ਗੈਰ-ਸਾਧਾਰਨ ਖ਼ਬਰ ਸੀ ਕਿਉਂਕਿ ਦਹਾਕਿਆਂ ਤੋਂ ਭਾਰਤੀ ਸਾਫਟਵੇਅਰ ਕੰਪਨੀਆਂ ਹਮਲਾਵਰੀ ਢੰਗ ਨਾਲ ਨਵੇਂ ਕਰਮਚਾਰੀਆਂ ਦੀ ਨਵੀਂ ਭਰਤੀ ਕਰਦੀਆਂ ਆ ਰਹੀਆਂ ਸਨ। ਕੰਪਨੀਆਂ ਅਨੁਸਾਰ ਇਹ ਰੁਝਾਨ ਖਤਮ ਹੋ ਚੁੱਕਾ ਹੈ ਅਤੇ ਹੁਣ ਉਨ੍ਹਾਂ ਨੇ ਲੇਬਰ ਸ਼ਕਤੀ ਵਿਚ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਛੋਟੀ ਪਰ ਜ਼ਿਆਦਾ ਕੁਸ਼ਲ ਪ੍ਰਸੋਨਲ ਸ਼ਕਤੀ ਦਾ ਨਿਰਮਾਣ ਕਰ ਲਿਆ ਹੈ। ਹੁਣ ਉਹ ਦਿਨ ਲੱਦ ਗਏ, ਜਦੋਂ ਉਹ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੋਜ਼ਗਾਰ 'ਤੇ ਰੱਖਦੀ ਸੀ।
ਜੇਕਰ ਭਾਰਤ ਦੇ ਸ਼ਹਿਰਾਂ ਵਿਚ ਪੜ੍ਹੇ-ਲਿਖੇ ਅਤੇ 'ਵ੍ਹਾਈਟ ਕਾਲਰ' ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਇਹ ਸਮੱਸਿਆ ਦਰਪੇਸ਼ ਆ ਸਕਦੀ ਹੈ ਤਾਂ ਕਸਬਿਆਂ ਤੇ ਪਿੰਡਾਂ ਵਿਚ ਰਹਿਣ ਵਾਲੇ ਕਰੋੜਾਂ ਲੋਕਾਂ ਦਾ ਕੀ ਹਾਲ ਹੋਵੇਗਾ? ਉਹ ਸੱਚਮੁਚ ਮੁਸ਼ਕਿਲ ਵਿਚ ਫਸੇ ਹੋਏ ਹਨ। ਪੂਰੇ ਭਾਰਤ ਵਿਚ ਵੱਖ-ਵੱਖ ਮੁੱਦਿਆਂ 'ਤੇ ਜੋ ਰੋਸ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ ਦੀ ਅਸਲੀ ਪ੍ਰਕਿਰਤੀ ਇਹ ਹੈ ਕਿ ਉਹ ਇਸੇ ਬੇਚੈਨੀ ਦੀ ਕੁੱਖ ਤੋਂ ਪੈਦਾ ਹੋਏ ਹਨ। ਭਾਵੇਂ ਗੁਜਰਾਤ ਦਾ ਪਾਟੀਦਾਰ ਅੰਦੋਲਨ ਹੋਵੇ ਜਾਂ ਹਰਿਆਣਾ ਦਾ ਜਾਟ ਅੰਦੋਲਨ ਜਾਂ ਮਹਾਰਾਸ਼ਟਰ ਦੇ ਮਰਾਠਿਆਂ ਦੀ ਸਮੱਸਿਆ ਹੋਵੇ, ਸਾਰਿਆਂ ਦੀਆਂ ਮੁੱਖ ਮੰਗਾਂ ਅਜਿਹੀਆਂ ਬਲਿਊ ਕਾਲਰ ਨੌਕਰੀਆਂ ਹਨ, ਜੋ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਜਿਊਣ ਦੇ ਯੋਗ ਕਮਾਈ ਮੁਹੱਈਆ ਕਰਵਾ ਸਕਣ। ਅੱਜ ਦੀ ਸਥਿਤੀ ਵਿਚ ਇਹ ਅਸੰਭਵ ਹੈ ਕਿਉਂਕਿ ਅਜਿਹੀਆਂ ਨੌਕਰੀਆਂ ਭਾਰਤ ਜਾਂ ਦੁਨੀਆ ਵਿਚ ਹੋਰ ਕਿਸੇ ਵੀ ਜਗ੍ਹਾ ਵੱਡੀ ਪੱਧਰ 'ਤੇ ਉਪਲੱਬਧ ਨਹੀਂ ਹੋਣਗੀਆਂ।
ਆਰਥਿਕ ਵਾਧਾ ਉਦੋਂ ਹੀ ਹੁੰਦਾ ਹੈ, ਜਦੋਂ ਜ਼ਿਆਦਾ ਕਿਰਤੀਆਂ ਰਾਹੀਂ ਜਾਂ ਫਿਰ ਕੌਸ਼ਲ ਸੁਧਾਰ ਰਾਹੀਂ ਉਤਪਾਦਨ 'ਚ ਵਾਧਾ ਹੋਵੇ। ਭਾਰਤ ਵਿਚ ਸਮੱਸਿਆ ਇਹ ਹੈ ਕਿ ਇਥੇ ਗੈਰ-ਹੁਨਰਮੰਦ ਕਾਮਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਬਹੁਤ ਘੱਟ ਪੜ੍ਹੇ-ਲਿਖੇ ਹਨ ਅਤੇ ਕੁਝ ਵੀ ਨਵਾਂ ਪੈਦਾ ਕਰਨ ਦੀ ਯੋਗਤਾ ਨਹੀਂ ਰੱਖਦੇ। ਸਿਰਫ ਸਸਤੀ ਲਾਗਤ ਹੀ ਲਾਹੇਵੰਦ ਨਹੀਂ ਰਹਿ ਗਈ ਹੈ ਤੇ ਕੋਈ ਵੀ ਜਾਦੂ ਦੀ ਛੜੀ ਵਰਗੀ ਨੀਤੀ, ਨਾਅਰਾ ਜਾਂ ਪ੍ਰਤੀਕ ਇਸ ਸਥਿਤੀ ਨੂੰ ਨਹੀਂ ਬਦਲ ਸਕਦਾ।
ਸਾਨੂੰ ਅਜਿਹੇ ਲੋਕ-ਲੁਭਾਊ ਨੇਤਾਵਾਂ ਤੋਂ ਜ਼ਰੂਰ ਹੀ ਸਾਵਧਾਨ ਰਹਿਣਾ ਹੋਵੇਗਾ, ਜੋ ਇਨ੍ਹਾਂ ਸਮੱਸਿਆਵਾਂ ਦਾ ਫੂਹੜ ਕਿਸਮ ਦਾ ਹੱਲ ਕੱਢਣ ਦਾ ਵਾਅਦਾ ਕਰਦੇ ਹਨ। ਇਹ ਗੱਲ ਭਾਰਤ ਵਿਚ ਓਨੀ ਹੀ ਸੱਚੀ ਹੈ, ਜਿੰਨੀ ਅਮਰੀਕਾ 'ਚ। ਦੁਨੀਆ ਗੁੰਝਲਦਾਰ ਹੈ ਅਤੇ ਇਸ ਦੀ ਅਰਥ ਵਿਵਸਥਾ ਕੁਝ ਇਸ ਤਰ੍ਹਾਂ ਵਿਕਸਿਤ ਹੋਈ ਹੈ, ਜਿਸ ਨੂੰ ਕਿਸੇ ਅਤਿ-ਹੋਣਹਾਰ ਵਿਅਕਤੀ ਰਾਹੀਂ ਬਦਲਿਆ ਨਹੀਂ ਜਾ ਸਕਦਾ। ਇਹੋ ਕਾਰਨ ਹੈ ਕਿ ਟਰੰਪ ਵਲੋਂ ਅਮਰੀਕੀਆਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਖੋਖਲਾ ਸਿੱਧ ਹੋਵੇਗਾ।
ਫਿਰ ਵੀ ਇਹ ਹਕੀਕਤ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਨੂੰ ਵਾਸ਼ਿੰਗਟਨ ਨੂੰ ਬਦਲਣ, ਅਮਰੀਕਾ ਨੂੰ ਸਭ ਤੋਂ ਅੱਗੇ ਰੱਖਣ ਅਤੇ ਰੋਜ਼ਗਾਰ ਸਿਰਜਣ ਵਰਗੇ ਜ਼ੋਰਦਾਰ ਨਾਅਰੇ ਲਗਾਉਣ ਤੋਂ ਨਹੀਂ ਰੋਕ ਸਕੇਗੀ।
ਨੋਟਬੰਦੀ ਤੋਂ ਬਾਅਦ ਅਰਥ ਵਿਵਸਥਾ ਦੀ ਰਫਤਾਰ ਮੱਠੀ ਪੈਣ ਦੀਆਂ ਗੱਲਾਂ ਕਿੰਨੀਆਂ ਕੁ ਸੱਚ
NEXT STORY