ਨਵੇਂ ਵਰ੍ਹੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਨਾਂ ਸੰਬੋਧਨ ਵਿਚ ਬਹੁਤ ਵੱਡੀਆਂ ਉਮੀਦਾਂ ਜਗਾਈਆਂ ਗਈਆਂ ਹਨ। ਉਹ ਕੋਈ ਵੀ ਭਾਸ਼ਣ 'ਮਿੱਤਰੋ' ਅਤੇ 'ਬਹਿਨੋਂ ਔਰ ਭਾਈਓ' ਵਰਗੇ ਸ਼ਬਦਾਂ ਨਾਲ ਸ਼ੁਰੂ ਕਰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਸ਼ੈਲੀ ਨੂੰ ਲੈ ਕੇ ਢੇਰ ਸਾਰੇ ਮਜ਼ਾਕ ਦੇਖਣ ਨੂੰ ਮਿਲਦੇ ਹਨ।
ਇਸ ਸੰਬੋਧਨ ਮੌਕੇ ਲੋਕਾਂ ਨੂੰ ਉਮੀਦ ਸੀ ਕਿ ਇਨ੍ਹਾਂ ਪਸੰਦੀਦਾ ਸ਼ਬਦਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਬੰਦ ਹੋ ਚੁੱਕੇ ਨੋਟਾਂ ਨੂੰ ਜਮ੍ਹਾ ਕਰਵਾਉਣ ਦੀ ਮਿਆਦ ਖਤਮ ਹੋਣ ਮੌਕੇ ਕੋਈ ਅਹਿਮ ਐਲਾਨ ਕਰਨਗੇ ਪਰ ਉਨ੍ਹਾਂ ਦਾ ਇਹ ਭਾਸ਼ਣ ਨਿਰਾਸ਼ਾਜਨਕ ਹੀ ਸਿੱਧ ਹੋਇਆ। ਅਹਿਮ ਗੱਲ ਇਹ ਹੈ ਕਿ ਮੋਦੀ ਉਸ ਦਿਨ ਬਿਲਕੁਲ ਹੀ ਆਪਣੇ ਅਸਲੀ ਰੰਗ ਵਿਚ ਨਹੀਂ ਆ ਸਕੇ।
ਉਹ ਆਪਣੇ ਭਾਵੁਕ ਭਾਸ਼ਣਾਂ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਵਿਚ ਬਹੁਤ ਨਾਟਕੀ ਕਾਂਡ ਤੇ ਹਾਜ਼ਿਰ-ਜੁਆਬੀ ਦੇਖਣ ਨੂੰ ਮਿਲਦੀ ਹੈ ਪਰ ਉਸ ਦਿਨ ਵਾਲਾ ਉਨ੍ਹਾਂ ਦਾ ਭਾਸ਼ਣ ਜਿਸ ਕਿਸੇ ਨੇ ਵੀ ਧਿਆਨ ਨਾਲ ਸੁਣਿਆ ਹੋਵੇਗਾ, ਉਸ ਨੇ ਬਹੁਤ ਆਸਾਨੀ ਨਾਲ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਸ ਦੀ ਰਿਕਾਰਡਿੰਗ ਕਈ ਟੁਕੜਿਆਂ 'ਚ ਹੋਈ ਸੀ। ਸਪੱਸ਼ਟ ਤੌਰ 'ਤੇ ਮੋਦੀ ਆਤਮ-ਵਿਸ਼ਵਾਸ ਨਾਲ ਭਰਪੂਰ ਰੌਂਅ 'ਚ ਨਹੀਂ ਸਨ।
8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤੇ ਜਾਣ ਤੋਂ ਉਨ੍ਹਾਂ ਨੇ 50 ਦਿਨਾਂ ਵਿਚ ਜੋ 'ਦੁਖਦਾਈ ਮਿਆਦ' ਖਤਮ ਕਰਨ ਦਾ ਵਾਅਦਾ ਕੀਤਾ ਸੀ, ਉਸ ਮਿਆਦ ਦੇ ਖਤਮ ਹੋਣ 'ਤੇ ਇਹ ਉਨ੍ਹਾਂ ਦਾ ਪਹਿਲਾ ਅਹਿਮ ਭਾਸ਼ਣ ਸੀ। ਲੋਕ ਇਹ ਸੁਣਨ ਲਈ ਉਤਾਵਲੇ ਸਨ ਕਿ ਇਹ ਯੋਜਨਾ ਕਿੰਨੀ ਸਫਲ ਜਾਂ ਅਸਫਲ ਰਹੀ ਹੈ ਅਤੇ ਭਵਿੱਖ ਵਿਚ ਉਨ੍ਹਾਂ ਨੂੰ ਕੀ ਮਿਲਣ ਵਾਲਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਕਿ ਉਹ ਕੁਝ ਵੱਡੀਆਂ ਰਿਆਇਤਾਂ ਦਾ ਐਲਾਨ ਕਰਨਗੇ ਅਤੇ ਕਾਲੇ ਧਨ 'ਤੇ ਰੋਕ ਲਾਉਣ ਲਈ ਬੇਨਾਮੀ ਜਾਇਦਾਦਾਂ ਦਾ ਪਤਾ ਲਗਾਉਣ ਵਰਗੇ ਨਵੇਂ ਕਦਮ ਚੁੱਕਣਗੇ ਕਿਉਂਕਿ ਕਾਲਾ ਧਨ ਮੁੱਖ ਤੌਰ 'ਤੇ ਬੇਨਾਮੀ ਜਾਇਦਾਦਾਂ 'ਤੇ ਹੀ ਨਿਵੇਸ਼ ਕੀਤਾ ਜਾਂਦਾ ਹੈ। ਕੁਝ ਲੋਕਾਂ ਨੇ ਤਾਂ ਇਹ ਵੀ ਸੋਚਿਆ ਸੀ ਕਿ ਉਹ ਗਰੀਬ ਤੇ ਵਾਂਝੇ ਲੋਕਾਂ 'ਤੇ ਧਨ ਦੀ ਬਰਸਾਤ ਕਰਨਗੇ। ਜਿਥੇ ਜ਼ਿਆਦਾਤਰ ਲੋਕਾਂ ਨੂੰ ਮੋਦੀ ਦਾ ਭਾਸ਼ਣ ਬੇਰੰਗ ਤੇ ਨੀਰਸ ਮਹਿਸੂਸ ਹੋਇਆ, ਉਥੇ ਹੀ ਸਭ ਤੋਂ ਬੁਰੀ ਗੱਲ ਇਹ ਸੀ ਕਿ ਅਰਥ ਵਿਵਸਥਾ ਬਾਰੇ ਉਨ੍ਹਾਂ ਵਲੋਂ ਕੀਤੇ ਗਏ ਕੁਝ ਦਾਅਵਿਆਂ ਨੂੰ ਮਾਹਿਰਾਂ ਵਲੋਂ ਚੁਣੌਤੀ ਦਿੱਤੀ ਗਈ। ਮਿਸਾਲ ਦੇ ਤੌਰ 'ਤੇ ਮੋਦੀ ਨੇ ਦਾਅਵਾ ਕੀਤਾ ਸੀ ਕਿ ਨਕਦੀ ਦੀ ਬਹੁਲਤਾ ਸਿੱਕੇ ਦੇ ਪਸਾਰ ਨੂੰ ਵਧਾ ਰਹੀ ਹੈ ਪਰ ਮਾਹਿਰਾਂ ਮੁਤਾਬਿਕ ਇਹ ਧਾਰਨਾ ਸਹੀ ਨਹੀਂ।
ਆਪਣੀ ਗੱਲ ਨੂੰ ਦਲੀਲਪੂਰਨ ਢੰਗ ਨਾਲ ਪੇਸ਼ ਕਰਦਿਆਂ ਮਾਹਿਰਾਂ ਨੇ ਕਿਹਾ ਕਿ ਬ੍ਰਾਜ਼ੀਲ ਵਿਚ ਨਕਦੀ ਦਾ ਪ੍ਰਵਾਹ ਭਾਰਤ ਦੇ ਮੁਕਾਬਲੇ ਕਾਫੀ ਘੱਟ ਹੈ, ਫਿਰ ਵੀ ਉਥੇ ਸਿੱਕੇ ਦੇ ਪਸਾਰ ਦਾ ਪੱਧਰ ਬਹੁਤ ਜ਼ਿਆਦਾ ਹੈ, ਜਦਕਿ ਇਸ ਦੇ ਉਲਟ ਸਵਿਟਜ਼ਰਲੈਂਡ ਵਿਚ ਨਕਦੀ ਦਾ ਪ੍ਰਵਾਹ ਬਹੁਤ ਜ਼ਿਆਦਾ ਹੈ ਪਰ ਸਿੱਕੇ ਦਾ ਪਸਾਰ ਨਾਮਾਤਰ ਹੀ ਹੈ।
ਮੋਦੀ ਨੇ ਇਹ ਵੀ ਕਿਹਾ ਕਿ ਜਿੰਨੀ ਘੱਟ ਨਕਦੀ ਪ੍ਰਚਲਨ ਵਿਚ ਹੋਵੇਗੀ, ਓਨਾ ਹੀ ਭ੍ਰਿਸ਼ਟਾਚਾਰ ਘੱਟ ਹੋਵੇਗਾ। ਇਹ ਵੀ ਬਹੁਤ ਵਿਵਾਦਪੂਰਨ ਹੈ। 'ਟਰਾਂਸਪੇਰੈਂਸੀ ਇੰਟਰਨੈਸ਼ਨਲ' ਅਨੁਸਾਰ ਬ੍ਰਾਜ਼ੀਲ ਅਤੇ ਭਾਰਤ ਵਿਚ ਭ੍ਰਿਸ਼ਟਾਚਾਰ ਦਾ ਪੱਧਰ ਲੱਗਭਗ ਇਕੋ ਜਿਹਾ ਹੀ ਹੈ ਪਰ ਦੋਹਾਂ ਦੇਸ਼ਾਂ ਵਿਚ ਜੀ. ਡੀ. ਪੀ. ਦੀ ਦਰ ਦੇ ਰੂਪ ਵਿਚ ਕਰੰਸੀ ਦੇ ਆਕਾਰ ਵਿਚ ਬਹੁਤ ਭਾਰੀ ਫਰਕ ਹੈ।
ਜਾਪਾਨ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿਚ ਚੱਲ ਰਹੀ ਕਰੰਸੀ ਦੀ ਦਰ ਜੀ. ਡੀ. ਪੀ. ਦੀ ਦਰ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਹੈ ਪਰ ਉਥੇ ਭ੍ਰਿਸ਼ਟਾਚਾਰ ਦਾ ਪੱਧਰ ਬਹੁਤ ਨੀਵਾਂ ਹੈ। ਮੋਦੀ ਨੇ ਇਕ ਗੱਲ ਹੋਰ ਕਹੀ ਕਿ ਭਾਰਤ ਵਰਗੇ ਹੋਰ ਦੇਸ਼ਾਂ ਵਿਚ ਇੰਨੀ ਕਰੰਸੀ ਚਲਨ ਵਿਚ ਨਹੀਂ, ਜਿੰਨੀ ਭਾਰਤ ਵਿਚ ਹੈ। ਇਸ ਮੁੱਦੇ 'ਤੇ ਵੀ ਮੋਦੀ ਗਲਤ ਸਨ ਕਿਉਂਕਿ ਦੱਖਣੀ ਕੋਰੀਆ ਤੇ ਮੈਕਸੀਕੋ 'ਚ ਭਾਰਤ ਦੇ ਮੁਕਾਬਲੇ ਕਿਤੇ ਜ਼ਿਆਦਾ ਕਰੰਸੀ ਚਲਨ ਵਿਚ ਹੈ।
ਅਰਥ ਵਿਵਸਥਾ ਨਾਲ ਸੰਬੰਧਿਤ ਤੱਥਾਂ ਤੋਂ ਇਲਾਵਾ ਉਨ੍ਹਾਂ ਵਲੋਂ ਐਲਾਨੀਆਂ ਕੁਝ ਯੋਜਨਾਵਾਂ ਵਿਚ ਵੀ ਕੋਈ ਨਵਾਂਪਣ ਨਹੀਂ ਹੈ। ਆਪਣੇ ਭਾਸ਼ਣ ਵਿਚ ਮੋਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਗਰਭਵਤੀ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਇਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕਰ ਰਹੀ ਹੈ ਤੇ ਜੋ ਵੀ ਗਰਭਵਤੀ ਔਰਤਾਂ ਸਰਕਾਰੀ ਹਸਪਤਾਲਾਂ ਵਿਚ ਬੱਚੇ ਨੂੰ ਜਨਮ ਦੇਣਗੀਆਂ ਤੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣਗੀਆਂ, ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਛੇ-ਛੇ ਹਜ਼ਾਰ ਰੁਪਏ ਜਮ੍ਹਾ ਕਰਵਾਏ ਜਾਣਗੇ। ਇਸ ਯੋਜਨਾ ਨਾਲ ਜੱਚਾ-ਬੱਚਾ ਮੌਤ ਦਰ 'ਚ ਬਹੁਤ ਜ਼ਿਆਦਾ ਕਮੀ ਆਏਗੀ।
ਜਿਸ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਮੋਦੀ ਨੇ ਕੀਤਾ ਹੈ, ਉਸ ਦੀ ਤਾਂ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਪਹਿਲਾਂ ਤੋਂ ਹੀ ਵਿਵਸਥਾ ਹੈ। 2013 'ਚ ਇਹ ਕਾਨੂੰਨ ਪਾਸ ਹੋਣ ਤੋਂ ਬਾਅਦ ਮੰਨਿਆ ਗਿਆ ਸੀ ਕਿ ਇਹ ਯੋਜਨਾ ਸਰਵਭੌਮਿਕ ਰੂਪ 'ਚ ਲਾਗੂ ਹੋਵੇਗੀ ਪਰ ਸਰਕਾਰ ਵਲੋਂ ਬਜਟ 'ਚ ਵਿਵਸਥਾ ਨਾ ਕੀਤੇ ਜਾਣ ਕਾਰਨ ਇਹ ਯੋਜਨਾ ਸਾਕਾਰ ਰੂਪ ਨਹੀਂ ਲੈ ਸਕੀ।
ਇਸ ਤੋਂ ਵੀ ਅੱਗੇ ਵਧਦਿਆਂ ਇਕ ਹੋਰ ਐਲਾਨ ਉਨ੍ਹਾਂ ਨੇ ਇਹ ਕੀਤਾ ਕਿ ਜਿਹੜੇ 3 ਕਰੋੜ ਕਿਸਾਨਾਂ ਕੋਲ 'ਕਿਸਾਨ ਕ੍ਰੈਡਿਟ ਕਾਰਡ' ਹਨ, ਉਨ੍ਹਾਂ ਨੂੰ 3 ਮਹੀਨਿਆਂ ਅੰਦਰ 'ਰੁਪੇ ਕਾਰਡ' ਦੇ ਦਿੱਤੇ ਜਾਣਗੇ। ਮਾਹਿਰਾਂ ਨੇ ਇਕ ਵਾਰ ਫਿਰ ਇਸ ਐਲਾਨ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਕਿ ਇਸ ਵਿਵਸਥਾ ਵਿਚ ਵੀ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਕਿਸਾਨ ਕ੍ਰੈਡਿਟ ਕਾਰਡਾਂ ਦੇ ਆਧਾਰ 'ਤੇ 'ਰੁਪੇ ਕਾਰਡ' ਜਾਂ ਹੋਰ ਡੈਬਿਟ ਕਾਰਡ ਹਾਸਿਲ ਕਰਨ ਦੀ ਵਿਵਸਥਾ 2012 ਤੋਂ ਹੀ ਹੋਂਦ ਵਿਚ ਹੈ, ਜਦੋਂ ਇਸ ਬਾਰੇ ਆਰ. ਬੀ. ਆਈ. ਨੇ ਹਦਾਇਤਾਂ ਜਾਰੀ ਕੀਤੀਆਂ ਸਨ। ਲੋਕ ਸਭਾ ਵਿਚ ਸਰਕਾਰ ਵਲੋਂ ਦਿੱਤੇ ਗਏ ਜਵਾਬ 'ਚ ਦੱਸਿਆ ਗਿਆ ਸੀ ਕਿ 2013-14 ਦੌਰਾਨ ਅਜਿਹੇ 56.60 ਲੱਖ 'ਰੁਪੇ ਕਾਰਡ' ਜਾਰੀ ਕੀਤੇ ਗਏ ਸਨ।
ਮੋਦੀ ਆਪਣੇ ਭਾਸ਼ਣ ਵਿਚ ਕਰੰਸੀ ਯੋਜਨਾ ਤੇ ਇਸ ਦੇ ਵਿਸਤਾਰ ਦੀਆਂ ਯੋਜਨਾਵਾਂ ਬਾਰੇ ਵੀ ਬੋਲੇ ਪਰ ਸਵਾਲ ਉਠਾਏ ਗਏ ਹਨ ਕਿ ਕੀ ਇਸ ਯੋਜਨਾ ਦੇ ਲਾਭ ਉਨ੍ਹਾਂ ਲੋਕਾਂ ਤਕ ਪਹੁੰਚੇ ਹਨ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਸੀ? ਇਕ ਹੋਰ ਐਲਾਨ ਵਿਚ ਮੋਦੀ ਨੇ ਕਿਹਾ ਕਿ ਬਜ਼ੁਰਗਾਂ (ਸੀਨੀਅਰ ਸਿਟੀਜ਼ਨਜ਼) ਨੂੰ 7.5 ਲੱਖ ਰੁਪਏ ਤਕ ਦੀਆਂ ਜਮ੍ਹਾ ਰਕਮਾਂ 'ਤੇ 8 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ, ਜਦਕਿ ਬੈਂਕਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਕਈ ਸਕੀਮਾਂ ਪਹਿਲਾਂ ਹੀ ਚੱਲ ਰਹੀਆਂ ਹਨ, ਜਿਨ੍ਹਾਂ ਦੇ ਤਹਿਤ ਬਜ਼ੁਰਗ ਬਹੁਤ ਘੱਟ ਮਿਆਦ ਲਈ ਜਮ੍ਹਾ ਕਰਵਾਈਆਂ ਗਈਆਂ ਰਕਮਾਂ 'ਤੇ ਵੀ 8.6 ਫੀਸਦੀ ਦਰ ਨਾਲ ਵਿਆਜ ਲੈ ਰਹੇ ਹਨ।
ਮੋਦੀ ਦੇ ਕੁਝ ਹੋਰ ਦਾਅਵੇ ਫੋਕੇ ਹੀ ਸਿੱਧ ਹੋਏ। ਮਿਸਾਲ ਵਜੋਂ ਉਨ੍ਹਾਂ ਨੇ ਕਿਹਾ ਕਿ ਪਿਛਲੇ 10-12 ਸਾਲਾਂ ਦੌਰਾਨ 500 ਅਤੇ 1000 ਰੁਪਏ ਵਾਲੇ ਕਰੰਸੀ ਨੋਟਾਂ ਦੀ ਵਰਤੋਂ ਇੰਨੀ ਜਾਇਜ਼ ਸੌਦਿਆਂ ਲਈ ਨਹੀਂ ਹੋਈ, ਜਿੰਨੀ ਸਮਾਨਾਂਤਰ ਅਰਥ ਵਿਵਸਥਾ ਲਈ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਚਾਈ ਇਹ ਹੈ ਕਿ ਬੈਂਕਿੰਗ ਤੰਤਰ ਵਿਚ ਜਿੰਨੀ ਜ਼ਿਆਦਾ ਨਕਦੀ ਜਮ੍ਹਾ ਹੋ ਗਈ ਹੈ, ਉਹ ਉਨ੍ਹਾਂ ਦੇ ਮਿਸ਼ਨ ਦੀ ਸਫਲਤਾ ਨੂੰ ਦਰਸਾਉਂਦੀ ਹੈ।
ਮਾਹਿਰਾਂ ਵਲੋਂ ਮੋਦੀ ਦੇ ਇਨ੍ਹਾਂ ਦੋਹਾਂ ਦਾਅਵਿਆਂ ਨੂੰ ਚੁਣੌਤੀ ਦਿੱਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕਾਂ ਕੋਲ ਜਮ੍ਹਾ ਜ਼ਿਆਦਾਤਰ ਨਕਦੀ ਦਾ ਲਾਜ਼ਮੀ ਤੌਰ 'ਤੇ ਇਹ ਅਰਥ ਨਹੀਂ ਕਿ ਕਾਲਾ ਧਨ ਘਟ ਗਿਆ ਹੈ। ਇਸ ਦਾ ਭਾਵ ਇਹ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਕੋਲ ਕਾਲਾ ਧਨ ਸੀ, ਉਨ੍ਹਾਂ ਨੇ ਉਸ ਨੂੰ ਵੱਖ-ਵੱਖ ਢੰਗਾਂ ਨਾਲ ਚਿੱਟੇ ਧਨ 'ਚ ਬਦਲ ਲਿਆ ਹੈ।
ਮੋਦੀ ਦਾ ਪੂਰਾ ਭਾਸ਼ਣ ਇਸ ਗੱਲ ਦਾ ਸਬੂਤ ਹੈ ਕਿ ਬੇਸ਼ੱਕ ਉਹ ਬਹੁਤ ਆਤਮ-ਵਿਸ਼ਵਾਸ ਨਾਲ ਭਰਪੂਰ ਬੁਲਾਰੇ ਹਨ, ਜੋ ਕਦੇ-ਕਦੇ ਹੰਕਾਰ ਵਿਚ ਵੀ ਆ ਜਾਂਦੇ ਹਨ, ਫਿਰ ਵੀ ਉਸ ਦਿਨ ਭਾਸ਼ਣ ਦਿੰਦਿਆਂ ਉਹ ਆਪਣੇ ਅਸਲੀ ਰੰਗ 'ਚ ਨਹੀਂ ਸਨ। ਸ਼ਾਇਦ ਅੰਦਰ ਹੀ ਅੰਦਰ ਉਨ੍ਹਾਂ ਨੂੰ ਕੋਈ ਗੱਲ ਰੜਕ ਰਹੀ ਸੀ।
ਫਿਰ ਵੀ ਜਦੋਂ ਉਨ੍ਹਾਂ ਨੇ ਦੋ ਦਿਨ ਪਹਿਲਾਂ ਲਖਨਊ ਵਿਚ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਤਾਂ ਉਹ ਬਿਲਕੁਲ ਪਹਿਲਾਂ ਵਰਗੇ ਮੋਦੀ ਲੱਗ ਰਹੇ ਸਨ ਤੇ ਪੂਰੀ ਤਰ੍ਹਾਂ 'ਇਲੈਕਸ਼ਨ ਮੋਡ' ਵਿਚ ਸਨ। ਸ਼ਾਇਦ ਨੋਟਬੰਦੀ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੱਡੀ ਚੋਣ ਜਿੱਤ ਦੇ ਰੂਪ ਵਿਚ ਨਵੀਂ ਆਕਸੀਜਨ ਦੀ ਲੋੜ ਹੈ।
vipinpubby0gmail.com
ਪਿਤਾ ਦਾ ਤਜਰਬਾ ਤੇ ਪੁੱਤਰ ਦੀ ਊਰਜਾ
NEXT STORY