ਇਕ ਤਾਨਾਸ਼ਾਹ ਸ਼ਾਸਕ ਲੋਕਤੰਤਰ ਦੀਆਂ ਚੂਲਾਂ ਹਿਲਾ ਸਕਦਾ ਹੈ ਤੇ ਇਹੋ ਕੰਮ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਰ ਰਹੇ ਹਨ ਪਰ ਉਹ ਇਕ ਸਾਮਰਾਜਵਾਦੀ ਤਾਕਤ ਵੀ ਬਣਦੇ ਜਾ ਰਹੇ ਹਨ। ਭਾਰਤ ਦੀ ਅਮਰੀਕਾ ਨਾਲ ਚੰਗੀ ਸਮਝਦਾਰੀ ਰਹੀ ਹੈ ਅਤੇ ਦੋਵੇਂ ਲੋਕਤੰਤਰਿਕ ਦੇਸ਼ (ਇਕ ਸਭ ਤੋਂ ਮਜ਼ਬੂਤ ਤੇ ਦੂਜਾ ਸਭ ਤੋਂ ਵੱਡਾ) ਇਸ ਅਰਾਜਕ ਦੁਨੀਆ ਵਿਚ ਆਰਾਮ ਨਾਲ ਚੱਲਦੇ ਰਹੇ ਹਨ।
ਖ਼ਬਰਾਂ ਮੁਤਾਬਿਕ ਟਰੰਪ ਨੇ ਭਾਰਤ ਨੂੰ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕਰਨ ਲਈ ਕਿਹਾ ਹੈ। ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਸ ਨੇ ਈਰਾਨ ਨਾਲ ਇਕ ਚਿਰਸਥਾਈ ਸਮਝੌਤਾ ਕੀਤਾ ਹੋਇਆ ਹੈ, ਜੋ ਉਸ ਨੂੰ ਲਗਾਤਾਰ ਅਤੇ ਦੂਜਿਆਂ ਨਾਲੋਂ ਸਸਤਾ ਤੇਲ ਦੇਣ ਦੀ ਗਾਰੰਟੀ ਦਿੰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੁਲਾਕਾਤ ਰੱਦ ਕਰ ਕੇ ਟਰੰਪ ਨੇ ਭਾਰਤ ਤੇ ਅਮਰੀਕਾ ਵਿਚਾਲੇ ਤਾਲਮੇਲ ਨੂੰ ਵਿਗਾੜ ਦਿੱਤਾ ਹੈ।
ਜ਼ਾਹਿਰ ਹੈ ਕਿ ਅਜਿਹੇ ਦਬਾਅ ਨੇ ਨਵੀਂ ਦਿੱਲੀ ਨੂੰ ਨਾਰਾਜ਼ ਕੀਤਾ ਹੈ ਪਰ ਉਸ ਨੂੰ ਲੱਗ ਰਿਹਾ ਹੈ ਕਿ ਗੱਲਬਾਤ ਨਾਲ ਮੱਤਭੇਦ ਦੂਰ ਕਰ ਲਏ ਜਾਣਗੇ। ਫਿਰ ਵੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫਸੋਸ ਪ੍ਰਗਟਾਉਣ ਲਈ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ ਅਤੇ ਇਸ 'ਤੇ ਡੂੰਘੀ ਨਿਰਾਸ਼ਾ ਪ੍ਰਗਟਾਈ ਕਿ ਅਮਰੀਕਾ ਨੂੰ ਨਾ ਟਾਲਣਯੋਗ ਕਾਰਨਾਂ ਕਰਕੇ ਵਿਦੇਸ਼ ਮੰਤਰੀਆਂ ਅਤੇ ਰੱਖਿਆ ਮੰਤਰੀਆਂ ਵਿਚਾਲੇ ਹੋਣ ਵਾਲੀ ਗੱਲਬਾਤ ਰੱਦ ਕਰਨੀ ਪਈ। ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਨਾਲ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਛੇਤੀ ਮੁਲਾਕਾਤ ਲਈ ਢੁੱਕਵਾਂ ਸਮਾਂ ਲੱਭਣ ਵਾਸਤੇ ਦੋਵੇਂ ਆਪਸ ਵਿਚ ਸਹਿਮਤ ਹੋਏ।
ਪਰ ਜੋ ਕੁਝ ਹੋਇਆ, ਉਸ ਬਾਰੇ ਵਾਸ਼ਿੰਗਟਨ ਨੇ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ। ਉਂਝ ਭਾਰਤ ਦੀ ਯਾਤਰਾ 'ਤੇ ਆਈ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਭਾਰਤ ਦੇ ਪ੍ਰਮੁੱਖ ਨੇਤਾਵਾਂ ਨਾਲ ਢੇਰ ਸਾਰੇ ਮੁੱਦਿਆਂ 'ਤੇ ਗੱਲਬਾਤ ਕੀਤੀ। ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ, ਜਦੋਂ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਕੇਤ ਦਿੱਤੇ ਕਿ ਈਰਾਨ ਨਾਲ ਅਮਰੀਕਾ ਜੋ ਕੁਝ ਕਰਨਾ ਚਾਹੁੰਦਾ ਹੈ, ਉਸ ਵਿਚ ਕਿਸੇ ਤਰ੍ਹਾਂ ਦਾ ਤਿਆਗ ਨਹੀਂ ਹੋਵੇਗਾ।
ਏਸ਼ੀਆ ਅਤੇ ਯੂਰਪ ਦੇ ਆਪਣੇ ਮਿੱਤਰ ਦੇਸ਼ਾਂ ਨੂੰ ਸੰਦੇਸ਼ ਦੇਣ ਤੋਂ ਇਲਾਵਾ ਆਪਣੀ ਸੋਚ ਨੂੰ ਮਨਜ਼ੂਰੀ ਦਿਵਾਉਣ ਲਈ ਅਮਰੀਕਾ ਦੇ ਵਿਦੇਸ਼ ਤੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਦੀ ਕਈ ਏਜੰਸੀਆਂ ਵਾਲੀ ਟੀਮ ਅਗਲੇ ਕੁਝ ਹਫਤਿਆਂ ਵਿਚ ਭਾਰਤ, ਚੀਨ ਅਤੇ ਹੋਰਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੀ ਹੈ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਈਰਾਨ ਨੇ ਆਪਸ ਵਿਚ ਇਕ ਸਮਝਦਾਰੀ ਬਣਾ ਲਈ ਹੈ, ਜਿਸ 'ਤੇ ਤੇਲ ਦੀ ਕੂਟਨੀਤੀ ਦਾ ਅਸਰ ਨਹੀਂ ਹੁੰਦਾ। ਦੋਹਾਂ ਨੇ ਭਾਰਤ ਵਿਚ ਬਣੀਆਂ ਚੀਜ਼ਾਂ ਬਦਲੇ ਤੇਲ ਦੀ ਸਪਲਾਈ ਲਈ ਇਕ ਚਿਰਸਥਾਈ ਸਮਝੌਤਾ ਕੀਤਾ ਹੋਇਆ ਹੈ। ਹਾਲਾਂਕਿ ਅਮਰੀਕਾ ਨੇ ਈਰਾਨ ਵਿਰੁੱਧ ਪਹਿਲਾਂ ਵੀ ਪਾਬੰਦੀਆਂ ਲਾਈਆਂ ਹੋਈਆਂ ਸਨ ਪਰ ਉਹ ਭਾਰਤ ਨੂੰ ਈਰਾਨ ਨਾਲੋਂ ਸਬੰਧ ਤੋੜਨ ਲਈ ਰਾਜ਼ੀ ਨਹੀਂ ਕਰ ਸਕਿਆ ਸੀ ਪਰ ਹੁਣ ਟਰੰਪ ਚਾਹੁੰਦੇ ਹਨ ਕਿ ਉਨ੍ਹਾਂ ਦੀ ਹੀ ਗੱਲ ਮੰਨੀ ਜਾਵੇ।
ਤੇਲ ਅਤੇ ਗੈਸ ਦੇ ਖੇਤਰ ਵਿਚ ਅਹਿਮ ਦੁਵੱਲੇ ਸਹਿਯੋਗ ਨੂੰ ਵਿਆਪਕ ਬਣਾਉਣ ਲਈ ਭਾਰਤ ਅਤੇ ਈਰਾਨ ਨੇ ਇਕ ਸਾਂਝੀ ਪ੍ਰਕਿਰਿਆ ਬਣਾਈ ਸੀ। ਦੋਵੇਂ ਸਹਿਮਤੀ ਵਾਲੇ ਇਲਾਕਿਆਂ ਵਿਚ ਰੱਖਿਆ ਸਹਿਯੋਗ, ਜਿਸ ਵਿਚ ਸਿਖਲਾਈ ਅਤੇ ਆਪਸੀ ਯਾਤਰਾਵਾਂ ਸ਼ਾਮਿਲ ਹਨ, ਦੇ ਮੌਕੇ ਲੱਭਣ ਲਈ ਵੀ ਸਹਿਮਤ ਹੋਏ ਸਨ। ਸਮਝੌਤੇ ਅਨੁਸਾਰ ਭਾਰਤ ਅਤੇ ਈਰਾਨ ਵਿਚਾਲੇ ਰੱਖਿਆ ਸਹਿਯੋਗ ਕਿਸੇ ਤੀਜੇ ਦੇਸ਼ ਦੇ ਵਿਰੁੱਧ ਨਹੀਂ ਹੋਵੇਗਾ। ਉਹ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਵਿਆਪਕ ਯਤਨ ਕਰਨ ਲਈ ਵੀ ਸਹਿਮਤ ਹੋਏ ਸਨ।
ਇਸ ਵਿਚ ਗੈਰ-ਤੇਲ ਵਪਾਰ ਅਤੇ ਚਾਬਹਾਰ ਬੰਦਰਗਾਹ ਕੰਪਲੈਕਸ, ਚਾਬਹਾਰ ਫਹਿਰਾਜ਼-ਬਾਮ ਰੇਲਵੇ ਲਿੰਕ ਅਤੇ ਕਿਸੇ ਸਹਿਮਤੀ ਵਾਲੀ ਜਗ੍ਹਾ 'ਤੇ ਤੇਲ ਟੈਂਕਿੰਗ ਲਈ ਟਰਮੀਨਲ ਸਮੇਤ ਹੋਰ ਢਾਂਚਾਗਤ ਉਸਾਰੀ ਤੇ ਭਾਰਤ ਦੇ ਢਾਂਚਾਗਤ ਨਿਰਮਾਣ ਪ੍ਰਾਜੈਕਟਾਂ ਵਿਚ ਈਰਾਨ ਦਾ ਨਿਵੇਸ਼ ਤੇ ਉਸ ਦੀ ਹਿੱਸੇਦਾਰੀ ਸ਼ਾਮਿਲ ਹੈ।
ਨਵੀਂ ਦਿੱਲੀ ਨੂੰ ਆਪਣੇ ਹਿੱਤਾਂ ਦਾ ਧਿਆਨ ਰੱਖਣਾ ਪੈਣਾ ਹੈ। ਇਸ ਨੇ ਅਮਰੀਕਾ ਦੀ ਗੱਲ ਵੀ ਰੱਖ ਲਈ ਸੀ, ਜਿਵੇਂ ਈਰਾਨ ਤੋਂ ਦਰਾਮਦ ਵਿਚ ਕਮੀ ਪਰ ਭਾਰਤ ਇਸ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕਦਾ ਕਿਉਂਕਿ ਇਸ ਨਾਲ ਭਾਰਤ ਨੂੰ ਹੀ ਨੁਕਸਾਨ ਹੋਵੇਗਾ। ਵ੍ਹਾਈਟ ਹਾਊਸ ਵਿਚ ਨਰਿੰਦਰ ਮੋਦੀ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਟਰੰਪ ਨੇ ਅੱਤਵਾਦ ਨੂੰ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਸਹਿਯੋਗ ਦਾ ਆਧਾਰ ਦੱਸਿਆ ਸੀ।
ਇਹ ਬਿਆਨ ਰਵਾਇਤੀ ਅਮਰੀਕੀ ਨੀਤੀ ਤੋਂ ਅੱਗੇ ਚਲਾ ਗਿਆ ਅਤੇ ਪਾਕਿਸਤਾਨ ਦੀ ਆਲੋਚਨਾ ਨਾਲ ਇਸ 'ਚ ਚੀਨ ਦੀ ਅਗਵਾਈ ਵਾਲੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਬਾਰੇ ਭਾਰਤ ਦੀ ਚਿੰਤਾ ਦਾ ਪ੍ਰਗਟਾਵਾ ਵੀ ਸੀ।
ਟਰੰਪ ਨੇ ਆਪਣੀ ਚੋਣ ਮੁਹਿੰਮ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਨਾਲ ਸੱਚੀ ਦੋਸਤੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ, ''ਮੈਂ ਵਾਅਦਾ ਕੀਤਾ ਸੀ ਕਿ ਜੇ ਮੈਂ ਜਿੱਤ ਗਿਆ ਤਾਂ ਵ੍ਹਾਈਟ ਹਾਊਸ 'ਚ ਭਾਰਤ ਲਈ ਇਕ ਸੱਚਾ ਮਿੱਤਰ ਹੋਵੇਗਾ ਤੇ ਇਹੋ ਤੁਹਾਡੇ ਕੋਲ ਹੈ—ਇਕ ਸੱਚਾ ਮਿੱਤਰ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਲਈ ਸਲਾਮ ਕਰਦਿਆਂ ਰੋਮਾਂਚਿਤ ਹਾਂ, ਜੋ ਤੁਸੀਂ ਆਪਸ ਵਿਚ ਮਿਲ ਕੇ ਹਾਸਿਲ ਕਰ ਰਹੇ ਹੋ। ਤੁਹਾਡੀ ਪ੍ਰਾਪਤੀ ਵਿਆਪਕ ਹੈ।''
ਸੋਸ਼ਲ ਮੀਡੀਆ ਅਨੁਸਾਰ ਟਰੰਪ ਨੇ ਮੋਦੀ ਅਤੇ ਖ਼ੁਦ ਨੂੰ ਦੁਨੀਆ ਦੇ ਨੇਤਾ ਦੱਸਿਆ ਸੀ। ਅਤੀਤ ਵਿਚ ਜੌਨ ਐੱਫ. ਕੈਨੇਡੀ, ਬਿਲ ਕਲਿੰਟਨ ਅਤੇ ਬਰਾਕ ਓਬਾਮਾ ਦੇ ਰੂਪ ਵਿਚ ਭਾਰਤ ਨੂੰ ਦੋਸਤਾਨਾ ਰਾਸ਼ਟਰਪਤੀ ਮਿਲੇ ਪਰ ਰਣਨੀਤਕ ਅਤੇ ਵਿਕਾਸ ਸਬੰਧੀ ਲੋੜਾਂ 'ਚ ਉਨ੍ਹਾਂ ਨੇ ਨਵੀਂ ਦਿੱਲੀ ਦੀ ਬਹੁਤ ਘੱਟ ਸਹਾਇਤਾ ਕੀਤੀ। ਉਨ੍ਹਾਂ 'ਤੇ ਇਹ ਵਿਚਾਰ ਹਾਵੀ ਸੀ ਕਿ ਉਹ ਕਿਸੇ ਵੀ ਤਰ੍ਹਾਂ ਪਾਕਿਸਤਾਨ ਨੂੰ ਚਿੜ੍ਹਾਉਣ ਵਾਲਾ ਕੰਮ ਨਾ ਕਰਨ। ਨਵੀਂ ਦਿੱਲੀ ਨੇ ਵੀ ਕਦੇ ਇਹ ਨਹੀਂ ਚਾਹਿਆ ਕਿ ਉਹ ਕੁਝ ਅਜਿਹਾ ਕਰਨ, ਜਿਸ ਤੋਂ ਲੱਗੇ ਕਿ ਉਹ ਇਸ ਪਾਸੇ ਝੁਕੇ ਹੋਏ ਹਨ।
ਪਰ ਟਰੰਪ ਅਮਰੀਕਾ ਦੀਆਂ ਪੁਰਾਣੀਆਂ ਨੀਤੀਆਂ ਤੋਂ ਕੁਝ ਹਟ ਕੇ ਕਰ ਰਹੇ ਹਨ। ਦੋਹਾਂ ਦੇਸ਼ਾਂ ਵਿਚਾਲੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਉਨ੍ਹਾਂ ਦਾ ਇਰਾਦਾ ਨਵੀਂ ਦਿੱਲੀ ਦੀ ਜਿੱਤ ਅਤੇ ਹਿਜ਼ਬੁਲ ਦੇ ਅੱਤਵਾਦੀਆਂ ਨੂੰ 'ਆਜ਼ਾਦੀ ਘੁਲਾਟੀਏ' ਦੱਸਣ ਦੀ ਕੋਸ਼ਿਸ਼ ਕਰ ਰਹੇ ਇਸਲਾਮਾਬਾਦ ਲਈ ਜ਼ਬਰਦਸਤ ਝਟਕਾ ਸੀ।
ਟਰੰਪ ਨੇ ਆਪਣੀ ਟਿੱਪਣੀ 'ਚ ਕਿਹਾ, ''ਅਮਰੀਕਾ ਅਤੇ ਭਾਰਤ ਵਿਚਾਲੇ ਸੁਰੱਖਿਆ ਸਬੰਧੀ ਭਾਈਵਾਲੀ ਬਹੁਤ ਅਹਿਮ ਹੈ। ਦੋਵੇਂ ਦੇਸ਼ ਅੱਤਵਾਦ ਦੀਆਂ ਬੁਰਾਈਆਂ ਦੇ ਮਾਰੇ ਹੋਏ ਹਨ ਅਤੇ ਅਸੀਂ ਦੋਵਾਂ ਨੇ ਸੰਕਲਪ ਲਿਆ ਹੋਇਆ ਹੈ ਕਿ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਨੂੰ ਚਲਾਉਣ ਵਾਲੀ ਕੱਟੜਪੰਥੀ ਵਿਚਾਰਧਾਰਾ ਨੂੰ ਖਤਮ ਕਰ ਦੇਵਾਂਗੇ। ਅਸੀਂ ਇਸਲਾਮਿਕ ਅੱਤਵਾਦ ਦਾ ਖਾਤਮਾ ਕਰ ਦਿਆਂਗੇ।''
ਇੰਝ ਲੱਗਾ ਸੀ ਕਿ ਦੋਹਾਂ ਨੇਤਾਵਾਂ ਨੇ ਇਕ ਟਿਕਾਊ ਦੋਸਤੀ ਬਣਾ ਲਈ ਹੈ। ਟਰੰਪ ਮੋਦੀ ਨੂੰ ਖ਼ੁਦ ਵ੍ਹਾਈਟ ਹਾਊਸ ਘੁਮਾਉਣ ਲਈ ਲੈ ਕੇ ਗਏ ਅਤੇ ਇਕ ਮੀਟਿੰਗ ਲਈ ਆਪਣੀ ਬੇਟੀ ਇਵਾਂਕਾ ਨੂੰ ਉਨ੍ਹਾਂ ਨੇ ਭਾਰਤ ਭੇਜਿਆ। ਆਪਣੇ ਵਲੋਂ ਮੋਦੀ ਨੇ ਵੀ ਟਰੰਪ ਨਾਲ ਖੜ੍ਹੇ ਹੋ ਕੇ ਐਲਾਨ ਕੀਤਾ ਕਿ ਸਮਾਜਿਕ ਅਤੇ ਆਰਥਿਕ ਤਬਦੀਲੀ ਵਿਚ ਅਮਰੀਕਾ ਭਾਰਤ ਦਾ ਪ੍ਰਮੁੱਖ ਭਾਈਵਾਲ ਹੈ।
ਲੋਕਾਂ ਨੂੰ ਵੀ ਲੱਗਾ ਕਿ ਇਹ ਸਭ ਚੰਗੇ ਸੰਕੇਤ ਹਨ ਪਰ ਹੁਣੇ-ਹੁਣੇ ਜੋ ਘਟਨਾਵਾਂ ਵਾਪਰੀਆਂ ਹਨ, ਉਹ ਅਮਰੀਕਾ ਦਾ ਵੱਖਰਾ ਰਵੱਈਆ ਹੀ ਦਰਸਾਉਂਦੀਆਂ ਹਨ। ਟਰੰਪ ਨਾਲ ਪਹਿਲੀ ਮੀਟਿੰਗ ਵਿਚ ਮੋਦੀ ਨੇ ਆਪਣਾ ਤਰੁੱਪ ਦਾ ਪੱਤਾ ਬੜੀ ਹੁਸ਼ਿਆਰੀ ਨਾਲ ਖੇਡਿਆ। ਭਾਰਤ ਵਿਚ ਮੋਦੀ ਦੀ ਪਾਰਟੀ ਭਾਜਪਾ ਨੇ ਆਪਣੀਆਂ ਜੜ੍ਹਾਂ ਜਮਾ ਲਈਆਂ ਹਨ ਅਤੇ ਭਾਜਪਾ ਹੁਣ ਸੂਬਿਆਂ ਵਿਚ ਵੀ ਆਪਣੇ ਪੈਰ ਪਸਾਰ ਰਹੀ ਹੈ। ਅਜਿਹੀ ਸਥਿਤੀ ਵਿਚ ਹੁਣ ਮੋਦੀ ਜੋ ਚਾਹੁੰਦੇ ਹਨ, ਉਹ ਹੈ ਪੂਰੀ ਕੌਮਾਂਤਰੀ ਪਛਾਣ।
ਇਸ ਤੋਂ ਬਿਹਤਰ ਕੁਝ ਨਹੀਂ ਹੁੰਦਾ ਕਿ ਅਮਰੀਕਾ ਨਾਲ ਭਾਰਤ ਦੇ ਰਿਸ਼ਤੇ ਚੰਗੇ ਹੁੰਦੇ, ਖਾਸ ਕਰਕੇ ਉਦੋਂ, ਜਦੋਂ ਚੀਨ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਦੇ ਰਿਹਾ ਹੈ। ਮੋਦੀ ਜਾਂ ਇੰਝ ਕਹੋ ਕਿ ਭਾਜਪਾ ਇਸ ਨੂੰ ਅਣਡਿੱਠ ਨਹੀਂ ਕਰ ਸਕਦੀ ਤੇ ਅਗਲੇ ਸਾਲ ਹੋ ਰਹੀਆਂ ਆਮ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਅਮਰੀਕਾ ਪ੍ਰਤੀ ਇਕ ਨਰਮ ਨੀਤੀ ਅਪਣਾਈ ਜਾਵੇ।
ਮੋਦੀ ਨੂੰ ਲੱਗਦਾ ਹੈ ਕਿ ਇਕ ਕਠੋਰ ਚਿਹਰਾ ਵੋਟਰਾਂ ਨੂੰ ਚੰਗਾ ਲੱਗੇਗਾ ਪਰ ਇਹ ਸਹੀ ਅਨੁਮਾਨ ਹੈ ਜਾਂ ਗਲਤ, ਇਸ ਦਾ ਪਤਾ ਤਾਂ ਭਾਰਤ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਲੱਗੇਗਾ।
ਟੁੱਟਣ ਕੰਢੇ ਪਹੁੰਚੀ ਪੀ. ਡੀ. ਪੀ.
NEXT STORY