ਇਸ ਵੇਲੇ ਪੂਰੇ ਦੇਸ਼ ਵਿਚ 'ਸਵੱਛ ਭਾਰਤ' ਮੁਹਿੰਮ ਦੀ ਤੀਸਰੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸਨੂੰ ਸਫਾਈ ਪੰਦਰਵਾੜੇ ਦਾ ਨਵਾਂ ਨਾਂ ਵੀ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਪੰਚਾਇਤੀ ਮੰਤਰਾਲੇ ਵਲੋਂ ਕੁਝ ਹੋਰ ਮੰਤਰਾਲਿਆਂ ਦੇ ਸਹਿਯੋਗ ਨਾਲ ਦੇਸ਼ ਦੇ ਸਾਰੇ ਸੂਬਿਆਂ ਵਿਚ ਹਰ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਬਹੁਤ ਸਾਰੀਆਂ ਸੂਬਾਈ ਸਰਕਾਰਾਂ, ਖਾਸ ਕਰਕੇ ਭਾਜਪਾ ਸਰਕਾਰਾਂ ਇਸ ਪੰਦਰਵਾੜੇ ਨੂੰ ਮਨਾਉਣ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ। ਜ਼ਾਹਿਰ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛ ਭਾਰਤ' ਮੁਹਿੰਮ ਦਾ ਆਗਾਜ਼ ਤਿੰਨ ਵਰ੍ਹੇ ਪਹਿਲਾਂ ਖੁਦ ਹੱਥ ਵਿਚ ਝਾੜੂ ਫੜ ਕੇ ਸਫਾਈ ਕਰਨ ਨਾਲ ਕੀਤਾ ਸੀ।
ਉਸ ਤੋਂ ਪਿੱਛੋਂ ਕੀ ਦਿੱਲੀ ਅਤੇ ਕੀ ਸੂਬਿਆਂ ਦੇ ਹਰ ਛੋਟੇ-ਵੱਡੇ ਸ਼ਹਿਰਾਂ ਵਿਚ ਛੋਟੇ-ਵੱਡੇ ਨੇਤਾਵਾਂ ਵਲੋਂ ਹੱਥ ਵਿਚ ਝਾੜੂ ਫੜ ਕੇ ਤਸਵੀਰਾਂ ਖਿਚਵਾਈਆਂ ਗਈਆਂ। ਮੀਡੀਆ ਨੇ ਵੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ। ਦੂਜੇ ਪਾਸੇ ਮੰਨੋ ਭਾਵੇਂ ਨਾ ਪਰ ਕੌੜਾ ਸੱਚ ਇਹ ਹੈ ਕਿ ਇਹ ਮੁਹਿੰਮ ਤਿੰਨ ਵਰ੍ਹੇ ਪਹਿਲਾਂ ਜਿਥੋਂ ਸ਼ੁਰੂ ਹੋਈ ਸੀ, ਅੱਜ ਵੀ ਉਥੇ ਹੀ ਖੜ੍ਹੀ ਹੈ।
ਤੁਸੀਂ ਜੇ ਇਸ ਮੁਹਿੰਮ ਦੇ ਕੁਝ ਦ੍ਰਿਸ਼ ਵੇਖਣੇ ਹਨ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਨੇੜੇ, ਗਲੀ, ਮੁਹੱਲੇ, ਫਿਰ ਛੋਟੇ-ਵੱਡੇ ਬਾਜ਼ਾਰ, ਪਾਰਕ, ਬੱਸ ਸਟੈਂਡ, ਸਟੇਸ਼ਨ ਅਤੇ ਸਕੂਲ-ਕਾਲਜ ਅਤੇ ਹੋਰ ਅਦਾਰੇ, ਦਫਤਰ ਵੇਖ ਲਓ। ਚਾਰ-ਚੁਫੇਰੇ ਕੂੜਾ ਕਰਕਟ ਨਜ਼ਰੀਂ ਆਵੇਗਾ।
ਜੇ ਹੋਰ ਸੱਚ ਜਾਨਣਾ ਹੋਵੇ ਤਾਂ ਸੌ-ਦੋ ਸੌ ਕਿਲੋਮੀਟਰ ਲੰਮਾ ਰੇਲ ਗੱਡੀ ਦਾ ਸਫਰ ਕਰ ਲਓ। ਰਸਤੇ ਵਿਚ ਜੋ ਵੀ ਛੋਟਾ-ਵੱਡਾ ਸਟੇਸ਼ਨ ਆਵੇਗਾ, ਉਸ ਦੇ ਸ਼ੁਰੂ ਅਤੇ ਖਾਤਮੇ ਵੇਲੇ ਤੁਹਾਨੂੰ ਜੋ ਦ੍ਰਿਸ਼ ਨਜ਼ਰ ਆਵੇਗਾ, ਉਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ।
ਦਿਖਾਵੇ ਵਜੋਂ ਹਰ ਛੋਟੇ-ਵੱਡੇ ਸ਼ਹਿਰ ਵਿਚ ਸਫਾਈ ਦੇ ਵੱਡੇ-ਵੱਡੇ ਪ੍ਰਬੰਧ ਹੋ ਰਹੇ ਹਨ ਪਰ ਸਹੀ ਅਰਥਾਂ ਵਿਚ ਇਨ੍ਹਾਂ ਨੂੰ ਅਮਲੀ ਰੂਪ ਨਹੀਂ ਮਿਲ ਰਿਹਾ। ਮਿਊਂਸੀਪਲ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਲੋਂ ਥਾਂ-ਥਾਂ ਠੋਸ ਅਤੇ ਤਰਲ ਕੂੜੇ ਵਾਲੇ ਢੋਲ ਰੱਖੇ ਜਾ ਰਹੇ ਹਨ ਪਰ ਲੋਕਾਂ ਦੀ ਸੱਚ ਪੁੱਛੋ ਤਾਂ ਅਜੇ ਆਦਤ ਹੀ ਨਹੀਂ ਬਣ ਰਹੀ ਕਿ ਕੂੜਾ ਇਨ੍ਹਾਂ ਢੋਲਾਂ ਵਿਚ ਪਾਇਆ ਜਾਵੇ।
ਸਹਿਜ ਸੁਭਾਅ ਜਾਂ ਫਿਰ ਜਾਣ-ਬੁੱਝ ਕੇ ਖਾਧੀ-ਪੀਤੀ ਵਾਧੂ ਚੀਜ਼ ਕੂੜੇ ਦੇ ਢੋਲ ਵਿਚ ਸੁੱਟਣ ਦੀ ਥਾਂ ਨੇੜੇ ਪਈ ਕੋਈ ਖਾਲੀ ਥਾਂ ਵੇਖ ਕੇ ਸੁੱਟ ਦਿੱਤੀ ਜਾਂਦੀ ਹੈ। ਅਸਲ ਵਿਚ ਘਰ ਤੋਂ ਲੈ ਕੇ ਬਾਹਰ ਤਕ ਜਿਥੇ ਕਿਤੇ ਵੀ ਕੋਈ ਤਬਦੀਲੀ ਹੁੰਦੀ ਹੈ, ਭਾਰਤੀ ਉਸਨੂੰ ਤੁਰੰਤ ਗ੍ਰਹਿਣ ਨਹੀਂ ਕਰਦੇ। 'ਸਵੱਛ ਭਾਰਤ' ਮੁਹਿੰਮ ਨੂੰ ਵੀ ਸਹੀ ਮਾਅਨਿਆਂ ਵਿਚ ਅਜੇ ਲੋਕਾਂ ਨੇ ਦਿਲੋਂ ਗ੍ਰਹਿਣ ਨਹੀਂ ਕੀਤਾ, ਸਗੋਂ ਇਹੋ ਜਿਹੇ ਕਾਇਦੇ ਕਾਨੂੰਨਾਂ ਨੂੰ ਤੋੜ ਕੇ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ।
ਮੋਟੇ ਤੌਰ 'ਤੇ ਕੋਈ ਨਵੀਂ ਤਬਦੀਲੀ ਭਾਰਤੀ ਲੋਕਾਂ ਦੇ ਸੰਘੋਂ ਹੇਠਾਂ ਉਤਾਰਨ ਲਈ ਦੋ ਤਰੀਕੇ ਹਨ। ਪਹਿਲਾ ਹੈ ਸਖਤੀ ਅਤੇ ਦੂਜਾ ਇਨ੍ਹਾਂ ਨੂੰ ਹੌਲੀ-ਹੌਲੀ ਇਸ ਦੇ ਲਈ ਸਿੱਖਿਅਤ ਕਰਨਾ। ਅੱਜ ਆਪਣੇ ਆਲੇ-ਦੁਆਲੇ ਕੂੜਾ ਜਾਂ ਕੋਈ ਹੋਰ ਗੰਦੀ ਚੀਜ਼ ਖਿਲਾਰਨ ਲਈ ਤੁਸੀਂ ਭਾਰੀ ਜੁਰਮਾਨਾ ਕਰਨਾ ਸ਼ੁਰੂ ਕਰ ਦਿਓ ਤਾਂ ਦਿਨਾਂ ਵਿਚ ਹੀ ਲੋਕ ਖੁਦ-ਬਖੁਦ ਇਸ ਆਦਤ ਨੂੰ ਗ੍ਰਹਿਣ ਕਰਨ ਲੱਗ ਜਾਣਗੇ।
ਇਹਦੇ ਨਾਲੋਂ ਦੂਜਾ ਤਰੀਕਾ ਵਧੇਰੇ ਚੰਗਾ ਹੈ ਅਤੇ ਉਹ ਇਹ ਹੈ ਕਿ ਕਿਸੇ ਵੀ ਨਵੀਂ ਤਬਦੀਲੀ ਲਈ ਲੋਕਾਂ ਨੂੰ ਪਹਿਲਾਂ ਮਾਨਸਿਕ ਤੌਰ 'ਤੇ ਤਿਆਰ ਕਰ ਲਓ। ਇਸ ਦੇ ਨਤੀਜੇ ਹਮੇਸ਼ਾ ਚੰਗੇ ਨਿਕਲਣਗੇ। ਹੁਣ ਮੋਦੀ ਵੀ ਇਹੋ ਕਹਿ ਰਹੇ ਹਨ। ਪਿਛਲੇ ਦਿਨੀਂ ਇਕ ਫਿਲਮ 'ਟਾਇਲਟ ਏਕ ਪ੍ਰੇਮ ਕਥਾ' ਵੇਖੀ, ਉਹ ਵੀ ਲੋਕਾਂ ਨੂੰ ਸਿੱਖਿਅਤ ਹੋਣ ਦਾ ਸੁਨੇਹਾ ਦਿੰਦੀ ਹੈ।
ਯੂਰਪੀ ਅਤੇ ਪੱਛਮੀ ਮੁਲਕਾਂ ਵਿਚ ਘਰ-ਬਾਹਰ ਅਤੇ ਬਾਜ਼ਾਰਾਂ, ਸੜਕਾਂ ਆਦਿ 'ਤੇ ਗੰਦ ਕਿਉਂ ਨਹੀਂ ਪੈਂਦਾ? ਉਥੇ ਦੋਵੇਂ ਰਸਤੇ ਅਖਤਿਆਰ ਕੀਤੇ ਜਾਂਦੇ ਹਨ। ਮਿਸਾਲ ਵਜੋਂ ਜੋ ਕੋਈ ਵਿਅਕਤੀ ਗੰਦ ਪਾਉਂਦਾ ਫੜਿਆ ਜਾਵੇ ਤਾਂ ਤੁਰੰਤ ਭਾਰੀ ਜੁਰਮਾਨਾ ਹੁੰਦਾ ਹੈ ਅਤੇ ਜੁਰਮਾਨਾ ਵੀ ਬਹੁਤ ਵਾਰੀ ਨਕਦ ਨਹੀਂ ਸਗੋਂ ਨੈਤਿਕ ਆਧਾਰ ਵਾਲਾ ਹੁੰਦਾ ਹੈ। ਇਸ ਵਿਚ ਉਸ ਵਿਅਕਤੀ ਨੂੰ ਕੁਝ ਘਰਾਂ ਵਿਚ ਹਰ ਰੋਜ਼ ਕੂੜਾ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਹੈ।
ਕੁਝ ਸਾਲ ਹੋਏ ਮੈਂ ਇੰਗਲੈਂਡ ਘੁੰਮਣ-ਫਿਰਨ ਗਿਆ ਸਾਂ। ਮੈਂ ਉਦੋਂ ਲੰਡਨ ਸਣੇ ਕਈ ਸ਼ਹਿਰ ਘੁੰਮੇ ਸਨ। ਸਬਵੇਅ ਰੇਲ ਗੱਡੀ ਵਿਚ ਵੀ ਸਫਰ ਕੀਤਾ ਸੀ, ਲੋਕਲ ਬੱਸ ਦੀ ਸਵਾਰੀ ਵੀ ਕੀਤੀ ਸੀ। ਕਿਤੇ ਵੀ ਛੋਟਾ-ਮੋਟਾ ਕਾਗਜ਼ ਜਾਂ ਹੋਰ ਚੀਜ਼ ਨਹੀਂ ਸੀ ਪਈ ਮਿਲਦੀ। ਛੋਟੇ-ਵੱਡੇ ਬਾਜ਼ਾਰਾਂ ਵਿਚ ਲੋਕਾਂ ਦੀ ਬਹੁਤ ਭੀੜ ਹੋਣ ਦੇ ਬਾਵਜੂਦ ਮਜਾਲ ਹੈ ਕਿਤੇ ਕੋਈ ਵਾਧੂ-ਘਾਟੂ ਚੀਜ਼ ਪਈ ਹੋਵੇ।
ਪਹਿਲੀ ਗੱਲ ਤਾਂ ਲੋਕਾਂ ਨੂੰ ਸਾਫ-ਸਫਾਈ ਦਾ ਖੁਦ ਹੀ ਅਹਿਸਾਸ ਹੈ ਅਤੇ ਦੂਜਾ ਉਹ ਹੋਰਨਾਂ ਨੂੰ ਵੇਖ ਕੇ ਵੀ ਸਫਾਈ ਲਈ ਖੁਦ ਚੌਕੰਨੇ ਹੋ ਜਾਂਦੇ ਹਨ। ਸਫਾਈ ਉਨ੍ਹਾਂ ਦੇ ਜੀਵਨ ਦਾ ਇਕ ਹਿੱਸਾ ਬਣ ਗਈ ਹੈ। ਤੀਜਾ ਇਸ ਸਭ ਪਿੱਛੇ ਡੰਡੇ ਦਾ ਡਰ ਵੀ ਹੈ।
ਤਾਂ ਕੀ ਭਾਰਤ ਵਿਚ ਸਫਾਈ ਮੁਹਿੰਮ ਦੇ ਨੇਪਰੇ ਨਾ ਚੜ੍ਹਨ ਦਾ ਸਭ ਤੋਂ ਵੱਡਾ ਕਾਰਨ ਦੇਸ਼ ਦੀ ਲਗਾਤਾਰ ਵਧ ਰਹੀ ਵਸੋਂ ਹੈ? ਅੱਜ ਦੇਸ਼ 135 ਕਰੋੜ ਤੋਂ ਵੱਧ ਆਬਾਦੀ ਨੂੰ ਢੁੱਕ ਚੁੱਕਾ ਹੈ ਅਤੇ ਬਹੁਤ ਛੇਤੀ ਦੁਨੀਆ ਵਿਚ ਭਾਰਤ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਸ ਆਬਾਦੀ ਵਿਚੋਂ ਅੱਧੀ ਦੇ ਨੇੜੇ-ਤੇੜੇ ਅਨਪੜ੍ਹਤਾ ਦੇ ਦੌਰ ਵਿਚੋਂ ਲੰਘ ਰਹੀ ਹੈ।
ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਤਾਂ ਛੋਟੇ-ਵੱਡੇ ਸਟੇਸ਼ਨਾਂ ਦੇ ਨੇੜੇ-ਤੇੜੇ ਵਸੇ ਹੋਏ ਹਨ ਅਤੇ ਬਾਕੀ ਜਿਥੇ ਵੀ ਥਾਂ ਮਿਲੀ, ਉਥੇ ਝੁੱਗੀਆਂ ਵਿਚ। ਪੜ੍ਹੇ-ਲਿਖੇ ਲੋਕਾਂ ਦੀ ਤਾਂ ਬਹੁਤੀ ਸਮੱਸਿਆ ਨਹੀਂ। ਅਸਲ ਵਿਚ ਇਹੋ ਲੋਕ ਹਨ, ਜਿਨ੍ਹਾਂ ਨੇ ਇਹੋ ਜਿਹੀਆਂ ਮੁਹਿੰਮਾਂ ਨੂੰ ਸਫਲ/ਅਸਫਲ ਬਣਾਉਣਾ ਹੁੰਦਾ ਹੈ। ਮੇਰੀ ਜਾਚੇ ਵਿਖਾਵੇ ਦੀ ਥਾਂ ਇਹੋ ਜਿਹੇ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਬਿਹਤਰ ਰਹੇਗਾ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦਾਅਵਾ 'ਕਾਂਗਰਸ ਫਿਰ ਨਵਾਂ ਜੀਵਨ ਹਾਸਿਲ ਕਰ ਸਕਦੀ ਹੈ'
NEXT STORY