ਸੰਸਦ ਦੀ ਬਹਿਸ ਨੂੰ ਦੇਖਦੇ ਹੋਏ ਇੰਝ ਲੱਗਦਾ ਹੈ ਕਿ ਸਾਡੀ ਵਿਰੋਧੀ ਧਿਰ ਦੇ ਤਰਕਸ਼ ’ਚ ਤੀਰ ਹਨ ਹੀ ਨਹੀਂ। ਉਹ ਸੱਤਾਧਾਰੀ ਪਾਰਟੀ ’ਤੇ ਖਾਲੀ ਤਰਕਸ਼ ਘੁਮਾਉਣ ’ਚ ਜੁਟੀ ਹੋਈ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪਹਿਲਾਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ’ਤੇ ਹਮਲਾ ਕੀਤਾ ਅਤੇ ਫਿਰ ਤਵਾਂਗ ’ਚ ਮੁਕਾਬਲੇ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ ਹੋ ਗਿਆ। ਇਨ੍ਹਾਂ ਦੋਵਾਂ ਮਾਮਲਿਆਂ ’ਚ ਵਿਰੋਧੀ ਧਿਰ ਚਾਹੁੰਦੀ ਤਾਂ ਸੰਸਦ ’ਚ ਗੰਭੀਰ ਬਹਿਸ ਹੋ ਸਕਦੀ ਸੀ। ਉਸ ਨਾਲ ਦੇਸ਼ ਨੂੰ ਲਾਭ ਹੀ ਹੋਣਾ ਸੀ। ਲੋਕਾਂ ਨੂੰ ਵੀ ਪਤਾ ਲੱਗਣਾ ਸੀ ਕਿ ਨਿਆਪਾਲਿਕਾ ਅਤੇ ਕਾਰਜਪਾਲਿਕਾ ਦੇ ਤਾਲਮੇਲ ’ਤੇ ਜੋ ਗੱਲ ਉਪ-ਰਾਸ਼ਟਰਪਤੀ ਨੇ ਕਹੀ ਹੈ, ਉਹ ਕਿੱਥੋਂ ਤੱਕ ਠੀਕ ਹੈ। ਜਗਦੀਪ ਧਨਖੜ ਨੇ ਮਾਣਯੋਗ ਜੱਜਾਂ ਦੀ ਨਿਯੁਕਤੀ ਬਾਰੇ ਮੌਜੂਦਾ ਕਾਲੇਜੀਅਮ ਸਿਧਾਂਤ ’ਚ ਸੁਧਾਰ ਦੀ ਗੱਲ ਕਹੀ ਸੀ। ਉਨ੍ਹਾਂ ਨਿਆਪਾਲਿਕਾ ਦੇ ਆਧਾਰਾਂ ਦੀ ਕਟੌਤੀ ਜਾਂ ਬੇਧਿਆਨੀ ਦੀ ਕੋਈ ਗੱਲ ਨਹੀਂ ਕਹੀ ਸੀ। ਉਨ੍ਹਾਂ ਕਿਸੇ ਸਿਹਤਮੰਦ ਸੰਸਦੀ ਲੋਕਰਾਜ ’ਚ ਨਿਆਪਾਲਿਕਾ, ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦਰਮਿਆਨ ਜੋ ਜ਼ਰੂਰੀ ਸੰਤੁਲਨ ਅਤੇ ਸਹਿਯੋਗ ਦਾ ਤੱਤ ਹੁੰਦਾ ਹੈ, ਉਸ ’ਤੇ ਹੀ ਜ਼ੋਰ ਦਿੱਤਾ ਸੀ।
ਇਸ ਤੋਂ ਇਲਾਵਾ ਰਾਜ ਸਭਾ ਦੇ ਚੇਅਰਮੈਨ ਵਜੋੋਂ ਉਨ੍ਹਾਂ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਮੰਤਰੀ ਪਿਊਸ਼ ਗੋਇਲ ਨੂੰ ਕਿਹਾ ਸੀ ਕਿ ਉਹ ਹਾਊਸ ’ਚ ਇਕ-ਦੂਜੇ ’ਤੇ ਸ਼ਰੇਆਮ ਹਮਲਾ ਕਰਨ ਦੀ ਬਜਾਏ ਇਨ੍ਹਾਂ ਦੇ ਚੈਂਬਰ ’ਚ ਜਾ ਕੇ ਤਵਾਂਗ ’ਚ ਹੋਏ ਮੁਕਾਬਲੇ ’ਤੇ ਗੱਲਬਾਤ ਕਰਨ ਤਾਂ ਖੜਗੇ ਨੇ ਧਨਖੜ ਦੀ ਇਸ ਨਿਮਰਤਾ ਭਰੀ ਅਪੀਲ ਨੂੰ ਵੀ ਠੁਕਰਾ ਦਿੱਤਾ। ਵਿਰੋਧੀ ਧਿਰ ਨੇ ਤਵਾਂਗ ਦੇ ਮੁੱਦੇ ’ਤੇ ਤਾਂ ਲੋਕ ਸਭਾ ਦੀ ਕਾਰਵਾਈ ਹੀ ਠੱਪ ਕਰ ਦਿੱਤੀ ਸੀ। ਕਾਂਗਰਸ ਦੀ ਮੰਗ ਹੈ ਕਿ ਤਵਾਂਗ ਮਸਲੇ ’ਤੇ ਭਾਰਤੀ ਫੌਜੀਆਾਂ ਨੂੰ ਜੋ ਕੁੱਟਿਆ ਗਿਆ ਹੈ, ਉਸ ’ਤੇ ਖੁੱਲ੍ਹੀ ਬਹਿਸ ਹੋਵੇ। ਸਾਡੇ ਬਹਾਦੁਰ ਜਵਾਨਾਂ ਲਈ ਇਸ ਸ਼ਬਦ ਦੀ ਵਰਤੋਂ ਬਿਲਕੁਲ ਬੇਲੋੜੀ ਹੈ। ਬਿਨਾਂ ਸਬੂਤ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਕੇ ਉਸ ਦੇ ਬੁਲਾਰੇ ਦੇ ਵੱਕਾਰ ਨੂੰ ਹੀ ਡੇਗ ਦਿੰਦਾ ਹੈ। ਤਵਾਂਗ ’ਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਜੋ ਮਾਮੂਲੀ ਮੁਕਾਬਲਾ ਹੋਇਆ ਹੈ ਉਹ ਕੀ ਇਸ ਯੋਗ ਸੀ ਕਿ ਉਸ ’ਤੇ ਸਾਡੀ ਸੰਸਦ ਦੇ ਕਈ ਘੰਟੇ ਬਰਬਾਦ ਕਰ ਦਿੱਤੇ। ਸਰਹੱਦੀ ਖੇਤਰਾਂ ’ਚ ਅਜਿਹੀਆਂ ਫੌਜੀ ਝੜਪਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ। ਅਜਿਹੀਆਂ ਝੜਪਾਂ ਭਾਰਤ-ਚੀਨ ਅਤੇ ਭਾਰਤ-ਪਾਕਿ ਸਰਹੱਦਾਂ ’ਤੇ ਹੀ ਨਹੀਂ ਹੁੰਦੀਆਂ, ਇਹ ਬੰਗਲਾਦੇਸ਼, ਮਿਆਂਮਾਰ, ਨੇਪਾਲ ਵਰਗੇ ਗੁਆਂਢੀ ਦੇਸ਼ਾਂ ਦੀਆਾਂ ਸਰਹੱਦਾਂ ’ਤੇ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਰਾਈ ਦਾ ਪਹਾੜ ਬਣਾਉਣ ਦੀ ਤੁੱਕ ਆਖਿਰ ਕੀ ਹੈ? ਸ਼ਾਇਦ ਇਸ ਲਈ ਹੈ ਕਿ ਸਾਡੀ ਵਿਰੋਧੀ ਧਿਰ ਕੋਲ ਨਾ ਤਾਂ ਕੋਈ ਵੱਡੀ ਨੀਤੀ ਹੈ ਅਤੇ ਨਾ ਹੀ ਕੋਈ ਨੇਤਾ। ਜੇ ਤਵਾਂਗ ਦਾ ਮੁਕਾਬਲਾ ਗੰਭੀਰ ਹੁੰਦਾ ਤਾਂ ਭਾਰਤ ਅਤੇ ਚੀਨ ਦੇ ਕੋਰ ਕਮਾਂਡਰ 2 ਦਿਨ ਪਹਿਲਾਂ ਚੁਸ਼ੂਲ-ਮੋਲਦੋ ਸਰਹੱਦ ਦੇ ਕੈਂਪ ’ਚ ਬੈਠ ਕੇ ਸ਼ਾਂਤੀ ਭਰਪੂਰ ਗੱਲਬਾਤ ਕਿਉਂ ਕਰਦੇ?
ਦੋਹਾਂ ਧਿਰਾਂ ਨੇ ਮੰਨਿਆ ਹੈ ਕਿ ਉਹ ਸਭ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨਗੇ। 2020 ’ਚ ਹੋਏ ਗਲਵਾਨ ਘਾਟੀ ਵਿਵਾਦ ’ਤੇ ਵੀ ਦੋਹਾਂ ਧਿਰਾਂ ਦਾ ਰਵੱਈਆ ਤਾਲਮੇਲ ਵਾਲਾ ਸੀ। ਚੀਨ ਨਾਲ ਸਰਹੱਦ ’ਤੇ ਕਦੇ-ਕਦਾਈਂ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨਾਲ ਭਾਰਤ ਦਾ ਵਪਾਰ ਵੀ ਵਧਦਾ ਹੀ ਜਾ ਰਿਹਾ ਹੈ। ਸਾਡੀ ਵਿਰੋਧੀ ਧਿਰ ਕੀ ਚਾਹੁੰਦੀ ਹੈ? ਅਸੀਂ ਜ਼ਬਰਦਸਤੀ ਚੀਨ ਨਾਲ ਕੀ ਝਗੜਾ ਮੁੱਲ ਲੈ ਲਈਏ? ਕਾਂਗਰਸ ਇਹ ਨਹੀਂ ਚਾਹੁੰਦੀ ਪਰ ਉਹ ਮੋਦੀ ਸਰਕਾਰ ਦੀਆਂ ਕਿਸੇ ਵੀ ਤਰ੍ਹਾਂ ਨਾਲ ਲੱਤਾਂ ਖਿੱਚਦੀ ਜ਼ਰੂਰ ਰਹਿਣਾ ਚਾਹੁੰਦੀ ਹੈ। ਇਸੇ ਲਈ ਇਹ ਇਕ ਗੈਰ-ਮੁੱਦੇ ਨੂੰ ਮੁੱਦਾ ਬਣਾਉਣ ’ਤੇ ਤੁਲੀ ਹੋਈ ਹੈ।
ਡਾ. ਵੇਦਪ੍ਰਤਾਪ ਵੈਦਿਕ
ਚੀਨੀ ਆਯਾਤ ਨੂੰ ਘੱਟ ਕਰਨ ਲਈ ਟਰੰਪ ਤੋਂ ਸਿੱਖੇ ਭਾਰਤ
NEXT STORY