ਸਿਆਸੀਦ੍ਰਿਸ਼ ਬਦਲਦੇ ਰਹਿਣ ਵਾਲੇ ਦੇਸ਼ ਵਿਚ ਅਸੀਂ ਲੋਕ ਆਪਣੇ ਕੌਮੀ ਜੀਵਨ ਵਿਚ ਅਟਲ ਬਿਹਾਰੀ ਵਾਜਪਾਈ ਦੀ ਮੌਤ ਨਾਲ ਪੈਦਾ ਹੋਏ ਖਲਾਅ ਨੂੰ ਮਹਿਸੂਸ ਕਰਦੇ ਰਹਾਂਗੇ। ਅਟਲ ਜੀ ਪਹਿਲੇ ਅਰਥ ਭਰਪੂਰ ਭਾਜਪਾ ਪ੍ਰਧਾਨ ਮੰਤਰੀ ਸਨ, ਜੋ ਰਾਜ ਧਰਮ ਅਤੇ ਸ਼ਾਸਨ ਕਲਾ ਦੀਆਂ ਪੇਚੀਦਗੀਆਂ ਵਿਚ ਯਕੀਨ ਕਰਦੇ ਸਨ ਤੇ ਉਨ੍ਹਾਂ 'ਤੇ ਅਮਲ ਵੀ ਕਰਦੇ ਸਨ। ਉਹ ਇਕ ਵੱਖਰੀ ਸ਼ਖ਼ਸੀਅਤ ਦੇ ਮਾਲਕ ਸਨ ਤੇ ਦਿਲੋਂ ਇਕ ਉਦਾਰਵਾਦੀ ਹਿੰਦੂ ਸਨ, ਜੋ ਨਹਿਰੂਵਾਦੀ ਢਾਂਚੇ 'ਚ ਢਲੇ ਹੋਏ ਸਨ। ਇਹੋ ਜ਼ਮੀਨੀ ਪੱਧਰ 'ਤੇ ਭਾਰਤ ਦੀ ਹਕੀਕਤ ਹੈ।
ਅਟਲ ਜੀ ਆਧੁਨਿਕ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਿਸ ਦੀਆਂ ਇਤਿਹਾਸਿਕ ਤੌਰ 'ਤੇ ਖੁਸ਼ਹਾਲ ਰਵਾਇਤਾਂ ਵਾਲੀਆਂ ਜੜ੍ਹਾਂ ਹਨ। ਭਾਜਪਾ ਦੀ ਅਗਵਾਈ ਹੇਠ 26 ਪਾਰਟੀਆਂ ਦੇ ਕੌਮੀ ਜਮਹੂਰੀ ਗੱਠਜੋੜ (ਰਾਜਗ) ਦੀ ਇਹੋ ਤਾਕਤ ਸੀ। ਉਹ ਸੱਚਮੁਚ ਇਕ ਸੰਘੀ ਭਾਰਤ ਸੀ, ਜਿਸ ਨੇ ਸਾਰੇ ਵਿਰੋਧੀ ਸਿਆਸੀ ਅਨਸਰਾਂ ਨੂੰ ਇਕਜੁੱਟ ਕੀਤਾ।
ਅਟਲ ਜੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਪੇਚੀਦਾ ਬਹੁਪੱਖੀ ਗੱਠਜੋੜ ਸਿਆਸਤ ਵਿਚ ਬੇਮਿਸਾਲ ਹਮਾਇਤ ਅਤੇ ਸਦਭਾਵਨਾ ਹਾਸਿਲ ਕੀਤੀ। ਇਥੋਂ ਤਕ ਕਿ ਪੱਛਮੀ ਬੰਗਾਲ ਦੀ ਬਾਗ਼ੀ ਨੇਤਾ ਮਮਤਾ ਬੈਨਰਜੀ ਵੀ ਉਦੋਂ ਰਾਜਗ ਦਾ ਇਕ ਹਿੱਸਾ ਸੀ। ਅਜਿਹਾ ਹੀ ਜੰਮੂ-ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਨਾਲ ਵੀ ਸੀ। ਅਜਿਹੀ ਸੀ ਵਾਜਪਾਈ ਦੀ ਚੁੰਬਕੀ ਸ਼ਖ਼ਸੀਅਤ ਅਤੇ ਨਿੱਜੀ ਗੁਣ।
ਮੈਂ ਮੌਜੂਦਾ ਭਾਜਪਾ ਨੇਤਾਵਾਂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ, ਦੇ ਹਿੱਤ ਲਈ ਸਵ. ਪ੍ਰਧਾਨ ਮੰਤਰੀ ਵਾਜਪਾਈ ਦੇ ਸਮੇਂ ਨੂੰ ਯਾਦ ਕਰ ਰਿਹਾ ਹਾਂ ਅਤੇ ਮੈਨੂੰ ਇਹ ਕਹਿੰਦਿਆਂ ਅਫਸੋਸ ਹੈ ਕਿ ਉਕਤ ਸਾਰਿਆਂ ਨੇ ਅਜੇ ਭਾਰਤੀ ਸਿਆਸਤ ਦੀਆਂ ਪੇਚੀਦਾ ਜ਼ਮੀਨੀ ਹਕੀਕਤਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ ਹੈ, ਜੋ ਸਦੀਆਂ ਦੌਰਾਨ ਵਿਕਸਿਤ ਹੋਈਆਂ ਹਨ। ਨਾ ਹੀ ਅਜਿਹਾ ਲੱਗਦਾ ਹੈ ਕਿ ਉਹ ਹਿੰਦੂਵਾਦ ਦੇ ਵਿਆਪਕ ਉਦਾਰ ਢਾਂਚੇ ਦੇ ਪ੍ਰਸ਼ੰਸਕ ਹਨ।
ਚੋਟੀ 'ਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਮੋਦੀ ਦਾ 'ਭਾਰਤ ਬਦਲੋ' ਏਜੰਡਾ ਸੰਘ ਪਰਿਵਾਰ ਦੇ ਇਕ ਵਰਗ ਦੀ ਇਕਪਾਸੜ ਮਾਨਸਿਕਤਾ ਹੈ, ਜੋ ਉਸ ਸਭ ਨੂੰ ਮਿਟਾ ਕੇ, ਜਿਸ ਨੂੰ ਉਹ ਆਪਣੇ ਲਈ 'ਪੀੜਾਦਾਇਕ ਬਿੰਦੂ' ਮੰਨਦੇ ਹਨ, ਇਤਿਹਾਸ ਦੀ ਪ੍ਰਕਿਰਿਆ ਨੂੰ ਪਲਟਣਾ ਚਾਹੁੰਦੇ ਹਨ।
ਇਤਿਹਾਸ ਸਾਨੂੰ ਅਤੀਤ ਅਤੇ ਵਰਤਮਾਨ ਦੀਆਂ ਘਟਨਾਵਾਂ ਲਈ ਦਰਪਣ ਮੁਹੱਈਆ ਕਰਵਾਉਂਦਾ ਹੈ, ਚਾਹੇ ਉਹ ਦਿਲਚਸਪ ਹੋਣ ਜਾਂ ਨਾ। ਇਹ ਸਾਨੂੰ ਸਹੀ ਸਬਕ ਸਿੱਖਣ ਵਿਚ ਮਦਦ ਦਿੰਦਾ ਹੈ, ਤਾਂ ਕਿ ਜੋ ਗਲਤੀਆਂ ਅਸੀਂ ਬੀਤੇ ਵਰ੍ਹਿਆਂ ਵਿਚ ਕੀਤੀਆਂ ਹਨ, ਉਨ੍ਹਾਂ ਨੂੰ ਨਾ ਦੁਹਰਾਇਆ ਜਾਵੇ ਪਰ ਅਸੀਂ ਇਤਿਹਾਸ ਤੋਂ ਸਬਕ ਸਿੱਖਣ ਵਾਲੇ ਲੋਕ ਨਹੀਂ ਹਾਂ। ਹੈਰਾਨੀ ਦੀ ਗੱਲ ਹੈ ਕਿ ਅਸੀਂ ਗਲਤੀਆਂ ਨੂੰ ਦੁਹਰਾਉਂਦੇ ਰਹਿੰਦੇ ਹਾਂ ਤੇ ਆਉਣ ਵਾਲੀ ਪੀੜ੍ਹੀ ਲਈ ਸਮੱਸਿਆਵਾਂ ਹੋਰ ਵਧਾ ਦਿੰਦੇ ਹਾਂ।
ਸ਼੍ਰੀ ਵਾਜਪਾਈ ਇਤਿਹਾਸ ਦੇ ਸਖਤ ਤੱਥਾਂ ਤੋਂ ਭਲੀਭਾਂਤ ਜਾਣੂ ਸਨ ਅਤੇ ਉਨ੍ਹਾਂ ਦੇ ਆਪਣੇ ਕਾਵਿਆਤਮਕ ਲਹਿਜ਼ੇ ਵਿਚ ਉਹ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਿਆਸਤ ਅਤੇ ਰਣਨੀਤੀਆਂ ਦੇ ਨਵੇਂ ਔਜ਼ਾਰ ਲੱਭਦੇ ਸਨ। ਉਨ੍ਹਾਂ ਕੋਲ ਦੂਰਦ੍ਰਿਸ਼ਟੀ ਸੀ—ਨਾ ਸਿਰਫ ਆਧੁਨਿਕ ਭਾਰਤ ਲਈ, ਸਗੋਂ ਉਪ-ਮਹਾਦੀਪ ਲਈ ਵੀ। ਉਨ੍ਹਾਂ ਦੀ ਲਾਹੌਰ ਬੱਸ ਯਾਤਰਾ ਅਤੇ ਆਗਰਾ ਸਿਖਰ ਵਾਰਤਾ ਤਾਲਮੇਲ ਅਤੇ ਗੱਲਬਾਤ ਦੀ ਪ੍ਰਕਿਰਿਆ ਦੁਸ਼ਮਣ ਗੁਆਂਢੀ ਦੇਸ਼ ਨਾਲ ਨਫਰਤ ਦੀਆਂ ਕੰਧਾਂ ਡੇਗਣ ਦਾ ਯਤਨ ਸੀ। ਇਹ ਵੱਖਰਾ ਮਾਮਲਾ ਹੈ ਕਿ ਪਾਕਿ ਫੌਜ ਦਾ ਤੱਤਕਾਲੀ ਮੁਖੀ ਮੁਸ਼ੱਰਫ ਬਹੁਤ ਚਲਾਕ ਸਿੱਧ ਹੋਇਆ। ਉਸ ਵਲੋਂ ਕਾਰਗਿਲ 'ਤੇ ਕੀਤੇ ਗਏ ਹਮਲੇ ਅਤੇ ਛਲ-ਕਪਟ ਵਾਲੀ ਸਿਆਸਤ ਨੇ ਇਸਲਾਮਾਬਾਦ ਨਾਲ ਸ਼੍ਰੀ ਵਾਜਪਾਈ ਜੀ ਦੀ ਸ਼ਾਂਤੀ ਦੀ ਪ੍ਰਕਿਰਿਆ ਨੂੰ ਪਲਟ ਦਿੱਤਾ।
ਇਹ 14 ਅਗਸਤ 1947 ਨੂੰ ਇਸ ਦੇ ਜਨਮ ਤੋਂ ਹੀ ਪਾਕਿਸਤਾਨ ਦਾ ਕਦੇ ਨਾ ਮੁੱਕਣ ਵਾਲਾ ਦੁਖਾਂਤ ਰਿਹਾ ਹੈ। ਪਾਕਿਸਤਾਨ ਦੀ ਨਫਰਤ ਅਤੇ ਬੇਯਕੀਨੀ ਵਾਲੀ ਮਾਨਸਿਕਤਾ ਨੇ ਜੇਹਾਦੀ ਅੱਤਵਾਦ ਫੈਲਾ ਦਿੱਤਾ, ਜਿਸ ਦਾ ਉਹ ਖ਼ੁਦ ਵੀ ਸ਼ਿਕਾਰ ਬਣਿਆ।
ਤਾਲਿਬਾਨੀ ਜੇਹਾਦੀਆਂ ਵਲੋਂ ਪੇਸ਼ਾਵਰ ਵਿਚ ਮਾਸੂਮ ਸਕੂਲੀ ਬੱਚਿਆਂ ਦੀ ਦਿਲ-ਕੰਬਾਊ ਹੱਤਿਆ ਦਾ ਮਾਮਲਾ ਕੀ ਪਾਕਿਸਤਾਨੀ ਨੇਤਾਵਾਂ ਨੂੰ ਦੱਸੇਗਾ ਕਿ ਉਨ੍ਹਾਂ ਤੋਂ ਕਿੱਥੇ ਅਤੇ ਕਿਵੇਂ ਗਲਤੀ ਹੋਈ ਪਰ ਅਫਸੋਸ ਕਿ ਇਸਲਾਮਾਬਾਦ ਦਾ ਫੌਜੀ ਅਤੇ ਆਈ. ਐੱਸ. ਆਈ. ਅਦਾਰਾ ਆਪਣੀਆਂ ਅੱਖਾਂ ਮੀਚੀ ਬੈਠਾ ਹੈ ਤੇ ਅਜੇ ਵੀ ਅੱਤਵਾਦ ਨੂੰ ਇਕ ਔਜ਼ਾਰ ਵਜੋਂ ਇਸਤੇਮਾਲ ਕਰਨ ਦੀ ਆਪਣੀ ਕੌਮੀ ਨੀਤੀ ਛੱਡਣ 'ਚ ਆਨਾਕਾਨੀ ਕਰ ਰਿਹਾ ਹੈ, ਖਾਸ ਕਰਕੇ ਭਾਰਤ ਵਿਰੁੱਧ।
ਇਸ ਨਿਰਾਸ਼ਾ ਭਰੀ ਸਥਿਤੀ ਵਿਚ ਇਹ ਯਾਦ ਕਰਨਾ ਠੀਕ ਹੋਵੇਗਾ ਕਿ ਉਸ ਦੇਸ਼ ਦੇ ਦੌਰੇ ਦੌਰਾਨ ਮੈਂ ਪਾਕਿਸਤਾਨੀਆਂ ਦੇ ਇਕ ਵੱਡੇ ਵਰਗ ਵਿਚ ਵਾਜਪਾਈ ਪ੍ਰਤੀ ਆਸ ਦੀ ਕੁਝ ਚਮਕ ਦੇਖੀ। ਅਤੀਤ 'ਤੇ ਨਜ਼ਰ ਮਾਰੀਏ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਵਾਜਪਾਈ ਸਰਕਾਰ 2004 ਵਿਚ ਸੱਤਾ ਵਿਚ ਵਾਪਸੀ ਕਰਦੀ ਤਾਂ ਭਾਰਤ-ਪਾਕਿ ਸਬੰਧ ਇਕ ਨਵਾਂ ਮੋੜ ਲਿਆ ਸਕਦੇ ਸਨ ਪਰ ਇਤਿਹਾਸ ਆਪਣੀ ਰਫਤਾਰ ਨਾਲ ਅੱਗੇ ਵਧਦਾ ਜਾਂਦਾ ਹੈ, ਹਾਲਾਂਕਿ ਦੂਰਅੰਦੇਸ਼ ਅਤੇ ਹਿੰਮਤੀ ਵਿਅਕਤੀ ਇਸ ਦੀ ਦਿਸ਼ਾ ਜ਼ਰੂਰ ਬਦਲ ਸਕਦਾ ਹੈ।
ਪ੍ਰਧਾਨ ਮੰਤਰੀ ਵਜੋਂ ਸ਼੍ਰੀ ਵਾਜਪਾਈ ਨੇ ਕਦੇ ਵੀ ਆਪਣੇ ਹਿੰਦੂਤਵ ਦੇ ਦਰਸ਼ਨ ਨੂੰ ਸਿਆਸਤ ਅਤੇ ਸੱਤਾ ਦੇ ਸੌੜੇ ਦਾਇਰੇ ਵਿਚ ਕੈਦ ਨਹੀਂ ਹੋਣ ਦਿੱਤਾ। ਉਨ੍ਹਾਂ ਲਈ ਹਿੰਦੂਤਵ ਹਮੇਸ਼ਾ ਹੀ ਉਦਾਰਵਾਦ ਦਾ ਇਕ ਵਿਸ਼ਾਲ ਕੈਨਵਸ ਰਿਹਾ ਹੈ। ਅਸਲ ਵਿਚ ਹਿੰਦੂਵਾਦ ਸਹਿਣਸ਼ੀਲਤਾ ਦੀਆਂ ਆਪਣੀਆਂ ਜੜ੍ਹਾਂ ਤੇ ਹੋਰਨਾਂ ਮਤਾਂ ਦੀ ਆਪਣੀ ਸਮਝ ਤੋਂ ਤਾਕਤ ਹਾਸਿਲ ਕਰਦਾ ਹੈ। ਇਹ ਦਰਸ਼ਨ ਦੇ ਨਾਲ-ਨਾਲ ਅਮਲੀ ਤੌਰ 'ਤੇ ਵੀ ਲਚਕੀਲਾ ਹੈ। ਵੱਖ-ਵੱਖ ਸਮਿਆਂ ਦੌਰਾਨ ਹਿੰਦੂਵਾਦ ਦੀ ਮੁੱਖ ਧਾਰਾ 'ਚੋਂ ਵਿਚਾਰਾਂ ਅਤੇ ਮਤਾਂ ਦੀਆਂ ਕਈ ਧਾਰਾਵਾਂ ਪੈਦਾ ਹੋਈਆਂ ਹਨ।
ਸ਼੍ਰੀ ਵਾਜਪਾਈ ਨੇ ਆਪਣੇ ਕੁਝ ਪਾਰਟੀ ਸਹਿਯੋਗੀਆਂ ਦੀ ਕੱਟੜਵਾਦੀ ਹਿੰਦੂ ਸਥਿਤੀ ਦੇ ਵਿਰੁੱਧ ਨਰਮ ਰਵੱਈਆ ਅਪਣਾਇਆ। ਇਸ ਦੀ ਸਭ ਤੋਂ ਜ਼ਿਕਰਯੋਗ ਮਿਸਾਲ ਬਾਬਰੀ ਮਸਜਿਦ ਕਾਂਡ 'ਤੇ ਉਨ੍ਹਾਂ ਦਾ ਰਵੱਈਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਦੱਸਿਆ ਸੀ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਵਿਚਾਰਕ ਵਿਰੋਧੀਆਂ ਨੇ ਲੀਕ ਤੋਂ ਹਟ ਕੇ ਸ਼੍ਰੀ ਵਾਜਪਾਈ ਦੀ ਸਿਆਸਤ, ਸਮਾਜਿਕ ਅਤੇ ਜੀਵਨ ਦੇ ਮਨੁੱਖਤਾਵਾਦੀ ਦਰਸ਼ਨ ਦੀ ਤਾਰੀਫ ਕੀਤੀ ਹੈ। ਇਹ ਇਕ ਵੱਡਾ ਸਬਕ ਹੈ, ਜਿਸ ਨੂੰ ਸੰਘ ਪਰਿਵਾਰ ਦੇ ਨੇਤਾਵਾਂ ਨੂੰ ਸਿੱਖਣ ਲਈ ਬਹੁਤ ਕੁਝ ਕਰਨਾ ਪਵੇਗਾ।
ਚੌਥੀ ਉਦਯੋਗਿਕ ਕ੍ਰਾਂਤੀ ਨੂੰ ਜਨਮ ਦੇਣਗੀਆਂ ਨਵੀਆਂ ਤਕਨੀਕਾਂ
NEXT STORY