ਇਹ 1980 ਦੇ ਦਹਾਕੇ ਦਾ ਸ਼ੁਰੂਆਤੀ ਸਮਾਂ ਸੀ, ਜਦੋਂ ਆਗਰਾ ਦੀ ਰਹਿਣ ਵਾਲੀ ਬਸੀਰਾਂ ਆਪਣੇ ਪਤੀ ਨਾਲ ਦੇਸ਼ ਦੀ ਰਾਜਧਾਨੀ 'ਚ ਆਈ। ਉਨ੍ਹਾਂ ਨੂੰ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ 'ਚ ਸਥਿਤ ਨਵਜੀਵਨ ਕੈਂਪ 'ਚ ਪਨਾਹ ਮਿਲੀ ਪਰ ਆਮਦਨ ਕੋਈ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ। ਫਿਰ ਇਹ ਜੋੜਾ ਅਪਰਾਧ ਦੀ ਦੁਨੀਆ ਵੱਲ ਮੁੜ ਗਿਆ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਦੀ ਵਿਕਰੀ ਤੋਂ ਕੀਤੀ ਤੇ ਬਸੀਰਾਂ ਸ਼ਹਿਰ ਦੇ ਅੰਡਰਵਰਲਡ ਨਾਲ ਡੂੰਘਾਈ ਤਕ ਜੁੜ ਗਈ।
62 ਸਾਲਾ ਬਸੀਰਾਂ ਆਪਣੇ 8 ਬੇਟਿਆਂ ਦੀ ਸਹਾਇਤਾ ਨਾਲ ਕੁਝ ਸਮੇਂ ਬਾਅਦ ਰਾਜਧਾਨੀ 'ਚ ਅਪਰਾਧ ਜਗਤ ਦੀ ਮਹਾਰਾਣੀ ਬਣ ਗਈ। ਉਨ੍ਹਾਂ ਵਲੋਂ ਕੀਤੇ ਅਪਰਾਧਾਂ 'ਚ ਕਤਲ, ਜ਼ਬਰਦਸਤੀ ਵਸੂਲੀ, ਜ਼ਮੀਨਾਂ 'ਤੇ ਕਬਜ਼ੇ, ਇਥੋਂ ਤਕ ਕਿ ਪਾਣੀ ਦੀ ਕਾਲਾਬਾਜ਼ਾਰੀ ਤਕ ਕਰਨਾ ਸ਼ਾਮਿਲ ਹੈ।
ਦਿੱਲੀ ਪੁਲਸ ਨੇ ਬੀਤੇ ਸ਼ਨੀਵਾਰ ਬਸੀਰਾਂ ਉਰਫ ਮੰਮੀ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ, ਜਿਸ ਵਿਰੁੱਧ ਉਸ ਦੇ ਪਰਿਵਾਰ ਸਮੇਤ 113 ਮਾਮਲੇ ਦਰਜ ਹਨ। ਸਾਊਥ ਜ਼ਿਲੇ ਦੇ ਉਪ-ਪੁਲਸ ਕਮਿਸ਼ਨਰ ਰੋਮਿਲ ਬਾਨੀਆ ਨੇ ਦੱਸਿਆ ਕਿ ਬਸੀਰਾਂ ਇਕ ਖੂੰਖਾਰ ਗੈਂਗਸਟਰ ਹੈ, ਜੋ ਲੋਕਾਂ ਨੂੰ ਖਤਮ ਕਰਨ ਲਈ ਸੁਪਾਰੀ ਲੈਂਦੀ ਸੀ। ਸਤੰਬਰ 2017 ਵਿਚ ਇਕ ਨੌਜਵਾਨ ਦੇ ਕਤਲ 'ਚ ਪੁਲਸ ਵਲੋਂ ਉਸ 'ਤੇ ਸ਼ੱਕ ਪ੍ਰਗਟਾਉਣ ਤੋਂ ਬਾਅਦ ਉਹ ਇਸ ਸਾਲ ਜਨਵਰੀ ਤੋਂ ਭਗੌੜੀ ਸੀ ਪਰ ਪਿਛਲੇ ਸ਼ੁੱਕਰਵਾਰ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਸੰਗਮ ਵਿਹਾਰ ਆਈ ਤਾਂ ਪੁਲਸ ਨੇ ਉਸ ਨੂੰ ਫੜ ਲਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਸੀਰਾਂ ਨੇ ਆਪਣੀ ਮਤਰੇਈ ਭੈਣ ਵਲੋਂ ਇਕ ਨੌਜਵਾਨ ਦੀ ਹੱਤਿਆ ਕਰਨ ਲਈ 60,000 ਰੁਪਏ ਦੀ ਸੁਪਾਰੀ ਲਈ ਸੀ। ਕੁਝ ਦਿਨਾਂ ਬਾਅਦ ਪੁਲਸ ਨੂੰ ਜੰਗਲ ਦੇ ਇਲਾਕੇ 'ਚੋਂ ਇਕ ਗਲ਼ੀ-ਸੜੀ ਲਾਸ਼ ਮਿਲੀ ਸੀ। ਜਾਂਚ ਦੌਰਾਨ ਪੁਲਸ ਨੇ ਜਨਵਰੀ 2018 ਵਿਚ ਇਕ ਅੱਲ੍ਹੜ ਉਮਰ ਦੇ ਮੁੰਡੇ ਨੂੰ ਫੜਿਆ, ਜਿਸ ਨੇ ਹੱਤਿਆ 'ਚ ਬਸੀਰਾਂ ਦੇ ਸ਼ਾਮਿਲ ਹੋਣ ਦਾ ਖੁਲਾਸਾ ਕੀਤਾ। ਉਸ ਦੇ ਤਿੰਨ ਸਹਿਯੋਗੀ ਆਕਾਸ਼ ਉਰਫ ਅੱਕੀ, ਵਿਕਾਸ ਉਰਫ ਵਿੱਕੀ ਅਤੇ ਨੀਰਜ ਉਰਫ ਜੱਗੀ ਨੇ ਮਿਰਾਜ ਨੂੰ ਨਸ਼ੇ ਦੀ ਦਵਾਈ ਦੇ ਕੇ ਜੰਗਲ 'ਚ ਲਿਜਾ ਕੇ ਬੈਲਟ ਨਾਲ ਬੰਨ੍ਹ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੇ ਸਰੀਰ ਨੂੰ ਅੱਗ ਲਾ ਕੇ ਰਹਿੰਦ-ਖੂੰਹਦ ਜੰਗਲ 'ਚ ਦਬਾ ਦਿੱਤੀ।
ਬਸੀਰਾਂ ਨੂੰ ਆਪਣੀ ਗ੍ਰਿਫਤਾਰੀ ਹੋਣ ਦਾ ਅੰਦਾਜ਼ਾ ਹੋ ਗਿਆ ਸੀ ਅਤੇ ਉਹ ਦਿੱਲੀ ਤੋਂ ਭੱਜ ਗਈ। ਉਹ ਲੱਗਭਗ 8 ਮਹੀਨੇ ਅਹਿਮਦਾਬਾਦ, ਇਲਾਹਾਬਾਦ, ਮੈਨਪੁਰੀ ਅਤੇ ਫਿਰੋਜ਼ਾਬਾਦ 'ਚ ਘੁੰਮਦੀ ਰਹੀ। ਪੁਲਸ ਵਲੋਂ ਉਸ ਦੀ ਜਾਇਦਾਦ ਜ਼ਬਤ ਕਰਨ ਲਈ ਸਾਕੇਤ ਕੋਰਟ 'ਚ ਮਾਮਲਾ ਦਰਜ ਕਰਨ ਤੋਂ ਬਾਅਦ ਫੈਸਲਾ ਪੁਲਸ ਦੇ ਪੱਖ ਵਿਚ ਆਉਣ ਮਗਰੋਂ ਬਸੀਰਾਂ ਨਵੀਂ ਰਣਨੀਤੀ ਘੜਨ ਲਈ ਸ਼ਹਿਰ 'ਚ ਪਰਤ ਆਈ।
'ਲੇਡੀ ਡੌਨ' ਨੇ ਆਪਣੇ ਬੇਟਿਆਂ ਨੂੰ ਅਪਰਾਧ ਜਗਤ ਵਿਚ ਆਉਣ ਤੇ ਸਥਾਨਕ ਲੋਕਾਂ ਅੰਦਰ ਉਸ ਦੇ ਨਾਂ ਦਾ ਖੌਫ਼ ਪੈਦਾ ਕਰਨ ਲਈ ਹੱਲਾਸ਼ੇਰੀ ਦਿੱਤੀ। ਉਸ ਨੇ ਸੰਗਮ ਵਿਹਾਰ 'ਚ ਦੇਖਿਆ ਕਿ ਪੀਣ ਵਾਲੇ ਪਾਣੀ ਦੀ ਅਕਸਰ ਕਮੀ ਹੁੰਦੀ ਹੈ, ਇਸ ਲਈ ਉਸ ਨੇ ਸਰਕਾਰੀ ਜਲ ਇਕਾਈਆਂ ਤੇ ਖੂਹਾਂ 'ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਸ ਤਰ੍ਹਾਂ ਉਹ ਤੇ ਉਸ ਦਾ ਪਰਿਵਾਰ ਇਲਾਕੇ ਵਿਚ ਜਲ ਟੈਂਕਰ ਮਾਫੀਆ ਬਣ ਗਿਆ ਤੇ ਉਨ੍ਹਾਂ ਦਾ ਕਾਰੋਬਾਰ ਗਰਮੀਆਂ ਵਿਚ ਖਾਸ ਤੌਰ 'ਤੇ ਬਹੁਤ ਚੱਲਦਾ ਸੀ।
ਬਸੀਰਾਂ ਨੇ ਆਪਣੇ ਅਪਰਾਧੀ ਬੇਟਿਆਂ ਦੀ ਸਹਾਇਤਾ ਨਾਲ ਇਲਾਕੇ ਵਿਚ ਆਪਣਾ ਪ੍ਰਭਾਵ ਕਾਇਮ ਕਰ ਲਿਆ। ਉਹ ਆਪਣੀ ਮਾਂ ਦੀ ਸ਼ਖ਼ਸੀਅਤ ਅਤੇ ਰਵੱਈਏ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਇਲਾਕੇ ਦੀਆਂ ਜਲ ਇਕਾਈਆਂ 'ਤੇ ਕਬਜ਼ਾ ਕਰ ਕੇ ਆਸਾਨੀ ਨਾਲ ਧਨ ਕਮਾਉਣ ਲਈ ਪਾਣੀ ਵੇਚਣਾ ਸ਼ੁਰੂ ਕਰ ਦਿੱਤਾ।
ਬਸੀਰਾਂ ਦੇ ਬੇਟਿਆਂ ਵਿਚ ਸਭ ਤੋਂ ਖ਼ਤਰਨਾਕ ਸ਼ਮੀਮ ਉਰਫ ਗੂੰਗਾ 'ਤੇ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਹਥਿਆਰ ਕਾਨੂੰਨ, ਜ਼ਬਰਦਸਤੀ ਵਸੂਲੀ, ਡਕੈਤੀ ਵਰਗੇ 42 ਮਾਮਲੇ ਦਰਜ ਹਨ। ਇਸੇ ਤਰ੍ਹਾਂ ਉਸ ਦੇ ਬਾਕੀ ਬੇਟਿਆਂ 'ਚੋਂ ਸ਼ਕੀਲ ਵਿਰੁੱਧ ਅਜਿਹੇ 15 ਮਾਮਲੇ, ਵਕੀਲ ਵਿਰੁੱਧ 13, ਫੈਜ਼ਲ ਅਤੇ ਸੰਨੀ ਖਾਨ ਵਿਰੁੱਧ 9-9, ਰਾਹੁਲ ਖਾਨ ਵਿਰੁੱਧ 3 ਅਤੇ ਸਲਮਾਨ ਖਾਨ ਵਿਰੁੱਧ 2 ਮਾਮਲੇ ਦਰਜ ਹਨ। ਬਸੀਰਾਂ ਦਾ ਇਕ ਨਾਬਾਲਗ ਬੇਟਾ ਵੀ ਹੈ, ਜਿਸ ਵਿਰੁੱਧ ਕਤਲ ਤੇ ਜ਼ਬਰਦਸਤੀ ਵਸੂਲੀ ਦੇ ਦੋਸ਼ ਹਨ। (ਮੇਟੁ)
ਉੱਤਰ-ਪੂਰਬ 'ਚ ਚੰਗੇ ਸ਼ਾਸਨ ਤੇ ਵਿਕਾਸ ਵੱਲ ਧਿਆਨ ਦੇਵੇ ਕੇਂਦਰ ਸਰਕਾਰ
NEXT STORY