ਸ਼ਾਰਜਾਹ- ਵੈਭਵ ਸੂਰਯਵੰਸ਼ੀ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਵਨ ਡੇ ਦੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਇੱਥੇ ਸ਼੍ਰੀਲੰਕਾ ਨੂੰ 170 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਦੀ ਪਾਰੀ ਨੂੰ 46.2 ਓਵਰਾਂ ਵਿਚ 173 ਦੌੜਾਂ ’ਤੇ ਸਮੇਟਣ ਤੋਂ ਬਾਅਦ ਭਾਰਤ ਨੇ ਸੂਰਯਵੰਸ਼ੀ ਦੀ 36 ਗੇਂਦਾਂ ਵਿਚ 67 ਦੌੜਾਂ ਦੀ ਤਾਬੜਤੋੜ ਪਾਰੀ ਦੇ ਦਮ ’ਤੇ 3 ਵਿਕਟਾਂ ਗੁਆ ਕੇ ਸਿਰਫ 24.4 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ।
ਸੂਰਯਵੰਸ਼ੀ ਨੇ ਹਾਲ ਹੀ ਵਿਚ ਆਈ. ਪੀ. ਐੱਲ. ਨਿਲਾਮੀ ਵਿਚ ਸੁਰਖੀਆਂ ਬਟੋਰੀਆਂ ਸਨ ਜਦੋਂ ਰਾਜਸਥਾਨ ਰਾਇਲਜ਼ ਨੇ ਉਸ ਨੂੰ 1 ਕਰੋੜ 10 ਲੱਖ ਰੁਪਏ ਵਿਚ ਖਰੀਦਿਆ ਸੀ। ਉਹ ਲੀਗ ਦੇ ਇਤਿਹਾਸ ਵਿਚ ਨਿਲਾਮੀ ਵਿਚ ਉਤਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਸੂਰਯਵੰਸ਼ੀ ਨੇ ਆਪਣੀ ਪਾਰੀ ਵਿਚ 5 ਛੱਕੇ ਤੇ 6 ਚੌਕੇ ਲਾਏ। ਐਤਵਾਰ ਨੂੰ ਦੁਬਈ ਵਿਚ ਖੇਡੇ ਜਾਣ ਵਾਲੇ ਫਾਈਨਲ ਵਿਚ ਭਾਰਤ ਸਾਹਮਣੇ ਬੰਗਲਾਦੇਸ਼ ਦੀ ਚੁਣੌਤੀ ਹੋਵੇਗੀ। ਬੰਗਲਾਦੇਸ਼ ਨੇ ਇਕ ਹੋਰ ਸੈਮੀਫਾਈਨਲ ਵਿਚ ਪਾਕਿਸਤਾਨ ਵਿਰੁੱਧ ਜਿੱਤ ਲਈ ਮਿਲੇ 117 ਦੌੜਾਂ ਦੇ ਟੀਚੇ ਨੂੰ ਸਿਰਫ 22.1 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ।
ਲੈਕਵਿਨ ਅਬੇਸਿੰਘੇ (110 ਗੇਂਦਾਂ ਵਿਚ 69 ਦੌੜਾਂ) ਤੇ ਸ਼ਾਰੁਜਨ ਸ਼ਨਮੁਗਨਾਥਨ (78 ਗੇਂਦਾਂ ਵਿਚ 42 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਬਾਵਜੂਦ ਭਾਰਤ ਵਿਰੁੱਧ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਕਦੇ ਲੈਅ ਹਾਸਲ ਨਹੀਂ ਕਰ ਸਕੇ। ਸ਼੍ਰੀਲੰਕਾ ਨੇ 8 ਦੌੜਾਂ ਤੱਕ ਸ਼ੁਰੂਆਤੀ 3 ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਬਾਅਦ ਅਬੇਸਿੰਘੇ ਤੇ ਸ਼ਨਮੁਗਨਾਥਨ ਨੇ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਟੀਮ ਲਗਾਤਾਰ ਫਰਕ ’ਚ ਵਿਕਟਾਂ ਗੁਆਉਂਦੀ ਰਹੀ। ਚੇਤਨ ਸ਼ਰਮਾ (34 ਦੌੜਾਂ ’ਤੇ 3 ਵਿਕਟਾਂ), ਕਿਰਣ ਚੋਰਮਲੇ (32 ਦੌੜਾਂ ’ਤੇ 2 ਵਿਕਟਾਂ) ਤੇ ਆਯੁਸ਼ ਮਹਾਤ੍ਰੇ (37 ਦੌੜਾਂ ’ਤੇ 2 ਵਿਕਟਾਂ) ਨੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ।
ਭਾਰਤ ਨੇ ਹਮਲਾਵਰ ਅੰਦਾਜ਼ ਵਿਚ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਆਯੂਸ਼ ਮਹਾਤ੍ਰੇ (28 ਗੇਂਦਾਂ ਵਿਚ 34 ਦੌੜਾਂ) ਨੇ ਪਹਿਲੀ ਵਿਕਟ ਲਈ 8.3 ਓਵਰਾਂ ਵਿਚ ਸੂਰਯਵੰਸ਼ੀ ਦੇ ਨਾਲ 91 ਦੌੜਾਂ ਜੋੜ ਦਿੱਤੀਆਂ। ਸੂਰਯਵੰਸ਼ੀ ਨੇ ਪਾਰੀ ਦੇ ਦੂਜੇ ਓਵਰ ਵਿਚ ਦੁਲਨਿਥ ਸਿਗੇਰਾ ਵਿਰੁੱਧ 3 ਛੱਕੇ ਤੇ 1 ਚੌਕਾ ਲਾਇਆ। ਇਸ ਗੇਂਦਬਾਜ਼ ਨੇ ਇਸ ਓਵਰ ਵਿਚ 31 ਦੌੜਾਂ ਦਿੱਤੀਆਂ। ਮਹਾਤ੍ਰੇ ਨੇ ਵੀ ਦੂਜੇ ਪਾਸੇ ਤੋਂ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਨੂੰ 9ਵੇਂ ਓਵਰ ਵਿਚ ਵਿਹਾਸ ਥੇਵਮਿਕਾ ਨੇ ਮਹਾਤ੍ਰੇ ਨੂੰ ਆਊਟ ਕਰਕੇ ਤੋੜਿਆ। ਇਸ ਵਿਕਟ ਦਾ ਸੂਰਯਵੰਸ਼ੀ ’ਤੇ ਹਾਲਾਂਕਿ ਜ਼ਿਆਦਾ ਅਸਰ ਨਹੀਂ ਪਿਆ, ਜਿਸ ਨੇ ਪਰਿਪੱਕਤਾ ਦਿਖਾਉਂਦੇ ਹੋਏ ਸੀ. ਆਂਦ੍ਰੇ ਸਿਧਾਰਥ (22) ਦੇ ਨਾਲ ਦੂਜੀ ਵਿਕਟ ਲਈ 41 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਾਲ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ। ਉਹ 14ਵੇਂ ਓਵਰ ਵਿਚ ਜਦੋਂ ਆਊਟ ਹੋਇਆ ਤਾਂ ਉਸ ਸਮੇਂ ਟੀਮ ਦਾ ਸਕੋਰ 132 ਦੌੜਾਂ ਸੀ। ਕਪਤਾਨ ਮੁਹੰਮਦ ਅਮਾਨ (ਅਜੇਤੂ 25) ਨੇ ਛੱਕੇ ਨਾਲ ਟੀਮ ਨੂੰ ਜਿੱਤ ਦਿਵਾ ਦਿੱਤੀ।
ਐਡੀਲੇਡ ਟੈਸਟ ਦੌਰਾਨ 2 ਵਾਰ ਹੋਈ ਬੱਤੀ ਗੁੱਲ, ਮੈਦਾਨ 'ਚ ਛਾਇਆ ਹਨ੍ਹੇਰਾ, ਕ੍ਰਿਕਟ ਆਸਟ੍ਰੇਲੀਆ ਦਾ ਉਡਿਆ ਮਜ਼ਾਕ
NEXT STORY