ਤ੍ਰਿਪੁਰਾ 'ਚ 25 ਸਾਲਾਂ ਤੋਂ ਰਾਜ ਕਰ ਰਹੀ ਮਾਕਪਾ ਨੂੰ ਹਰਾ ਕੇ ਭਾਜਪਾ ਨੇ ਉੱਤਰ-ਪੂਰਬੀ ਖੇਤਰ 'ਤੇ ਆਪਣੀ ਸਿਆਸੀ ਸਫਲਤਾ 'ਚ ਇਕ ਨਵਾਂ ਅਧਿਆਏ ਜੋੜ ਦਿੱਤਾ ਪਰ ਬਹੁਤ ਛੇਤੀ ਹੀ ਇਸ ਜਿੱਤ ਦੀ ਚਮਕ ਫਿੱਕੀ ਪੈਣ ਲੱਗੀ, ਜਦੋਂ ਜਿੱਤ ਦੇ ਜਸ਼ਨ 'ਚ ਡੁੱਬੇ ਭਾਜਪਾ ਦੇ ਨੇਤਾ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ ਦੇ ਵਿਰੁੱਧ ਊਲ-ਜਲੂਲ ਬਿਆਨ ਦੇਣ ਲੱਗੇ ਅਤੇ ਮਾਕਪਾ ਸਮਰਥਕਾਂ 'ਤੇ ਭਗਵਾ ਬ੍ਰਿਗੇਡ ਵਲੋਂ ਹਮਲੇ ਕਰਵਾਏ ਜਾਣ ਲੱਗੇ। ਸਭ ਤੋਂ ਮਾੜੀ ਗੱਲ ਉਦੋਂ ਹੋਈ, ਜਦੋਂ ਭਾਜਪਾ ਸਮਰਥਕਾਂ ਦੀ ਜਨੂੰਨੀ ਭੀੜ ਨੇ ਰੂਸੀ ਕ੍ਰਾਂਤੀ ਦੇ ਮਹਾਨਾਇਕ ਲੈਨਿਨ ਦੇ ਬੁੱਤ ਨੂੰ ਤੋੜ ਦਿੱਤਾ। ਜੇਕਰ ਉਸੇ ਦਿਨ ਭਾਜਪਾ ਦੀ ਕੇਂਦਰੀ ਤੇ ਸੂਬਾਈ ਲੀਡਰਸ਼ਿਪ ਨੇ ਇਸ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਦਾ ਹੁਕਮ ਦਿੱਤਾ ਹੁੰਦਾ ਅਤੇ ਇਸ ਅਸ਼ੋਭਨੀਕ ਘਟਨਾ ਲਈ ਮੁਆਫੀ ਮੰਗ ਲਈ ਹੁੰਦੀ ਤਾਂ ਪਾਰਟੀ ਦੀ ਸ਼ਾਨਦਾਰ ਚੋਣ ਜਿੱਤ ਦੀ ਚਮਕ ਇਸ ਤਰ੍ਹਾਂ ਫਿੱਕੀ ਨਾ ਪੈਂਦੀ ਪਰ ਹੋਇਆ ਇਸ ਦੇ ਪੂਰੀ ਤਰ੍ਹਾਂ ਉਲਟ। ਪਾਰਟੀ ਹਾਈਕਮਾਨ ਚੁੱਪ ਰਹੀ। ਕੇਂਦਰੀ ਤੇ ਸੂਬਾਈ ਲੀਡਰਸ਼ਿਪ 'ਚ ਸ਼ਾਮਿਲ ਕਈ ਆਗੂ ਬੁੱਤ ਤੋੜਣ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਲੱਗੇ ਕਿ ਇਹ ਬੁੱਤ ਤਾਂ ਇਕ 'ਵਿਦੇਸ਼ੀ ਨੇਤਾ' ਦਾ ਸੀ।
ਪਾਰਟੀ ਦੇ ਇਕ ਨੇਤਾ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਉਹ ਇਕ 'ਅਪਰਾਧਿਕ ਚਰਿੱਤਰ' ਦਾ ਬੁੱਤ ਸੀ, ਜਿਸ ਨੂੰ ਲੋਕਾਂ ਨੇ ਡੇਗ ਦਿੱਤਾ। ਬੁੱਤ ਤੋੜਣ ਦੀ ਮੁਹਿੰਮ 'ਤੇ ਭਾਜਪਾ ਅਤੇ ਸਰਕਾਰ ਦੀ ਉੱਚ ਲੀਡਰਸ਼ਿਪ ਵਲੋਂ ਪਹਿਲੀ ਪ੍ਰਤੀਕਿਰਿਆ ਉਦੋਂ ਸਾਹਮਣੇ ਆਈ, ਜਦੋਂ ਕੋਲਕਾਤਾ 'ਚ ਕੁਝ ਸਿਰਫਿਰਿਆਂ ਨੇ ਜਨਸੰਘ ਦੇ ਬਾਨੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ 'ਤੇ ਕਾਲਖ ਮਲ਼ ਦਿੱਤੀ। ਲੈਨਿਨ ਦਾ ਬੁੱਤ ਤੋੜੇ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਵਿਚਾਰਧਾਰਾ ਵਾਲੇ ਆਗੂਆਂ ਤੇ ਮਹਾਪੁਰਸ਼ਾਂ ਦੇ ਬੁੱਤ ਤੋੜਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਯੂ. ਪੀ. 'ਚ ਡਾ. ਅੰਬੇਡਕਰ, ਤਾਮਿਲਨਾਡੂ 'ਚ ਪੇਰੀਆਰ, ਕੇਰਲਾ 'ਚ ਮਹਾਤਮਾ ਗਾਂਧੀ ਤਾਂ ਬੰਗਾਲ 'ਚ ਡਾ. ਮੁਖਰਜੀ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਆਉਣ ਲੱਗੀਆਂ।
ਯੂ. ਪੀ. 'ਚ ਤਾਂ ਪਹਿਲਾਂ ਵੀ ਡਾ. ਅੰਬੇਡਕਰ ਦੇ ਬੁੱਤ ਤੋੜਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਸਨ ਪਰ ਤ੍ਰਿਪੁਰਾ ਤੋਂ ਹੋਈ ਇਸ ਖਤਰਨਾਕ ਸ਼ੁਰੂਆਤ ਨਾਲ ਸਮਾਜਿਕ-ਸਿਆਸੀ ਟਕਰਾਅ ਦੀ ਨਵੀਂ ਇਬਾਰਤ ਲਿਖੀ ਜਾਣ ਲੱਗੀ।
ਅਜਿਹੀਆਂ ਘਟਨਾਵਾਂ ਪਿੱਛੇ ਅਸਹਿਣਸ਼ੀਲਤਾ ਹੀ ਨਹੀਂ, ਖਤਰਨਾਕ ਕਿਸਮ ਦਾ ਵਹਿਸ਼ੀਪੁਣਾ ਵੀ ਲੁਕਿਆ ਹੈ। ਆਪਣੀ ਜਿੱਤ ਦੀ 'ਖੁਸ਼ੀ' ਵਿਚ ਸਾਹਮਣੇ ਵਾਲੇ ਨੂੰ ਖਤਮ ਕਰਨ, ਆਪਣੇ ਪ੍ਰਤੀਯੋਗੀ ਦੇ ਆਦਰਸ਼ ਪ੍ਰਤੀਕ ਨੂੰ ਤਬਾਹ ਕਰਨ ਅਤੇ ਇਸ ਤਰ੍ਹਾਂ ਹਮੇਸ਼ਾ ਲਈ ਚੁਣੌਤੀ ਰਹਿਤ ਬਣ ਜਾਣ ਦੀ ਖਤਰਨਾਕ ਇੱਛਾ ਇਸ ਪਿੱਛੇ ਦਿਖਾਈ ਦਿੰਦੀ ਹੈ। ਆਧੁਨਿਕ ਸਮਾਜ 'ਚ ਅਜਿਹੀਆਂ ਇੱਛਾਵਾਂ ਅਤੇ ਕੋਸ਼ਿਸ਼ਾਂ ਆਮ ਤੌਰ 'ਤੇ ਤਾਨਾਸ਼ਾਹੀ 'ਚ ਬਦਲ ਜਾਂਦੀਆਂ ਹਨ।
ਇਸ ਦੇ ਅਸਰ ਹੇਠ ਕੁਝ 'ਪੜ੍ਹੇ-ਲਿਖੇ ਲੋਕਾਂ' ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਵਿਦੇਸ਼ੀ ਮੂਲ ਦੇ ਕਿਸੇ ਨੇਤਾ ਜਾਂ ਨਾਇਕ ਦਾ ਇਥੇ ਬੁੱਤ ਲਾਉਣ ਦੀ ਭਲਾ ਕੀ ਤੁਕ ਹੈ? ਅਜਿਹਾ ਸਵਾਲ ਦੋ ਤਰ੍ਹਾਂ ਦੇ ਲੋਕ ਉਠਾ ਰਹੇ ਹਨ :
ਇਕ ਤਾਂ ਉਹ ਜਿਹੜੇ ਸੌੜੇ ਭਗਵਾ ਰਾਸ਼ਟਰਵਾਦੀ ਹਨ ਜਾਂ ਫਿਰ ਮੌਜੂਦਾ ਸੱਤਾ ਕਲਚਰ ਜਾਂ ਵਿਚਾਰਾਂ ਦੇ ਨਵੇਂ-ਨਵੇਂ ਪੋਸ਼ਕ ਬਣੇ ਹਨ ਅਤੇ ਦੂਜੇ ਉਹ ਹਨ, ਜਿਹੜੇ ਖੁਦ ਨੂੰ ਪ੍ਰਗਤੀਸ਼ੀਲ ਦੱਸਦੇ ਹਨ ਪਰ ਖੱਬੇਪੱਖੀ ਪਾਰਟੀਆਂ ਜਾਂ ਉਨ੍ਹਾਂ ਨਾਲ ਜੁੜੇ ਲੇਖਕਾਂ, ਬੁੱਧੀਜੀਵੀਆਂ ਦੇ ਅੜੀਅਲ ਰਵੱਈਏ ਤੋਂ ਖਿਝਦੇ ਰਹਿੰਦੇ ਹਨ।
ਪਹਿਲੀ ਕਿਸਮ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਨਾਇਕਾਂ ਦੀ ਬਜਾਏ ਸਵਦੇਸ਼ੀ ਨਾਇਕਾਂ ਦੇ ਬੁੱਤ ਲਾਏ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਦੀ ਇਹ ਦਲੀਲ ਪਹਿਲੀ ਨਜ਼ਰੇ ਬੇਦਮ ਹੈ। ਮਨੁੱਖੀ ਸੱਭਿਅਤਾ ਦੇ ਨਾਇਕਾਂ-ਮਹਾਨਾਇਕਾਂ ਨੂੰ ਕੀ ਕਿਸੇ ਰਾਸ਼ਟਰ ਜਾਂ ਸੂਬੇ ਦੀਆਂ ਹੱਦਾਂ 'ਚ ਸੀਮਤ ਕੀਤਾ ਜਾ ਸਕਦਾ ਹੈ?
ਅਜਿਹੀ ਸੌੜੀ ਦਲੀਲ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਵੱਡੇ ਰਾਜਨੇਤਾ, ਤਬਦੀਲੀ ਦੇ ਵੱਡੇ ਨਾਇਕ ਜਾਂ ਵੱਡੀਆਂ ਖੋਜਾਂ ਕਰਨ ਵਾਲੇ ਪੂਰੀ ਦੁਨੀਆ ਦੀ 'ਪ੍ਰਾਪਤੀ' ਹੁੰਦੇ ਹਨ, ਉਹ ਕਿਸੇ ਇਕ ਦੇਸ਼ ਜਾਂ ਜਾਤ ਜਾਂ ਧਰਮ ਦੇ ਨਹੀਂ ਹੁੰਦੇ। ਕੀ ਕੋਈ ਨਵੀਂ ਖੋਜ ਸਿਰਫ ਇਕ ਦੇਸ਼ ਤਕ ਸੀਮਤ ਰਹਿੰਦੀ ਹੈ। ਕੀ ਸਮਾਜਿਕ ਤਬਦੀਲੀ ਦਾ ਕੋਈ ਦਰਸ਼ਨ (ਫਿਲਾਸਫੀ) ਕਿਸੇ ਇਕ ਹੀ ਸਮਾਜ 'ਚ ਕੈਦ ਰਹਿੰਦਾ ਹੈ? ਕੀ ਤ੍ਰਿਪੁਰਾ 'ਚ ਬੁੱਤ ਤੋੜਣ ਵਾਲੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਸਿਆਸੀ ਪੁਰਖਿਆਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਕਦੇ ਸਰਗਰਮ ਭੂਮਿਕਾ ਨਹੀਂ ਨਿਭਾਈ, ਨੂੰ ਪਤਾ ਹੈ ਕਿ ਲੈਨਿਨ ਭਾਰਤੀ ਆਜ਼ਾਦੀ ਸੰਗਰਾਮ ਦੇ ਕੱਟੜ ਸਮਰਥਕ ਸਨ। ਇਹੋ ਨਹੀਂ, ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ੇਦੇ ਵਿਰੁੱਧ ਲੋਕਮਾਨਿਆ ਤਿਲਕ ਅਤੇ ਹੋਰਨਾਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਦਾ ਵੀ ਸਮਰਥਨ ਕੀਤਾ ਸੀ। ਕੀ ਉਕਤ ਲੋਕਾਂ ਨੂੰ ਪਤਾ ਹੈ ਕਿ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਜਦੋਂ ਜੇਲ 'ਚ ਬੰਦ ਸਨ ਤਾਂ ਉਹ ਲੈਨਿਨ ਦੀ ਜੀਵਨੀ ਪੜ੍ਹਨ ਦੀ ਜਲਦਬਾਜ਼ੀ 'ਚ ਸਨ ਤਾਂ ਕਿ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਦੁਨੀਆ ਦੇ ਇਸ ਮਹਾਨ ਕ੍ਰਾਂਤੀ ਨਾਇਕ ਦੇ ਜੀਵਨ ਬਾਰੇ ਜਾਣ ਸਕਣ? ਕੀ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਲੈਨਿਨ ਦੇ ਬੁੱਤ ਸੰਸਾਰਕ ਪੂੰਜੀਵਾਦ ਦੇ ਸਭ ਤੋਂ ਉੱਚੇ ਮੁਕਾਮ ਵਾਲੇ ਦੇਸ਼ ਅਮਰੀਕਾ 'ਚ ਵੀ ਕਈ ਜਗ੍ਹਾ ਲੱਗੇ ਹੋਏ ਹਨ?
ਇਸੇ ਤਰ੍ਹਾਂ ਭਾਰਤ 'ਚ ਪੈਦਾ ਹੋਏ ਮਹਾਤਮਾ ਗਾਂਧੀ ਦੇ ਬੁੱਤ ਕਿਹੜੇ ਵੱਡੇ ਜਾਂ ਅਹਿਮ ਦੇਸ਼ 'ਚ ਨਹੀਂ ਲੱਗੇ? ਪੁਸ਼ਕਿਨ ਅਤੇ ਟਾਲਸਟਾਏ ਦੇ ਬੁੱਤ ਵੀ ਕਈ ਦੇਸ਼ਾਂ 'ਚ ਲੱਗੇ ਹੋਏ ਹਨ। ਕਈ ਵਿਦੇਸ਼ੀ ਨਾਇਕਾਂ ਦੇ ਨਾਂ 'ਤੇ ਦਿੱਲੀ 'ਚ ਸੜਕਾਂ ਦੇ ਨਾਂ ਰੱਖੇ ਗਏ ਹਨ।
ਭਾਰਤ ਦੀ ਸਾਹਿਤ ਅਕਾਦਮੀ ਦੇ ਦਿੱਲੀ 'ਚ ਸਥਿਤ ਕੰਪਲੈਕਸ ਨੇੜੇ ਮਹਾਨ ਰੂਸੀ ਰਚਨਾਕਾਰ ਪੁਸ਼ਕਿਨ ਦਾ ਬੁੱਤ ਲੱਗਾ ਹੋਇਆ ਹੈ। ਇਸੇ ਤਰ੍ਹਾਂ ਨੈਲਸਨ ਮੰਡੇਲਾ ਦੇ ਬੁੱਤ ਵੀ ਦੁਨੀਆ ਦੇ ਕਈ ਦੇਸ਼ਾਂ 'ਚ ਲੱਗੇ ਹੋਏ ਹਨ। ਡਾ. ਅੰਬੇਡਕਰ ਦੇ ਬੁੱਤ ਅੱਜ ਭਾਰਤ ਦੇ ਪਿੰਡ-ਪਿੰਡ 'ਚ ਹੀ ਮੌਜੂਦ ਨਹੀਂ ਹਨ, ਕੋਲੰਬੀਆ 'ਚ ਵੀ ਉਨ੍ਹਾਂ ਦਾ ਬੁੱਤ ਲੱਗਾ ਹੋਇਆ ਹੈ। ਹਾਲ ਹੀ ਦੇ ਵਰ੍ਹਿਆਂ 'ਚ ਸ. ਭਗਤ ਸਿੰਘ ਦੀ ਯਾਦ 'ਚ ਕਈ ਯਾਦਗਾਰਾਂ ਬਣੀਆਂ ਹਨ।
ਨਿੱਜੀ ਤੌਰ 'ਤੇ ਮੈਂ ਬੁੱਤ-ਪੂਜਕ ਨਹੀਂ ਪਰ ਵੱਖ-ਵੱਖ ਮਹਾਨਾਇਕਾਂ ਦੇ ਬੁੱਤ ਨਵੀਂ ਪੀੜ੍ਹੀ ਲਈ ਪ੍ਰੇਰਨਾ ਹੁੰਦੇ ਹਨ। ਸਮੁੰਦਰ 'ਚ ਰਸਤਾ ਲੱਭ ਰਹੇ ਕਿਸੇ ਜਹਾਜ਼ ਨੂੰ ਰਾਹ ਦੱਸਣ ਵਾਲੇ ਆਕਾਸ਼ਦੀਪ ਵਾਂਗ ਇਹ ਬੁੱਤ ਮਨੁੱਖਤਾ ਨੂੰ ਰਾਹ ਦਿਖਾਉਂਦੇ ਹਨ। ਇਹ ਤਾਂ ਸਮਾਂ ਦੱਸਦਾ ਹੈ ਕਿ ਸਮਾਜ ਕਿਸ ਦੇ ਦੱਸੇ ਰਾਹ 'ਤੇ ਚੱਲ ਕੇ ਸਹੀ ਜਗ੍ਹਾ ਪਹੁੰਚਿਆ ਹੈ। ਜੋ ਲੋਕ ਦਲੀਲ ਦੇ ਰਹੇ ਹਨ ਕਿ ਸਿਰਫ ਸਵਦੇਸ਼ੀ ਨਾਇਕਾਂ ਦੀਆਂ ਫੋਟੋਆਂ ਜਾਂ ਬੁੱਤ ਭਾਰਤ 'ਚ ਲੱਗਣ, ਉਨ੍ਹਾਂ ਦੇ ਹੀ ਧੜੇ ਦੇ ਲੋਕ ਫਿਰ ਪੇਰੀਆਰ, ਮਹਾਤਮਾ ਗਾਂਧੀ ਜਾਂ ਡਾ. ਅੰਬੇਡਕਰ ਦੇ ਬੁੱਤਾਂ 'ਤੇ ਹਮਲੇ ਕਿਉਂ ਕਰ ਰਹੇ ਹਨ? ਬ੍ਰਿਟੇਨ ਸਮੇਤ ਸਾਰੇ ਯੂਰਪੀ ਦੇਸ਼ਾਂ, ਅਮਰੀਕਾ, ਆਸਟ੍ਰੇਲੀਆ ਤੇ ਅਫਰੀਕੀ ਦੇਸ਼ਾਂ 'ਚ ਜਾ ਕੇ ਦੇਖੋ, ਕਿਹੜੇ-ਕਿਹੜੇ ਮੁਲਕਾਂ ਦੇ ਨਾਇਕਾਂ, ਚਿੰਤਕਾਂ ਜਾਂ ਕਲਾਕਾਰਾਂ ਦੇ ਬੁੱਤ ਲੱਗੇ ਹੋਏ ਹਨ ਪਰ ਅਜਿਹੇ ਸਵਾਲ ਤਾਂ ਉਥੇ ਕੋਈ ਨਹੀਂ ਕਰਦਾ ਕਿ ਇਹ ਬੁੱਤ ਉਥੇ ਕਿਉਂ ਲੱਗੇ ਹਨ?
ਹੈਰਾਨੀ ਹੈ ਕਿ ਆਪਣੇ ਦੇਸ਼ 'ਚ ਅਜਿਹੇ ਸਵਾਲ ਉਹ ਲੋਕ ਉਠਾ ਰਹੇ ਹਨ, ਜਿਹੜੇ ਭੂ-ਮੰਡਲੀਕਰਨ ਜਾਂ 'ਗਲੋਬਲਾਈਜ਼ੇਸ਼ਨ' ਦੇ ਪੈਰੋਕਾਰ ਬਣਦੇ ਹਨ। ਕਿਹੋ ਜਿਹੀ ਤ੍ਰਾਸਦੀ ਹੈ ਕਿ ਇਹ ਲੋਕ ਸਿਰਫ ਪੂੰਜੀ ਅਤੇ ਪੂੰਜੀਖੋਰਾਂ, ਲੁੱਟ ਅਤੇ ਲੁਟੇਰਿਆਂ ਦਾ ਗਲੋਬਲ ਗੱਠਜੋੜ ਚਾਹੁੰਦੇ ਹਨ। ਇਸ ਨਾਲੋਂ ਬਿਹਤਰ ਤਾਂ ਦੱਖਣੀ ਅਫਰੀਕੀ ਲੋਕਤੰਤਰ ਹੈ, ਜਿਥੇ ਮਹਾਤਮਾ ਗਾਂਧੀ (ਉਨ੍ਹਾਂ ਲਈ ਵਿਦੇਸ਼ੀ) ਹੀ ਨਹੀਂ, ਅੰਦਰੀਸ ਪ੍ਰੀਟੋਰੀਅਸ ਦਾ ਵੀ ਬੁੱਤ ਲੱਗਾ ਹੋਇਆ ਹੈ।
ਕਾਰਲ ਮਾਰਕਸ ਦਾ ਬੁੱਤ ਤਾਂ ਦੁਨੀਆ ਦੇ ਸਾਰੇ ਪੂੰਜੀਵਾਦੀ ਦੇਸ਼ਾਂ 'ਚ ਨਜ਼ਰ ਆ ਜਾਂਦਾ ਹੈ। ਯੂ. ਪੀ. 'ਚ ਸਥਿਤ ਮੇਰੇ ਆਪਣੇ ਜ਼ਿਲੇ 'ਚ ਬ੍ਰਿਟਿਸ਼ ਅਫਸਰ ਲਾਰਡ ਕਾਰਨਵਾਲਿਸ ਦੀ ਵਿਸ਼ਾਲ ਯਾਦਗਾਰ ਬਣੀ ਹੋਈ ਹੈ ਕਿਉਂਕਿ 1805 'ਚ ਉਨ੍ਹਾਂ ਦੀ ਮੌਤ ਉਥੇ ਹੀ ਹੋਈ ਸੀ। ਮੇਰੇ ਜ਼ਿਲੇ ਦੇ ਲੋਕਾਂ ਨੂੰ ਉਨ੍ਹਾਂ ਦੀ ਯਾਦਗਾਰ 'ਤੇ ਕਦੇ ਇਤਰਾਜ਼ ਨਹੀਂ ਹੋਇਆ ਅਤੇ ਹੋਣਾ ਵੀ ਨਹੀਂ ਚਾਹੀਦਾ।
ਸਾਡੇ ਦੇਸ਼ 'ਚ ਚੰਗੇ ਤੋਂ ਚੰਗੇ ਵਿਦੇਸ਼ੀ ਉਤਪਾਦ ਖਰੀਦਣ ਦੀ ਦੌੜ ਲੱਗੀ ਰਹਿੰਦੀ ਹੈ ਪਰ ਕੁਝ ਲੋਕਾਂ ਨੂੰ 'ਵਿਦੇਸ਼ੀ' ਚਰਿੱਤਰਾਂ ਜਾਂ ਨਾਇਕਾਂ 'ਤੇ ਹੀ ਇਤਰਾਜ਼ ਕਿਉਂ ਹੈ? ਅੱਜ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੁਝ ਲੋਕਾਂ ਨੂੰ ਲੈਨਿਨ, ਪੇਰੀਆਰ ਜਾਂ ਡਾ. ਅੰਬੇਡਕਰ ਦੇ ਬੁੱਤਾਂ 'ਤੇ ਗੁੱਸਾ ਕਿਉਂ ਆ ਰਿਹਾ ਹੈ? ਇਸ ਦੀ ਵਜ੍ਹਾ ਨੂੰ ਸਮਝਣਾ ਕਿਸੇ ਲਈ ਵੀ ਮੁਸ਼ਕਿਲ ਨਹੀਂ।
ਇਕ ਜ਼ਮਾਨੇ 'ਚ ਕੁਝ ਖਾਸ ਸੋਚ ਅਤੇ ਵਰਣ ਦੇ ਲੋਕਾਂ ਨੇ ਬੋਧੀ ਅਦਾਰਿਆਂ ਅਤੇ ਬਾਅਦ ਦੇ ਦਿਨਾਂ 'ਚ ਕਬੀਰ ਦੇ ਸਮਰਥਕਾਂ 'ਤੇ ਹਿੰਸਕ ਹਮਲੇ ਕਰਵਾਏ ਸਨ। ਜ਼ਿਆਦਾ ਪੁਰਾਣੀ ਗੱਲ ਨਹੀਂ, ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੇ ਕਾਰਜਕਾਲ 'ਚ ਰਾਖਵੇਂਕਰਨ ਦੇ ਐਲਾਨ 'ਤੇ ਕੀ ਹੋਇਆ ਸੀ? ਲੋਕਾਂ ਨੂੰ ਇਹ ਸਭ ਗੱਲਾਂ ਯਾਦ ਹਨ, ਇਸ ਲਈ ਬੁੱਤਾਂ ਦੀ ਭੰਨ-ਤੋੜ ਪਿੱਛੇ ਇਕ ਖਾਸ ਕਿਸਮ ਦੀ ਸੋਚ, ਵਿਚਾਰਧਾਰਾ ਕੰਮ ਕਰ ਰਹੀ ਹੈ। ਬਿਨਾਂ ਸ਼ੱਕ ਇਹ ਸੋਚ ਭਾਰਤੀ ਲੋਕਤੰਤਰ ਲਈ ਖਤਰਨਾਕ ਹੈ। (urmilesh੨੧੮@gmail.com)
ਵਿਸ਼ਵ ਸ਼ਾਂਤੀ ਅਤੇ ਬਹੁਲਤਾਵਾਦੀ ਸਮਾਜ ਲਈ ਚੀਨ ਇਕ ਗੰਭੀਰ ਖਤਰਾ
NEXT STORY