ਦੁਨੀਆ 'ਚ ਅੱਜ ਲੋਕਤੰਤਰ ਅਤੇ ਬਹੁਲਤਾਵਾਦੀ ਸਮਾਜ 'ਚ ਭਰੋਸਾ ਰੱਖਣ ਵਾਲੇ ਆਪਣੇ ਸਾਹਮਣੇ ਤੇਜ਼ੀ ਨਾਲ ਉੱਭਰਦੇ ਦੋ ਖਤਰਿਆਂ ਤੋਂ ਚਿੰਤਿਤ ਹਨ। ਪਹਿਲਾ ਖਤਰਾ ਹੈ ਇਸਲਾਮ ਦੇ ਨਾਂ 'ਤੇ ਲਗਾਤਾਰ ਹੋਣ ਵਾਲੇ ਅੱਤਵਾਦੀ ਹਮਲੇ ਤੇ ਹਿੰਸਾ, ਜਦਕਿ ਦੂਜਾ ਹਮਲਾ ਹੈ ਸਾਮਵਾਦੀ ਚੀਨ ਦੀ ਲਗਾਤਾਰ ਵਧਦੀ ਤਾਕਤ ਅਤੇ ਉਸ ਦੀ ਵਿਸਤਾਰਵਾਦੀ ਮਾਨਸਿਕਤਾ।
ਚੀਨ ਦੇ ਸੰਬੰਧ 'ਚ ਕਈ ਹੋਰ ਚਿੰਤਾਜਨਕ ਪਹਿਲੂ ਵੀ ਹਨ, ਜੋ ਉਥੋਂ ਦੀਆਂ ਕੁਝ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹਨ। ਚੀਨੀ ਕਮਿਊਨਿਸਟ ਪਾਰਟੀ ਨੇ ਆਪਣੇ ਸੰਵਿਧਾਨ 'ਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਲਈ 5 ਵਰ੍ਹਿਆਂ ਦੇ ਦੋ ਕਾਰਜਕਾਲਾਂ ਦੀ ਸ਼ਰਤ ਨੂੰ ਖਤਮ ਕਰਨ ਸੰਬੰਧੀ ਮਤਾ ਪਾਸ ਕਰ ਦਿੱਤਾ ਹੈ ਭਾਵ ਸ਼ੀ ਜਿਨਪਿੰਗ ਹੁਣ ਜਦੋਂ ਤਕ ਚਾਹੁਣਗੇ, ਚੀਨ ਦੇ ਰਾਸ਼ਟਰਪਤੀ ਬਣੇ ਰਹਿਣਗੇ। ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਹ ਚੀਨ ਦੇ ਇਤਿਹਾਸ 'ਚ ਮਾਓ ਤਸੇ ਤੁੰਗ ਤੋਂ ਬਾਅਦ ਆਪਣੇ ਦੇਸ਼ ਦੇ ਸਭ ਤੋਂ ਤਾਕਤਵਰ ਨੇਤਾ ਵਜੋਂ ਉੱਭਰਨਗੇ। ਇਹ ਕਦਮ ਤਿੰਨ-ਚਾਰ ਦਹਾਕਿਆਂ ਦੀ ਉਸ ਨੀਤੀ ਨੂੰ ਖਤਮ ਕਰ ਦੇਵੇਗਾ, ਜੋ ਡੇਂਗ ਜ਼ਿਆਓ ਪਿੰਗ ਆਪਣੇ ਸ਼ਾਸਨਕਾਲ 'ਚ ਲੈ ਕੇ ਆਏ ਸਨ, ਜਿਸ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਸੀਮਿਤ ਕਰਨ ਦਾ ਫੈਸਲਾ ਲਿਆ ਸੀ।
ਸ਼ੀ ਜਿਨਪਿੰਗ ਨੇ ਖੁਦ ਕਮਿਊਨਿਸਟ ਪਾਰਟੀ ਦੇ ਸ਼ਾਸਨ ਤਹਿਤ ਇਕ-ਦਲੀ ਪ੍ਰਣਾਲੀ 'ਤੇ ਜ਼ੋਰ ਦਿੱਤਾ ਹੈ। ਆਪਣੀ ਵਿਸਤਾਰਵਾਦੀ ਨੀਤੀ ਦੇ ਤਹਿਤ ਚੀਨ ਨੇ ਇਸ ਸਾਲ ਆਪਣੇ ਰੱਖਿਆ ਖਰਚੇ 'ਚ 8.1 ਫੀਸਦੀ ਦਾ ਵਾਧਾ ਕਰ ਕੇ ਇਸ ਨੂੰ 175 ਅਰਬ ਡਾਲਰ ਕੀਤੇ ਜਾਣ ਦਾ ਐਲਾਨ ਕੀਤਾ ਹੈ, ਜੋ ਭਾਰਤ ਦੇ ਤਾਜ਼ਾ ਰੱਖਿਆ ਬਜਟ (52.5 ਅਰਬ ਡਾਲਰ) ਨਾਲੋਂ ਲੱਗਭਗ ਤਿੰਨ ਗੁਣਾ ਜ਼ਿਆਦਾ ਹੈ।
ਇਹੋ ਨਹੀਂ, ਸਾਮਰਾਜਵਾਦੀ ਚੀਨ ਨੇ 2017 'ਚ ਭਾਰਤ ਨਾਲ ਡੈੱਡਲਾਕ ਦੀ ਵਜ੍ਹਾ ਬਣੇ ਡੋਕਲਾਮ ਨੇੜੇ ਆਪਣੇ ਫੌਜੀਆਂ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਉਥੇ ਸੰਤਰੀਆਂ ਦੀਆਂ ਚੌਕੀਆਂ, ਬੰਕਰ ਤੇ ਹੈਲੀਪੈਡ ਬਣਾਉਣ ਤੋਂ ਇਲਾਵਾ ਕੁਝ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਵੀ ਕਰ ਦਿੱਤਾ ਹੈ।
ਚੀਨ 'ਚ ਜੋ ਕੁਝ ਹੋ ਰਿਹਾ ਹੈ, ਉਸ ਦੀਆਂ ਜੜ੍ਹਾਂ ਹਿੰਸਕ ਤੇ ਕਾਲੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ। ਪ੍ਰਸਿੱਧ ਲੇਖਕ ਜਾਰਜ ਓਰਵੈਲ ਨੇ ਆਪਣੀ ਕਿਤਾਬ 'ਐਨੀਮਲ ਫਾਰਮ' ਵਿਚ ਇਕ ਅਜਿਹੇ ਸਮਾਜ ਦਾ ਚਿਤਰਨ ਕੀਤਾ ਹੈ, ਜਿਸ ਵਿਚ ਵਿਅਕਤੀ ਆਧਾਰਿਤ ਤਾਨਾਸ਼ਾਹੀ 'ਚ ਵਿਰੋਧੀ ਵਿਚਾਰਾਂ 'ਤੇ ਪੂਰੀ ਤਰ੍ਹਾਂ ਰੋਕ ਦੇ ਨਾਲ-ਨਾਲ ਮੀਡੀਆ 'ਤੇ ਵੀ ਵਿਆਪਕ ਕੰਟਰੋਲ ਰਹੇਗਾ।
ਜੋ ਤਾਨਾਸ਼ਾਹ ਚਾਹੁੰਦਾ ਹੈ ਜਾਂ ਕਹਿੰਦਾ ਹੈ, ਉਸ ਦੀ ਪਾਲਣਾ ਸਾਰੇ ਲੋਕ ਕਰਨਗੇ। ਉਸ ਦੇ ਜੋ ਵੀ ਵਿਚਾਰ ਹੋਣਗੇ, ਉਨ੍ਹਾਂ ਨੂੰ ਇਕੋ-ਇਕ ਸੱਚ ਮੰਨਿਆ ਜਾਵੇਗਾ, ਲੋਕਾਂ 'ਤੇ ਨਿਗਰਾਨੀ ਰਹੇਗੀ। ਇਥੋਂ ਤਕ ਕਿ ਉਸ ਦੀ ਤਸਵੀਰ ਵੀ ਜਦ ਸਾਹਮਣੇ ਆਵੇਗੀ ਤਾਂ ਲੋਕ ਉਸ ਅੱਗੇ ਝੁਕਣ ਲਈ ਮਜਬੂਰ ਹੋ ਜਾਣਗੇ। ਕੀ ਚੀਨ ਦੀ ਮੌਜੂਦਾ ਸਥਿਤੀ ਓਰਵੈਲ ਦੀ ਕਲਪਨਾ ਦਾ ਅਮਲੀ ਰੂਪ ਨਹੀਂ ਹੈ?
ਅਸਲ 'ਚ ਜਿਨਪਿੰਗ ਨੂੰ ਚੀਨ 'ਚ ਮਿਲੇ ਵਰਦਾਨ ਦਾ ਖਾਕਾ (ਨਕਸ਼ਾ) ਪਿਛਲੇ ਸਾਲ ਉਦੋਂ ਹੀ ਖਿੱਚ ਦਿੱਤਾ ਗਿਆ ਸੀ, ਜਦੋਂ ਸੱਤਾਧਾਰੀ ਸੀ. ਪੀ. ਸੀ. ਨੇ ਜਿਨਪਿੰਗ ਦੇ ਨਾਂ ਅਤੇ ਉਸ ਦੀ ਵਿਚਾਰਧਾਰਾ ਨੂੰ ਆਪਣੇ ਸੰਵਿਧਾਨ 'ਚ ਅਪਣਾਇਆ ਸੀ ਤੇ ਖੁਦ ਸ਼ੀ ਜਿਨਪਿੰਗ ਨੇ ਸੰਨ 2050 ਤਕ ਚੀਨ ਦੀ ਫੌਜ ਨੂੰ ਸਭ ਤੋਂ ਤਾਕਤਵਰ ਬਣਾਉਣ ਦਾ ਸੰਕਲਪ ਲਿਆ ਸੀ। ਚੀਨ 'ਚ ਇਨ੍ਹਾਂ ਸਿਆਸੀ ਤਬਦੀਲੀਆਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈ, ਜਿਸ ਵਿਚ ਸੋਸ਼ਲ ਮੀਡੀਆ ਦੀ ਪ੍ਰਮੁੱਖ ਭੂਮਿਕਾ ਹੈ।
ਚੀਨ ਦੇ ਸਰਕਾਰੀ ਅਖਬਾਰ 'ਯੂਥ ਡੇਲੀ' ਦੇ ਸਾਬਕਾ ਸੰਪਾਦਕ ਲੀ ਦਤਾਂਗ ਨੇ ਸੋਸ਼ਲ ਮੀਡੀਆ 'ਤੇ ਇਕ ਚਿੱਠੀ ਜਾਰੀ ਕਰ ਕੇ ਕਿਹਾ ਸੀ ਕਿ ਚੀਨ ਮੁੜ ਮਾਓ ਦੇ ਦੌਰ 'ਚ ਜਾਣ ਵਾਲਾ ਹੈ। ਕੁਝ ਲੋਕ ਤਾਂ ਚੀਨੀ ਸ਼ਾਸਨ ਦੀ ਤੁਲਨਾ ਉੱਤਰੀ ਕੋਰੀਆ ਨਾਲ ਕਰ ਰਹੇ ਹਨ। ਆਪਣੀ ਮੂਲ ਧਾਰਨਾ ਮੁਤਾਬਿਕ ਚੀਨ ਦੀ ਸੱਤਾਧਾਰੀ ਪਾਰਟੀ ਨੇ ਸ਼ੀ ਜਿਨਪਿੰਗ ਦੇ ਸ਼ਾਸਨ ਨੂੰ ਅਣਮਿੱਥੇ ਸਮੇਂ ਲਈ ਲਾਗੂ ਕੀਤੇ ਜਾਣ ਦੀ ਆਨਲਾਈਨ ਆਲੋਚਨਾ ਨੂੰ ਹਟਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਵਿਰੋਧੀ ਵਿਚਾਰਾਂ ਅਤੇ ਅਸਹਿਮਤੀ ਪ੍ਰਤੀ ਚੀਨ ਦੀ ਕਮਿਊਨਿਸਟ ਪਾਰਟੀ ਦਾ ਅਸਹਿਣਸ਼ੀਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਜਿਸ ਸ਼ਾਸਨ ਪ੍ਰਣਾਲੀ ਦੇ ਤਹਿਤ ਚੀਨ 1949 ਤੋਂ ਅੱਗੇ ਵਧ ਰਿਹਾ ਹੈ, ਉਥੋਂ ਦੀ ਸਿਆਸਤ 'ਚ ਨਾਸਤਿਕਤਾ, ਹਿੰਸਾ ਅਤੇ ਤਾਨਾਸ਼ਾਹੀ ਮਾਰਕਸਵਾਦ ਦਾ ਕਬਜ਼ਾ ਹੈ ਤਾਂ ਉਸ ਦੀ ਪੂਰੀ ਆਰਥਿਕਤਾ 1980 ਦੇ ਦਹਾਕੇ ਤੋਂ ਸ਼ੋਸ਼ਣ ਕਰਨ ਵਾਲੇ ਪੂੰਜੀਵਾਦ 'ਤੇ ਕੇਂਦਰਿਤ ਹੈ। ਇਸ ਗੈਰ-ਸੁਭਾਵਿਕ ਗੱਠਜੋੜ ਦੇ ਦਮ 'ਤੇ ਚੀਨ ਨੇ ਆਪਣੀ ਆਰਥਿਕ ਖੁਸ਼ਹਾਲੀ, ਮਹਾਨਗਰਾਂ 'ਚ ਉੱਚੀਆਂ ਇਮਾਰਤਾਂ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਵੱਡੀ ਫੌਜ ਆਦਿ ਦਾ ਤਾਣਾ-ਬਾਣਾ ਬੁਣਿਆ ਹੈ।
ਜਦੋਂ ਤੋਂ ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੇ ਹਮਲਾਵਰ ਰਵੱਈਏ ਅਤੇ ਉਸ ਦੀਆਂ ਸਾਮਰਾਜਵਾਦੀ ਨੀਤੀਆਂ 'ਤੇ ਰੋਕ ਲਾਉਣ ਲਈ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਦੇ ਸੰਗਠਨ 'ਚ ਸਰਗਰਮ ਹੋਇਆ ਹੈ, ਉਦੋਂ ਤੋਂ ਚੀਨ 'ਚ ਹੋਣ ਵਾਲੀ ਹਲਚਲ ਇਸ ਪਿਛੋਕੜ 'ਚ ਬਹੁਤ ਅਹਿਮ ਹੈ।
ਚੀਨ ਦੇ ਸਾਮਵਾਦੀ ਮੁਖੌਟੇ ਪਿੱਛੇ ਮੱਕਾਰੀ ਭਰੇ ਸਾਮਰਾਜਵਾਦੀ ਇਰਾਦੇ ਵੀ ਲੁਕੇ ਹੋਏ ਹਨ। ਦੁਨੀਆ 'ਚ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨਾਲ ਭਾਰਤ ਸਮੇਤ 14 ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਹਨ ਅਤੇ ਏਸ਼ੀਆਈ ਮਹਾਦੀਪ 'ਚ ਉਸ ਦੇ ਲੱਗਭਗ ਸਾਰੇ 23 ਗੁਆਂਢੀ ਦੇਸ਼ਾਂ ਨਾਲ ਵਿਵਾਦ ਵੀ ਹਨ। ਸਮੁੰਦਰੀ ਸਰਹੱਦ (ਪੂਰਬੀ ਤੇ ਦੱਖਣੀ ਚੀਨ ਸਾਗਰ) ਨੂੰ ਲੈ ਕੇ ਜਾਪਾਨ, ਵੀਅਤਨਾਮ, ਫਿਲਪੀਨਸ, ਇੰਡੋਨੇਸ਼ੀਆ, ਸਿੰਗਾਪੁਰ, ਮਲੇਸ਼ੀਆ ਤੇ ਦੱਖਣੀ ਕੋਰੀਆ ਨਾਲ ਵੀ ਉਹ ਟਕਰਾਅ ਦੀ ਸਥਿਤੀ 'ਚ ਹੈ।
ਸੋਵੀਅਤ ਸੰਘ ਸਮੇਤ ਜਿਹੜੇ-ਜਿਹੜੇ ਦੇਸ਼ਾਂ 'ਚ ਸਾਮਵਾਦੀ ਸ਼ਾਸਨ ਰਿਹਾ, ਉਹ ਨਾ ਸਿਰਫ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੀ ਵਿਗੜੀ ਤਾਕਤ ਵਜੋਂ ਉੱਭਰੇ, ਸਗੋਂ ਉਸ ਸ਼ਾਸਨ 'ਚ ਜਨਤਾ ਭੁੱਖਮਰੀ, ਗਰੀਬੀ, ਹਿੰਸਾ ਤੇ ਸ਼ੋਸ਼ਣ ਦੀ ਸ਼ਿਕਾਰ ਵੀ ਹੋਈ ਤੇ ਉਥੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੋਇਆ। ਲੈਨਿਨ, ਸਟਾਲਿਨ, ਮਾਓ, ਪੋਲਪੋਟ ਤੇ ਕਿਮ ਜੋਂਗ ਉਨ ਆਦਿ ਦਾ ਜ਼ਾਲਿਮਾਨਾ ਸ਼ਾਸਨ ਕਾਲ ਇਸ ਦੀ ਪ੍ਰਤੱਖ ਮਿਸਾਲ ਹੈ।
ਮਨੁੱਖਤਾ ਵਿਰੋਧੀ ਇਸ ਵਿਚਾਰ ਦਾ ਸਿੱਟਾ ਇਹ ਨਿਕਲਿਆ ਹੈ ਕਿ 1990 ਦਾ ਦਹਾਕਾ ਆਉਂਦੇ-ਆਉਂਦੇ ਦੁਨੀਆ 'ਚ ਸਾਮਵਾਦੀ ਸਮਾਜ ਸ਼ਾਸਤਰ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ। ਪਤਨ ਤੋਂ ਪਹਿਲਾਂ ਸੋਵੀਅਤ ਸੰਘ 'ਚ ਖੱਬੇਪੱਖੀ ਢਾਂਚੇ ਦੇ ਅਧੀਨ ਦੁਨੀਆ ਨੇ ਗਰੀਬੀ ਨੂੰ ਦੇਖਿਆ। 1991 ਦੇ ਆਰਥਿਕ ਸੁਧਾਰਾਂ ਤੋਂ ਪਹਿਲਾਂ ਭਾਰਤ ਵੀ ਇਸੇ ਦਰਸ਼ਨ (ਫਿਲਾਸਫੀ) ਨਾਲ ਚਾਰ ਦਹਾਕਿਆਂ ਤਕ ਜੂਝਦਾ ਰਿਹਾ।
ਕਈ ਮਾਰਕਸਵਾਦੀ ਅੱਜ ਵੀ ਸਿਆਸੀ ਤਾਨਾਸ਼ਾਹੀ ਦੇ ਅਧੀਨ ਆਰਥਿਕ ਉਦਾਰਵਾਦ ਨੂੰ ਸਮਾਜ ਦੇ ਹਿੱਤ 'ਚ ਬਿਹਤਰ ਵਿਵਸਥਾ ਮੰਨਦੇ ਹਨ ਤੇ ਇਸ ਦੇ ਲਈ ਚੀਨ ਦੀ ਮਿਸਾਲ ਦਿੰਦੇ ਹਨ ਪਰ ਪਿਛਲੇ ਕਈ ਵਰ੍ਹਿਆਂ ਤੋਂ ਚੀਨ ਦੇ ਸੱਤਾ ਅਦਾਰਿਆਂ ਵਲੋਂ ਤਿੱਬਤ 'ਚ ਬੋਧੀ ਪੈਰੋਕਾਰਾਂ ਸਮੇਤ ਸ਼ਿਨਜਿਆਂਗ, ਗਾਂਸੂ ਆਦਿ ਕਈ ਇਲਾਕਿਆਂ 'ਚ ਮੁਸਲਿਮ ਨਾਗਰਿਕਾਂ ਦਾ ਸ਼ੋਸ਼ਣ, ਉਨ੍ਹਾਂ 'ਤੇ ਮਜ਼੍ਹਬੀ ਪਾਬੰਦੀਆਂ ਤੋਂ ਇਲਾਵਾ ਮੀਡੀਆ 'ਤੇ ਕੰਟਰੋਲ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਆਦਿ ਗੱਲਾਂ ਇਨ੍ਹਾਂ ਦਾਅਵਿਆਂ ਦੀ ਫੂਕ ਕੱਢਣ ਲਈ ਕਾਫੀ ਹਨ।
ਚੀਨ ਸੰਬੰਧੀ ਤਾਜ਼ਾ ਘਟਨਾਵਾਂ 'ਤੇ ਦੇਸ਼ 'ਚ ਖੱਬੇਪੱਖੀਆਂ ਦੀ ਪ੍ਰਤੀਕਿਰਿਆ ਸੁਭਾਵਿਕ ਤੌਰ 'ਤੇ ਹਮਖਿਆਲੀ ਦਰਸ਼ਨ ਕਾਰਨ ਸਵਾਗਤ ਵਾਲੀ ਹੀ ਹੋਵੇਗੀ ਕਿਉਂਕਿ ਦੋਹਾਂ ਦੇ ਸਾਂਝੇ ਪ੍ਰੇਰਣਾਸਰੋਤ ਕਾਰਲ ਮਾਰਕਸ ਦਾ ਸਿਆਸੀ ਸਿਧਾਂਤ 'ਰਾਜ ਦਾ ਪਤਨ ਸ਼ੁਰੂ ਹੋਣ ਤਕ' ਤਾਨਾਸ਼ਾਹੀ ਸ਼ਾਸਨ ਦਾ ਸਮਰਥਨ ਕਰਦਾ ਹੈ।
1975 'ਚ ਐਮਰਜੈਂਸੀ ਦਾ ਸ਼ੁਰੂਆਤੀ ਸਮਰਥਨ, ਪੱਛਮੀ ਬੰਗਾਲ 'ਚ 1977 ਤੋਂ 2011 ਤਕ 34 ਵਰ੍ਹਿਆਂ ਦਾ ਸ਼ਾਸਨ ਕਾਲ ਅਤੇ ਮੌਜੂਦਾ ਦੌਰ 'ਚ ਕੇਰਲਾ ਅੰਦਰ ਸਿਆਸੀ-ਵਿਚਾਰਕ ਵਿਰੋਧੀਆਂ ਦੀਆਂ ਹੱਤਿਆਵਾਂ ਮਾਰਕਸਵਾਦੀਆਂ ਦੀ ਲੋਕਤੰਤਰਿਕ-ਸੰਵਿਧਾਨ ਵਿਰੋਧੀ ਮਾਨਸਿਕਤਾ ਨੂੰ ਹੀ ਜ਼ਾਹਿਰ ਕਰਦੀਆਂ ਹਨ।
ਜਿਹੜੇ ਖੱਬੇਪੱਖੀ ਕੁਝ ਦਹਾਕੇ ਪਹਿਲਾਂ ਤਕ ਭਾਰਤ ਦੇ ਵੱਡੇ ਹਿੱਸੇ 'ਤੇ ਆਪਣਾ ਆਧਾਰ ਫੈਲਿਆ ਹੋਣ ਦਾ ਦਾਅਵਾ ਕਰਦੇ ਸਨ, ਉਹ ਅੱਜ ਸਿਰਫ ਕੇਰਲਾ 'ਚ ਗੱਠਜੋੜ ਵਾਲੀ ਐੱਲ. ਡੀ. ਐੱਫ. ਸਰਕਾਰ ਤਕ ਸੀਮਿਤ ਹੋ ਗਏ ਹਨ। ਆਪਣੇ ਪ੍ਰਭਾਵ ਵਾਲੇ ਪੱਛਮੀ ਬੰਗਾਲ 'ਚ ਖੱਬੇਪੱਖੀ ਤੀਜੇ ਨੰਬਰ 'ਤੇ ਖਿਸਕ ਗਏ ਹਨ। ਪਿਛਲੇ ਦਿਨੀਂ ਹੋਈਆਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੇ ਢਾਈ ਦਹਾਕੇ ਪੁਰਾਣੇ ਮਾਰਕਸ-ਲੈਨਿਨਵਾਦੀ ਸ਼ਾਸਨ ਨੂੰ ਸੱਤਾ ਤੋਂ ਉਖਾੜ ਸੁੱਟਿਆ।
ਇਹ ਤੈਅ ਹੈ ਕਿ ਖੱਬੇਪੱਖੀ ਵਿਚਾਰਧਾਰਾ ਆਪਣੇ ਅੰਤਰ-ਵਿਰੋਧਾਂ ਕਾਰਨ ਦੁਨੀਆ 'ਚ ਅਢੁੱਕਵੀਂ ਹੋ ਗਈ ਹੈ ਪਰ ਅੱਜ ਚੀਨ ਵਿਸ਼ਵ ਸ਼ਾਂਤੀ ਅਤੇ ਬਹੁਲਤਾਵਾਦੀ ਸਮਾਜ ਲਈ ਇਕ ਗੰਭੀਰ ਖਤਰੇ ਵਜੋਂ ਉੱਭਰ ਰਿਹਾ ਹੈ। ਗੁਆਂਢੀ ਦੇਸ਼ ਹੋਣ ਕਰਕੇ ਭਾਰਤ ਨੂੰ ਇਸ ਸੰਕਟ ਦਾ ਸੇਕ ਜ਼ਿਆਦਾ ਮਹਿਸੂਸ ਹੋ ਰਿਹਾ ਹੈ। ਨਾਜ਼ੀ ਹਿਟਲਰ ਦੇ ਖਤਰੇ ਨੂੰ ਪਛਾਣਨ 'ਚ ਦੁਨੀਆ ਦੀਆਂ ਲੋਕਤੰਤਰਿਕ ਤਾਕਤਾਂ ਨੇ ਜੋ ਦੇਰੀ ਕੀਤੀ ਸੀ, ਉਸ ਦੀ ਕੀਮਤ ਦੁਨੀਆ ਨੂੰ ਦੂਜੀ ਸੰਸਾਰ ਜੰਗ ਦੇ ਰੂਪ 'ਚ ਚੁਕਾਉਣੀ ਪਈ ਸੀ, ਜਿਸ ਵਿਚ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੇ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਸੀ।
ਕੀ ਦੁਨੀਆ ਸਮਾਂ ਰਹਿੰਦਿਆਂ ਲੋਕਤੰਤਰ ਨੂੰ ਚੀਨ ਤੋਂ ਮਿਲਣ ਵਾਲੀ ਚੁਣੌਤੀ ਨੂੰ ਸਮਝ ਕੇ ਉਸ ਵਿਰੁੱਧ ਕੋਈ ਠੋਸ ਅਤੇ ਫੈਸਲਾਕੁੰਨ ਕਦਮ ਚੁੱਕੇਗੀ? ਇਸ ਸਵਾਲ ਦੇ ਜਵਾਬ 'ਚ ਅੱਜ ਦੁਨੀਆ ਦਾ ਭਵਿੱਖ ਲੁਕਿਆ ਹੋਇਆ ਹੈ। (punjbalbir@gmail.com)
ਉੱਤਰ-ਪੂਰਬ 'ਚ ਸਿਆਸੀ ਤਬਦੀਲੀ ਕੌਮੀ ਸਿਆਸਤ ਲਈ ਸ਼ੁਭ ਸੰਕੇਤ
NEXT STORY