ਕਿਹਾ ਜਾਂਦਾ ਹੈ ਕਿ ਭਾਰਤੀ ਲੋਕਤੰਤਰਿਕ ਸਿਆਸਤ ਦੀ ਬਹੁਮੰਜ਼ਿਲਾ ਇਮਾਰਤ ਬੇਹੱਦ ਕਮਜ਼ੋਰ ਸੰਭਾਵਨਾਵਾਂ ਦੀ ਨੀਂਹ ਉੱਤੇ ਟਿਕੀ ਹੈ, ਭਾਵ ਚੋਣਾਂ ਦਾ ਊਠ ਕਦੋਂ ਕਿਹੜੀ ਕਰਵਟ ਲੈ ਲਵੇ, ਇਹ ਅਖੀਰ ਤਕ ਪਤਾ ਨਹੀਂ ਲੱਗਦਾ। ਹਾਂ, ਕਿਆਸ-ਅਰਾਈਆਂ ਦੇ ਮਾਮਲੇ 'ਚ ਲੋਕਾਂ ਅਤੇ ਮੀਡੀਆ ਦਾ ਜਵਾਬ ਨਹੀਂ ਹੈ। ਉਹ ਲੱਗਭਗ ਹਰ ਰੋਜ਼ ਸਾਰਿਆਂ ਨੂੰ ਜਿਤਾਉਂਦੇ ਅਤੇ ਹਰਾਉਂਦੇ ਰਹਿੰਦੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਮੀਡੀਆ ਵਰਗੇ ਲੋਕਤੰਤਰਿਕ ਪ੍ਰਣਾਲੀਆਂ ਦੇ ਮਜ਼ਬੂਤ ਥੰਮ੍ਹ ਉਤੋਂ ਲੋਕਾਂ ਦਾ ਭਰੋਸਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ।
ਖੈਰ, ਅਸੀਂ ਚਰਚਾ ਕਰ ਰਹੇ ਹਾਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂ. ਪੀ. ਦੀਆਂ ਵਿਧਾਨ ਸਭਾ ਚੋਣਾਂ ਦੀ, ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜਦੋਂ ਤਕ ਕਾਂਗਰਸ ਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਤਾਲਮੇਲ ਨਹੀਂ ਹੋਇਆ ਸੀ, ਉਦੋਂ ਤਕ ਸਾਰੇ ਮਾਧਿਅਮ ਯੂ. ਪੀ. ਵਿਚ ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਦੀ ਗੱਲ ਕਹਿ ਰਹੇ ਸਨ। ਕਈ ਮੀਡੀਆ ਵਾਲਿਆਂ ਨੇ ਤਾਂ ਭਾਜਪਾ ਦੀ ਉੱਥੇ ਸਰਕਾਰ ਤਕ ਬਣਵਾ ਦਿੱਤੀ ਸੀ।
ਪਰ ਹੁਣ ਜਦੋਂ ਤੋਂ ਕਾਂਗਰਸ ਤੇ ਸਪਾ ਦਾ ਗੱਠਜੋੜ ਹੋਇਆ ਹੈ, ਉਦੋਂ ਤੋਂ ਭਾਜਪਾ ਦੀ ਤਰਫਦਾਰੀ ਕਰਨ ਵਾਲਿਆਂ ਨੂੰ ਸੱਪ ਸੁੰਘ ਗਿਆ ਹੈ। ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਿਰ ਆਪਣੇ ਅਨੁਮਾਨ ਨੂੰ ਕਿਸ ਪਾਸੇ ਮੋੜ ਕੇ ਭਾਜਪਾ ਨੂੰ ਜਿੱਤਦੀ ਦਿਖਾਉਣ। ਅਸਲ ਵਿਚ ਨੋਟਬੰਦੀ ਕਾਰਨ ਪੈਦਾ ਹੋਈ ਅਵਿਵਸਥਾ ਨਾਲ ਭਾਜਪਾ ਵਿਰੁੱਧ ਵੋਟਰਾਂ ਦਾ ਜੋ ਮਿਜਾਜ਼ ਬਣਿਆ ਹੋਇਆ ਸੀ, ਉਸ ਅੱਗ ਵਿਚ ਕਾਂਗਰਸ-ਸਪਾ ਗੱਠਜੋੜ ਨੇ ਘਿਓ ਪਾਉਣ ਦਾ ਕੰਮ ਕੀਤਾ ਹੈ ਜਾਂ ਇੰਝ ਕਹੋ ਕਿ ਯੂ. ਪੀ. ਵਿਚ ਭਾਜਪਾ ਵਿਰੁੱਧ ਪਹਿਲਾਂ ਹੀ ਮਾਹੌਲ ਬਣ ਰਿਹਾ ਸੀ ਤੇ ਉਪਰੋਂ ਕਾਂਗਰਸ-ਸਪਾ ਗੱਠਜੋੜ ਨੇ ਭਾਜਪਾ ਦੀਆਂ ਦੁਸ਼ਵਾਰੀਆਂ ਹੋਰ ਵਧਾ ਦਿੱਤੀਆਂ ਹਨ। ਇਹ ਹਾਲਾਤ ਭਾਜਪਾ ਦੇ ਰਣਨੀਤੀਕਾਰਾਂ ਲਈ ਚਿੰਤਾ ਦਾ ਸਬੱਬ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਯੂ. ਪੀ. ਦੀਆਂ ਚੋਣਾਂ ਦੇ ਮੱਦੇਨਜ਼ਰ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਂਗਰਸ-ਸਪਾ ਵਿਚਾਲੇ ਗੱਠਜੋੜ ਹੋਇਆ ਹੈ। ਇਸ ਦਾ ਪੂਰਾ ਸਿਹਰਾ ਪ੍ਰਿਅੰਕਾ ਗਾਂਧੀ ਤੇ ਡਿੰਪਲ ਯਾਦਵ ਨੂੰ ਜਾਂਦਾ ਹੈ, ਹਾਲਾਂਕਿ ਕਾਂਗਰਸ-ਸਪਾ ਦੇ ਇਕੱਠਿਆਂ ਚੋਣਾਂ ਲੜਨ ਦੇ ਕਿਆਸ ਉਦੋਂ ਤੋਂ ਹੀ ਲੱਗ ਰਹੇ ਸਨ, ਜਦੋਂ ਕਾਂਗਰਸ ਦੇ ਸਲਾਹਕਾਰ ਅਖਿਲੇਸ਼ ਯਾਦਵ ਨੂੰ ਮਿਲੇ ਸਨ। ਫਿਲਹਾਲ ਇਹ ਤੈਅ ਹੋਇਆ ਹੈ ਕਿ ਕਾਂਗਰਸ 105 ਤਾਂ ਸਪਾ 298 ਸੀਟਾਂ 'ਤੇ ਚੋਣਾਂ ਲੜੇਗੀ।
ਇਹ ਫਾਰਮੂਲਾ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਹੋਏ ਗੱਠਜੋੜ ਦੇ ਨਤੀਜਿਆਂ ਤੋਂ ਪ੍ਰੇਰਿਤ ਲੱਗ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਹੀ ਸਪਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਪਾ ਨੂੰ ਇਥੇ ਲੱਗਭਗ 30 ਫੀਸਦੀ ਵੋਟਾਂ ਮਿਲੀਆਂ ਸਨ, ਜਿਸ ਦੇ ਸਿੱਟੇ ਵਜੋਂ ਉਸ ਨੇ ਪੂਰੇ ਬਹੁਮਤ ਨਾਲ ਆਪਣੀ ਸਰਕਾਰ ਬਣਾ ਲਈ ਸੀ ਪਰ ਲੋਕ ਸਭਾ ਚੋਣਾਂ ਵਿਚ ਸਪਾ ਦੀਆਂ ਵੋਟਾਂ ਘਟ ਕੇ 22 ਫੀਸਦੀ ਰਹਿ ਗਈਆਂ ਸਨ।
ਇਸੇ ਤਰ੍ਹਾਂ ਕਾਂਗਰਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀਆਂ ਲੱਗਭਗ 12 ਫੀਸਦੀ ਵੋਟਾਂ ਲੋਕ ਸਭਾ ਚੋਣਾਂ ਵਿਚ ਘਟ ਕੇ 8 ਫੀਸਦੀ ਰਹਿ ਗਈਆਂ ਸਨ। ਜ਼ਾਹਿਰ ਹੈ ਕਿ ਜੇ ਇਹ ਦੋਵੇਂ ਪਾਰਟੀਆਂ ਆਪਣੇ ਦਮ 'ਤੇ ਚੋਣ ਲੜਦੀਆਂ ਤਾਂ ਇਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਇਨ੍ਹਾਂ ਦੇ ਇਕੱਠਿਆਂ ਚੋਣ ਲੜਨ ਨਾਲ ਇਨ੍ਹਾਂ ਨੂੰ ਕਾਫੀ ਫਾਇਦਾ ਹੋਣ ਦੀ ਉਮੀਦ ਹੈ ਅਤੇ ਖਿੰਡਰੇ ਹੋਏ ਮੁਸਲਿਮ ਵੋਟਰ ਇਸ ਗੱਠਜੋੜ ਨਾਲ ਜੁੜ ਸਕਦੇ ਹਨ।
ਹੁਣ ਤਕ ਯੂ. ਪੀ. ਦੀਆਂ ਚੋਣਾਂ ਦਾ ਗਣਿਤ ਇਹੋ ਰਿਹਾ ਹੈ ਕਿ ਜਿਸ ਪਾਰਟੀ ਨਾਲ ਮੁਸਲਿਮ ਵੋਟਰ ਜੁੜਿਆ ਹੈ, ਉਹੀ ਜਿੱਤਦਾ ਰਿਹਾ ਹੈ। ਇਸ ਸਥਿਤੀ ਵਿਚ ਸਪਾ ਨੂੰ ਇਕ ਅਜਿਹੀ ਪਾਰਟੀ ਦਾ ਸਾਥ ਚਾਹੀਦਾ ਸੀ, ਜੋ ਸਮਾਜਵਾਦੀ ਸਿਧਾਂਤਾਂ ਵਿਚ ਯਕੀਨ ਰੱਖਦਿਆਂ ਫਿਰਕਾਪ੍ਰਸਤੀ ਦਾ ਵਿਰੋਧ ਕਰੇ।
ਇਸ ਤਰ੍ਹਾਂ ਕਾਂਗਰਸ, ਰਾਸ਼ਟਰੀ ਲੋਕ ਦਲ ਅਤ ਹੋਰ ਕਈ ਪਾਰਟੀਆਂ ਸਪਾ ਨਾਲ ਹੱਥ ਮਿਲਾਉਣ ਲਈ ਤਿਆਰ ਨਜ਼ਰ ਆਈਆਂ। ਕਾਂਗਰਸ ਲੰਮੇ ਸਮੇਂ ਤੋਂ ਯੂ. ਪੀ. ਵਿਚ ਸੱਤਾ ਤੋਂ ਦੂਰ ਹੈ। ਉਸ ਨੂੰ ਉਮੀਦ ਹੈ ਕਿ ਹੁਣ ਸਪਾ ਨਾਲ ਮਿਲ ਕੇ ਆਪਣਾ ਆਧਾਰ ਮਜ਼ਬੂਤ ਕਰ ਸਕਦੀ ਹੈ, ਜਿਸ ਦਾ ਫਾਇਦਾ ਸ਼ਾਇਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਠਾ ਸਕੇ।
ਸਭ ਨੂੰ ਪਤਾ ਹੈ ਕਿ ਸਪਾ ਵਿਚ ਅੰਦਰੂਨੀ ਕਲੇਸ਼ ਦੇ ਬਾਵਜੂਦ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਅਕਸ ਵਿਚ ਨਿਖਾਰ ਆਇਆ ਹੈ। ਇਹੋ ਵਜ੍ਹਾ ਹੈ ਕਿ ਜਿਥੇ ਵੀ ਸਪਾ ਦੀ ਚਰਚਾ ਹੋ ਰਹੀ ਹੈ, ਉਥੇ ਪਾਰਟੀ ਦੇ ਹੋਰਨਾਂ ਨੇਤਾਵਾਂ ਦੀ ਬਜਾਏ ਅਖਿਲੇਸ਼ 'ਤੇ ਹੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਅਖਿਲੇਸ਼ ਯਾਦਵ ਦਾ ਕਾਂਗਰਸ ਨਾਲ ਗੱਠਜੋੜ ਹੋਣਾ ਸੰਜੀਵਨੀ ਬੂਟੀ ਦਾ ਕੰਮ ਕਰੇਗਾ, ਭਾਵ ਕਾਂਗਰਸ ਅਖਿਲੇਸ਼ ਨੂੰ ਸਿਆਸੀ ਜੀਵਨਦਾਨ ਦੇ ਸਕਦੀ ਹੈ।
ਦੱਸਿਆ ਜਾਂਦਾ ਹੈ ਕਿ ਸਪਾ ਦੇ ਅੰਦਰੂਨੀ ਕਲੇਸ਼ ਕਾਰਨ ਜੋ ਥੋੜ੍ਹਾ-ਬਹੁਤ ਨੁਕਸਾਨ ਹੋਇਆ ਸੀ, ਉਸ ਦੀ ਪੂਰਤੀ ਕਾਂਗਰਸ ਦੀ ਪਹਿਲਾਂ ਤੋਂ ਬਣਾਈ ਰਣਨੀਤੀ ਕਰ ਦੇਵੇਗੀ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਨਾਲ ਸਪਾ ਦਾ ਗੱਠਜੋੜ ਉਸ ਮੁਸਲਿਮ ਵੋਟ ਬੈਂਕ ਨੂੰ ਵੀ ਬਸਪਾ ਵੱਲ ਜਾਣ ਤੋਂ ਰੋਕੇਗਾ, ਜਿਸ ਨੂੰ ਆਪਣੇ ਵੱਲ ਖਿੱਚਣ ਲਈ ਬਸਪਾ ਸੁਪਰੀਮੋ ਮਾਇਆਵਤੀ ਨੇ ਹੋਰਨਾਂ ਸਾਰੀਆਂ ਪਾਰਟੀਆਂ ਨਾਲੋਂ ਜ਼ਿਆਦਾ ਮੁਸਲਿਮ ਵੋਟਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਬਸਪਾ ਨੇ 97 ਮੁਸਲਿਮ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ, ਜਦਕਿ ਸਪਾ ਨੇ 57 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇੰਝ ਕਹਿ ਲਓ ਕਿ ਕਾਂਗਰਸ-ਸਪਾ ਦੇ ਇਕੱਠੇ ਹੋਣ ਨਾਲ ਦੋਹਾਂ ਪਾਰਟੀਆਂ ਦੇ ਮੁਸਲਿਮ ਸਮਰਥਕ ਵੋਟਾਂ ਦੇ ਆਧਾਰ 'ਤੇ ਇਕਜੁੱਟ ਹੋ ਸਕਦੇ ਹਨ।
ਪਿਛਲੀਆਂ ਚੋਣਾਂ ਵਿਚ 39 ਫੀਸਦੀ ਮੁਸਲਮਾਨਾਂ ਨੇ ਸਪਾ ਅਤੇ 18 ਫੀਸਦੀ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੋਹਾਂ ਪਾਰਟੀਆਂ ਦਾ ਮੁਸਲਿਮ ਜਨ-ਆਧਾਰ ਚੋਣ ਨਤੀਜਿਆਂ 'ਤੇ ਹਾਂ-ਪੱਖੀ ਅਸਰ ਪਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਸਤ 2016 ਵਿਚ ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਨੀਤੀ-ਸੀ. ਐੱਸ. ਡੀ. ਐੱਸ. ਦਾ ਇਕ ਓਪੀਨੀਅਨ ਪੋਲ ਆਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਹੁਣ ਚੋਣਾਂ ਹੋਈਆਂ ਤਾਂ ਸੱਤਾਧਾਰੀ ਸਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ ਅਤੇ ਸਪਾ ਨੂੰ ਸਖ਼ਤ ਟੱਕਰ ਦੇ ਕੇ ਭਾਜਪਾ ਦੂਜੇ ਨੰਬਰ 'ਤੇ ਰਹੇਗੀ, ਜਦਕਿ ਬਸਪਾ ਤੀਜੇ ਨੰਬਰ 'ਤੇ ਰਹੇਗੀ।
ਉਦੋਂ ਉਸ ਸਰਵੇ ਦਾ ਅਨੁਮਾਨ ਗਲਤ ਲੱਗ ਰਿਹਾ ਸੀ ਪਰ ਹੁਣ ਜੋ ਹਾਲਾਤ ਬਣ ਰਹੇ ਹਨ, ਉਨ੍ਹਾਂ ਤੋਂ ਲੱਗ ਰਿਹਾ ਹੈ ਕਿ ਮਾਹੌਲ ਕਾਂਗਰਸ-ਸਪਾ ਦੇ ਪੱਖ ਵਿਚ ਬਣਦਾ ਜਾ ਰਿਹਾ ਹੈ। ਉਕਤ ਤੋਂ ਇਲਾਵਾ ਭਾਜਪਾ ਵਿਰੁੱਧ ਇਕ ਹੋਰ ਗੱਲ ਵੀ ਜਾ ਰਹੀ ਹੈ ਕਿ ਉਹ ਪਰਿਵਾਰਵਾਦ ਨੂੰ ਲੈ ਕੇ ਹਮੇਸ਼ਾ ਵਿਰੋਧੀ ਧਿਰ 'ਤੇ ਚੜ੍ਹਾਈ ਕਰਨ ਦੇ ਬਾਵਜੂਦ ਖ਼ੁਦ ਪਰਿਵਾਰਵਾਦ ਦੀ ਸਭ ਤੋਂ ਵੱਡੀ ਪ੍ਰਤੀਕ ਪਾਰਟੀ ਬਣ ਗਈ ਹੈ। ਯੂ. ਪੀ. ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਜੋ ਦੂਜੀ ਸੂਚੀ ਜਾਰੀ ਕੀਤੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਰਿਵਾਰਵਾਦ ਨੂੰ ਲੈ ਕੇ ਹੋਰਨਾਂ ਪਾਰਟੀਆਂ ਵਿਰੁੱਧ ਹੱਲਾ ਬੋਲਣ ਵਾਲੀ ਭਾਜਪਾ ਦਾ ਇਹ ਹੱਲਾ ਸਿਰਫ ਦਿਖਾਵਾ ਹੈ।
ਭਾਜਪਾ ਦੀ ਦੂਜੀ ਸੂਚੀ, ਜੋ ਪਰਿਵਾਰਵਾਦ ਦੀ ਤਸਵੀਰ ਦਿਖਾ ਰਹੀ ਹੈ, ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲਜੀ ਟੰਡਨ ਦੇ ਬੇਟੇ ਗੋਪਾਲ ਟੰਡਨ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬੇਟੇ ਪੰਕਜ ਸਿੰਘ, ਸੰਸਦ ਮੈਂਬਰ ਹੁਕਮ ਸਿੰਘ ਦੀ ਧੀ ਮ੍ਰਿਗਾਂਗਿਕਾ ਸਿੰਘ, ਪਾਰਟੀ ਆਗੂ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਬੇਟੇ ਪ੍ਰਤੀਕ ਸ਼ਰਨ ਸਿੰਘ, ਭਾਜਪਾ ਦੀ ਨੇਤਾ ਪ੍ਰੇਮਲਤਾ ਕਟਿਆਰ ਦੀ ਧੀ ਨੀਲਿਮਾ ਕਟਿਆਰ, ਬ੍ਰਹਮਦੱਤ ਦਿਵੇਦੀ ਦੇ ਬੇਟੇ ਸੁਨੀਲ ਦੱਤ ਦਿਵੇਦੀ, ਸਵਾਮੀ ਪ੍ਰਸਾਦ ਮੌਰਿਆ ਦੇ ਬੇਟੇ ਉਤਕ੍ਰਿਸ਼ਟ ਮੌਰਿਆ ਅਤੇ ਕਲਿਆਣ ਸਿੰਘ ਦੀ ਨੂੰਹ ਪ੍ਰੇਮਲਤਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਕ ਹੋਰ ਗੰਭੀਰ ਮਾਮਲਾ ਹੈ, ਜੋ ਭਾਜਪਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਿਹਾ ਹੈ। ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪਾਰਟੀ ਦੇ ਘਾਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਨੌਜਵਾਨ ਸੰਸਦ ਮੈਂਬਰ ਵਰੁਣ ਗਾਂਧੀ ਅਤੇ ਵਿਨੇ ਕਟਿਆਰ ਦਾ ਨਾਂ ਸ਼ਾਮਿਲ ਨਾ ਹੋਣਾ ਕਈਆਂ ਨੂੰ ਰੜਕ ਰਿਹਾ ਹੈ। ਭਾਜਪਾ ਕਿਉਂਕਿ ਖ਼ੁਦ ਨੂੰ ਇਕ ਬੇਹੱਦ ਸੱਭਿਅਕ (ਕਲਚਰਡ) ਪਾਰਟੀ ਦੱਸਦੀ ਹੈ, ਫਿਰ ਵੀ ਉਹ ਕਿਹੜਾ ਕਲਚਰ ਅਪਣਾ ਰਹੀ ਹੈ, ਇਹ ਸਵਾਲ ਵੋਟਰ ਉਸ ਤੋਂ ਪੁੱਛ ਸਕਦੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਯੂ. ਪੀ. ਵਿਚ ਕਾਂਗਰਸ-ਸਪਾ ਗੱਠਜੋੜ ਕਰਵਾਉਣ ਵਿਚ ਪ੍ਰਿਅੰਕਾ-ਡਿੰਪਲ ਦੀ ਅਹਿਮ ਭੂਮਿਕਾ ਰਹੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਹ ਦੋਵੇਂ ਸੂਬੇ ਵਿਚ ਪ੍ਰਚਾਰ ਦੀ ਕਮਾਨ ਸੰਭਾਲਣਗੀਆਂ। ਸਭ ਨੂੰ ਪਤਾ ਹੈ ਕਿ ਪ੍ਰਿਅੰਕਾ ਤੇ ਡਿੰਪਲ ਨੂੰ ਦੇਖਣ ਲਈ ਸੂਬੇ ਦੇ ਲੋਕ ਉਤਾਵਲੇ ਰਹਿੰਦੇ ਹਨ, ਇਸ ਲਈ ਕਾਂਗਰਸ ਤੇ ਸਪਾ ਦੇ ਗੱਠਜੋੜ ਨੇ ਭਾਜਪਾ ਦੀਆਂ ਦੁਸ਼ਵਾਰੀਆਂ ਪਹਿਲਾਂ ਨਾਲੋਂ ਜ਼ਿਆਦਾ ਵਧਾ ਦਿੱਤੀਆਂ ਹਨ। ਰਿਹਾ ਸਵਾਲ ਬਸਪਾ ਦਾ ਤਾਂ ਉਸ ਦੀਆਂ ਸੰਭਾਵਨਾਵਾਂ ਭਾਜਪਾ ਨਾਲੋਂ ਕੁਝ ਬਿਹਤਰ ਹਨ।
ਖੈਰ, ਵੋਟਾਂ ਪੈਣ ਵਾਲੇ ਦਿਨ ਤਕ ਹਾਲਾਤ ਕਿਸ ਤਰ੍ਹਾਂ ਬਣਦੇ-ਵਿਗੜਦੇ ਹਨ, ਇਹ ਦੇਖਣ ਵਾਲੀ ਗੱਲ ਹੈ। ਕਾਂਗਰਸ ਆਈ. ਟੀ. ਸੈੱਲ ਦੇ ਮੁਖੀ ਰਾਹੁਲ ਪਾਂਡੇ ਦੇ ਨਿਰਦੇਸ਼ਨ ਹੇਠ ਦਿੱਲੀ ਦੇ ਕਨਵੀਨਰ ਵਿਸ਼ਾਲ ਕੁੰਦਰਾ ਅਤੇ ਯੂ. ਪੀ. ਦੇ ਪਵਨ ਦੀਕਸ਼ਿਤ ਨੇ ਵਿਰੋਧੀ ਧਿਰ 'ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਹਨ।
ਫਿਲਹਾਲ ਦੇਖਣਾ ਇਹ ਹੈ ਕਿ ਯੂ. ਪੀ. ਵਿਚ ਰਾਹੁਲ-ਅਖਿਲੇਸ਼, ਪ੍ਰਿਅੰਕਾ-ਡਿੰਪਲ, ਗੁਲਾਮ ਨਬੀ ਆਜ਼ਾਦ, ਰਾਜ ਬੱਬਰ, ਪ੍ਰਮੋਦ ਤਿਵਾੜੀ ਅਤੇ ਸ਼ੀਲਾ ਦੀਕਸ਼ਿਤ ਕਿੰਨਾ ਕੰਮ ਕਰਦੇ ਹਨ ਕਿਉਂਕਿ ਯੂ. ਪੀ. ਦੀ ਲੜਾਈ ਕੋਈ ਸੌਖੀ ਨਹੀਂ ਅਤੇ ਇਥੇ ਜੇਤੂ ਬਣਨ ਲਈ ਭਾਜਪਾ ਤੇ ਬਸਪਾ ਵੀ ਪੂਰੀ ਵਾਹ ਲਾ ਦੇਣਗੀਆਂ।
ਸੀ. ਬੀ. ਆਈ. ਨੂੰ ਆਜ਼ਾਦ ਅਤੇ ਖ਼ੁਦਮੁਖਤਿਆਰ ਬਣਾਉਣ ਦੀ ਲੋੜ
NEXT STORY