ਜਿੱਥੇ ਕੋਵਿਡ-19 ਮਹਾਮਾਰੀ ਦੀ ਪਹਿਲੀ ਲਹਿਰ ਨੇ ਜ਼ਿਆਦਾਤਰ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਉੱਥੇ ਵਰਤਮਾਨ ’ਚ ਜਾਰੀ ਦੂਸਰੀ ਲਹਿਰ ਦਾ ਨੌਜਵਾਨ ਪੀੜ੍ਹੀ ’ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਲਹਿਰ ਕਦੋਂ ਆਪਣੇ ਸਿਖਰ ’ਤੇ ਹੋਵੇਗੀ ਅਤੇ ਕਦੋਂ ਕੋਰੋਨਾ ਦੇ ਮਾਮਲਿਆਂ ’ਚ ਤਸੱਲੀਬਖਸ਼ ਕਮੀ ਆਵੇਗੀ ਪਰ ਮਾਹਿਰ ਹੁਣੇ ਤੋਂ ਤੀਸਰੀ ਲਹਿਰ ਦੇ ਬਾਰੇ ਕੁਝ ਚਿੰਤਾ ਵਾਲੇ ਖਦਸ਼ੇ ਪ੍ਰਗਟ ਕਰਨ ਲੱਗੇ ਹਨ।
‘ਨਾਰਾਇਣ ਹੈਲਥ’ ਦੇ ਮੁਖੀ ਡਾ. ਦੇਵੀ ਸ਼ੈੱਟੀ ਸਮੇਤ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਤੀਸਰੀ ਲਹਿਰ ਲਈ ਪਹਿਲਾਂ ਤੋਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਡਾ. ਦੇਵੀ ਸ਼ੈੱਟੀ ਨੂੰ ਕਰਨਾਟਕ ਸਰਕਾਰ ਨੇ ਕੋਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਲਈ ਬਣਾਈ ਟਾਸਕ ਫੋਰਸ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਡਾ. ਦੇਵੀ ਸ਼ੈੱਟੀ ਦੇ ਅਨੁਸਾਰ ਤੀਸਰੀ ਲਹਿਰ ਨੂੰ ਲੈ ਕੇ ਅਜੇ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਜੇਕਰ ਅਮਰੀਕਾ ਅਤੇ ਯੂਰਪ ’ਚ ਕੋਰੋਨਾ ਵਾਇਰਸ ਦੇ ਵਤੀਰੇ ਅਤੇ ਪ੍ਰਭਾਵ ਨੂੰ ਦੇਖਿਆ ਜਾਵੇ ਤਾਂ ਉਸ ਦਾ ਅਸਰ ਹੋਰਨਾਂ ਥਾਵਾਂ ’ਤੇ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਅਜਿਹੇ ’ਚ ਸਿਆਣਪ ਇਹੀ ਹੋਵੇਗੀ ਕਿ ਤੀਸਰੀ ਲਹਿਰ ਦਾ ਸਾਹਮਣਾ ਕਰਨ ਲਈ ਅਸੀਂ ਪਹਿਲਾਂ ਤੋਂ ਤਿਆਰ ਰਹੀਏ।
ਸਭ ਤੋਂ ਵੱਧ ਚਿੰਤਾਜਨਕ ਮਾਹਿਰਾਂ ਦੀ ਇਹ ਚਿਤਾਵਨੀ ਹੈ ਕਿ ਤੀਸਰੀ ਲਹਿਰ ਬੱਚਿਆਂ ’ਤੇ ਮਾੜਾ ਪ੍ਰਭਾਵ ਪਾ ਸਕਦੀ ਹੈ ਕਿਉਂਕਿ ਤਦ ਤੱਕ ਬਾਲਗਾਂ ’ਚੋਂ ਵਧੇਰੇ ਜਾਂ ਤਾਂ ਪਹਿਲਾਂ ਤੋਂ ਹੀ ਇਨਫੈਕਟਿਡ ਹੋ ਚੁੱਕੇ ਹੋਣਗੇ ਜਾਂ ਕੋਰੋਨਾ ਤੋਂ ਬਚਾਉਣ ਵਾਲੀ ਵੈਕਸੀਨ ਲੱਗ ਚੁੱਕੀ ਹੋਵੇਗੀ।
ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਦੇਸ਼ ’ਚ ਕੋਰੋਨਾ ਦੀ ਦੂਸਰੀ ਲਹਿਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ’ਚ ਮਾਸੂਮ ਬੱਚੇ ਹੁਣ ਤੋਂ ਸੁਰੱਖਿਅਤ ਨਹੀਂ ਹਨ। ਸੂਬੇ ’ਚ ਲਗਭਗ 40 ਦਿਨਾਂ ’ਚ 10 ਸਾਲ ਤੋਂ ਘੱਟ ਉਮਰ ਦੇ 76,401 ਬੱਚੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਸ ਸਾਲ 1 ਜਨਵਰੀ ਤੋਂ 12 ਮਈ ਤੱਕ 10 ਸਾਲ ਦੀ ਉਮਰ ਤੋਂ ਘੱਟ ਦੇ 1,06,222 ਬੱਚੇ ਕੋਰੋਨਾ ਨਾਲ ਇਨਫੈਕਟਿਡ ਹੋਏ ਹਨ।
ਬੱਚਿਆਂ ’ਤੇ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਹਸਪਤਾਲਾਂ ’ਚ ਨਵਜਨਮੇ ਬੱਚਿਆਂ ਦੇ ਲਈ ਆਈ. ਸੀ. ਯੂ. ਵਾਰਡ ਬਣਾਏ ਜਾ ਰਹੇ ਹਨ। ਸੂਬੇ ’ਚ ਬੀਤੇ ਸਾਲ 2020 ’ਚ 67,110 ਬੱਚੇ ਹੀ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਸਨ।
ਤੀਸਰੀ ਲਹਿਰ ਸੱਚ ’ਚ ਜੇਕਰ ਬੱਚਿਅਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਹਸਪਤਾਲਾਂ ’ਚ ਉਨ੍ਹਾਂ ਦੇ ਇਲਾਜ ਅਤੇ ਦੇਖਭਾਲ ਦਾ ਕੰਮ ਬੜਾ ਚੁਣੌਤੀ ਵਾਲਾ ਹੋ ਸਕਦਾ ਹੈ ਜੋ ਪਹਿਲਾਂ ਤੋਂ ਲੜਖੜਾ ਚੁੱਕੀਆਂ ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਵੀ ਬੁਰੀ ਤਰ੍ਹਾਂ ਹਿਲਾ ਸਕਦਾ ਹੈ।
ਡਾ. ਦੇਵੀ ਸ਼ੈੱਟੀ ਦੇ ਅਨੁਸਾਰ, ‘‘12 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇਲਾਜ ਅਤੇ ਦੇਖਭਾਲ ਵੱਡਿਆਂ ਦੀ ਤੁਲਨਾ ’ਚ ਕਾਫੀ ਵੱਖਰਾ ਅਤੇ ਔਖਾ ਹੋਵੇਗਾ। ਬੱਚਿਆਂ ਦੇ ਲਈ ਕੋਵਿਡ ਇਲਾਜ ਪਹਿਲੀਆਂ ਦੋ ਲਹਿਰਾ ਤੋਂ ਪੂਰੀ ਤਰ੍ਹਾਂ ਅਲੱਗ ਹੋਵੇਗਾ। ਤੀਸਰੀ ਲਹਿਰ ਦੀ ਤਿਆਰੀ ਲਈ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਇਕ ਪੂਰੀ ਫੌਜ ਦੀ ਲੋੜ ਹੋਵੇਗੀ।’’
‘‘ਅਜਿਹਾ ਇਸ ਲਈ ਹੈ ਕਿਉਂਕਿ ਬੱਚਿਆਂ ਨੂੰ ਵੱਡਿਆਂ ਦੇ ਵਾਂਗ ਸੰਭਾਲਣਾ ਸੰਭਵ ਨਹੀਂ ਹੁੰਦਾ। ਉਦਾਹਰਣ ਦੇ ਲਈ ਜੇਕਰ ਕਿਸੇ ਆਈ. ਸੀ. ਯੂ. ’ਚ ਕੋਰੋਨਾ ਦੇ 20 ਮਰੀਜ਼ ਹਨ ਤਾਂ ਇਕ ਨਰਸ ਉਨ੍ਹਾਂ ਦੀ ਦਵਾ-ਦਾਰੂ ਦੀ ਜ਼ਿੰਮੇੇਵਾਰੀ ਸੰਭਾਲ ਸਕਦੀ ਹੈ ਕਿਉਂਕਿ ਵੱਡੇ ਆਪਣਾ ਧਿਆਨ ਰੱਖਣ ’ਚ ਸਮਰੱਥ ਹੁੰਦੇ ਹਨ ਪਰ ਜੇਕਰ ਵੱਡਿਆਂ ਦੀ ਥਾਂ ਉੱਥੇ 20 ਬੱਚੇ ਹੋਣ ਤਾਂ ਉਨ੍ਹਾਂ ਦੇ ਲਈ ਕਿਤੇ ਵੱਧ ਨਰਸਾਂ ਦੀ ਲੋੜ ਹੋਵੇਗੀ ਕਿਉਂਕਿ ਨਾ ਤਾਂ ਬੱਚੇ ਆਸਾਨੀ ਨਾਲ ਮਾਸਕ ਲਗਾਉਣਗੇ ਨਾ ਹੀ ਉਨ੍ਹਾਂ ਨੂੰ ਵੈਂਟੀਲੇਟਰ ਲਗਾਉਣਾ ਸੌਖਾ ਹੋਵੇਗਾ ਅਤੇ ਉਨ੍ਹਾਂ ਨੂੰ ਦਵਾਈਆਂ ਖਵਾਉਣੀਆਂ ਵੀ ਔਖੀਆਂ ਹੋਣਗੀਆਂ।’’
‘‘ਜ਼ਿਆਦਾ ਛੋਟੇ ਬੱਚਿਆਂ ਨੂੰ ਤਾਂ 24 ਘੰਟੇ ਸੰਭਾਲਣਾ ਉਨ੍ਹਾਂ ਦੇ ਮਾਤਾ-ਪਿਤਾ ਤੋਂ ਇਲਾਵਾ ਕਿਸੇ ਹੋਰ ਦੇ ਲਈ ਉਂਝ ਵੀ ਸੰਭਵ ਨਹੀਂ ਹੋ ਸਕਦਾ। ਦੂਸਰੇ ਪਾਸੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਨਾਲ ਆਈ. ਸੀ. ਯੂ.’ਚ ਰੱਖਣਾ ਵੀ ਵਿਹਾਰਕ ਨਹੀਂ ਹੋ ਸਕਦਾ, ਖਾਸ ਕਰ ਕੇ ਜੇਕਰ ਉਨ੍ਹਾਂ ਦੇ ਹੋਰ ਬੱਚੇ ਹੋਣ ਤਾਂ ਉਹ ਉਨ੍ਹਾਂ ਨੂੰ ਘਰ ’ਚ ਕਿਵੇਂ ਇਕੱਲੇ ਛੱਡ ਸਕਦੇ ਹਨ।’’
ਉਨ੍ਹਾਂ ਨੇ ਕਿਹਾ, ‘‘ਸਾਨੂੰ ਛੋਟੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣ ਦੀ ਲੋੜ ਹੈ। ਕੰਮਕਾਜੀ ਵਰਗ ਅਤੇ ਹੇਠਲੇ ਦਰਜੇ ਦੇ ਆਮਦਨ ਵਰਗ ਦੇ ਮਾਤਾ-ਪਿਤਾ ਦਾ ਟੀਕਾਕਰਨ ਤੀਸਰੀ ਲਹਿਰ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਕੁੰਜੀ ਹੋਵੇਗਾ। ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦਾ ਟੀਕਾਕਰਨ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਹਾਲਾਂਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਅਜਿਹਾ ਕਰਨਾ ਵੀ ਸੌਖਾ ਨਹੀਂ ਹੋਵੇਗਾ।’’
ਬੱਚਿਆਂ ਦੇ ਲਈ ਜ਼ਰੂਰੀ ਦਵਾਈਆਂ ਜਿਵੇਂ ਕਿ ਬੁਖਾਰ ਉਤਾਰਨ ਦੇ ਲਈ ਪੈਰਾਸਿਟਾਮੋਲ ਆਦਿ ਦਾ ਉਤਪਾਦਨ ਪਹਿਲਾਂ ਤੋਂ ਵਧਾਉਣ ਦੀ ਲੋੜ ਪੈ ਸਕਦੀ ਹੈ। ਬੱਚਿਆਂ ’ਚ ਮਾਮਲੇ ਵਧਣ ’ਤੇ ਬਾਜ਼ਾਰ ਤੋਂ ਦਵਾਈਆਂ ਨੂੰ ਖਤਮ ਹੋਣ ’ਚ ਦੇਰ ਨਹੀਂ ਲੱਗੇਗੀ ਕਿਉਂਕਿ ਇਨ੍ਹਾਂ ਦਵਾਈਆਂ ਨੂੰ ਮੌਜੂਦਾ ਮੰਗ ਦੇ ਅਨੁਸਾਰ ਹੀ ਤਿਆਰ ਕੀਤਾ ਜਾਂਦਾ ਹੈ।
ਡਾ. ਸ਼ੈੱਟੀ ਦੇ ਅਨੁਸਾਰ ਦੂਸਰੀ ਲਹਿਰ ਦੇ ਤਹਿਤ ਤੇਜ਼ੀ ਨਾਲ ਵਧੇ ਮਾਮਲਿਆਂ ਦੇ ਬਾਰੇ ’ਚ ਕਿਸੇ ਨੇ ਸੋਚਿਆ ਨਹੀਂ ਸੀ ਅਤੇ ਜਦੋਂ ਇੰਨੇ ਜ਼ਿਆਦਾ ਮਾਮਲੇ ਇਕੱਠੇ ਆਉਂਦੇ ਹਨ ਤਾਂ ਅਮਰੀਕਾ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਦੇ ਲਈ ਵੀ ਸਥਿਤੀ ਨੂੰ ਸੰਭਾਲਣਾ ਸੌਖਾ ਨਹੀਂ ਹੋ ਸਕਦਾ। ਬੇਸ਼ੱਕ ਸਰਕਾਰ ਦੇ ਯਤਨਾਂ ਨੂੰ ਸਰਵੋਤਮ ਨਾ ਕਿਹਾ ਜਾ ਸਕੇ, ਇਸ ਸਮੇਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਲੋੜ ਹੈ ਕਿ ਇਸ ਸੰਕਟ ਦੇ ਦੌਰ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਅੱਗੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹੀਏ।
ਜਿਵੇਂ ਕਿ ਅੰਗਰੇਜ਼ੀ ’ਚ ਕਹਿੰਦੇ ਹਨ- ‘ਹੋਪ ਫਾਰ ਦਿ ਬੈਸਟ, ਪ੍ਰਿਪੇਅਰ ਫਾਰ ਦਿ ਵਰਸਟ’ ਭਾਵ ‘ਚੰਗੇ ਦੀ ਆਸ ਰੱਖੋ, ਬੁਰੇ ਦੇ ਲਈ ਤਿਆਰ ਰਹੋ।’
‘ਪਰਿਵਾਰਕ ਕਲੇਸ਼ ਦੇ ਕਾਰਨ’ ‘ਹੋ ਰਹੀ ਹਿੰਸਾ’ ਨਾਲ ‘ਉੱਜੜ ਰਹੇ ਪਰਿਵਾਰ’
NEXT STORY