‘ਟੈਲੀਗ੍ਰਾਮ’ ਜਾਂ ‘ਤਾਰ’ ਅਤੀਤ ’ਚ ਤੇਜ਼ ਰਫਤਾਰ ਨਾਲ ਸੰਦੇਸ਼ ਭੇਜਣ ਦਾ ਇਕੋ-ਇਕ ਮਾਧਿਅਮ ਸੀ। ਇਸ ਦੀ ਖੋਜ 1837 ’ਚ ਅਮਰੀਕੀ ਵਿਗਿਆਨੀ ‘ਸੈਮੁਅਲ ਮੋਰਸ’ ਨੇ ਕੀਤੀ ਸੀ। ਇਸ ਨਾਲ ਵਿਸ਼ਵ ’ਚ ਸੰਚਾਰ ਕ੍ਰਾਂਤੀ ਆਈ।
ਭਾਰਤ ’ਚ 5 ਨਵੰਬਰ, 1850 ਨੂੰ ਇਸ ਦਾ ਪਹਿਲੀ ਵਾਰ ਪ੍ਰਯੋਗ ਸ਼ੁਰੂ ਹੋਇਆ।
ਅੰਗਰੇਜ਼ਾਂ ਦੇ ਟੈਲੀਗ੍ਰਾਫ ਵਿਭਾਗ ਦੀ ਅਸਲ ਪ੍ਰੀਖਿਆ 1857 ਦੀ ਬਗਾਵਤ ਦੇ ਸਮੇਂ ਹੋਈ ਜਦੋਂ ਭਾਰਤੀ ਸੁਤੰਤਰਤਾ ਸੈਨਾਨੀਆਂ ਨੇ ਅੰਗਰੇਜ਼ਾਂ ਨੂੰ ਥਾਂ-ਥਾਂ ਹਾਰ ਦੇਣੀ ਸ਼ੁਰੂ ਕਰ ਦਿੱਤੀ ਸੀ। ਉਦੋਂ ਅੰਗਰੇਜ਼ਾਂ ਲਈ ‘ਤਾਰ’ ਅਜਿਹਾ ਸਹਾਰਾ ਸੀ ਜਿਸ ਦੇ ਰਾਹੀਂ ਉਹ ਸੈਂਕੜੇ ਮੀਲ ਦੂਰ ਬੈਠੇ ਆਪਣੇ ਕਮਾਂਡਰਾਂ ਨੂੰ ਫੌਜ ਦੀ ਮੌਜੂਦਗੀ, ਬਗਾਵਤ ਦੀਆਂ ਖਬਰਾਂ ਅਤੇ ਆਪਣੀ ਰਣਨੀਤੀ ਆਦਿ ਦੀਆਂ ਸੂਚਨਾਵਾਂ ਭੇਜਦੇ ਸਨ।
ਸਮਾਂ ਬੀਤਣ ਦੇ ਨਾਲ-ਨਾਲ ਸੰਚਾਰ ਦੇ ਸਸਤੇ ਅਤੇ ਵੱਧ ਸਹੂਲਤ ਵਾਲੇ ਮਾਧਿਅਮ ਆ ਜਾਣ ਨਾਲ ਟੈਲੀਗ੍ਰਾਮ ਸੇਵਾ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਲਗਾਤਾਰ ਘਟਦੀ ਜਾਣ ਦੇ ਕਾਰਨ ਭਾਰਤ ’ਚ 15 ਜੁਲਾਈ, 2013 ਨੂੰ 163 ਸਾਲ ਪੁਰਾਣੀ ਇਹ ਸੇਵਾ ਬੰਦ ਕਰ ਦਿੱਤੀ ਗਈ।
ਇਸ ਦਿਨ 2193 ਲੋਕਾਂ ਨੇ ਆਪਣੇ ਪਿਆਰਿਆਂ ਨੂੰ ਆਖਰੀ ਵਾਰ ਤਾਰ ਭੇਜੀ ਸੀ।
ਭਾਰਤ ਤੋਂ ‘ਤਾਰ’ ਦੀ ਵਿਦਾਈ ਦੇ 9 ਸਾਲ ਬਾਅਦ ਹੁਣ 31 ਦਸੰਬਰ, 2022 ਨੂੰ ਜਰਮਨੀ ਨੇ ਵੀ ਇਸ ਨੂੰ ਅਲਵਿਦਾ ਕਹਿ ਦਿੱਤਾ ਤੇ ਦੇਸ਼ ਦੀ ਮੁੱਖ ਡਾਕ ਸੇਵਾ ‘ਡਾਇਚੇ ਪੋਸਟ’ ਨੇ ਇਸ ਦਾ ਸੰਚਾਲਨ ਬੰਦ ਕਰਨ ਦਾ ਐਲਾਨ ਕਰ ਦਿੱਤਾ।
ਇਸ ਦਿਨ ਇਕ ਯਾਦਗਾਰ ਦੇ ਰੂਪ ’ਚ 3228 ਲੋਕਾਂ ਨੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਟੈਲੀਗ੍ਰਾਮ ਭੇਜੇ ਜਦਕਿ ਹਾਲ ਦੇ ਸਾਲਾਂ ’ਚ ਔਸਤਨ ਪ੍ਰਤੀ ਮਹੀਨਾ ਸਿਰਫ 200-300 ਟੈਲੀਗ੍ਰਾਮ ਹੀ ਭੇਜ ਰਹੇ ਸਨ।
‘ਡਾਇਚੇ ਪੋਸਟ’ ਦੇ ਅਨੁਸਾਰ ਉਹ ਵਿਸ਼ਵ ਦੇ ਅੰਤਿਮ ਡਾਕ ਵਿਭਾਗਾਂ ’ਚੋਂ ਇਕ ਹੈ ਜੋ ਹੁਣ ਤੱਕ ਇਸ ਨੂੰ ਜਾਰੀ ਰੱਖ ਰਿਹਾ ਸੀ ਪਰ ਹਾਲ ਦੇ ਸਾਲਾਂ ’ਚ ਇਸ ਨੂੰ ਦੇਸ਼ ਤੱਕ ਹੀ ਸੀਮਤ ਹੋ ਜਾਣ ਦੇ ਬਾਅਦ 2018 ’ਚ ਦੂਜੇ ਦੇਸ਼ਾਂ ਲਈ ਬੰਦ ਕਰ ਦਿੱਤਾ ਗਿਆ ਸੀ। ਸਮੇਂ ਦੇ ਨਾਲ-ਨਾਲ ਪਤਾ ਨਹੀਂ ਕਿੰਨੀਆਂ ਹੀ ਖੋਜਾਂ ਅਪ੍ਰਾਸੰਗਿਕ ਹੋ ਜਾਣ ਦੇ ਕਾਰਨ ਇਤਿਹਾਸ ਬਣ ਚੁੱਕੀਆਂ ਹਨ ਅਤੇ ਹੁਣ ‘ਟੈਲੀਗ੍ਰਾਮ’ ਜਾਂ ‘ਤਾਰ’ ਵੀ ਇਤਿਹਾਸ ਦੇ ਪੰਨਿਆਂ ’ਚ ਸਿਮਟ ਗਈ ਹੈ।
–ਵਿਜੇ ਕੁਮਾਰ
ਲੋਕਾਂ ਦੀ ਰੱਖਿਆ ਕਰਨ ਵਾਲੇ (ਪੁਲਸ) ਖੁਦ ਹੀ ਲੁੱਟ-ਮਾਰ ਦਾ ਹੋ ਰਹੇ ਸ਼ਿਕਾਰ
NEXT STORY