14 ਫਰਵਰੀ, 2019 ਨੂੰ ਪੁਲਵਾਮਾ ਦੇ ਅੱਤਵਾਦੀ ਹਮਲੇ ’ਚ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੀ ਸ਼ਹਾਦਤ ਦੇ ਅਗਲੇ ਹੀ ਦਿਨ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਦਿੱਤਾ ਗਿਆ ‘ਮੋਸਟ ਫੇਵਰੇਟ ਨੇਸ਼ਨ’ ਦਾ ਦਰਜਾ ਖੋਂਹਦੇ ਹੋਏ ਪਾਕਿਸਤਾਨ ਤੋਂ ਹੋਣ ਵਾਲੀ ਦਰਾਮਦ ’ਤੇ 200 ਫੀਸਦੀ ਡਿਊਟੀ ਲਾ ਦਿੱਤੀ ਸੀ ਅਤੇ ਭਾਰਤ ਵੱਲੋਂ 5 ਅਗਸਤ, 2019 ਨੂੰ ਧਾਰਾ 370 ਹਟਾਉਣ ਤੋਂ 4 ਦਿਨ ਬਾਅਦ 9 ਅਗਸਤ, 2019 ਨੂੰ ਪਾਕਿਸਤਾਨ ਨੇ ਵੀ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ।
ਦੋਹਾਂ ਦੇਸ਼ਾਂ ਦਰਮਿਆਨ ਕਰੋੜਾਂ ਰੁਪਏ ਦਾ ਵਪਾਰ ਬੰਦ ਹੋਣ ਨਾਲ ਇਕੱਲੇ ਅਟਾਰੀ ਅਤੇ ਅੰਮ੍ਰਿਤਸਰ ਖੇਤਰ ਦੇ ਲਗਭਗ 20,000 ਅਤੇ ਪਾਕਿਸਤਾਨ ’ਚ ਵੀ ਭਾਰੀ ਗਿਣਤੀ ’ਚ ਲੋਕ ਬੇਰੁਜ਼ਗਾਰ ਹੋ ਗਏ। ਇਸ ਕਾਰਨ ਪਾਕਿਸਤਾਨ ਦੀ ਆਰਥਿਕ ਹਾਲਤ ’ਤੇ ਅਤਿਅੰਤ ਉਲਟ ਅਸਰ ਪਿਆ ਅਤੇ ਉਦੋਂ ਤੋਂ ਦੋਹਾਂ ਹੀ ਦੇਸ਼ਾਂ ਦੇ ਵਪਾਰੀ ਆਪਸੀ ਵਪਾਰ ਦੁਬਾਰਾ ਸ਼ੁਰੂ ਕਰਨ ਦੀ ਮੰਗ ਕਰਦੇ ਆ ਰਹੇ ਸਨ।
ਇੱਥੇ ਵਰਨਣਯੋਗ ਹੈ ਕਿ ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਨਾਲ ਸਬੰਧ ਸੁਧਾਰਨ ਲਈ 21 ਫਰਵਰੀ, 1999 ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਸੱਦ ਕੇ ‘ਆਪਸੀ ਦੋਸਤੀ ਅਤੇ ਸ਼ਾਂਤੀ ਲਈ’ ਲਾਹੌਰ ਐਲਾਨਨਾਮੇ ’ਤੇ ਹਸਤਾਖਰ ਕੀਤੇ,ਉੱਥੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਭਾਰਤ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਕੁਝ ਕਦਮ ਚੁੱਕੇ।
ਇਸ ਸਾਲ 24 ਅਤੇ 25 ਫਰਵਰੀ ਨੂੰ ਸਰਹੱਦ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਪਿੱਛੋਂ ਦੋਹਾਂ ਦੇਸ਼ਾਂ ਦੀ ਫੌਜੀ ਮੁਹਿੰਮ ਦੇ ਮਹਾ-ਨਿਰਦੇਸ਼ਕਾਂ ਨੇ 2003 ਦੀ ਜੰਗਬੰਦੀ ਦੇ ਸਮਝੌਤੇ ਦਾ ਸਖਤੀ ਨਾਲ ਪਾਲਣ ਕਰਨ ’ਤੇ ਸਹਿਮਤੀ ਵੀ ਪ੍ਰਗਟ ਕੀਤੀ ਹੈ।
ਖੈਰ, ਪਾਕਿਸਤਾਨ ਨਾਲ ਸਬੰਧ ਸੁਧਾਰਨ ਦੇ ਯਤਨਾਂ ਦੀ ਨਵੀਂ ਕੜੀ ’ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਮਾਰਚ ਨੂੰ ਪਾਕਿਸਤਾਨ ਦਿਵਸ ਦੇ ਮੌਕੇ ’ਤੇ ਇਮਰਾਨ ਖਾਨ ਨੂੰ ਵਧਾਈ ਸੰਦੇਸ਼ ਭੇਜ ਕੇ ਪਾਕਿਸਤਾਨ ਦੇ ਲੋਕਾਂ ਨਾਲ ਦੋਸਤਾਨਾ ਸਬੰਧਾਂ ਦੀ ਇੱਛਾ ਪ੍ਰਗਟਾਈ,ਉੱਥੇ ਇਮਰਾਨ ਖਾਨ ਦੀ ਚਿੱਠੀ ਦੇ ਜਵਾਬ ਦੇ ਰੂਪ ’ਚ ਵੀ ਪਾਕਿਸਤਾਨ ਤੋਂ ਇਕ ਚੰਗੀ ਖਬਰ ਆਈ। ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ ਕਿ ‘‘ਪਾਕਿਸਤਾਨ ਵੀ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਅਤੇ ਸਹਿਯੋਗਪੂਰਵਕ ਰਹਿਣ ਦੀ ਇੱਛਾ ਰੱਖਦਾ ਹੈ’’।
ਇਸ ਦੌਰਾਨ ਭਾਰਤ ਤੋਂ ਕਪਾਹ ਦੀ ਦਰਾਮਦ ਬੰਦ ਹੋਣ ਕਾਰਨ ਗੰਭੀਰ ਸੰਕਟ ਦੇ ਸ਼ਿਕਾਰ ਕੱਪੜਾ ਉਦਯੋਗ ਨੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ’ਤੇ ਆਪਣੀ ਸਰਕਾਰ ਵੱਲੋਂ ਲਾਈ ਹੋਈ ਰੋਕ ਹਟਾਉਣ ਦੀ ਬੇਨਤੀ ਪਾਕਿਸਤਾਨ ਦੇ ਕੱਪੜਾ ਉਦਯੋਗ ਮੰਤਰਾਲਾ ਦੀ ‘ਆਰਥਿਕ ਤਾਲਮੇਲ ਕਮੇਟੀ’ ਨੂੰ ਕੀਤੀ ਸੀ। ਇਸੇ ਤਰ੍ਹਾਂ ਪਾਕਿਸਤਾਨ ਵੱਲੋਂ ਭਾਰਤ ਕੋਲੋਂ ਖੰਡ ਨੂੰ ਦਰਾਮਦ ਕਰਨ ਦੀ ਆਗੀਆ ਵੀ ਮੰਗੀ ਗਈ ਸੀ।
ਇਨ੍ਹਾਂ ਦੋਹਾਂ ਹੀ ਮੰਗਾਂ ਨੂੰ ਬੁੱਧਵਾਰ ‘ਆਰਥਿਕ ਤਾਲਮੇਲ ਕਮੇਟੀ’ ਨੇ ਪ੍ਰਵਾਨ ਕਰ ਲਿਆ ਹੈ। ਇਸ ਅਨੁਸਾਰ ਹੁਣ ਨਿੱਜੀ ਖੇਤਰ ਨੂੰ ਪਾਕਿਸਤਾਨ ਸਰਕਾਰ ਨੇ ਭਾਰਤ ਕੋਲੋਂ 5 ਲੱਖ ਟਨ ਖੰਡ ਅਤੇ ਕਪਾਹ ਦਰਾਮਦ ਕਰਨ ਦੀ ਆਗਿਆ ਦੇ ਦਿੱਤੀ ਹੈ, ਜਿਸ ਦੀ ਸ਼ੁਰੂਆਤ ਜੂਨ ਤੋਂ ਹੋਵੇਗੀ। ਇਸ ਨਾਲ ਉੱਥੋਂ ਦੇ ਟੈਕਸਟਾਈਲ ਉਦਯੋਗ ਨੂੰ ਅਮਰੀਕਾ, ਬ੍ਰਾਜ਼ੀਲ ਅਤੇ ਤਾਜਿਕਸਤਾਨ ਦੀ ਤੁਲਨਾ ’ਚ ਸਸਤੀ ਅਤੇ ਘੱਟ ਸਮੇਂ ’ਚ ਕਪਾਹ ਮਿਲਣ ਨਾਲ ਵੱਡੀ ਰਾਹਤ ਮਿਲੇਗੀ, ਉੱਥੇ ਬੇਰੁਜ਼ਗਾਰ ਹੋਏ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਸਕੇਗਾ।
ਦਰਾਮਦ ਖੁੱਲ੍ਹਣ ਨਾਲ ਭਾਰਤ ਦੇ ਕਪਾਹ ਬਰਾਮਦ ਕਰਨ ਵਾਲੇ ਵਪਾਰੀਆਂ ਨੂੰ ਵੀ ਇਕ ਹੋਰ ਬਾਜ਼ਾਰ ਉਪਲਬਧ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਹੋਵੇਗਾ। ਜਦੋਂਕਿ ਮਈ 2020 ’ਚ ਪਾਕਿਸਤਾਨ ਕੋਰੋਨਾ ਮਹਾਮਾਰੀ ਕਾਰਨ ਭਾਰਤ ਤੋਂ ਦਵਾਈਆਂ ਅਤੇ ਕੱਚੇ ਮਾਲ ਦੀ ਦਰਾਮਦ ’ਤੇ ਲੱਗੀ ਰੋਕ ਤਾਂ ਪਹਿਲਾਂ ਹੀ ਖਤਮ ਕਰ ਚੁੱਕਾ ਹੈ।
ਇਸੇ ਤਰ੍ਹਾਂ ਜੇ ਦੋਹਾਂ ਦੇਸ਼ਾਂ ਦਰਮਿਆਨ ਹੋਰਨਾਂ ਵਸਤਾਂ ਦੀ ਦਰਾਮਦ-ਬਰਾਮਦ ਸਬੰਧੀ ਵੀ ਸਮਝੌਤਾ ਹੋ ਜਾਵੇ ਤਾਂ ਇਸ ਨਾਲ ਜਿੰਨਾ ਲਾਭ ਭਾਰਤੀ ਵਪਾਰੀਆਂ ਨੂੰ ਹੋਵੇਗਾ, ਉਸ ਤੋਂ ਕਿਤੇ ਵੱਧ ਲਾਭ ਪਾਕਿਸਤਾਨ ਦੇ ਵਪਾਰੀਆਂ ਨੂੰ ਹੋੋਵੇਗਾ। ਭਾਰਤ ’ਚ ਤਾਂ ਇੰਨੇ ਸੂਬੇ ਹਨ ਕਿ ਅਸੀਂ ਆਪਣਾ ਸਾਮਾਨ ਕਿਤੇ ਵੀ ਵੇਚ ਸਕਦੇ ਹਾਂ ਪਰ ਪਾਕਿਸਤਾਨ ਕੋਲ ਤਾਂ ਆਪਣਾ ਸਾਮਾਨ ਵੇਚਣ ਲਈ ਬਦਲ ਬਹੁਤ ਹੀ ਘੱਟ ਹਨ।
ਅਸੀਂ 12 ਮਾਰਚ ਨੂੰ ਪ੍ਰਕਾਸ਼ਿਤ ਆਪਣੇ ਸੰਪਾਦਕੀ ਜਿਸ ਦਾ ਸਿਰਲੇਖ ‘‘ਭਾਰਤ ਦੀ ਸ਼ਲਾਘਾਯੋਗ ਪਹਿਲ’’ ’ਚ ਲਿਖਿਆ ਵੀ ਸੀ ਕਿ ‘‘ਇਸ ਨਾਲ ਪਾਕਿਸਤਾਨ ’ਚ ਮਹਿੰਗਾਈ ਘੱਟ ਹੋਵੇਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਦੋਹਾਂ ਦੇਸ਼ਾਂ ’ਚ ਅਸੰਤੋਸ਼ ਖਤਮ ਹੋਵੇਗਾ।’’
ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਕਪਾਹ ਅਤੇ ਖੰਡ ਵਰਗੀਆਂ ਵਸਤਾਂ ਦੀ ਦਰਾਮਦ ਦੀ ਆਗਿਆ ਮਿਲਣ ਨਾਲ ਇੰਟਰਨੈਸ਼ਨਲ ਚੈੱਕ ਪੋਸਟ (ਆਈ. ਸੀ. ਪੀ.) ਅਟਾਰੀ ’ਤੇ ਕੰਮ ਕਰਨ ਵਾਲੇ ਹਜ਼ਾਰਾਂ ਕੁਲੀਆਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਹ ਉਮੀਦ ਬੱਝੀ ਹੈ ਕਿ ਇਕ ਵਾਰ ਮੁੜ ਅਟਾਰੀ ਦੀ ਸਰਹੱਦ ’ਤੇ ਦੋਹਾਂ ਦੇਸ਼ਾਂ ਦਰਮਿਆਨ ਦਰਾਮਦ-ਬਰਾਮਦ ਸ਼ੁਰੂ ਹੋ ਜਾਵੇਗੀ।
ਜਿਸ ਤਰ੍ਹਾਂ ਭਾਰਤ ਨੇ ਦੁਨੀਆ ਦੇ ਵੱਡੇ ਦੇਸ਼ਾਂ ਨਾਲ ਸਬੰਧ ਸੁਧਾਰੇ ਹਨ ਅਤੇ ਆਪਣੇ ਗੁਆਂਢੀ ਦੇਸ਼ਾਂ ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਆਦਿ ਨਾਲ ਸਬੰਧ ਸੁਧਾਰ ਰਿਹਾ ਹੈ, ਉਸੇ ਤਰ੍ਹਾਂ ਜੇ ਪਾਕਿਸਤਾਨ ਨਾਲ ਵੀ ਸਾਡੇ ਸਬੰਧ ਆਮ ਵਰਗੇ ਹੋ ਜਾਣ ਤਾਂ ਇਸ ਨਾਲ ਨਾ ਸਿਰਫ ਇਸ ਖੇਤਰ ’ਚ ਸ਼ਾਂਤੀ ਨੂੰ ਉਤਸ਼ਾਹ ਮਿਲੇਗਾ, ਸਗੋਂ ਚੀਨ ਦੇ ਕਰਜ਼ੇ ਹੇਠ ਪਿਸ ਰਹੇ ਪਾਕਿਸਤਾਨ ਨੂੰ ਚੀਨ ਦੇ ਸ਼ੋਸ਼ਣ ਤੋਂ ਮੁਕਤ ਹੋਣ ’ਚ ਵੀ ਕੁਝ ਮਦਦ ਮਿਲੇਗੀ। - ਵਿਜੇ ਕੁਮਾਰ
ਖੇਡ ਸੰਸਥਾਵਾਂ ਦੇ ‘ਕੋਚਾਂ ਦੁਆਰਾ’ ‘ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ’
NEXT STORY