ਦਿੱਲੀ ਦੇ ਇਲਾਵਾ ਭਾਰਤ ਦੇ ਕਈ ਸ਼ਹਿਰਾਂ ’ਚ ਮੈਟਰੋ ਪ੍ਰਣਾਲੀ ਕਾਇਮ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ‘ਮੈਟਰੋ–ਮੈਨ’ ਦੇ ਨਾਂ ਨਾਲ ਮਸ਼ਹੂਰ ਈ. ਸ਼੍ਰੀਧਰਨ ਨੇ 2019 ’ਚ ਕਿਹਾ ਸੀ ਕਿ ‘‘ਸਿਆਸਤ ਮੇਰੇ ਵੱਸ ਦੀ ਗੱਲ ਨਹੀਂ ਹੈ।’’
ਇਸ ਦੇ ਡੇਢ ਸਾਲ ਬਾਅਦ ਹੀ 2021 ’ਚ ਭਾਜਪਾ ਦਾ ਪੱਲਾ ਫੜ ਕੇ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਕਿਹਾ ਸੀ ਕਿ ਕੇਰਲ ’ਚ ਭਾਜਪਾ ਦੀ ਸਰਕਾਰ ਬਣਨ ਦੀ ਸਥਿਤੀ ’ਚ ਸੂਬੇ ਦਾ ਮੁੱਖ ਮੰਤਰੀ ਬਣਨ ’ਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਉਦੋਂ ਭਾਜਪਾ ਦੇ ਇਕ ਨੇਤਾ ਨੇ ਕਿਹਾ ਸੀ ਕਿ ‘‘ਇੰਨੇ ਦਹਾਕਿਆਂ ਤਕ ਆਪਣਾ ਵੱਖਰਾ ਅਕਸ ਬਣਾਉਣ ਤੋਂ ਬਾਅਦ ਸ਼੍ਰੀਧਰਨ ਨੂੰ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਸੀ।’’
ਇਸ ਸੰਬੰਧ ’ਚ 23 ਫਰਵਰੀ, 2021 ਦੇ ਅੰਕ ’ਚ ਪ੍ਰਕਾਸ਼ਿਤ ਆਪਣੇ ਸੰਪਾਦਕੀ ‘ਮੈਟਰੋ–ਮੈਨ ਸ਼੍ਰੀਧਰਨ ਦਾ ਸੀ. ਐੱਮ. ਬਣਨ ਦਾ ਸੁਪਨਾ : ਭਾਜਪਾ ’ਚ ਹੋਏ ਸ਼ਾਮਲ’ ’ਚ ਅਸੀਂ ਲਿਖਿਆ ਸੀ ਕਿ ‘‘ਸ਼੍ਰੀ ਸ਼੍ਰੀਧਰਨ ਦਾ ਹੁਣ ਤਕ ਦਾ ਕਰੀਅਰ ਬੇਦਾਗ ਰਿਹਾ ਹੈ ਜਦਕਿ ਸਿਆਸਤ ’ਚ ਕਈ ਨੇਤਾਵਾਂ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਹਨ। ਸਿਆਸਤ ਤੋਂ ਹਟ ਕੇ ਆਪਣੇ ਕਰੀਅਰ ’ਚ ਵੱਡੀ ਚਰਚਾ ਹਾਸਲ ਕਰਨ ਵਾਲੇ ਲੋਕ ਆਮ ਤੌਰ ’ਤੇ ਸਿਆਸਤ ’ਚ ਅਨਾੜੀ ਹੀ ਸਿੱਧ ਹੁੰਦੇ ਹਨ।’’
ਸਾਡਾ ਇਹ ਕਥਨ ਉਸ ਸਮੇਂ ਸੱਚ ਸਿੱਧ ਹੋ ਗਿਆ ਜਦੋਂ ਉਹ ਕੇਰਲ ਵਿਧਾਨ ਸਭਾ ਦੀ ਚੋਣ ਹਾਰ ਗਏ ਅਤੇ ਹੁਣ 16 ਦਸੰਬਰ, 2021 ਨੂੰ ਸ਼੍ਰੀਧਰਨ ਨੇ ਇਕ ਅਣਕਿਆਸਿਆ ਕਦਮ ਚੁੱਕਦੇ ਹੋਏ ਭਾਜਪਾ ’ਚ ਸ਼ਾਮਲ ਹੋਣ ਦੇ ਸਿਰਫ 9 ਮਹੀਨਿਆਂ ਬਾਅਦ ਹੀ ਸਰਗਰਮ ਸਿਆਸਤ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ‘‘ਸਿਆਸਤ ਤੋਂ ਮੇਰਾ ਦਿਲ ਭਰ ਗਿਆ ਹੈ। ਇਹ ਰਾਹਾਂ ਮੇਰੇ ਲਈ ਨਹੀਂ ਹਨ। ਵਿਧਾਇਕ ਦੀ ਚੋਣ ਹਾਰ ਕੇ ਮੈਨੂੰ ਦੁੱਖ ਹੋਇਆ ਪਰ ਹੁਣ ਲੱਗਦਾ ਹੈ ਕਿ ਵਿਧਾਇਕ ਬਣ ਕੇ ਵੀ ਮੈਂ ਇਕੱਲਾ ਜਨਤਾ ਦੇ ਲਈ ਕੁਝ ਨਹੀਂ ਕਰ ਸਕਦਾ ਸੀ।’’
ਸਿਰਫ ਇਕ ਸਾਲ ਤੋਂ ਘੱਟ ਅਰਸੇ ਦੇ ਅੰਦਰ ਸ਼੍ਰੀਧਰਨ ਦੇ ਸਿਆਸਤ ਤੋਂ ਸੰਨਿਆਸ ਲੈਣ ਨਾਲ ਇਕ ਵਾਰ ਫਿਰ ਇਹ ਸਿੱਧ ਹੋ ਗਿਆ ਹੈ ਕਿ ਸਿਆਸਤ ਸਾਰਿਆਂ ਲਈ ਨਹੀਂ ਹੈ ਅਤੇ ਅਣਇੱਛਾ ਅਤੇ ਜ਼ਬਰਦਸਤੀ ਨਾਲ ਕੋਈ ਕੰਮ ਕਰਨਾ ਸੰਭਵ ਨਹੀਂ ਹੁੰਦਾ।
ਅਸਲ ’ਚ ਆਪਣੀ ਮੁਹਾਰਤ ਵਾਲੇ ਖੇਤਰ ’ਚ ਕੋਈ ਵੀ ਵਿਅਕਤੀ ਆਪਣਾ ਧਿਆਨ ਭਟਕਾਏ ਬਿਨਾਂ ਕੰਮ ਕਰਕੇ ਦੇਸ਼ ਅਤੇ ਸਮਾਜ ਦੀ ਬਿਹਤਰ ਸੇਵਾ ਕਰ ਸਕਦਾ ਹੈ। ਜਿਵੇਂ ਕਿ ਖੁਦ ਸ਼੍ਰੀਧਰਨ ਨੇ ਵੀ ਕਿਹਾ ਹੈ ਕਿ ਹੁਣ ਉਹ ਵੱਖ-ਵੱਖ ਟਰੱਸਟਾਂ ਦੇ ਮਾਧਿਅਮ ਰਾਹੀਂ ਆਪਣਾ ਸੇਵਾ ਕਾਰਜ ਜਾਰੀ ਰੱਖਣਗੇ।
–ਵਿਜੇ ਕੁਮਾਰ
ਹਰਿਆਣਾ ’ਚ ਅਪਰਾਧਾਂ ਦਾ ਜ਼ੋਰ ਰੋਜ਼ਾਨਾ 3 ਹੱਤਿਆਵਾਂ ਅਤੇ 3 ਜਬਰ-ਜ਼ਨਾਹ
NEXT STORY