ਚੀਨ ਵਿਚ ਪਿਛਲੇ ਕੁਝ ਸਮੇਂ ਦੇ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਅਤੇ ਕੋਰੋਨਾ ਮਹਾਮਾਰੀ ਦਾ ਪ੍ਰਸਾਰ ਰੋਕਣ ਦੇ ਲਈ ‘ਜ਼ੀਰੋ ਕੋਵਿਡ’ ਨੀਤੀ ਦੇ ਅਧੀਨ ਮਨਮਾਨੀਆਂ ਸਖਤ ਪਾਬੰਦੀਆਂ ਦੇ ਕਾਰਨ ਲੋਕਾਂ ਵਿਚ ਉਨ੍ਹਾਂ ਦੇ ਵਿਰੁੱਧ ਭਾਰੀ ਗੁੱਸਾ ਭੜਕ ਉੱਠਿਆ ਹੈ। ਬੀਤੇ 24 ਨਵੰਬਰ ਨੂੰ ਝਿੰਜਿਯਾਂਗ-ਉਈਘੁਰ ਸੂਬੇ ਦੀ ਰਾਜਧਾਨੀ ‘ਉਰੂਮਕੀ’ ਵਿਚ ਕੋਵਿਡ ਪਾਬੰਦੀਆਂ ਦੇ ਵਿਰੁੱਧ ਰੋਸ ਵਿਖਾਵਿਆਂ ਦੇ ਦੌਰਾਨ 10 ਵਿਅਕਤੀਆਂ ਦੇ ਮਾਰੇ ਜਾਣ ਦੇ ਬਾਅਦ ਕਰੋੜਾਂ ਚੀਨੀ ਲੋਕਾਂ ਦਾ ਗੁੱਸਾ ਫੁੱਟ ਪਿਆ।
ਨਤੀਜੇ ਵਜੋਂ ਲਾਕਡਾਊਨ ਤੋਂ ਆਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਲੋਕਤੰਤਰੀ ਸੁਧਾਰਾਂ ਤੇ ਜਿਨਪਿੰਗ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ’ਤੇ ਜ਼ੋਰ ਦੇਣ ਲਈ ਚੀਨੀ ਨਾਗਰਿਕ ਸੜਕਾਂ ’ਤੇ ਉਤਰ ਕੇ ਜਿਨਪਿੰਗ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਰੁੱਧ ‘ਜਿਨਪਿੰਗ ਗੱਦੀ ਛੱਡੋ’, ‘ਕਮਿਊਨਿਸਟ ਪਾਰਟੀ ਸੱਤਾ ਛੱਡੋ’ ਅਤੇ ‘ਚੀਨ ਨੂੰ ਅਨਲਾਕ ਕਰੋ’ ਵਰਗੇ ਨਾਅਰੇ ਲਗਾਉਂਦੇ ਹੋਏ ਰੋਸ ਵਿਖਾਵਾ ਕਰ ਰਹੇ ਹਨ। ਇਹ ਵਿਰੋਧ ਸ਼ੰਘਾਈ, ਬੀਜਿੰਗ, ਵੂਹਾਨ ਅਤੇ ਚੇਗਦੂ ਵਰਗੇ ਸ਼ਹਿਰਾਂ ਦੇ ਇਲਾਵਾ ਬੀਜਿੰਗ ਅਤੇ ਨਾਨਜਿੰਗ ਯੂਨੀਵਰਸਿਟੀਆਂ ਤੱਕ ਪਹੁੰਚ ਚੁੱਕਾ ਹੈ। ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਸਿੱਖਿਆ ਸੰਸਥਾਨਾਂ ’ਚੋਂ ਵਿਦਿਆਰਥੀਆਂ ਨੂੰ ਜਬਰੀ ਜੇਲ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਰੋਸ ਵਿਖਾਵਿਆਂ ਨੇ ਜੂਨ, 1989 ’ਚ ਬੀਜਿੰਗ ਦੇ ਤਿਨਾਨਮਿਨ ਚੌਕ ’ਤੇ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਲਈ ਕੀਤੇ ਗਏ ਰੋਸ ਵਿਖਾਵਿਆਂ ਦੀ ਯਾਦ ਦਿਵਾ ਦਿੱਤੀ ਹੈ ਜਿਸ ਵਿਚ 10,000 ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਹੁਣ ਲੋਕਾਂ ਨੇ ਦੇਸ਼ ਵਿਚ ਲਾਗੂ ਸੈਂਸਰਸ਼ਿਪ ਅਤੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀਆਂ ਦੇ ਵਿਰੁੱਧ ਵੀ ਇਕ ਦਰਜਨ ਤੋਂ ਵੱਧ ਸ਼ਹਿਰਾਂ ਵਿਚ ਰੋਸ ਦੇ ਪ੍ਰਤੀਕ ਕੋਰੇ ਕਾਗਜ਼ ਲਹਿਰਾਉਂਦੇ ਹੋਏ ਰੋਸ ਵਿਖਾਵੇ ਸ਼ੁਰੂ ਕਰ ਦਿੱਤੇ ਹਨ। ਇਸ ਨੂੰ ‘ਵ੍ਹਾਈਟ ਪੇਪਰ ਕ੍ਰਾਂਤੀ’ ਕਿਹਾ ਗਿਆ ਹੈ। ਸਫੈਦ ਕਾਗਜ਼ ਦੀ ਖਾਲੀ ਸ਼ੀਟ ਲਹਿਰਾ ਕੇ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਫਲਾਣੇ ਵਿਅਕਤੀ ਦੇ ਕੋਲ ਕਹਿਣ ਲਈ ਕੁਝ ਹੈ ਜੋ ਉਸ ਨੇ ਅਜੇ ਤੱਕ ਨਹੀਂ ਕਿਹਾ ਹੈ।
ਦੂਜੇ ਪਾਸੇ ਇਕ ਰਿਪੋਰਟ ਦੇ ਅਨੁਸਾਰ ਜਿਨਪਿੰਗ ਦੀਆਂ ਘਾਣਕਾਰੀ ਨੀਤੀਆਂ ਇੰਨੀਆਂ ਖਰਾਬ ਸਿੱਧ ਹੋ ਰਹੀਆਂ ਹਨ ਕਿ ਲਗਾਤਾਰ ਦਰਪੇਸ਼ ਚੁਣੌਤੀਆਂ ਦੇ ਕਾਰਨ ਚੀਨ ਦੇ ਪਤਵੰਤੇ ਅਤੇ ਅਮੀਰ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਹੁਣ ਉੱਥੇ ਕਾਰੋਬਾਰ ਚਲਾਉਣਾ ਔਖਾ ਹੋ ਜਾਣ ਦੇ ਕਾਰਨ ਚੀਨ ਦੀ ਸਭ ਤੋਂ ਅਮੀਰ ਔਰਤ ‘ਯਾਂਗ ਹੁਈਯਾਨ’ ਸਮੇਤ ਲਗਭਗ 500 ਵੱਡੇ ਚੀਨੀ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਸਾਈਪ੍ਰਸ ਦੇ ‘ਗੋਲਡਨ ਪਾਸਪੋਰਟ’ ਖਰੀਦ ਕੇ ਯੂਰਪੀਅਨ ਸੰਘ ਦੀ ਨਾਗਰਿਕਤਾ ਲੈ ਲਈ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ’ਚ ਉੱਥੇ ਉਦਯੋਗ ਅਤੇ ਕਾਰੋਬਾਰ ਦੇ ਲਈ ਮਾਹੌਲ ਹੋਰ ਵੀ ਖਰਾਬ ਹੋ ਜਾਵੇਗਾ। ਚੀਨ ਦੇ ਅਮੀਰ ਆਪਣੀਆਂ ਵਪਾਰਕ ਸਰਗਰਮੀਆਂ ਚਲਾਉਣ ਦੇ ਲਈ ਹਾਂਗਕਾਂਗ ਨੂੰ ਇਕ ਮਜ਼ਬੂਤ ਟਿਕਾਣੇ ਦੇ ਰੂਪ ਵਿਚ ਵਰਤ ਰਹੇ ਸਨ। ਉੱਥੇ ਚੀਨ ਦੇ ਸਭ ਤੋਂ ਵੱਧ ਅਮੀਰ ਵਿਅਕਤੀ ਅਤੇ ‘ਅਲੀ ਬਾਬਾ ਗਰੁੱਪ’ ਦੇ ਸੰਸਥਾਪਕ ‘ਜੈਕ ਮਾ’ ਸਮੇਤ ਕਈ ਉੱਦਮੀਆਂ ਨੇ ਪ੍ਰਾਪਰਟੀਆਂ ਖਰੀਦੀਆਂ ਸਨ ਪਰ ਬੀਜਿੰਗ ਵੱਲੋਂ ਹਾਂਗਕਾਂਗ ’ਤੇ ਹੱਥ ਪਾਉਣ ਦੇ ਬਾਅਦ ਇਸ ਸ਼ਹਿਰ ’ਚ ਮਿਲਣ ਵਾਲੀ ਸੁਰੱਖਿਆ ਦਾ ਭਰਮ ਟੁੱਟ ਗਿਆ ਹੈ। ਇਸ ਲਈ ਹੁਣ ਚੀਨ ਦੇ ਅਮੀਰਾਂ ਨੇ ਸਿੰਗਾਪੁਰ ਤੋਂ ਵੀ ਆਪਣੀਆਂ ਜਾਇਦਾਦਾਂ ਦੂਜੀਆਂ ਥਾਵਾਂ ’ਤੇ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਚੀਨੀ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਦੇਸ਼ ਛੱਡ ਕੇ ਭੱਜੇ ‘ਜੈਕ ਮਾ’ ਇਨ੍ਹੀਂ ਦਿਨੀਂ ਜਾਪਾਨ ’ਚ ਰਾਜਧਾਨੀ ਟੋਕੀਓ ਦੇ ਕਿਸੇ ਇਲਾਕੇ ’ਚ ਪਰਿਵਾਰ ਸਮੇਤ ਲੁਕ ਕੇ ਰਹਿ ਰਹੇ ਹਨ। ਇਸੇ ਤਰ੍ਹਾਂ ਚੀਨ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀ ਪਤੀ-ਪਤਨੀ ‘ਪੈਨ ਸ਼ੀ’ ਅਤੇ ‘ਝਾਂਗ ਸ਼ਿਨ’ ਵੀ ਅਮਰੀਕਾ ’ਚ ਰਹਿਣ ਚਲੇ ਗਏ ਹਨ ਜਦਕਿ ਇਨ੍ਹਾਂ ਦੋਵਾਂ ਦੇ ਨਜ਼ਦੀਕੀ ਅਤੇ ਇਕ ਹੋਰ ਰੀਅਲ ਅਸਟੇਟ ਕਾਰੋਬਾਰੀ ‘ਰੇਨ ਝਿਕਯਾਂਗ’ ਨੂੰ ਜਿਨਪਿੰਗ ਦੀ ਅਾਲੋਚਨਾ ਕਰਨ ’ਤੇ 18 ਸਾਲ ਦੇ ਲਈ ਜੇਲ ’ਚ ਸੁੱਟ ਦਿੱਤਾ ਗਿਆ ਹੈ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜਿਨਪਿੰਗ ਵੱਲੋਂ ਇਸੇ ਅਕਤੂਬਰ ਮਹੀਨੇ ’ਚ ਕਮਿਊਨਿਸਟ ਪਾਰਟੀ ਦੀ ਕਾਂਗਰਸ ਵਿਚ ਬੇਸ਼ੁਮਾਰ ਸ਼ਕਤੀਆਂ ਖੁਦ ਵਿਚ ਕੇਂਦਰਿਤ ਕਰ ਲੈਣ ਦੇ ਕਾਰਨ ਅਤੇ ਨੌਕਰੀਆਂ ਚਲੀਆਂ ਜਾਣ ਤੇ ਜ਼ੀਰੋ ਕੋਵਿਡ ਨੀਤੀ ਦੇ ਅਧੀਨ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਨਤੀਜੇ ਵਜੋਂ ਲੋਕਾਂ ਦੀਆਂ ਤਕਲੀਫਾਂ ਬਹੁਤ ਵਧ ਗਈਆਂ ਹਨ।
ਇਨ੍ਹਾਂ ਰੋਸ ਵਿਖਾਵਿਆਂ ਅਤੇ ਦੇਸ਼ ਦੇ ਅਮੀਰਾਂ ਵੱਲੋਂ ਵਿਦੇਸ਼ਾਂ ਨੂੰ ਹਿਜਰਤ ਤੋਂ ਇਸ ਗੱਲ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਚੀਨ ਵਿਚ ਸਭ ਠੀਕ ਨਹੀਂ ਅਤੇ ਮੌਜੂਦਾ ਸ਼ਾਸਨ ਤੋਂ ਚੀਨ ਵਾਸੀ ਬੇਹੱਦ ਦੁਖੀ ਹਨ। ਇਸ ਲਈ ਜੇਕਰ ਚੀਨ ਦੇ ਹਾਕਮਾਂ ਨੇ ਆਪਣੀਆਂ ਮੌਜੂਦਾ ਲੋਕ ਵਿਰੋਧੀ ਨੀਤੀਆਂ ਨੂੰ ਜਾਰੀ ਰੱਖਿਆ ਤਾਂ ਉਨ੍ਹਾਂ ਦੇ ਵਿਰੁੱਧ ਲੋਕਾਂ ਦਾ ਗੁੱਸਾ ਹੋਰ ਵਧੇਗਾ ਜਿਸ ਨਾਲ ਉੱਥੋਂ ਦੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ।
-ਵਿਜੇ ਕੁਮਾਰ
ਏਮਸ ‘ਸਰਵਰ’ ਹੈਕ ਮਾਮਲਾ: ਦੇਸ਼ ’ਚ ਸਾਈਬਰ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ
NEXT STORY