ਅੱਜ ਸਾਰਾ ਦੇਸ਼ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਦੁਨੀਆ ’ਚ ਲੋਕਾਂ ਨੂੰ ਕੁੱਤਿਆਂ ਵਲੋਂ ਵੱਢਣ ਦੀਆਂ ਸਭ ਤੋਂ ਵੱਧ ਘਟਨਾਵਾਂ ਭਾਰਤ ’ਚ ਹੀ ਹੋ ਰਹੀਆਂ ਹਨ।
ਇਹੀ ਨਹੀਂ, ਕੁੱਤਿਆਂ ਦੇ ਵੱਢਣ ਕਾਰਨ ਹੋਣ ਵਾਲੇ ਰੈਬੀਜ਼ ਰੋਗ ਕਾਰਨ ਸਮੁੱਚੀ ਦੁਨੀਆ ’ਚ ਹੋਣ ਵਾਲੀਆਂ ਮੌਤਾਂ ’ਚੋਂ 36 ਫੀਸਦੀ ਮੌਤਾਂ ਭਾਰਤ ’ਚ ਹੁੰਦੀਆਂ ਹਨ, ਜਿਥੇ ਸਾਲ 2022 ’ਚ ਰੋਜ਼ਾਨਾ ਔਸਤ 5500 ਲੋਕ ਕੁੱਤਿਆਂ ਦੇ ਵੱਢੇ ਜਾਣ ਦਾ ਸ਼ਿਕਾਰ ਹੋਏ।
ਰਾਜਧਾਨੀ ਦਿੱਲੀ ਵਰਗੇ ਮਹਾਨਗਰ ਵੀ ਇਨ੍ਹਾਂ ਦੀ ਸਮੱਸਿਆ ਤੋਂ ਮੁਕਤ ਨਹੀਂ ਹਨ। ਪਿਛਲੇ 6 ਮਹੀਨਿਆਂ ਦੌਰਾਨ ਰਾਜਧਾਨੀ ਦੇ ਸਫਦਰਜੰਗ ਹਸਪਤਾਲ ’ਚ ਕੁੱਤਿਆਂ ਦੇ ਵੱਢਣ ਦੇ 29,000 ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ’ਚ 18,000 ਮਾਮਲੇ ਆਏ ਜਦੋਂ ਕਿ ਇਸ ਤੋਂ ਇਲਾਵਾ ਹੋਰਨਾਂ ਹਸਪਤਾਲਾਂ ’ਚ ਪਤਾ ਨਹੀਂ ਕਿੰਨੇ ਕੇਸ ਆਏ ਹੋਣਗੇ।
ਕੁੱਤਿਆਂ ਦੇ ਵੱਢਣ ਦੀਆਂ ਮਾਰਚ ਮਹੀਨੇ ਤੋਂ ਬਾਅਦ ਦੀਆਂ ਘਟਨਾਵਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 2 ਮਾਰਚ ਨੂੰ ਬਰੇਲੀ (ਉੱਤਰ ਪ੍ਰਦੇਸ਼) ਵਿਖੇ ਆਵਾਰਾ ਕੁੱਤਿਆਂ ਦਾ ਝੁੰਡ ਦੋ ਸਾਲ ਦੀ ਬੱਚੀ ’ਤੇ ਹਮਲਾ ਕਰ ਕੇ ਉਸ ਨੂੰ 100 ਮੀਟਰ ਘਸੀਟਦਾ ਲੈ ਗਿਆ ਅਤੇ ਉਸ ਨੂੰ 200 ਥਾਵਾਂ ਤੋਂ ਵੱਢਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਨੂੰ ਕੁੱਤਿਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਵੀ ਕੁੱਤਿਆਂ ਨੇ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 10 ਮਾਰਚ ਨੂੰ ਰਾਜਧਾਨੀ ਦਿੱਲੀ ਦੇ ਵਸੰਤਕੁੰਜ ਇਲਾਕੇ ’ਚ 7 ਸਾਲ ਦੇ ਇਕ ਬੱਚੇ ਨੂੰ ਆਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਮਾਰ ਦੇਣ ਤੋਂ 2 ਦਿਨ ਬਾਅਦ ਹੀ ਉਸ ਦੇ ਛੋਟੇ ਭਰਾ ਨੂੰ ਵੀ ਆਵਾਰਾ ਕੁੱਤਿਆਂ ਨੇ ਮਾਰ ਦਿੱਤਾ, ਜਿਸ ਕਾਰਨ ਲੋਕਾਂ ਦਾ ਗੁੱਸਾ ਭੜਕ ਉੱਠਿਆ।
(ਸੂਬਾਈ ਭਾਜਪਾ ਬੁਲਾਰੇ ਪ੍ਰਵੀਣ ਸ਼ੰਕਰ ਕਪੂਰ ਨੇ ਨਿਗਮ ਦੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਅਵਾਰਾ ਕੁੱਤਿਆਂ ਲਈ ਸ਼ਹਿਰ ਤੋਂ ਬਾਹਰ ‘ਸਟ੍ਰੀਟ ਡਾਗ ਕੰਪਲੈਕਸ’ ਬਣਾਉਣ ਅਤੇ ਉਨ੍ਹਾਂ ਦੀ ਆਬਾਦੀ ’ਤੇ ਰੋਕ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ, ਉਥੇ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਏਲ (ਭਾਜਪਾ) ਦੀ ਅਗਵਈ ’ਚ 15 ਮਾਰਚ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਕੇ ਆਵਾਰਾ ਕੁੱਤਿਆਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ।)
* 26 ਮਾਰਚ ਨੂੰ ਲੱਦਾਖ ’ਚ ਕਾਰਗਿਲ ਦੇ ‘ਜੰਸਕਾਰ’ ਵਿਖੇ ਆਵਾਰਾ ਕੁੱਤਿਆਂ ਨੇ ਇਕ ਬਜ਼ੁਰਗ ਔਰਤ ਨੂੰ ਨੋਚ-ਨੋਚ ਕੇ ਮਾਰ ਦਿੱਤਾ।
* 3 ਅਪ੍ਰੈਲ ਨੂੰ ਕਰਨਾਟਕ ਦੇ ਸ਼ਿਵ ਮੋਗਾ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ’ਚ ਨਵਜੰਮੇ ਬੱਚਿਆਂ ਦੇ ਵਾਰਡ ’ਚੋਂ ਇਕ ਕੁੱਤੇ ਨੇ ਨਵਜੰਮੇ ਬੱਚੇ ਨੂੰ ਚੁੱਕ ਕੇ ਲਿਜਾਣ ਪਿੱਛੋਂ ਉਸ ਨੂੰ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
* 7 ਅਪ੍ਰੈਲ ਨੂੰ ਕੋਰੀਆ (ਛੱਤੀਸਗੜ੍ਹ) ਦੇ ਬੈਕੰਠਪੁਰ ਵਿਖੇ ਸਾਢੇ 5 ਸਾਲ ਦੀ ਉਮਰ ਦੀ ਇਕ ਬੱਚੀ ’ਤੇ ਸਵੇਰੇ-ਸਵੇਰੇ ਆਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।
* 10 ਅਪ੍ਰੈਲ ਨੂੰ ਮਹਾਰਾਜਗੰਜ (ਉੱਤਰ ਪ੍ਰਦੇਸ਼) ਵਿਖੇ ਆਵਾਰਾ ਕੁੱਤਿਆਂ ਨੇ 9 ਸਾਲ ਦੇ ਬੱਚੇ ਨੂੰ ਲਗਭਗ 200 ਮੀਟਰ ਤੱਕ ਘਸੀਟਿਆ ਅਤੇ ਨੋਚ-ਨੋਚ ਕੇ ਮਾਰ ਦਿੱਤਾ।
* 13 ਅਪ੍ਰੈਲ ਨੂੰ ਘਰੌਂਦਾ (ਹਰਿਆਣਾ) ਦੇ ‘ਬਿਜਨਾ’ ਪਿੰਡ ’ਚ ਪਿਟਬੁਲ ਨਸਲ ਦੇ ਇਕ ਆਵਾਰਾ ਕੁੱਤੇ ਨੇ 30 ਸਾਲ ਦੇ ਇਕ ਵਿਅਕਤੀ ’ਤੇ ਹਮਲਾ ਕਰ ਕੇ ਉਸ ਦੇ ਗੁਪਤ ਅੰਗ ਨੂੰ ਆਪਣੇ ਜਬਾੜੇ ’ਚ ਦਬੋਚ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
* 16 ਅਪ੍ਰੈਲ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪਾਰਕ ’ਚ ਘੁੰਮ ਰਹੇ ਲਗਭਗ 1 ਦਰਜਨ ਆਵਾਰਾ ਕੁੱਤਿਆਂ ਨੇ 65 ਸਾਲ ਦੇ ਇਕ ਡਾਕਟਰ ਨੂੰ ਵੱਢ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦੋਂ ਦਿੱਲੀ ਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਦੇਸ਼ ਦੀ ਹਾਲਤ ਦਾ ਸਹਿਜ ਹੀ ਅਨੁਮਾਨ ਲਾਇਆ ਜਾ ਸਕਦਾ ਹੈ। ਵਰਣਨਯੋਗ ਹੈ ਕਿ ਆਵਾਰਾ ਕੁੱਤੇ ਵਧੇਰੇ ਕਰ ਕੇ ਸਵੇਰੇ-ਸਵੇਰੇ ਅਤੇ ਸ਼ਾਮ ਦੇ ਸਮੇਂ ਵੱਧ ਹਮਲੇ ਕਰਦੇ ਹਨ।
ਇਸ ਲਈ ਇਸ ਸਮੱਸਿਆ ਦਾ ਨੋਟਿਸ ਲੈ ਕੇ ਸਭ ਸੰਬੰਧਤ ਸਥਾਨਕ ਸਰਕਾਰ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਵਾਰਾ ਕੁੱਤਿਆਂ ਦੀ ਗਿਣਤੀ ’ਤੇ ਕੰਟਰੋਲ ਕਰਨ ਦੇ ਉਪਾਅ ਕਰਨ, ਉਨ੍ਹਾਂ ਨੂੰ ‘ਡਾਗ ਕੰਪਾਊਂਡਾਂ’ ਵਿਚ ਬੰਦ ਕਰਨ ਅਤੇ ਹਸਪਤਾਲਾਂ ’ਚ ਕੁੱਤਿਆਂ ਦੇ ਵੱਢਣ ਦੇ ਇਲਾਜ ਦੀਆਂ ਦਵਾਈਆਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ਦੀ ਲੋੜ ਹੈ।
ਨਸਬੰਦੀ ਅਤੇ ਟੀਕਾਕਰਨ ਕੀਤੇ ਹੋਏ ਕੁੱਤੇ ਆਮ ਤੌਰ ’ਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਕਿਸੇ ’ਤੇ ਅੰਨੇਵਾਹ ਹਮਲਾ ਨਹੀਂ ਕਰਦੇ। ਇਸ ਲਈ ਇਨ੍ਹਾਂ ਦੀ ਨਸਬੰਦੀ ਅਤੇ ਟੀਕਾਕਰਨ ਵੀ ਜ਼ਰੂਰੀ ਹੈ।
–ਵਿਜੇ ਕੁਮਾਰ
ਨਹੀਂ ਰੁਕ ਰਿਹਾ ਅਮਰੀਕਾ ’ਚ ‘ਗੋਲੀਬਾਰੀ ਅਤੇ ਹਿੰਸਾ’ ਦਾ ਜਾਨਲੇਵਾ ਸਿਲਸਿਲਾ
NEXT STORY