ਫਿਲਮਾਂ, ਟੀ. ਵੀ. ਅਤੇ ਇੰਟਰਨੈੱਟ 'ਤੇ ਦਿਖਾਈ ਜਾਣ ਵਾਲੀ ਹਿੰਸਾ ਅਤੇ ਮਾਰਧਾੜ ਨਾਲ ਭਰਪੂਰ ਸਮੱਗਰੀ ਦਾ ਮਨ 'ਤੇ ਬਹੁਤ ਬੁਰਾ ਅਸਰ ਹੋ ਰਿਹਾ ਹੈ। ਇਸੇ ਕਾਰਨ ਹੀ ਸਾਡੀ ਨਵੀਂ ਪੀੜ੍ਹੀ ਬੁਰੀ ਤਰ੍ਹਾਂ ਹਿੰਸਕ ਹੁੰਦੀ ਜਾ ਰਹੀ ਹੈ ਅਤੇ ਹਿੰਸਾ ਦੀਆਂ ਘਟਨਾਵਾਂ ਸਕੂਲਾਂ ਤਕ ਵਿਚ ਹੋਣ ਲੱਗੀਆਂ ਹਨ। 8 ਸਤੰਬਰ 2017 ਨੂੰ ਗੁੜਗਾਓਂ ਦੇ ਇਕ ਸਕੂਲ 'ਚ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਠਾਕੁਰ ਦੀ ਲਾਸ਼ ਸਕੂਲ ਦੇ ਗਰਾਊਂਡ ਫਲੋਰ ਦੇ ਬਾਥਰੂਮ ਵਿਚ ਪਈ ਮਿਲੀ ਸੀ ਅਤੇ ਉਸ ਦੀ ਹੱਤਿਆ ਦੇ ਦੋਸ਼ ਹੇਠ 11ਵੀਂ ਜਮਾਤ ਦੇ 16 ਸਾਲਾ ਵਿਦਿਆਰਥੀ ਨੂੰ ਫੜਿਆ ਗਿਆ।
ਸੀ. ਬੀ. ਆਈ. ਅਨੁਸਾਰ ਇਹ ਲੜਕਾ ਸਕੂਲ ਦੀ 11ਵੀਂ ਜਮਾਤ ਦੇ ਉਸ ਸਮੇਂ ਚੱਲ ਰਹੇ ਛਿਮਾਹੀ ਇਮਤਿਹਾਨ ਅਤੇ ਅਧਿਆਪਕ-ਮਾਪੇ ਮੀਟਿੰਗ ਨੂੰ ਰੱਦ ਕਰਵਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਕਿਸੇ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਉਹ ਲੜਕਾ ਪ੍ਰਦੁਮਨ ਨੂੰ ਕੋਈ ਜ਼ਰੂਰੀ ਗੱਲ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਕੁਝ ਹੀ ਪਲਾਂ 'ਚ ਉਸ ਦਾ ਗਲਾ ਚਾਕੂ ਨਾਲ ਵੱਢ ਦਿੱਤਾ। ਇਹ ਚਾਕੂ ਗੁੜਗਾਓਂ ਪੁਲਸ ਨੇ ਟਾਇਲਟ ਦੇ ਕਮੋਡ 'ਚੋਂ ਬਰਾਮਦ ਕੀਤਾ। ਪੜ੍ਹਾਈ ਵਿਚ ਕਮਜ਼ੋਰ ਪਰ ਚੰਗੀ ਪਿਆਨੋ ਵਜਾਉਣ ਕਾਰਨ ਦੋਸ਼ੀ ਵਿਦਿਆਰਥੀ ਸਕੂਲ 'ਚ ਕਾਫੀ ਹਰਮਨਪਿਆਰਾ ਸੀ ਅਤੇ ਅਕਸਰ ਬੰਕ ਮਾਰ ਕੇ ਮਿਊਜ਼ਿਕ ਰੂਮ ਵਿਚ ਚਲਾ ਜਾਂਦਾ ਸੀ।
ਫਿਰ 18 ਜਨਵਰੀ 2018 ਨੂੰ ਲਖਨਊ ਦੇ ਇਕ ਸਕੂਲ 'ਚ ਪਹਿਲੀ ਜਮਾਤ ਦੇ 7 ਸਾਲਾ ਵਿਦਿਆਰਥੀ ਰਿਤਿਕ ਸ਼ਰਮਾ ਨੂੰ ਚੌਥੀ ਜਮਾਤ ਵਿਚ ਪੜ੍ਹਨ ਵਾਲੀ ਇਕ 12 ਸਾਲਾ ਵਿਦਿਆਰਥਣ ਨੇ ਸਕੂਲ ਦੇ ਟਾਇਲਟ ਵਿਚ ਬੰਦ ਕਰਕੇ ਉਸ ਦੀ ਛਾਤੀ ਅਤੇ ਪੇਟ ਵਿਚ ਛੁਰਾ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੇ ਮੂੰਹ ਵਿਚ ਕੱਪੜਾ ਤੁੰਨ ਕੇ ਉਸ ਨੂੰ ਉਸ ਦੇ ਹਾਲ 'ਤੇ ਛੱਡ ਕੇ ਉਥੋਂ ਖਿਸਕ ਗਈ।
ਵਿਦਿਆਰਥੀ ਅਨੁਸਾਰ, ''ਬੁਆਏ ਕੱਟ ਵਾਲਾਂ ਵਾਲੀ 'ਦੀਦੀ' ਮੈਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਟੀਚਰ ਨੇ ਬੁਲਾਇਆ ਹੈ। ਉਹ ਮੈਨੂੰ ਬਾਥਰੂਮ ਵਿਚ ਲੈ ਗਈ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਫਿਰ ਉਸ ਨੇ ਤੇਜ਼ਧਾਰ ਚੀਜ਼ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਤੇ ਮੈਨੂੰ ਕੁੱਟਦਿਆਂ ਕਿਹਾ ਕਿ ਉਹ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਸਕੂਲ 'ਚ ਛੇਤੀ ਛੁੱਟੀ ਹੋ ਜਾਵੇ।''
2 ਫਰਵਰੀ ਨੂੰ ਪੂਰਬੀ ਦਿੱਲੀ ਦੇ ਇਕ ਪ੍ਰਾਈਵੇਟ ਸਕੂਲ 'ਚ ਵਿਦਿਆਰਥਣਾਂ ਦੇ ਇਕ ਸਮੂਹ ਨੇ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
23 ਜੂਨ 2018 ਨੂੰ ਗੁਜਰਾਤ ਵਿਚ ਵਡੋਦਰਾ ਦੇ ਇਕ ਸਕੂਲ ਦੇ ਟਾਇਲਟ ਵਿਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਹੱਤਿਆ ਦੇ ਸਿਲਸਿਲੇ ਵਿਚ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਫੜਿਆ ਗਿਆ। ਦੋਸ਼ੀ ਵਿਦਿਆਰਥੀ ਦਾ ਸਕੂਲ ਬੈਗ ਸਕੂਲ ਤੋਂ ਕੁਝ ਹੀ ਦੂਰੀ 'ਤੇ ਪਿਆ ਮਿਲਿਆ, ਜਿਸ ਵਿਚ 3 ਵੱਡੇ ਚਾਕੂ ਅਤੇ ਲਾਲ ਮਿਰਚ ਪਾਊਡਰ ਦੇ ਘੋਲ ਨਾਲ ਭਰੀ ਇਕ ਬੋਤਲ ਮਿਲੀ, ਜਦਕਿ ਹੱਤਿਆ ਲਈ ਵਰਤਿਆ ਚਾਕੂ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ।
ਮ੍ਰਿਤਕ ਵਿਦਿਆਰਥੀ ਨੇ ਇਕ ਹਫਤਾ ਪਹਿਲਾਂ ਹੀ ਇਸ ਸਕੂਲ ਵਿਚ ਦਾਖਲਾ ਲਿਆ ਸੀ ਅਤੇ ਇਨ੍ਹਾਂ ਦੋਵਾਂ ਵਿਦਿਆਰਥੀਆਂ ਦਾ ਕੁਝ ਸਮਾਂ ਪਹਿਲਾਂ ਆਪਸ ਵਿਚ ਝਗੜਾ ਹੋਇਆ ਸੀ। ਉਹ ਇਥੇ ਆਪਣੇ ਮਾਮੇ ਕੋਲ ਰਹਿੰਦਾ ਸੀ, ਜਦਕਿ ਉਸ ਦੇ ਮਾਂ-ਪਿਓ ਗੁਜਰਾਤ ਦੇ ਆਣੰਦ ਸ਼ਹਿਰ ਵਿਚ ਰਹਿੰਦੇ ਹਨ।
18 ਜੁਲਾਈ ਨੂੰ ਯੂ. ਪੀ. ਵਿਚ ਦੇਵਰੀਆ ਦੇ ਬਾਵਲੀਆ ਪਿੰਡ ਦੇ ਸਰਕਾਰੀ ਜੂਨੀਅਰ ਹਾਈ ਸਕੂਲ ਵਿਚ ਵੰਡੇ ਜਾਣ ਵਾਲੇ ਮਿਡ-ਡੇ ਮੀਲ ਦੀ ਦਾਲ ਵਿਚ ਜ਼ਹਿਰ ਮਿਲਾਉਣ ਦੇ ਦੋਸ਼ ਹੇਠ 7ਵੀਂ ਜਮਾਤ ਦੀ ਇਕ ਵਿਦਿਆਰਥਣ ਵਿਰੁੱਧ ਕੇਸ ਦਰਜ ਕੀਤਾ ਗਿਆ। ਦੋਸ਼ ਹੈ ਕਿ ਉਸ ਨੇ ਦਾਲ ਵਿਚ ਜ਼ਹਿਰ 5ਵੀਂ ਜਮਾਤ ਵਿਚ ਪੜ੍ਹਨ ਵਾਲੇ ਆਪਣੇ ਛੋਟੇ ਭਰਾ ਦੀ ਇਸ ਸਾਲ ਅਪ੍ਰੈਲ ਵਿਚ ਹੋਈ ਹੱਤਿਆ ਦਾ ਬਦਲਾ ਲੈਣ ਲਈ ਮਿਲਾਇਆ।
21 ਜੁਲਾਈ ਨੂੰ ਜੀਂਦ ਵਿਚ ਪਿੱਲੂਖੇੜਾ ਦੇ ਇਕ ਪ੍ਰਾਈਵੇਟ ਸਕੂਲ 'ਚ 12ਵੀਂ ਜਮਾਤ ਦੇ 18 ਸਾਲਾ ਵਿਦਿਆਰਥੀ ਅੰਕੁਸ਼ ਨੂੰ ਉਸ ਦੇ ਕੁਝ ਸਾਥੀ ਵਿਦਿਆਰਥੀਆਂ ਨੇ ਛੁਰਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ 22 ਜੁਲਾਈ ਨੂੰ ਗੁੜਗਾਓਂ ਦੇ ਹਸਪਤਾਲ ਵਿਚ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਘਟਨਾ ਵਾਲੇ ਦਿਨ ਅੰਕੁਸ਼ ਤੇ ਉਸ ਦੇ 4 ਸਾਥੀਆਂ ਨਾਲ ਝਗੜੇ ਤੋਂ ਬਾਅਦ ਉਨ੍ਹਾਂ ਦੇ 4 ਸਹਿਪਾਠੀਆਂ ਨੇ ਛੁਰਾ ਮਾਰਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਵਿਚਾਲੇ ਕਥਿਤ ਤੌਰ 'ਤੇ ਕਲਾਸ ਦੀ ਇਕ ਵਿਦਿਆਰਥਣ ਨਾਲ ਗੱਲਬਾਤ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਚਾਰੇ ਦੋਸ਼ੀ ਚਾਕੂ ਲੈ ਕੇ ਸਕੂਲ ਆਏ ਸਨ ਅਤੇ ਉਨ੍ਹਾਂ ਨੇ ਅਧਿਆਪਕਾਂ ਦੇ ਕਲਾਸ 'ਚੋਂ ਜਾਣ ਤੋਂ ਬਾਅਦ ਅੰਕੁਸ਼ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਸ ਸਬੰਧੀ 4 'ਚੋਂ 3 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਤੋਂ ਇਲਾਵਾ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣੇ ਨਹੀਂ ਆ ਸਕੀਆਂ। ਫਿਲਹਾਲ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਾਡੀ ਨੌਜਵਾਨ ਅਤੇ ਅੱਲ੍ਹੜ ਪੀੜ੍ਹੀ ਵਿਚ ਹਿੰਸਾ ਦੀ ਭਾਵਨਾ ਕਿੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।
ਇਸ 'ਤੇ ਰੋਕ ਲਾਉਣ ਲਈ ਜਿੱਥੇ ਵਿੱਦਿਅਕ ਅਦਾਰਿਆਂ ਵਿਚ ਹਥਿਆਰ ਆਦਿ ਲਿਜਾਣ 'ਤੇ ਪਾਬੰਦੀ ਲਾਉਣ ਦੀ ਲੋੜ ਹੈ, ਉਥੇ ਹੀ ਸੰਚਾਰ ਮਾਧਿਅਮਾਂ 'ਤੇ ਹਿੰਸਾ ਅਤੇ ਮਾਰਧਾੜ ਵਾਲੀ ਸਮੱਗਰੀ ਦੇ ਪ੍ਰਦਰਸ਼ਨ 'ਤੇ ਕੰਟਰੋਲ ਅਤੇ ਇੰਟਰਨੈੱਟ 'ਤੇ ਅਜਿਹੀ ਸਮੱਗਰੀ 'ਤੇ ਪਾਬੰਦੀ ਲਾਉਣ ਦੀ ਲੋੜ ਹੈ। ਬੱਚਿਆਂ ਦੇ ਲੈਪਟਾਪ, ਕੰਪਿਊਟਰ ਅਤੇ ਮੋਬਾਇਲ ਫੋਨਾਂ 'ਤੇ ਵੀ ਨਜ਼ਰ ਰੱਖਣ ਦੀ ਲੋੜ ਹੈ।
—ਵਿਜੇ ਕੁਮਾਰ
ਮਰਾਠਾ ਰਾਖਵਾਂਕਰਨ 'ਅੰਦੋਲਨ ਮੁਲਤਵੀ' ਪਰ 'ਅੱਗ ਤਾਂ ਲੱਗ ਹੀ ਗਈ ਹੈ'
NEXT STORY