ਭਾਰਤੀ ਰੇਲਵੇ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਹਾਲਾਂਕਿ ਇਸ ਸਾਲ ਕਾਫੀ ਸਮੇਂ ਤੋਂ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਪਰ ਲਗਾਤਾਰ ਹੋ ਰਹੇ ਇਕਾ-ਦੁੱਕਾ ਹਾਦਸੇ ਸੁਚੇਤ ਕਰ ਰਹੇ ਹਨ ਕਿ ਭਾਰਤੀ ਰੇਲਾਂ ’ਚ ਸਭ ਠੀਕ ਨਹੀਂ ਹੈ :
*16 ਜੁਲਾਈ ਨੂੰ ਰਤਲਾਮ ਰੇਲਵੇ ਸਟੇਸ਼ਨ ’ਤੇ ਇੰਦੌਰ ਤੋਂ ਉਦੇਪੁਰ ਜਾਣ ਵਾਲੀ ‘ਵੀਰਭੂਮੀ ਐਕਸਪ੍ਰੈੱਸ’ ਦਾ ਇੰਜਣ ਬਦਲਦੇ ਸਮੇਂ ਇਸ ਦੇ 2 ਡੱਬੇ ਪਟੜੀ ਤੋਂ ਉਤਰ ਗਏ।
* 18 ਜੁਲਾਈ ਨੂੰ ਗੁਜਰਾਤ ’ਚ ਦਾਹੋਦ ਜ਼ਿਲੇ ਦੇ ‘ਮੰਗਲ ਮਹੁਦੀ’ ਰੇਲਵੇ ਸਟੇਸ਼ਨ ਦੇ ਨੇੜੇ ਇਕ ਮਾਲਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ ਅਤੇ ਓਵਰਹੈੱਡ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। 3 ਦਿਨਾਂ ’ਚ ਰਤਲਾਮ ਰੇਲ ਮੰਡਲ ’ਚ ਰੇਲ ਦੇ ਡੱਬੇ ਪਟੜੀ ਤੋਂ ਉਤਰਨ ਦੀ ਇਹ ਦੂਸਰੀ ਘਟਨਾ ਸੀ।
* 23 ਅਗਸਤ ਨੂੰ ਛੱਤੀਸਗੜ੍ਹ ਦੇ ‘ਡੋਂਗਰਗੜ੍ਹ’ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੌਰਾਨ ਸ਼ਿਵਨਾਥ ਐਕਸਪ੍ਰੈੱਸ’ ਦੀਆਂ 2 ਬੋਗੀਆਂ ਇਕ ਝਟਕੇ ਨਾਲ ਪਟੜੀ ਤੋਂ ਉਤਰ ਗਈਆਂ। ਟਰੇਨ ਦੀ ਰਫਤਾਰ ਮੱਠੀ ਹੋਣ ਕਾਰਨ ਵੱਧ ਨੁਕਸਾਨ ਨਹੀਂ ਹੋਇਆ ਪਰ ਜੇਕਰ ਰਫਤਾਰ ਤੇਜ਼ ਹੁੰਦੀ ਤਾਂ ਯਕੀਨਨ ਹੀ ਵੱਡਾ ਹਾਦਸਾ ਹੋ ਸਕਦਾ ਸੀ।
* 10 ਸਤੰਬਰ ਨੂੰ ਦਿੱਲੀ ਦੇ ‘ਆਨੰਦ ਵਿਹਾਰ’ ਤੋਂ ਚਲ ਕੇ ਬਿਹਾਰ ਦੇ ਕਟਿਹਾਰ ਜਾ ਰਹੀ ‘ਹਮਸਫਰ ਐਕਸਪ੍ਰੈੱਸ’ ਦੀਆਂ ਦੋ ਬੋਗੀਆਂ ਪੱਛਮੀ ਚੰਪਾਰਣ ਦੇ ‘ਬਗਹਾ’ ਵਿਚ ਪਟੜੀ ਤੋਂ ਉਤਰ ਗਈਆਂ, ਜਿਸ ਨਾਲ ਰੇਲਗੱਡੀਆਂ ਦੀ ਆਵਾਜਾਈ ਠੱਪ ਹੋ ਗਈ।
* 23 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ‘ਰਮਵਾ’ ਰੇਲਵੇ ਸਟੇਸ਼ਨ ਦੇ ਨੇੜੇ ਇਕ ਮਾਲਗੱਡੀ ਦੇ 29 ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਦਿੱਲੀ-ਕਾਨਪੁਰ-ਪ੍ਰਯਾਗਰਾਜ ਰੂਟ ’ਤੇ ਚੱਲਣ ਵਾਲੀਆਂ ਲਗਭਗ 30 ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
* 26 ਅਕਤੂਬਰ ਨੂੰ ਝਾਰਖੰਡ ਦੇ ਧਨਬਾਦ ਡਵੀਜ਼ਨ ’ਚ ਕੋਲੇ ਨਾਲ ਲੱਦੀ 54 ਬੋਗੀਆਂ ਵਾਲੀ ਇਕ ਮਾਲਗੱਡੀ ਦੀਆਂ ਬ੍ਰੇਕਾਂ ਫੇਲ ਹੋ ਗਈਆਂ।
* 30 ਅਕਤੂਬਰ ਨੂੰ ਗਾਜ਼ੀਆਬਾਦ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ’ਤੇ ਦਿੱਲੀ ਤੋਂ ਅਲੀਗੜ੍ਹ ਜਾ ਰਹੀ ਪੈਸੰਜਰ ਟਰੇਨ ਪਟੜੀ ਤੋਂ ਉਤਰ ਗਈ।
* 8 ਨਵੰਬਰ ਨੂੰ ‘ਵੀਰਾਗਨਾ ਲਕਸ਼ਮੀਬਾਈ ਝਾਂਸੀ’ ਰੇਲਵੇ ਸਟੇਸ਼ਨ ਦੇ ਯਾਰਡ ’ਚ ਖੜ੍ਹੀ ਇਕ ਮਾਲਗੱਡੀ ਦੇ 5 ਡੱਬੇ ਪਟੜੀ ਤੋਂ ਉਤਰ ਗਏ।
* 20 ਨਵੰਬਰ ਨੂੰ ਉਜੈਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 8 ’ਤੇ ਖੜ੍ਹੀ ਰਤਲਾਮ ਇੰਦੌਰ ਟਰੇਨ ’ਚ ਅਚਾਨਕ ਅੱਗ ਲੱਗ ਜਾਣ ਨਾਲ ਇਕ ਬੋਗੀ ਸੜ ਕੇ ਸੁਆਹ ਹੋ ਗਈ।
* 21 ਨਵੰਬਰ ਨੂੰ ਓਡਿਸ਼ਾ ਦੇ ਜਾਜਪੁਰ ਕੋਰਈ ਰੇਲਵੇ ਸਟੇਸ਼ਨ ’ਤੇ ਇਕ ਬੇਕਾਬੂ ਮਾਲਗੱਡੀ ਦੇ 8 ਡੱਬੇ ਪਟੜੀ ਤੋਂ ਉਤਰ ਕੇ ਪਲੇਟਫਾਰਮ ’ਤੇ ਆ ਗਏ, ਜਿਸਦੇ ਨਤੀਜੇ ਵਜੋਂ 3 ਵਿਅਕਤੀਆਂ ਦੀ ਮੌਤ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ।
* 22 ਨਵੰਬਰ ਨੂੰ ਗਾਜ਼ੀਆਬਾਦ ਜੰਕਸ਼ਨ ਦੇ ਯਾਰਡ ’ਚ ਖੜ੍ਹੀ ਸੀਮੈਂਟ ਨਾਲ ਲੱਦੀ ਮਾਲਗੱਡੀ ਨਾਲ ਇਕ ਹੋਰ ਰੇਲ ਦਾ ਇੰਜਣ ਟਕਰਾਅ ਜਾਣ ਨਾਲ ਮਾਲਗੱਡੀ ਦਾ ਇਕ ਡੱਬਾ ਝਟਕੇ ’ਚ ਪਟੜੀ ਤੋਂ ਹੇਠਾਂ ਉਤਰ ਗਿਆ ਅਤੇ ਈ. ਐੱਮ. ਯੂ. ਸ਼ੈੱਡ ਦੀ ਕੰਧ ਤੋੜ ਕੇ ਲਗਭਗ 10 ਫੁੱਟ ਤਕ ਅੰਦਰ ਚਲਾ ਗਿਆ।
* 23 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ’ਚ ‘ਮਾਛਣਾ’ ਪੁਲ ਦੇ ਨੇੜੇ ਖੜ੍ਹੀ ਇਕ ਰੇਲਗੱਡੀ ਦੀਆਂ 3 ਬੋਗੀਆਂ ’ਚ ਅਚਾਨਕ ਅੱਗ ਲੱਗ ਗਈ।
ਮੁਸਾਫਰ ਅਤੇ ਮਾਲਗੱਡੀਆਂ ਦੇ ਹਾਦਸਾਗ੍ਰਸਤ ਹੋਣ ਦਰਮਿਆਨ ਰੇਲਵੇ ’ਚ ਪੈਦਾ ਕੁਝ ਖਾਮੀਆਂ ਵੀ ਸਾਹਮਣੇ ਆ ਰਹੀਆਂ ਹਨ। ਇਕ ਸਾਲ ਦੌਰਾਨ ਦੇਸ਼ ’ਚ ਮਾਲਗੱਡੀਆਂ ਦੀਆਂ ਬ੍ਰੇਕਾਂ ਫੇਲ ਹੋਣ ਦੀਆਂ ਹੀ ਦਰਜਨਾਂ ਘਟਨਾਵਾਂ ਹੋ ਚੁੱਕੀਆਂ ਹਨ।
ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਲੋਕੋ ਪਾਇਲਟਾਂ ਵਲੋਂ ਦਿੱਤੇ ਗਏ ਕਈ ਯਾਦ ਪੱਤਰਾਂ ’ਚ ਦੱਸਿਆ ਗਿਆ ਹੈ ਕਿ ਪਿਛਲੇ ਲਗਭਗ ਇਕ ਸਾਲ ’ਚ ਮਾਲਗੱਡੀਆਂ ਦੇ ਨੁਕਸਦਾਰ ‘ਬੋਗੀ ਮਾਊਂਟੇਡ ਬ੍ਰੇਕ ਸਿਸਟਮ’ (ਬੀ. ਐੱਮ. ਬੀ. ਐੱਸ.) ਦੇ ਕਾਰਨ 80 ਮਾਲਗੱਡੀਆਂ ਸਿਗਨਲ ਜੰਪ ਕਰ ਚੁੱਕੀਆਂ ਹਨ।
ਇਹੀ ਨਹੀਂ, ਮੁਸਾਫਰ ਰੇਲਗੱਡੀਆਂ ਦੇ ਚਲਾਉਣ ’ਚ ਵੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਉਦਾਹਰਣ ਵਜੋਂ 24 ਨਵੰਬਰ ਨੂੰ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਅਰਨਾਕੁਲਮ ਨੂੰ ਜਾਣ ਵਾਲੀ ਮੰਗਲਾ ਐਕਸਪ੍ਰੈੱਸ ਦੇ ਆਗਰਾ ਕੈਂਟ ਸਟੇਸ਼ਨ ’ਤੇ ਪਹੁੰਚਣ ਦੇ ਬਾਅਦ ਉਥੇ ਉਡੀਕ ਕਰ ਰਹੇ ਮੁਸਾਫਰਾਂ ਨੂੰ ਪਤਾ ਲੱਗਾ ਕਿ ਸੰਬੰਧਤ ਮੁਲਾਜ਼ਮ ਉਕਤ ਗੱਡੀ ’ਚ ਇਕ ਕੋਚ ਲਗਾਉਣਾ ਹੀ ਭੁੱਲ ਗਏ ਸਨ।
ਰਿਜ਼ਰਵੇਸ਼ਨ ਵਾਲੇ ਮੁਸਾਫਰ ਜਦੋਂ ਉਕਤ ਕੋਚ ਲੱਭ-ਲੱਭ ਕੇ ਪ੍ਰੇਸ਼ਾਨ ਹੋ ਗਏ ਤਾਂ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਟਰੇਨ ਲਗਭਗ ਅੱਧਾ ਘੰਟਾ ਪਲੇਟਫਾਰਮ ’ਤੇ ਖੜ੍ਹੀ ਰਹੀ। ਜਿਉਂ ਹੀ ਟਰੇਨ ਚੱਲਣ ਲੱਗਦੀ ਮੁਸਾਫਰ ਚੇਨ ਖਿੱਚ ਕੇ ਰੋਕ ਦਿੰਦੇ।
ਸਵਾਲੀਆ ਨਿਸ਼ਾਨ ਲਗਾਉਂਦੇ ਉਕਤ ਹਾਦਸੇ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲ ਕਿਸ ਕਦਰ ਵੱਡੇ ਹਾਦਸਿਆਂ ਦੇ ਮੁਹਾਨੇ ’ਤੇ ਹੈ। ਅਜਿਹੀ ਅਣਹੋਣੀ ਸਥਿਤੀ ਪੈਦਾ ਨਾ ਹੋਵੇ ਇਸ ਦੇ ਲਈ ਭਾਰਤੀ ਰੇਲ ਦੀ ਕਾਰਜਸ਼ੈਲੀ ਅਤੇ ਰੱਖ-ਰਖਾਅ ’ਚ ਤੁਰੰਤ ਬਹੁਆਯਾਮੀ ਸੁਧਾਰ ਲਿਆਉਣ ਦੀ ਲੋੜ ਹੈ।
–ਵਿਜੇ ਕੁਮਾਰ
ਸਾਰੀਆਂ ਸਰਕਾਰਾਂ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਤਬਾਹ ਕੀਤਾ : ਸੁਪਰੀਮ ਕੋਰਟ
NEXT STORY