1947 'ਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਨੇ ਭਾਰਤ ਵਿਰੁੱਧ ਛੇੜੀ ਅਸਿੱਧੀ ਜੰਗ ਦੀ ਕੜੀ ਵਿਚ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਜ਼ਰੀਏ ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ, ਦੰਗੇ ਕਰਵਾਉਣ, ਅੱਤਵਾਦ ਭੜਕਾਉਣ ਅਤੇ ਗ਼ੈਰ-ਮੁਸਲਮਾਨਾਂ ਨੂੰ ਇਥੋਂ ਭਜਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ ਅਤੇ ਆਜ਼ਾਦੀ ਦੀ ਦੁਹਾਈ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਹ ਵੱਖਵਾਦੀ ਵਾਦੀ 'ਚ ਅਸ਼ਾਂਤੀ ਫੈਲਾਉਣ ਲਈ ਲੋੜਵੰਦ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਂਦੇ ਹਨ ਪਰ ਹੁਣ ਇਨ੍ਹਾਂ ਵੱਖਵਾਦੀਆਂ ਦਾ ਅਸਲੀ ਚਿਹਰਾ ਜ਼ਾਹਿਰ ਹੋਣ ਲੱਗਾ ਹੈ। ਲੋਕ ਇਨ੍ਹਾਂ ਦੀ ਪੋਲ ਖੋਲ੍ਹਣ ਲੱਗ ਪਏ ਹਨ, ਜੋ ਅੱਤਵਾਦ ਤੇ ਵੱਖਵਾਦ ਵਿਰੁੱਧ ਇਥੋਂ ਦੇ ਲੋਕਾਂ ਦੀ ਸੋਚ ਵਿਚ ਆ ਰਹੀ ਤਬਦੀਲੀ ਦਾ ਸੰਕੇਤ ਹੈ। ਇਸ ਦੀ ਪਹਿਲੀ ਮਿਸਾਲ 4 ਜੂਨ ਨੂੰ ਮਿਲੀ, ਜਦੋਂ ਸ਼੍ਰੀਨਗਰ ਦੇ ਨੌਹੱਟਾ ਮੁਹੱਲੇ ਵਿਚ ਸੀ. ਆਰ. ਪੀ. ਐੱਫ. ਦੀ ਗੱਡੀ ਨਾਲ ਟਕਰਾ ਕੇ ਮਾਰੇ ਗਏ ਪੱਥਰਬਾਜ਼ ਦੇ ਇਕ ਰਿਸ਼ਤੇਦਾਰ ਨੌਜਵਾਨ ਨੇ ਕਸ਼ਮੀਰੀ ਵੱਖਵਾਦੀ ਆਗੂਆਂ ਦੀ ਨੇਕ-ਨੀਅਤ 'ਤੇ ਸਵਾਲ ਉਠਾਏ ਅਤੇ ਉਨ੍ਹਾਂ 'ਤੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਖੰਡ ਕਰਨ ਅਤੇ ਲੱਖਾਂ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਆਪਣੀ ਸਿਆਸਤ ਕਰਨ ਦਾ ਦੋਸ਼ ਲਾਇਆ।14 ਜੂਨ ਨੂੰ ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਫੌਜ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ ਨੇ ਵਾਦੀ ਵਿਚ ਫੈਲੇ ਅੱਤਵਾਦ ਲਈ ਅੱਤਵਾਦੀਆਂ ਪ੍ਰਤੀ ਸਰਕਾਰ ਦੀ ਕਮਜ਼ੋਰ ਨੀਤੀ ਨੂੰ ਜ਼ਿੰਮੇਵਾਰ ਦੱਸਦਿਆਂ ਸਰਕਾਰ ਤੋਂ ਔਰੰਗਜ਼ੇਬ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕੀਤੀ।
ਮੁਹੰਮਦ ਹਨੀਫ ਨੇ ਕਿਹਾ, ''ਸਰਕਾਰ 2003 ਤੋਂ ਅੱਤਵਾਦੀਆਂ ਦਾ ਸਫਾਇਆ ਕਰਨ ਵਿਚ ਲੱਗੀ ਹੋਈ ਹੈ ਪਰ ਅਜੇ ਤਕ ਇਸ ਨੂੰ ਸਫਲਤਾ ਨਹੀਂ ਮਿਲੀ। ਇਸ ਲਈ ਸਿਆਸਤਦਾਨਾਂ ਅਤੇ ਵੱਖਵਾਦੀਆਂ ਨੂੰ ਕਸ਼ਮੀਰ 'ਚੋਂ ਬਾਹਰ ਕੱਢ ਕੇ ਅੱਤਵਾਦੀਆਂ ਦੇ ਸਫਾਏ ਲਈ ਫੌਜ ਨੂੰ ਸਮੁੱਚੀ ਵਾਦੀ ਛਾਣਨ ਦੀ ਖੁੱਲ੍ਹੀ ਛੋਟ ਦੇ ਦੇਣੀ ਚਾਹੀਦੀ ਹੈ।''
''ਕਸ਼ਮੀਰ ਦੇ ਮਾਮਲੇ ਵਿਚ ਸਰਕਾਰ ਨੂੰ ਕੋਈ ਕਮਜ਼ੋਰੀ ਨਹੀਂ ਦਿਖਾਉਣੀ ਚਾਹੀਦੀ ਅਤੇ ਵਾਦੀ ਵਿਚੋਂ ਬੁਰੇ ਲੋਕਾਂ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ। ਇਹ ਕਾਇਰ ਹਨ, ਕਸ਼ਮੀਰ ਸਾਡਾ ਹੈ। ਕਸ਼ਮੀਰ ਵਿਚ ਪਾਕਿਸਤਾਨ ਦਾ ਝੰਡਾ ਕਿਉਂ ਲਹਿਰਾ ਰਿਹਾ ਹੈ? ਭਾਰਤ ਦਾ ਝੰਡਾ ਕਿਉਂ ਨਹੀਂ? ਇਥੇ ਭਾਰਤ ਦਾ ਝੰਡਾ ਲਹਿਰਾਉਣਾ ਚਾਹੀਦਾ ਹੈ। ਕਸ਼ਮੀਰ ਵਾਦੀ 'ਚ ਅੱਤਵਾਦੀਆਂ ਨੂੰ ਖਤਮ ਕਰਨ ਲਈ ਮੁਹਿੰਮ ਦੌਰਾਨ ਇਥੇ ਹਰ ਪਾਸੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ।''
ਇਸ ਤੋਂ ਕੁਝ ਦਿਨਾਂ ਬਾਅਦ 26 ਜੁਲਾਈ ਨੂੰ ਮੁਹੰਮਦ ਹਨੀਫ ਨੇ ਫਿਰ ਕਿਹਾ, ''ਕਾਇਰ ਪਾਕਿਸਤਾਨ ਸ਼ਰੇਆਮ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦਾ ਅਤੇ ਤੁਸੀਂ ਲਿਖ ਲਓ ਕਿ ਫੈਸਲਾਕੁੰਨ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਫੈਸਲਾ ਵੀ ਛੇਤੀ ਹੀ ਹੋ ਜਾਵੇਗਾ।'' ਜਿਥੇ ਵਾਦੀ ਵਿਚ ਰਾਸ਼ਟਰਵਾਦੀ ਅਨਸਰਾਂ ਵਲੋਂ ਬਦਲੇ ਹੋਏ ਮਾਹੌਲ ਵਿਚ ਅੱਤਵਾਦੀਆਂ ਵਿਰੁੱਧ ਕਾਰਵਾਈ ਦੇ ਪੱਖ ਵਿਚ ਆਵਾਜ਼ ਉਠਾਈ ਜਾ ਰਹੀ ਹੈ, ਉਥੇ ਹੀ ਵਾਦੀ ਵਿਚ ਪਹਿਲੀ ਵਾਰ ਵੱਖਵਾਦ, ਅੱਤਵਾਦ ਅਤੇ ਪੱਥਰਬਾਜ਼ਾਂ ਵਿਰੁੱਧ ਮੁਜ਼ਾਹਰੇ ਹੋਏ ਹਨ।
21 ਜੁਲਾਈ ਨੂੰ ਬੜਗਾਮ ਜ਼ਿਲੇ 'ਚ ਪੈਂਦੇ ਕਨਿ-ਏ-ਦਾਜਾਨ ਪਿੰਡ ਵਿਚ ਜੰਮੂ-ਕਸ਼ਮੀਰ ਆਵਾਮੀ ਫੋਰਮ (ਜੇ. ਕੇ. ਏ. ਐੱਫ.) ਨਾਮੀ ਸੰਗਠਨ ਦੇ 1500 ਦੇ ਲਗਭਗ ਮੈਂਬਰਾਂ ਨੇ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦ ਅਤੇ ਵੱਖਵਾਦ ਵਿਰੁੱਧ ਇਤਿਹਾਸਕ ਮੁਜ਼ਾਹਰਾ ਕੀਤਾ, ਜੋ ਚਰਾਰ-ਏ-ਸ਼ਰੀਫ ਵਿਚ ਜਾ ਕੇ ਖਤਮ ਹੋਇਆ।
ਇਸ ਵਿਚ ਬੁਲਾਰਿਆਂ ਨੇ ਪੱਥਰਬਾਜ਼ੀ ਤੋਂ ਆਜ਼ਾਦੀ ਦੀ ਮੰਗ ਕੀਤੀ। ਜੇ. ਕੇ. ਏ. ਐੱਫ. ਦੇ ਚੇਅਰਮੈਨ ਫਾਰੂਕ ਅਹਿਮਦ ਗਨਈ ਅਨੁਸਾਰ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਪਹਿਲਾ ਮੁਜ਼ਾਹਰਾ ਸੀ, ਜਿਸ ਦਾ ਉਦੇਸ਼ ਬੰਦੂਕ ਦੀ ਸੱਭਿਅਤਾ ਦਾ ਖਾਤਮਾ ਕਰਨਾ ਸੀ। ਇਸ ਤੋਂ ਦੋ ਹਫਤਿਆਂ ਬਾਅਦ ਹੀ 4 ਅਗਸਤ ਨੂੰ ਅੱਤਵਾਦੀਆਂ ਦੇ ਗੜ੍ਹ ਪੁਲਵਾਮਾ ਵਿਚ ਹਜ਼ਾਰਾਂ ਲੋਕਾਂ ਨੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਕੇ ਅੱਤਵਾਦ, ਵੱਖਵਾਦ ਅਤੇ ਹਿੰਸਾ ਵਿਰੁੱਧ ਮਾਰਚ ਕੱਢਿਆ ਤੇ ਡਟ ਕੇ ਨਾਅਰੇਬਾਜ਼ੀ ਕੀਤੀ। ਇਹ ਮਾਰਚ ਕਈ ਪਿੰਡਾਂ ਵਿਚੋਂ ਹੋ ਕੇ ਲੰਘਿਆ, ਜਿਸ ਵਿਚ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਆਵਾਮੀ ਫੋਰਮ ਦੇ ਬੁਲਾਰੇ ਜੀ. ਐੱਨ. ਪਰਵਾਨਾ ਨੇ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਕਸ਼ਮੀਰ ਵਿਚ ਅਜਿਹੇ ਹੋਰ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਇਸ ਮਾਰਚ ਵਿਚ ਸ਼ਾਮਲ ਇਰਫਾਨ ਅਹਿਮਦ ਨਾਮੀ ਇਕ ਨੌਜਵਾਨ ਨੇ, ਜਿਸ ਦੇ ਪਿਤਾ ਤੇ ਭਰਾ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ, ਕਿਹਾ ਕਿ ਜਦੋਂ ਤਕ ਵਾਦੀ ਦੇ ਨੌਜਵਾਨ ਹਿੰਸਾ ਦਾ ਰਾਹ ਨਹੀਂ ਛੱਡ ਦਿੰਦੇ, ਉਹ ਚੁੱਪ ਨਹੀਂ ਬੈਠਣਗੇ।
ਕੁਲ ਮਿਲਾ ਕੇ ਵਾਦੀ ਵਿਚ ਉੱਠਣ ਵਾਲੀਆਂ ਇਹ ਆਵਾਜ਼ਾਂ ਵੱਖਵਾਦੀਆਂ ਲਈ ਇਕ ਚਿਤਾਵਨੀ ਹਨ ਕਿ ਉਨ੍ਹਾਂ ਦੀ ਦਾਲ ਹੁਣ ਬਹੁਤੀ ਦੇਰ ਤਕ ਗਲ਼ਣ ਵਾਲੀ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਵਾਦੀ ਦੇ ਹਾਲਾਤ ਸੁਧਾਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਕਸ਼ਮੀਰੀ ਨੌਜਵਾਨ ਨਾ ਮਾਰੇ ਜਾਣ, ਇਥੇ ਸ਼ਾਂਤੀ ਕਾਇਮ ਹੋਵੇ ਅਤੇ ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਆ ਸਕੇ।
- ਵਿਜੇ ਕੁਮਾਰ
ਕਿੰਨੀਆਂ ਨਿਰਪੱਖ ਹਨ ਭਾਰਤੀ ਚੋਣਾਂ
NEXT STORY