ਹਾਲਾਂਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ’ਚ ਅਪਰਾਧੀ ਅਨਸਰਾਂ ਦਾ ਸਫਾਇਆ ਕਰਨ ਲਈ ਜ਼ੋਰ-ਸ਼ੋਰ ਨਾਲ ਮੁਹਿੰਮ ਚਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਸੂਬੇ ’ਚ ਅਪਰਾਧ ਕਾਬੂ ’ਚ ਨਹੀਂ ਆ ਰਹੇ।
ਕਤਲ ਅਤੇ ਲੁੱਟਮਾਰ ਤੋਂ ਇਲਾਵਾ ਸੂਬੇ ’ਚ ਰੋਜ਼ 8 ਬਲਾਤਕਾਰ ਤੇ 30 ਅਗਵਾ ਹੋ ਰਹੇ ਹਨ, ਜਦਕਿ ਔਰਤਾਂ ਵਿਰੁੱਧ ਹੋਣ ਵਾਲੇ ਹੋਰਨਾਂ ਅਪਰਾਧਾਂ ਦੀਆਂ ਰੋਜ਼ਾਨਾ 100 ਤੋਂ ਜ਼ਿਆਦਾ ਐੱਫ. ਆਈ. ਆਰਜ਼ ਦਰਜ ਹੋ ਰਹੀਆਂ ਹਨ।
ਸੂਬੇ ’ਚ 2016-17 ਦੇ ਮੁਕਾਬਲੇ ਅਪਰਾਧਾਂ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਇਥੋਂ ਤਕ ਕਿ ਅਪਰਾਧੀ ਅਨਸਰਾਂ ’ਚ ਕੁਝ ਪੁਲਸ ਵਾਲੇ ਵੀ ਸ਼ਾਮਲ ਹਨ :
* 04 ਸਤੰਬਰ ਨੂੰ ਹਾਥਰਸ ’ਚ ਬਦਮਾਸ਼ਾਂ ਨੇ ਆਗਰਾ-ਅਲੀਗੜ੍ਹ ਹਾਈਵੇ ’ਤੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 07 ਸਤੰਬਰ ਨੂੰ ਬਦਮਾਸ਼ਾਂ ਨੇ ਇਲਾਹਾਬਾਦ ਜ਼ਿਲੇ ਦੇ ਬਿਗਹੀਆ ਪਿੰਡ ’ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਹੱਤਿਆ ਕਰ ਦਿੱਤੀ।
* 09 ਸਤੰਬਰ ਨੂੰ ਮੁਜ਼ੱਫਰਨਗਰ ’ਚ 3 ਨੌਜਵਾਨਾਂ ਵਲੋਂ ਇਕ ਮੁਟਿਆਰ ਨਾਲ ਗੈਂਗਰੇਪ।
* 10 ਸਤੰਬਰ ਨੂੰ ਬੁਲੰਦਸ਼ਹਿਰ ਦੇ ਛਤਾਰੀ ਥਾਣਾ ਖੇਤਰ ’ਚ 2 ਵਿਅਕਤੀਆਂ ਨੇ ਚੌਥੀ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
* 11 ਸਤੰਬਰ ਨੂੰ ਸੁਲਤਾਨਪੁਰ ਦੇ ਲੰਬੂਆ ਥਾਣਾ ਖੇਤਰ ’ਚ ਇਕ ਗ੍ਰਾਮੀਣ ਬੈਂਕ ’ਚੋਂ ਪਿਸਤੌਲ ਦੀ ਨੋਕ ’ਤੇ 8 ਲੱਖ ਰੁਪਏ ਲੁੱਟੇ ਗਏ।
* 15 ਸਤੰਬਰ ਨੂੰ ਨੋਇਡਾ ’ਚ ਇਕ ਮੁਟਿਆਰ ਨਾਲ 2 ਨੌਜਵਾਨਾਂ ਵਲੋਂ ਬਲਾਤਕਾਰ।
* 19 ਸਤੰਬਰ ਨੂੰ ਬਾਗਪਤ ਜ਼ਿਲੇ ਦੇ ਖੇਕੜਾ ’ਚ 9 ਸਾਲਾ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।
* 21 ਸਤੰਬਰ ਨੂੰ ਨੋਇਡਾ ਦੇ ਸੈਕਟਰ-1 ’ਚ ਲੁਟੇਰਿਆਂ ਨੇ ਇਕ ਬੈਂਕ ਦੇ ਬਾਹਰ ਸਕਿਓਰਿਟੀ ’ਚ ਤਾਇਨਾਤ ਦੋ ਗਾਰਡਾਂ ਦੀ ਹੱਤਿਆ ਕਰ ਦਿੱਤੀ।
* 22 ਸਤੰਬਰ ਨੂੰ ਬਾਂਦਾ ’ਚ 6 ਹਥਿਆਰਬੰਦ ਬਦਮਾਸ਼ਾਂ ਨੇ ਇਕ ਵਪਾਰੀ ਨੂੰ ਉਸ ਦੇ ਹੀ ਸ਼ੋਅਰੂਮ ’ਚੋਂ ਢਾਈ ਲੱਖ ਰੁਪਏ ਦੀ ਨਕਦੀ ਨਾਲ ਅਗਵਾ ਕਰ ਲਿਆ।
* 24 ਸਤੰਬਰ ਨੂੰ ਕਾਨਪੁਰ ’ਚ ਸੜਕ ਕੰਢੇ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਗਲਾ ਵੱਢ ਕੇ ਹੱਤਿਆ ਕੀਤੀ ਗਈ ਸੀ।
* 25 ਸਤੰਬਰ ਨੂੰ ਇਲਾਹਾਬਾਦ ’ਚ ਧੂਮਨਗੰਜ ਏਜੰਸੀ ਦਾ ਪੈਸਾ ਜਮ੍ਹਾ ਕਰਵਾਉਣ ਬੈਂਕ ਜਾ ਰਹੇ ਮੁਲਾਜ਼ਮਾਂ ਤੋਂ ਬਦਮਾਸ਼ਾਂ ਨੇ 22 ਲੱਖ ਰੁਪਏ ਲੁੱਟ ਲਏ।
* 26 ਸਤੰਬਰ ਨੂੰ ਹਾਥਰਸ ਦੇ ਸਰੌਂਠ ਪਿੰਡ ’ਚ ਸਹੁਰਾ ਪਰਿਵਾਰ ਨੇ ਇਕ ਔਰਤ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਸਾੜ ਦਿੱਤੀ।
* 28 ਸਤੰਬਰ ਦੀ ਦੇਰ ਰਾਤ ਨੂੰ ਪੁਲਸ ਨੇ ਗੋਮਤੀਨਗਰ, ਲਖਨਊ ’ਚ ਐਪਲ ਕੰਪਨੀ ਦੇ ਏਰੀਆ ਮੈਨੇਜਰ ਨੂੰ ਕਾਰ ਨਾ ਰੋਕਣ ’ਤੇ ਗੋਲੀ ਮਾਰ ਦਿੱਤੀ।
* 29 ਸਤੰਬਰ ਨੂੰ ਸ਼ਾਮਲੀ ਦੇ ਇਕ ਪਿੰਡ ’ਚ ਘਰ ’ਚ ਇਕੱਲੀ 26 ਸਾਲਾ ਵਿਆਹੁਤਾ ਨਾਲ ਉਸ ਦੇ ਗੁਆਂਢੀ ਨੇ ਬੰਦੂਕ ਦਾ ਡਰ ਦਿਖਾ ਕੇ ਬਲਾਤਕਾਰ ਕੀਤਾ।
* 30 ਸਤੰਬਰ ਨੂੰ ਮਹੋਬਾ ਦੇ ਸ਼ੇਖੂ ਨਗਰ ਇਲਾਕੇ ’ਚ ਇਕ ਮੁਟਿਆਰ ਨੂੰ ਨੌਕਰੀ ਦਾ ਝਾਂਸਾ ਦੇ ਕੇ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਬਣਾਇਆ ਗਿਆ।
* 30 ਸਤੰਬਰ ਨੂੰ ਹੀ ਦੇਰ ਸ਼ਾਮ ਨੂੰ ਲਖਨਊ ’ਚ ਪੀ. ਜੀ. ਆਈ. ਥਾਣੇ ’ਚ ਤਾਇਨਾਤ ਨਸ਼ੇ ’ਚ ਟੱਲੀ ਥਾਣੇਦਾਰ ਨੇ ਪੀ. ਜੀ. ਆਈ. ਦੇ ਇਕ ਮੁਲਾਜ਼ਮ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਉੱਛਲ ਕੇ ਦੂਰ ਜਾ ਡਿੱਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
* 02 ਅਕਤੂਬਰ ਨੂੰ ਗ੍ਰੇਟਰ ਨੋਇਡਾ ’ਚ ਡਾਬਰਾ ਪਿੰਡ ਦੀ ਨਹਿਰ ਨੇੜੇ 2 ਨੌਜਵਾਨਾਂ ਦੀ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।
* 02 ਅਕਤੂਬਰ ਦੀ ਰਾਤ ਨੂੰ ਹੀ ਸ਼ਾਮਲੀ ’ਚ ਦੋ ਵਿਅਕਤੀਆਂ ਨੇ ਪੁਲਸ ਮੁਲਾਜ਼ਮਾਂ ’ਤੇ ਗੋਲੀਬਾਰੀ ਕਰ ਕੇ ਉਨ੍ਹਾਂ ਤੋਂ ਦੋ ਸਰਵਿਸ ਰਾਈਫਲਾਂ ਲੁੱਟ ਲਈਆਂ।
* 03 ਅਕਤੂਬਰ ਨੂੰ ਸਵੇਰੇ 5 ਵਜੇ ਲਖਨਊ ’ਚ ਪੁਲਸ ਚੌਕੀ ਤੋਂ ਸਿਰਫ 500 ਮੀਟਰ ਦੂਰ ਹਥਿਆਰਾਂ ਨਾਲ ਲੈਸ 4 ਬਦਮਾਸ਼ਾਂ ਨੇ ਇਕ ਵਪਾਰੀ ਦੇ ਘਰ ’ਤੇ ਹੱਲਾ ਬੋਲ ਕੇ 25 ਲੱਖ ਰੁਪਏ ਅਤੇ ਗਹਿਣੇ ਲੁੱਟ ਲਏ।
* 03 ਅਕਤੂਬਰ ਨੂੰ ਹੀ ਮਹੋਬਾ ਦੇ ਸਦਰ ਕੋਤਵਾਲੀ ਖੇਤਰ ’ਚ ਹਿੰਦੂਵਾਦੀ ਸੰਗਠਨ ਬਜਰੰਗ ਦਲ ਦੇ ਨੇਤਾ ਰਾਹੁਲ ਵਰਮਾ ਦੀ ਲਾਸ਼ ਬੁਰੀ ਹਾਲਤ ’ਚ ਬਰਾਮਦ ਹੋਈ।
ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੀ ਪਿਛਲੀ ਸਰਕਾਰ ਦੌਰਾਨ ਸੂਬੇ ’ਚ ਫੈਲੇ ‘ਗੁੰਡਾਰਾਜ’ ਨੂੰ ਭਾਜਪਾ ਨੇ ਵੱਡਾ ਚੋਣ ਮੁੱਦਾ ਬਣਾਇਆ ਸੀ ਤੇ ਯੋਗੀ ਆਦਿੱਤਿਆਨਾਥ ਨੇ ਸੱਤਾ ’ਚ ਆਉਣ ਤੋਂ ਬਾਅਦ ਅਪਰਾਧੀ ਅਨਸਰਾਂ ਵਿਰੁੱਧ ਜ਼ੋਰਦਾਰ ਢੰਗ ਨਾਲ ਮੁਹਿੰਮ ਵੀ ਛੇੜੀ ਹੋਈ ਹੈ।
ਪਰ ਜਿਸ ਰਫਤਾਰ ਨਾਲ ਸੂਬੇ ’ਚ ਅਪਰਾਧ ਹੋ ਰਹੇ ਹਨ, ਉਨ੍ਹਾਂ ਤੋਂ ਤਾਂ ਅਜਿਹਾ ਲੱਗਦਾ ਹੈ ਕਿ ਸੂਬੇ ’ਚ ਅਪਰਾਧੀ ਅਨਸਰਾਂ ’ਤੇ ਯੋਗੀ ਆਦਿੱਤਿਆਨਾਥ ਵਲੋਂ ਚਲਾਏ ਗਏ ਕਾਨੂੰਨ ਦੇ ਡੰਡੇ ਦਾ ਕੋਈ ਖਾਸ ਅਸਰ ਨਹੀਂ ਹੋਇਆ। ਜਿਸ ਢੰਗ ਨਾਲ ਸੂਬੇ ’ਚ ਅਪਰਾਧ ਹੋ ਰਹੇ ਹਨ, ਉਸ ਨਾਲ ਸਰਕਾਰ ਦੇ ਅਕਸ ਨੂੰ ਠੇਸ ਲੱਗ ਰਹੀ ਹੈ।
–ਵਿਜੇ ਕੁਮਾਰ
ਕਿਸਾਨਾਂ ’ਤੇ ਹੰਝੂ ਗੈਸ ਅਤੇ ਲਾਠੀਚਾਰਜ ਸਰਕਾਰ ਨੇ ਕੁਝ ਮੰਗਾਂ ਮੰਨੀਆਂ
NEXT STORY