ਦੇਸ਼ ’ਚ ਸ਼ਰਾਬ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਸੇ ਅਨੁਪਾਤ ’ਚ ਅਪਰਾਧ ਵੀ ਵਧ ਰਹੇ ਹਨ। ਸ਼ਰਾਬ ਇਕ ਨਸ਼ਾ ਰੂਪੀ ਜ਼ਹਿਰ ਹੈ ਜਿਸ ਦੀ ਵਰਤੋਂ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਅਤੇ ਵਿਅਕਤੀ ਬੇਸਮਝ ਹੋ ਕੇ ਕਈ ਗੰਭੀਰ ਅਪਰਾਧ ਕਰ ਬੈਠਦਾ ਹੈ।
ਸ਼ਰਾਬ ਭਾਰਤੀ ਮਾਰਕੀਟ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਵਪਾਰਾਂ ’ਚੋਂ ਇਕ ਹੈ ਅਤੇ ਪਿਛਲੇ ਦੋ ਸਾਲਾਂ ’ਚ ਇਸ ਦੀ ਸਾਲਾਨਾ ਵਿਕਰੀ ’ਚ 6.8 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ’ਚ ਭੰਗ, ਹੈਰੋਇਨ, ਕੋਕੀਨ ਅਤੇ ਹੋਰਨਾਂ ਰਸਾਇਣਕ ਨਸ਼ਿਆਂ ਦੀ ਤੁਲਨਾ ’ਚ ਸਭ ਤੋਂ ਵੱਧ ਕੀਤਾ ਜਾਣ ਵਾਲਾ ਨਸ਼ਾ ਸ਼ਰਾਬ ਹੀ ਹੈ।
ਸ਼ਰਾਬ ਦੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਦੇ ਲਈ ਵੀ ਉਨ੍ਹਾਂ ਦੇ ਹੱਥ ’ਚ ਆ ਜਾਵੇ ਤਾਂ ਉਹ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ।
ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਅਤੇ ਦੇਸ਼ ਦੇ ਕੋਨੇ-ਕੋਨੇ ’ਚ ਔਰਤਾਂ ਨੇ ਦੁੱਧ ਪੀਂਦੇ ਬੱਚਿਆਂ ਤੱਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਵੀ ਸਾੜੀ ਅਤੇ ਕਈ ਔਰਤਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ।
ਕਿਉਂਕਿ ਮਰਦਾਂ ਦੇ ਸ਼ਰਾਬ ਪੀਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਔਰਤਾਂ ਹੀ ਹੁੰਦੀਆਂ ਹਨ ਇਸ ਲਈ ਹੁਣ ਕਈ ਥਾਵਾਂ ’ਤੇ ਉਹ ਇਸ ਦੇ ਵਿਰੁੱਧ ਮੈਦਾਨ ’ਚ ਉਤਰ ਆਈਆਂ ਹਨ :
* 22 ਨਵੰਬਰ, 2022 ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ਪਿੰਡ ‘ਗੰਗਈ ਬਰਖੇੜਾ’ ’ਚ ਔਰਤਾਂ ਨੇ ਡਾਂਗਾਂ-ਸੋਟਿਆਂ ਨਾਲ ਲੈਸ ਹੋ ਕੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਰੋਸ ਵਿਖਾਵਾ ਕਰ ਕੇ ਠੇਕੇਦਾਰ ਨੂੰ ਆਪਣਾ ਧੰਦਾ ਬੰਦ ਕਰਨ ਦੀ ਚਿਤਾਵਨੀ ਦਿੱਤੀ।
* 8 ਫਰਵਰੀ, 2023 ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ‘ਬਿਜੂਰੀ’ ਪਿੰਡ ’ਚ ਸੈਂਕੜੇ ਔਰਤਾਂ ਨੇ ਸ਼ਰਾਬ ਦੀਆਂ ਦੁਕਾਨਾਂ ਦਾ ਘਿਰਾਓ ਕਰ ਕੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰਾਬ ਉਨ੍ਹਾਂ ਦੇ ਘਰਾਂ ’ਚ ਕਲੇਸ਼ ਦਾ ਮੁੱਖ ਕਾਰਨ ਹੈ।
ਔਰਤਾਂ ਦੇ ਅਨੁਸਾਰ ਇਸ ਦੇ ਲਈ ਪੈਸੇ ਨਾ ਦੇਣ ’ਤੇ ਮਰਦ ਜ਼ਬਰਦਸਤੀ ਘਰ ਦੀਆਂ ਵਸਤੂਆਂ ਲਿਜਾ ਕੇ ਵੇਚ ਦਿੰਦੇ ਹਨ ਅਤੇ ਉਨ੍ਹਾਂ ਦੀ ਕੁੱਟਮਾਰ ਤੱਕ ਕਰ ਦਿੰਦੇ ਹਨ।
* 22 ਫਰਵਰੀ, 2023 ਨੂੰ ਚੰਦੌਲੀ (ਉੱਤਰ ਪ੍ਰਦੇਸ਼) ਦੇ ਅਲੀ ਨਗਰ ਥਾਣਾ ਇਲਾਕੇ ਦੇ ‘ਪਟਪਰਾ’ ਪਿੰਡ ’ਚ ਸਥਿਤ ਸ਼ਰਾਬ ਦੀ ਦੁਕਾਨ ’ਤੇ ਔਰਤਾਂ ਤੇ ਨੌਜਵਾਨਾਂ ਨੇ ਰੋਸ ਵਿਖਾਵਾ ਕਰ ਕੇ ਉੱਥੇ ਰੱਖੀਆਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਭੰਨਣ ਦੇ ਇਲਾਵਾ ਸੜਕ ’ਤੇ ਰੋਕ ਕਰ ਕੇ ਰਸਤਾ ਜਾਮ ਕਰ ਦਿੱਤਾ।
* 12 ਮਾਰਚ, 2023 ਨੂੰ ਵਾਰਾਣਸੀ ਦੇ ‘ਕਾਂਖਭਾਰਾ ਬਾਜ਼ਾਰ’ ’ਚ ਅੰਗਰੇਜ਼ੀ ਸ਼ਰਾਬ ਦੀ ਦੁਕਾਨ ਖੋਲ੍ਹੇ ਜਾਣ ਦੀ ਆਹਟ ਮਿਲਦੇ ਹੀ ਔਰਤਾਂ ਉਸ ਦਾ ਵਿਰੋਧ ਕਰਨ ਲਈ ਸੜਕ ’ਤੇ ਉਤਰ ਆਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ’ਚ ਦੇਸੀ ਸ਼ਰਾਬ ਦੀ ਦੁਕਾਨ ਦੇ ਕਾਰਨ ਉਹ ਪਹਿਲਾਂ ਹੀ ਸ਼ਰਾਬੀਆਂ ਦੇ ਖਰੂਦ ਤੋਂ ਤੰਗ ਹਨ ਅਤੇ ਅੰਗਰੇਜ਼ੀ ਸ਼ਰਾਬ ਦਾ ਠੇਕਾ ਖੁੱਲ੍ਹ ਜਾਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਣਗੀਆਂ।
* 14 ਮਾਰਚ, 2023 ਨੂੰ ਏਟਾ (ਉੱਤਰ ਪ੍ਰਦੇਸ਼) ਜ਼ਿਲੇ ਦੇ ਅਲੀਗੰਜ ਥਾਣਾ ਦੇ ‘ਅਮਰੌਲੀ ਰਤਨ’ ਪਿੰਡ ਦੇ ਸ਼ਰਾਬ ਦੇ ਠੇਕੇ ’ਤੇ ਆਬਕਾਰੀ ਟੀਮ ਦੇ ਪਹੁੰਚਣ ’ਤੇ ਆਪਣੇ ਪਤੀਆਂ ਦੀ ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ ਔਰਤਾਂ, ਬੱਚਿਆਂ ਤੇ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਇੱਥੇ ਸ਼ਰਾਬ ਵੇਚੀ ਤਾਂ ਉਹ ਖੁਦਕੁਸ਼ੀ ਕਰ ਲੈਣਗੇ।
* 21 ਮਾਰਚ ਨੂੰ ਠਾਣੇ (ਮਹਾਰਾਸ਼ਟਰ) ਜ਼ਿਲੇ ਦੇ ਉਲਹਾਸ ਨਗਰ ਕਸਬੇ ’ਚ ਔਰਤਾਂ ਨੇ ਜੂਏ ਤੇ ਸ਼ਰਾਬ ਦੇ ਅੱਡਿਆਂ ’ਤੇ ਭੰਨਤੋੜ ਕੀਤੀ। ਵਰਨਣਯੋਗ ਹੈ ਕਿ 8 ਮਾਰਚ ਨੂੰ ਔਰਤਾਂ ਨੇ ਇਸੇ ਠੇਕੇ ’ਤੇ ਸ਼ਰਾਬ ਪੀ ਕੇ ਨਿਕਲੇ ਕੁਝ ਮਰਦਾਂ ਨੂੰ ਨਾ ਸਿਰਫ ਕੁੱਟਿਆ ਸਗੋਂ ਠੇਕੇ ’ਚੋਂ ਸ਼ਰਾਬ ਕੱਢ ਕੇ ਅੱਗ ਵੀ ਲਗਾ ਦਿੱਤੀ।
ਹਾਲਾਂਕਿ ਸ਼ਰਾਬ ਦੇ ਭੈੜੇ ਅਸਰਾਂ ਨੂੰ ਲੈ ਕੇ ਔਰਤਾਂ ’ਚ ਰੋਸ ਵਧ ਰਿਹਾ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਰਾਹੀਂ ਇਸ ਨੂੰ ਪ੍ਰਗਟ ਵੀ ਕਰ ਰਹੀਆਂ ਹਨ ਪਰ ਸਾਨੂੰ ਨਹੀਂ ਲੱਗਦਾ ਕਿ ਸਾਡੀਆਂ ਸਰਕਾਰਾਂ ਇਸ ਬੁਰਾਈ ਨੂੰ ਖਤਮ ਕਰਨ ਦੀ ਦਿਸ਼ਾ ’ਚ ਕੋਈ ਕਦਮ ਚੁੱਕਣਗੀਆਂ ਕਿਉਂਕਿ ਸਰਕਾਰਾਂ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਵੱਡੀ ਸਾਰੀ ਆਮਦਨ ਦੇ ਸਹਾਰੇ ਹੀ ਚੱਲਦੀਆਂ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਇਸ ਵੱਲ ਅੱਖਾਂ ਮੀਟ ਰੱਖੀਆਂ ਹਨ।
ਇਸ ਲਈ ਅਸੀਂ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਕਿ ਉਹ ਉਕਤ ਘਟਨਾਵਾਂ ਦਾ ਨੋਟਿਸ ਲੈ ਕੇ ਸ਼ਰਾਬ ਦੀ ਲਾਹਨਤ ’ਤੇ ਪਾਬੰਦੀ ਲਾਉਣ ਦੀ ਦਿਸ਼ਾ ’ਚ ਯਤਨ ਜਲਦੀ ਸ਼ੁਰੂ ਕਰਨ ਤਾਂ ਕਿ ਔਰਤਾਂ ਦੇ ਸੁਹਾਗ ਉਜੜਣ ਅਤੇ ਬੱਚਿਆਂ ਦੇ ਅਨਾਥ ਹੋਣ ਦੇ ਨਤੀਜੇ ਵਜੋਂ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
-ਵਿਜੇ ਕੁਮਾਰ
ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ’ਚ ਸਜ਼ਾ ਅਤੇ ਜ਼ਮਾਨਤ ਕੋਈ ਦੱਸ ਰਿਹਾ ਸਹੀ-ਤਾਂ ਕੋਈ ਗ਼ਲਤ
NEXT STORY