ਰਿਕਾਰਡਿੰਗ ਰੂਮ ਛੋਟਾ ਹੈ ਅਤੇ ਕੁਝ ਔਰਤਾਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ। ਉਹ ਆਪਣੀ ਕਹਾਣੀ ਰਿਕਾਰਡ ਕਰਵਾਉਣਾ ਚਾਹੁੰਦੀਆਂ ਹਨ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਉਨ੍ਹਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਕੋਈ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਜਾਂ ਸੁਣ ਕੇ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆ ਸਕਦਾ ਹੈ।
ਇਸ ਨੇ ਉਨ੍ਹਾਂ ਦੇ ਅੰਦਰ ਉਮੀਦ ਦੀ ਇੱਕ ਚਿਣਗ ਪੈਦਾ ਕਰ ਦਿੱਤੀ ਹੈ।
ਤੀਹਵਿਆਂ ਵਿੱਚ ਵਿਚਰ ਰਹੀ ਇੱਕ ਔਰਤ ਇਨ੍ਹਾਂ ਕੁੜੀਆਂ ਬਾਰੇ ਦੱਸਦੀ ਹੈ। ਇਹ ਕੁੜੀਆਂ ਬਿਹਾਰ ਦੇ ਕੁਝ ਇਲਾਕਿਆਂ ਵਿੱਚ ਵਿਆਹ ਪਾਰਟੀਆਂ 'ਚ ਸੱਦੇ ਜਾਣ ਵਾਲੇ ਖ਼ਾਸ ਕਿਸਮ ਦਾ ਆਰਕੈਸਟਰਾਂ ਬੈਂਡਾਂ ਵਿੱਚ ਨੱਚਣ-ਗਾਉਣ ਦਾ ਕੰਮ ਕਰਦੀਆਂ ਹਨ।
ਜਦੋਂ ਇਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ ਤਾਂ ਅਕਸਰ ਬਦਸਲੂਕੀ ਦਾ ਸ਼ਿਕਾਰ ਵੀ ਬਣਦੀਆਂ ਹਨ।
ਉਨ੍ਹਾਂ ਨੂੰ ਛੂਹਿਆ ਜਾਂਦਾ ਹੈ। ਛਾਤੀ ਫੜ ਲਈ ਜਾਂਦੀ ਹੈ ਅਤੇ ਕਈ ਵਾਰ ਤਾਂ ਰੇਪ ਵੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ:
ਵਿਆਹਾਂ ਵਿੱਚ ਫਾਇਰਿੰਗ ਆਮ ਗੱਲ ਹੈ। ਅਕਸਰ ਕੁੜੀਆਂ ਦੀ ਇਸ ਫਾਇਰਿੰਗ ਦੌਰਾਨ ਜਾਨ ਵੀ ਚਲੀ ਜਾਂਦੀ ਹੈ।
24 ਜੂਨ ਨੂੰ ਇੱਕ ਜਲਸੇ ਦੌਰਾਨ ਨਾਲਾਂਦਾ ਦੇ ਇੱਕ ਵਿਆਹ ਸਮਾਗਮ ਦੌਰਾਨ ਸਵਾਤੀ ਨਾਮ ਦੀ ਕੁੜੀ ਦੀ ਸਿਰ ਵਿੱਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇੱਕ ਪੁਰਸ਼ ਡਾਂਸਰ ਨੂੰ ਵੀ ਇਸ ਦੌਰਾਨ ਗੋਲ਼ੀ ਲੱਗੀ ਸੀ।
ਕੋਰੋਨਾ ਕਾਰਨ ਔਰਤਾਂ ਦੀ ਸਥਿਤੀ ਤਰਸਯੋਗ ਹੋਈ
ਕੁੜੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਾਹਾਮਾਰੀ ਨੇ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ ਹੈ। ਲੌਕਡਾਊਨ ਕਾਰਨ ਕੰਮ ਮਿਲਣਾ ਮੁਸ਼ਕਲ ਹੋ ਗਿਆ।
ਕਿੱਥੋਂ ਕਿਰਾਇਆ ਦੇਈਏ ਅਤੇ ਪਰਿਵਾਰ ਕਿਵੇਂ ਪਾਲੀਏ।
ਆਰਕੈਸਟਰਾ ਬੈਂਡ ਵਿੱਚ ਗਾਉਣ ਵਾਲੀ ਰੇਖਾ ਵਰਮਾ ਕਹਿੰਦੇ ਹਨ ਕਿ ਕੁਝ ਨੂੰ ਤਾਂ ਦੇਹ ਵਪਾਰ ਦੇ ਧੰਦੇ ਵਿੱਚ ਵੀ ਉਤਰਨਾ ਪਿਆ।
ਰੇਖਾ ਕੌਮੀ ਕਲਾਕਾਰ ਮਹਾਂਸੰਘ ਦੇ ਮੁਖੀ ਹਨ। ਆਰਕੈਸਟਰਾ ਵਿੱਚ ਕੰਮ ਕਰਨ ਵਾਲੇ ਅਜਿਹੇ ਹੀ ਪੁਰਸ਼ ਅਤੇ ਮਹਿਲਾ ਕਲਾਕਾਰਾਂ ਹੱਕ ਦੀ ਲੜਾਈ ਦੇ ਲਈ 2018 ਵਿੱਚ ਉਨ੍ਹਾਂ ਨੇ ਇਹ ਸੰਘ ਬਣਾਇਆ ਸੀ।
ਇਨ੍ਹਾਂ ਔਰਤਾਂ ਵਿੱਚ ਇੱਕ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਉਹ-ਡੁਸਕਣ ਲਗਦੀ ਹੈ।
ਹੰਝੂਆਂ ਨਾਲ ਉਸ ਦਾ ਮੂੰਹ ਭਿੱਜ ਗਿਆ ਹੈ ਅਤੇ ਮੇਕਅੱਪ ਮੂੰਹ ਤੋਂ ਉਤਰ ਰਿਹਾ ਹੈ।
ਵਾਲਾਂ ਵਿੱਚ ਭੂਰਾ ਰੰਗ ਹੈ। ਨੀਲੇ ਰੰਗ ਦਾ ਲਾਈਕਰਾ ਦਾ ਕੁਰਤਾ ਅਤੇ ਸਲਮੇ-ਸਿਤਾਰੇ ਵਾਲੀ ਸਲਵਾਰ ਪਾਈ, ਇਸ ਔਰਤ ਦੇ ਹੱਥ ਵਿੱਚ ਸੁਨਹਿਰੀ ਪਰਸ ਹੈ।
ਅੱਖਾਂ ਵੱਡੀਆਂ ਹਨ ਅਤੇ ਖੱਬੇ ਹੱਥ ਉੱਤੇ ਤਿਤਲੀ ਦਾ ਟੈਟੂ ਬਣਿਆ ਹੋਇਆ ਹੈ। ਨਾਮ ਦਿਵਿਆ ਹੈ ਜੋ ਅਸਲੀ ਨਹੀਂ ਹੈ।
ਔਰਤ ਦਾ ਕਹਿਣਾ ਹੈ ਉਸ ਨੂੰ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਬਹੁਤ ਪੰਸਦ ਸਨ। ਉਹ ਉਨ੍ਹਾਂ ਵਾਂਗ ਹੀ ਬਣਨਾ ਚਾਹੁੰਦੀ ਸੀ।
ਇਸੇ ਲਈ ਉਨ੍ਹਾਂ ਨੇ ਆਪਣਾ ਨਾਂ ਦਿਵਿਆ ਰੱਖ ਲਿਆ ਪਰ ਜ਼ਿੰਦਗੀ ਸੌਖੀ ਨਹੀਂ ਹੈ।
ਦਿਵਿਆ ਘੇਰੇ ਦੇ ਅੰਦਰ ਬਣਾਈ ਗਈ ਸਟੇਜ ਉੱਪਰ ਡਾਂਸ ਕਰਦੇ ਹਨ। ਉਨ੍ਹਾਂ ਨੇ ਸ਼ਰਾਬ ਵਿੱਚ ਧੁੱਤ ਪੁਰਸ਼ਾਂ ਦੇ ਵਿੱਚ ਨੱਚਣਾ ਪੈਂਦਾ ਹੈ।
ਇਹ ਲੋਕ ਇਨ੍ਹਾਂ ਔਰਤਾਂ ਦੀਆਂ ਛਾਤੀਆਂ ਫੜ ਲੈਂਦੇ ਹਨ। ਉਨ੍ਹਾਂ ਦੇ ਪੱਥਰ ਮਾਰਦੇ ਹਨ। ਕਈ ਵਾਰ ਉਨ੍ਹਾਂ ਵੱਲ ਬੰਦੂਕ ਵੀ ਬਿੰਨ੍ਹ ਦਿੰਦੇ ਹਨ।
ਪਤੀ ਵੱਲੋਂ ਸਤਾਏ ਜਾਣ ਤੋਂ ਸਟੇਜ ਤੱਕ ਦਾ ਸਫ਼ਰ
ਦਿਵਿਆ ਦਾ ਪਤੀ ਡਰਾਈਵਰ ਸੀ। ਉਹ ਅਕਸਰ ਕੁੱਟ-ਮਾਰ ਕਰਦਾ ਸੀ। ਇੱਕ ਦਿਨ ਪਤੀ ਨੇ ਦਿਵਿਆ ਨੂੰ ਘਰੋਂ ਕੱਢ ਦਿੱਤਾ ਤਾਂ ਉਨ੍ਹਾਂ ਨੇ ਆਪਣੀਆਂ ਦੋ ਧੀਆਂ ਨਾਲ ਰੇਲ ਫੜੀ ਅਤੇ ਪਟਨਾ ਆ ਗਏ।
ਇੱਕ ਆਨਲਾਈਨ ਮੁਲਾਕਾਤ ਦੌਰਾਨ ਇੱਕ ਵਿਅਕਤੀ ਨੇ ਦਿਵਿਆ ਨੂੰ ਕੰਮ ਦਵਾਉਣ ਦਾ ਭਰੋਸਾ ਦਵਾਇਆ।
ਉਸ ਨੇ ਦਿਵਿਆ ਨੂੰ ਆਪਣੀ ਗਰਲ-ਫਰੈਂਡ ਦੇ ਨਾਲ ਹੀ ਇੱਕ ਫਲੈਟ ਵਿੱਚ ਰਖਵਾ ਦਿੱਤਾ।
ਕਿਹਾ ਗਿਆ ਕਿ ਉਹ ਸਟੇਜ ਉੱਪਰ ਨੱਚ ਕੇ ਪੈਸੇ ਕਮਾ ਸਕਦੇ ਹਨ। ਦਿਵਿਆ ਕਹਿੰਦੇ ਹਨ,"17 ਸਾਲ ਤੱਕ ਮੈਂ ਪਤੀ ਦੇ ਹੱਥੋਂ ਤੰਗ ਹੁੰਦੀ ਰਹੀ ਸੀ।"
ਹੁਣ ਉਨ੍ਹਾਂ ਦੀ ਉਮਰ ਛੱਬੀ ਸਾਲ ਹੈ ਅਤੇ ਉਹ ਜਾਣਦੀ ਹੈ ਕਿ ਇਹ ਉਹ ਥਾਂ ਨਹੀਂ ਹੈ, ਜਿੱਥੇ ਪਹੁੰਚਣ ਦੀ ਉਨ੍ਹਾਂ ਦੀ ਚਾਹ ਸੀ।
ਮਹਾਮਾਰੀ ਅਤੇ ਹਾਲਾਤ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ।
ਯੂਪੀ-ਬਿਹਾਰ ਦੇ ਵਿਆਹ ਸਮਾਗਮਾਂ ਅਤੇ ਇੱਥੋਂ ਤੱਕ ਕਿ ਜਨਮਦਿਨ ਪਾਰਟੀਆਂ ਵਿੱਚ ਵੀ ਥੋੜ੍ਹੇ ਜਾਂ ਛੋਟੇ ਕੱਪੜੇ ਪਾਕੇ ਕੁੜੀਆਂ ਨੂੰ ਡਾਂਸ ਕਰਨਾ ਪੈਂਦਾ ਹੈ।
ਪਿਛਲੇ ਕੁਝ ਸਮੇਂ ਦੌਰਾਨ ਪੇਸ਼ ਆਉਣ ਵਾਲੀਆਂ ਦਿੱਕਤਾਂ ਵਧ ਗਈਆਂ ਹਨ।
ਡਾਂਸ ਦੇਖਣ ਵਾਲੇ ਲੋਕ ਅਕਸਰ ਸਟੇਜ ਉੱਪਰ ਜ਼ਬਰਦਸਤੀ ਦਬੋਚ ਲੈਂਦੇ ਹਨ ਅਤੇ ਕਈ ਵਾਰ ਤਾਂ ਰੇਪ ਵੀ ਕਰ ਦਿੰਦੇ ਹਨ।
ਇਨ੍ਹਾਂ ਹਾਲਾਤ ਬਾਰੇ ਦੱਸਦਿਆਂ ਦਿਵਿਆ ਰੋ ਪੈਂਦੇ ਹਨ। ਉਹ ਕਹਿੰਦੇ ਹਨ,"ਕੋਈ ਇਜ਼ਤ ਨਹੀਂ ਹੈ। ਮੈਂ ਕੁਝ ਹੋਰ ਬਣਨਾ ਚਾਹੁੰਦੀ ਸੀ ਪਰ ਮੈਂ ਇੱਥੇ ਪਹੁੰਚ ਗਈ ਅਤੇ ਫਸ ਗਈ।"
ਉਹ ਕਹਿੰਦੇ ਹਨ, ਤੁਹਾਨੂੰ ਪਤਾ ਹੈ ਕਿ ਮੈਨੂੰ ਕਿਸ ਚੀਜ਼ ਤੋਂ ਜ਼ਿਆਦਾ ਨਫ਼ਰਤ ਹੈ? ਮੈਨੂੰ ਪਿੰਜਰੇ ਵਿੱਚ ਡਾਂਸ ਕਰਨਾ ਪੈਂਦਾ ਹੈ।
ਇਸ ਨੂੰ ਜਲੂਸ ਦੀ ਸ਼ਕਲ ਵਿੱਚ ਪੂਰੇ ਪਿੰਡ ਵਿੱਚ ਘੁੰਮਾਇਆ ਜਾਂਦਾ ਹੈ। ਲੋਕ ਸਾਡੀ ਵੀਡੀਓ ਬਣਾਉਂਦੇ ਹਨ।
ਸਾਡੇ ਉੱਪਰ ਮਿਹਣੇ ਕੱਸੇ ਜਾਂਦੇ ਹਨ ਅਤੇ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ।"
ਪਿੰਜਰੇ ਵਿੱਚ ਡਾਂਸ ਅਤੇ ਗਿਰਝਾਂ ਦਾ ਇਕੱਠ
ਇਨ੍ਹਾਂ ਕੁੜੀਆਂ ਨੂੰ ਜਿਹੜੇ ਪਿੰਜਰਿਆਂ ਵਿੱਚ ਡਾਂਸ ਕਰਵਾਇਆ ਜਾਂਦਾ ਹੈ। ਉਹ ਪਹੀਏ ਵਾਲੀਆਂ ਟਰਾਲੀਆਂ ਹੁੰਦੀਆਂ ਹਨ।
ਲੋਕ ਡਾਂਸਰਾਂ ਨੂੰ ਹੱਥ ਨਾ ਲਾ ਸਕਣ ਇਸ ਲਈ ਇਹ ਇੰਤਜ਼ਾਮ ਕੀਤਾ ਜਾਂਦਾ ਹੈ।
ਆਰਕੈਸਟਰਾ ਬੈਂਡ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਹ ਔਰਤਾਂ ਦੀ ਸੁਰੱਖਿਆ ਲਈ ਹੈ। ਹਾਲਾਂਕਿ ਇਸ ਤਰ੍ਹਾਂ ਦੇ ਪਿੰਜਰਿਆਂ ਵਿੱਚ ਨੱਚਣਾ ਡਾਂਸਰਾਂ ਦੀ ਨਿੱਜਤਾ ਵਿੱਚ ਦਖ਼ਲ ਹੈ।
ਦਿਵਿਆ ਦਾ ਕਹਿਣਾ ਹੈ,"ਪਿੰਜਰਾ ਤਾਂ ਆਖ਼ਰ ਪਿੰਜਰਾ ਹੀ ਹੈ।"
ਸਟੇਜ ਉੱਪਰ ਦਿਵਿਆ ਨੂੰ ਕੰਮ ਕਰਨਾ ਇਸ ਮੁਕਾਬਲੇ ਸੌਖਾ ਲਗਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਜਿਸ ਦੁਨੀਆਂ ਵਿੱਚ ਉਹ ਜਾਣਾ ਚਾਹੁੰਦੀ ਸੀ ਉਸ ਨਾਲ ਕੁਝ ਹੱਦ ਤੱਕ ਹੀ ਸਹੀ ਕੁਝ ਮੇਲ ਤਾਂ ਹੈ।
ਜੂਨ ਮਹੀਨੇ ਦੀ ਗਰਮੀ ਵਿਚ ਚਮਕਦੀਆਂ ਡਰੈਸਾਂ ਵਿੱਚ ਤਿੰਨ ਕੁੜੀਆਂ ਡਾਂਸ ਕਰ ਰਹੀਆਂ ਸਨ।
ਕੁਝ ਪੁਰਸ਼ ਉਨ੍ਹਾਂ ਨੂੰ ਘੇਰ ਕੇ ਆਪੋ-ਆਪਣੇ ਮੋਬਾਈਲਾਂ ਉੱਪਰ ਵੀਡੀਓ ਬਣਾ ਰਹੇ ਸਨ। ਟਰਾਲੀ ਮੱਧਮ ਰਫ਼ਤਾਰ ਨਾਲ ਵਿਆਹ ਵਾਲੀ ਥਾਂ ਵੱਲ ਵਧ ਰਹੀ ਸੀ।
ਉੱਥੇ ਤੱਕ ਜਾਂਦੀ ਟਰਾਲੀ ਰਾਹ ਵਿੱਚ ਕਈ ਵਾਰ ਰੁਕੀ। ਲਾਊਡ ਸਪੀਕਰ ਉੱਪਰ ਕੋਈ ਭੋਜਪੁਰੀ ਗਾਣਾ ਜ਼ੋਰ-ਜ਼ੋਰ ਨਾਲ ਵਜਾਇਆ ਜਾ ਰਿਹਾ ਸੀ।
ਅਜਿਹੇ ਮੌਕਿਆਂ ਤੇ ਜਿਸ ਤਰ੍ਹਾਂ ਦਾ ਡਾਂਸ ਹੁੰਦਾ ਹੈ, ਕੁੜੀਆਂ ਉਸੇ ਤਰ੍ਹਾਂ ਦਾ ਡਾਂਸ ਕਰ ਰਹੀਆਂ ਸਨ। ਉਹ ਆਪਣਾ ਲੱਕ ਮਟਕਾ ਰਹੀਆਂ ਸਨ ਤੇ ਛਾਤੀ ਹਿਲਾ ਰਹੀਆਂ ਸਨ।
ਸਾਬਕਾ ਫ਼ੋਟੋ ਪੱਤਰਕਾਰ ਨੀਰਜ ਪ੍ਰਿਅਦਰਸ਼ੀ ਕੋਈਲਵਰ( ਬਿਹਾਰ) ਵਿੱਚ ਆਪਣੇ ਘਰ ਦੀ ਛੱਤ ਤੋਂ ਇਹ ਸਾਰਾ ਦ੍ਰਿਸ਼ ਦੇਖ ਰਹੇ ਸਨ।
ਇਸ ਪੂਰੇ ਮਾਹੌਲ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਤੇ ਸਾਂਝਾ ਕੀਤਾ। ਦੇਖਦਿਆਂ ਹੀ ਦੇਖਦਿਆਂ ਵੀਡੀਓ ਵਾਇਰਲ ਹੋ ਗਿਆ।
ਕਈਆਂ ਨੇ ਇਸ ਦ੍ਰਿਸ਼ ਨੂੰ ਵਿਆਹਾਂ ਤੇ ਪਾਰਟੀਆਂ ਵਿੱਚ ਨੱਚਣ ਵਾਲੀਆਂ ਡਾਂਸਰ ਔਰਤਾਂ ਦੇ ਮਾਣ-ਸਨਮਾਨ 'ਤੇ ਹਮਲਾ ਦੱਸਿਆ।
ਨੀਰਜ ਕਹਿੰਦੇ ਹਨ,"ਤੁਸੀਂ ਜਾਨਵਰਾਂ ਨਾਲ ਵੀ ਅਜਿਹਾ ਵਰਤਾਉ ਨਹੀਂ ਕਰਦੇ। ਮੈਂ ਅਜਿਹਾ ਦ੍ਰਿਸ਼ ਕਦੇ ਨਹੀਂ ਸੀ ਦੇਖਿਆ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕੁੜੀਆਂ ਲਈ ਅਜਿਹਾ ਪਿੰਜਰਾ ਕਈ ਸਾਲ ਪਹਿਲਾਂ ਸਾਹਮਣੇ ਆਇਆ ਸੀ। ਅਜਿਹੇ ਸਮਾਗਮਾਂ ਵਿੱਚ ਡਾਂਸ ਕਰਨ ਵਾਲੀਆਂ ਔਰਤਾਂ ਦੇ ਖ਼ਿਲਾਫ਼ ਵਧਦੀ ਹਿੰਸਾ ਨੂੰ ਦੇਖਦੇ ਹੋਏ ਇਹ 'ਕਾਢ' ਕੱਢੀ ਗਈ ਸੀ। ਪਿੰਜਰਾ ਇਸ ਪੇਸ਼ੇ ਵਿੱਚ ਆਏ ਨਿਘਾਰ ਅਤੇ ਸ਼ੋਸ਼ਣ ਦੀ ਨਿਸ਼ਾਨੀ ਹੈ।
ਮਾਹਾਮਾਰੀ ਨੇ ਵਿਆਹਾਂ ਨਾਲ ਜੁੜੇ ਕਾਰੋਬਾਰ ਲਗਭਗ ਠੱਪ ਕਰ ਦਿੱਤੇ ਹਨ। ਇਸ ਸਥਿਤੀ ਨੇ ਕਈ ਅਜਿਹੀਆਂ ਡਾਂਸਰਾਂ ਨੂੰ ਦੇਹਵਪਾਰ ਵੱਲ ਧੱਕ ਦਿੱਤਾ ਹੈ।
ਸੌਦੇਬਾਜ਼ੀ ਦੀ ਤਾਕਤ ਖ਼ਤਮ ਹੋ ਗਈ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਪਿੰਜਰੇ ਵਿੱਚ ਚਿੜੀਆ ਘਰ ਦੇ ਜਾਨਵਰ ਵਾਂਗ ਲਗਦੀਆਂ ਹਨ।
ਦਿਵਿਆ ਦਾ ਕਹਿਣਾ ਹੈ,"ਸਾਡੀ ਹਾਲਤ ਤਾਂ ਜਾਨਵਰਾਂ ਨਾਲੋਂ ਵੀ ਗਈ-ਗੁਜ਼ਰੀ ਹੈ। ਲੋਕ ਸਾਡਾ ਸ਼ਿਕਾਰ ਕਰਦੇ ਹਨ। ਇਹ ਨਾਚ ਦਾ ਪਿੰਜਰਾ ਨਹੀਂ ਹੈ।"
ਗ਼ਰੀਬੀ ਤੋਂ ਬਚਣ ਲਈ ਨਾਚ ਦੇ ਖੇਤਰ ਵਿੱਚ ਆਈਆਂ
ਅਕਾਂਸ਼ਾ ਦੀ ਭੈਣ ਨੂੰ ਇੱਕ ਅਜਿਹੇ ਹੀ ਪ੍ਰੋਗਰਾਮ ਦੌਰਾਨ ਗੋਲ਼ੀ ਲੱਗੀ ਸੀ। ਉਸ ਦੇ ਸਿਰ ਵਿੱਚ ਸੁਰਾਖ਼ ਤਾਂ ਹੋ ਗਿਆ ਪਰ ਜਾਨ ਬਚ ਗਈ।
ਅਕਾਂਸ਼ਾ ਨੂੰ ਇਸ ਘਟਨਾ ਨੇ ਧੁਰ-ਅੰਦਰ ਤੱਕ ਦਹਿਲਾਅ ਦਿੱਤਾ ਹੈ। ਬਹੁਤ ਕੋਸ਼ਿਸ਼ ਦੇ ਬਾਵਜੂਦ ਪੁਲਿਸ ਨੇ ਕੇਸ ਰਜਿਸਟਰਡ ਨਹੀਂ ਕੀਤਾ।
ਹਾਹੁਲ ਸਿੰਘ ਆਪਣੇ ਘਰ ਨੱਚਣ ਲਈ ਇਨ੍ਹਾਂ ਡਾਂਸਰਾਂ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਮੁਤਾਬਕ ਵੀ ਇਨ੍ਹਾਂ ਡਾਂਸਰਾਂ ਦੀ ਸਮੱਸਿਆ ਗੰਭੀਰ ਹੈ।
ਉਨ੍ਹਾਂ ਦੀ ਕੋਈ ਨਹੀਂ ਸੁਣਦਾ, ਸਿਰੇ ਤੋਂ ਨਕਾਰ ਦਿੱਤੀਆਂ ਜਾਂਦੀਆਂ ਹਨ।
ਅਕਾਂਸ਼ਾ ਅਤੇ ਉਨ੍ਹਾਂ ਦੀ ਭੈਣ ਨੇ ਇਹ ਸੁਣ ਰੱਖਿਆ ਸੀ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਕੁੜੀਆਂ ਨੂੰ ਗੋਲ਼ੀ ਲੱਗੀ ਹੈ। ਬਦਸਲੂਕੀ ਵੀ ਹੁੰਦੀ ਹੈ।
ਸ਼ਰਾਬ ਪੀ ਕੇ ਲੋਕ ਸਟੇਜ ਉੱਪਰ ਚੜ੍ਹ ਕੇ ਉਨ੍ਹਾਂ 'ਤੇ ਹਾਵੀ ਹੋ ਜਾਂਦੇ ਹਨ।
ਅਕਾਂਸ਼ਾ ਦਸਦੇ ਹਨ,"ਅਸੀਂ ਇਹ ਵੀ ਸੁਣਿਆ ਹੋਇਆ ਸੀ ਕਿ ਕਈ ਵਾਰ ਬੰਦੂਕ ਦੀ ਨੋਕ ਉੱਪਰ ਇਨ੍ਹਾਂ ਕੁੜੀਆਂ ਨਾਲ ਰੇਪ ਵੀ ਹੁੰਦਾ ਹੈ।"
ਫਿਰ ਵੀ ਦੋਵਾਂ ਭੈਣਾਂ ਕੋਲ ਕੋਈ ਚਾਰਾ ਨਹੀਂ ਸੀ ਅਤੇ ਸਾਰੇ ਰਾਹ ਬੰਦ ਹੋ ਚੁੱਕੇ ਸਨ। ਪਿਤਾ ਦੀ ਮੌਤ ਨੇ ਉਨ੍ਹਾਂ ਨੂੰ ਬੇਬਸ ਕਰ ਦਿੱਤਾ ਸੀ।
ਮਾਂ ਲੋਕਾਂ ਦੇ ਘਰੀਂ ਕੰਮ ਕਰਦੀ ਹੈ। ਪਰਿਵਾਰ ਦੀ ਆਮਦਨੀ ਦਾ ਕੋਈ ਰਾਹ ਨਹੀਂ ਸੀ, ਪੜ੍ਹਾਈ ਵਿਚਾਲੇ ਛੱਡਣੀ ਪਈ।
ਅਕਾਂਸ਼ਾ ਨੇ ਗੁਆਂਢ ਦੇ ਇੱਕ ਡਾਂਸ ਸਕੂਲ ਵਿੱਚ ਕੰਟੈਂਪਰੇਰੀ ਡਾਂਸ ਸਿੱਖਣਾ ਸ਼ੁਰੂ ਕੀਤਾ। ਕਦੇ-ਕਦਾਈਂ ਕਿਸੇ ਪ੍ਰੋਗਰਾਮ ਤੇ ਡਾਂਸ ਕਰਨ ਦੇ ਪੈਸੇ ਵੀ ਮਿਲ ਜਾਂਦੇ।
ਇੱਥੋਂ ਹੀ ਬਿਹਾਰ ਜਾਣ ਦਾ ਰਾਹ ਸ਼ੁਰੂ ਹੋਇਆ, ਡਾਂਸ ਸਕੂਲ ਵਾਲੀ ਔਰਤ ਨੇ ਹੀ ਉਨ੍ਹਾਂ ਨੂੰ ਕੋਮਲ ਨਾਮ ਦੀ ਇੱਕ ਔਰਤ ਨਾਲ ਮਿਲਾਇਆ।
ਦੋਵਾਂ ਭੈਣਾਂ ਨੂੰ ਝਾਂਸਾ ਦਿੱਤਾ ਗਿਆ ਕਿ ਬਿਹਾਰ ਜਾਣ ਤੇ ਉਨ੍ਹਾਂ ਨੂੰ ਚੰਗੇ ਮੌਕੇ ਅਤੇ ਪੈਸਾ ਮਿਲੇਗਾ।
ਟੈਲੀਵੀਜ਼ਨ ਉੱਤੇ ਪੇਸ਼ਕਾਰੀ ਦਾ ਮੌਕਾ ਅਤੇ ਸਟੇਜ ਸ਼ੋਅ ਵੀ ਮਿਲਣਗੇ। ਲੋਕਾਂ ਦਾ ਉਨ੍ਹਾਂ ਉੱਪਰ ਧਿਆਨ ਜਾਵੇਗਾ।
ਮਾਂ ਦੀ ਬਹੁਤੀ ਦਿਲਚਸਪੀ ਨਹੀਂ ਸੀ ਪਰ ਭੈਣਾਂ ਉਤਸ਼ਾਹਿਤ ਸਨ। ਅਕਾਂਸ਼ਾ ਆਪਣੀ ਮਾਂ ਲਈ ਇੱਕ ਘਰ ਬਣਵਾਉਣਾ ਚਾਹੁੰਦੀ ਸੀ, ਅਮੀਰਾਂ ਵਰਗਾ, ਜਿਸ ਦੇ ਫਰਸ਼ ਤੇ ਟਾਇਲਾਂ ਲੱਗੀਆਂ ਹੋਣ।
ਜੋ ਪੇਸ਼ਕਸ਼ ਹੋ ਰਹੀ ਸੀ ਉਸ ਨਾਲ ਸੁਫ਼ਨਾ ਸੱਚ ਹੁੰਦਾ ਪ੍ਰਤੀਤ ਹੋ ਰਿਹਾ ਸੀ। ਅਕਾਂਸ਼ਾ ਨੂੰ ਆਪਣੀਆਂ ਹੋਰ ਵੀ ਨਿੱਕੀਆਂ-ਨਿੱਕੀਆਂ ਰੀਝਾਂ ਇਸ ਵਿੱਚੋਂ ਪੂਰੀਆਂ ਹੁੰਦੀਆਂ ਨਜ਼ਰ ਆਈਆਂ।
ਜਿਵੇਂ ਹੀ ਦੋਵੇਂ ਭੈਣਾਂ ਬਿਹਾਰ ਪਹੁੰਚੀਆਂ ਤਾਂ ਕੋਮਲ ਨੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਰਖਵਾ ਦਿੱਤਾ ਅਤੇ ਤਾਕੀਦ ਕੀਤੀ ਕਿ ਉਨ੍ਹਾਂ ਨੂੰ ਕਮਾ ਕੇ ਦੇਣਾ ਪਵੇਗਾ।
ਕੋਮਲ ਬੇਹੱਦ ਜ਼ਰੂਰੀ ਹੁੰਦਾ ਤਾਂ ਹੀ ਉਨ੍ਹਾਂ ਨੂੰ ਕਮਰੇ ਵਿੱਚੋਂ ਨਿਕਲਣ ਦਿੰਦੀ।
ਅਕਾਂਸ਼ਾ ਨੇ ਆਪਣੀ ਵੱਡੀ ਭੈਣ ਨਾਲ ਸਲਾਹ ਕੀਤੀ ਕਿ ਸ਼ਾਇਦ ਉਹ ਗ਼ਲਤ ਥਾਂ ਆਈਆਂ ਹਨ।
ਉਹ ਪੈਸਾ ਕਮਾਉਣਾ ਚਾਹੁੰਦੀਆਂ ਸਨ ਪਰ ਕਈ ਘੰਟੇ ਡਾਂਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਿਰਫ਼ 1700 ਰੁਪਏ ਹੀ ਮਿਲਦੇ ਸਨ।
ਉਨ੍ਹਾਂ ਨੇ ਹਿਸਾਬ ਲਾਇਆ ਕਿ ਜੇ ਉਹ ਸਿਰਫ਼ ਜਗਰਾਤਿਆਂ ਵਿੱਚ ਵੀ ਡਾਂਸ ਕਰਨ ਤਾਂ ਵੀ ਇਸ ਤੋਂ ਜ਼ਿਆਦਾ ਕਮਾ ਸਕਦੀਆਂ ਹਨ ਅਤੇ ਕੁਝ ਨਾ ਕੁਝ ਬਚਤ ਕਰਕੇ ਘਰ ਵੀ ਵਾਪਸ ਜਾ ਸਕਦੀਆਂ ਹਨ।
ਉਹ ਸਥਿਤੀ ਸੁਧਰਨ ਦੀ ਉਮੀਦ ਨਾਲ ਲੱਗੀਆਂ ਰਹੀਆਂ ਪਰ ਇਸੇ ਦੌਰਾਨ ਅਕਾਂਸ਼ਾ ਦੀ ਭੈਣ ਦੇ ਗੋਲ਼ੀ ਲੱਗ ਗਈ।
ਇੱਕ ਡਾਂਸ ਪ੍ਰੋਗਰਾਮ ਵਿੱਚ ਕੁਝ ਸ਼ਰਾਬੀਆਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਕੁੜੀਆਂ ਦੇ ਨਾਲ ਹੀ ਨੱਚਣ ਲੱਗ ਪਏ।
ਉਨ੍ਹਾਂ ਉੱਤੇ ਹਾਵੀ ਹੋਣ ਅਤੇ ਛੇੜਨ ਲੱਗ ਪਏ। ਦੋਵਾਂ ਨੂੰ ਲੱਗਿਆ ਕਿ ਉਹ ਸੰਭਾਲ ਸਕਦੀਆਂ ਹਨ, ਇਸੇ ਦੌਰਾਨ ਕਿਸੇ ਨੇ ਗੋਲ਼ੀ ਚਲਾ ਦਿੱਤੀ।
ਅਕਾਂਸ਼ਾ ਦੀ ਭੈਣ ਨੂੰ ਪਟਨਾ ਦੇ ਇੱਕ ਹਸਪਤਾਲ ਲਿਜਾਇਆ ਗਿਆ। ਨਿੱਜੀ ਹਸਪਤਾਲ ਦਾ ਇਲਾਜ ਉਨ੍ਹਾਂ ਦੇ ਵਿੱਤ ਵਿੱਚ ਨਹੀਂ ਸੀ। ਆਖ਼ਰਕਾਰ ਸਵਾਤੀ ਨੂੰ ਛੁੱਟੀ ਮਿਲ ਗਈ।
ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੁੰਨਾ ਕੁਮਾਰ ਪਾਂਡੇ ਕਹਿੰਦੇ ਹਨ,"ਪੂੰਜੀਵਾਦੀ ਮਾਹੌਲ ਵਿੱਚ ਨਵੀਂ ਤਕਨੌਲੋਜੀ ਦੇ ਆਉਣ ਅਤੇ ਫਿਰ ਕੋਰੋਨਾ ਦੇ ਕਹਿਰ ਕਾਰਨ ਡਾਂਸ ਬੈਂਡ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਹਾਲਤ ਤਰਸਯੋਗ ਹੋ ਗਈ ਹੈ।"
ਪਹਿਲਾਂ ਵੀ ਸ਼ੋਸ਼ਣ ਸੀ ਪਰ ਬਾਅਦ ਵਿੱਚ ਲੱਗਿਆ ਕਿ ਔਰਤਾਂ ਕਲਾ ਦੇ ਸਹਾਰੇ ਤਾਕਤਵਰ ਬਣ ਕੇ ਉਭਰਨਗੀਆਂ ਪਰ ਅਜਿਹਾ ਨਹੀਂ ਹੋਇਆ।
ਹਾਲਾਤ ਨੇ ਔਰਤਾਂ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਇਹ ਡਰਾਉਣੀ ਗੱਲ ਹੈ।"
ਪਾਰਟੀਆਂ ਅਤੇ ਵਿਆਹਾਂ ਵਿੱਚ ਡਾਂਸ ਕਰਨ ਵਾਲੀ ਰੇਖਾ ਦਾ ਕਹਿਣਾ ਹੈ ਕਿ ਇਹ ਔਰਤਾਂ ਕਮਜ਼ੋਰ ਪਿਛੋਕੜ ਦੀਆਂ ਹੁੰਦੀਆਂ ਹਨ।
ਉਹ ਪਹਿਲਾਂ ਹੀ ਅਜਿਹੀ ਜ਼ਿੰਦਗੀ ਜਿਉਂ ਰਹੀਆਂ ਹੁੰਦੀਆਂ ਹਨ ਜਿੱਥੇ ਕੋਈ ਮਾਣ-ਸਨਮਾਨ ਨਹੀਂ ਸੀ।
ਹੁਣ ਉਨ੍ਹਾਂ ਨੇ ਇਨ੍ਹਾਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸੰਗਠਨ ਬਣਾਇਆ ਹੈ। ਸਰਕਾਰ ਨੇ ਇਨ੍ਹਾਂ ਵਰਕਰਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ, ਜਿਸ ਕਾਰਨ ਕੋਈ ਭਲਾਈ ਸਕੀਮ ਵੀ ਇਨ੍ਹਾਂ ਲਈ ਨਹੀਂ ਹੈ।
ਆਪਣੀ ਕਹਾਣੀ ਬਿਆਨ ਕਰ ਰਹੀ ਰੇਖਾ ਵਰਮਾ ਦੀ ਅਵਾਜ਼ ਥਿੜਕਣ ਲਗਦੀ ਹੈ। ਆਪਣੀ ਜ਼ਿੰਦਗੀ ਦੌਰਾਨ ਉਹ ਜਿਨ੍ਹਾਂ ਹਾਲਾਤ ਵਿੱਚੋਂ ਲੰਘੇ ਹਨ, ਉਸ ਦਾ ਬਿਆਨ ਉਹ ਨਹੀਂ ਕਰ ਪਾ ਰਹੇ ਸਨ।
ਛੋਟੀ ਉਮਰ ਵਿੱਚ ਪੁਲਿਸ ਭਰਤੀ ਪ੍ਰੀਖਿਆ ਵਿੱਚ ਪਾਸ ਹੋ ਗਏ ਸਨ ਪਰ ਆਰਥਿਕ ਤੰਗੀ ਕਾਰਨ ਚੋਣ ਹੋਣ ਤੋਂ ਰਹਿ ਗਈ।
ਫਿਰ ਇਸੇ ਤੰਗੀ ਕਾਰਨ ਉਹ ਆਰਕੈਸਟਰਾ ਬੈਂਡ ਵਿੱਚ ਸ਼ਾਮਲ ਹੋ ਗਏ। ਪਹਿਲਾਂ ਜਗਰਾਤਿਆਂ ਵਿੱਚ ਅਤੇ ਫਿਰ ਵਿਆਹਾਂ ਦੀਆਂ ਪਾਰਟੀਆਂ ਵਿੱਚ।
ਗਾਉਣ ਸਿੱਖਣਾ ਸ਼ੁਰੂ ਕੀਤਾ ਪਰ ਪੈਸੇ ਦੀ ਕਮੀ ਕਾਰਨ ਵਿੱਚੇ ਛੱਡਣਾ ਪਿਆ।
ਉਹ ਕਹਿੰਦੇ ਹਨ,"ਅਸੀਂ ਹੀ ਗਾ-ਗਾ ਕੇ ਗਾਇਕਾਂ ਨੂੰ ਪ੍ਰਸਿੱਧ ਬਣਾਉਂਦੇ ਹਾਂ, ਵਰਨਾ ਉਨ੍ਹਾਂ ਦਾ ਨਾਂ ਕੌਣ ਜਾਣਦਾ ਹੈ ਪਰ ਅਸੀਂ ਹਮੇਸ਼ਾ ਪਰਦੇ ਦੇ ਪਿੱਛੇ ਰਹਿੰਦੇ ਹਾਂ।"
ਮਨੁੱਖੀ ਤਸਕਰੀ ਦੀਆਂ ਸ਼ਿਕਾਰ
ਇਨ੍ਹਾਂ ਬੈਂਡਾਂ ਵਿੱਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਤਸਕਰੀ ਦੀਆਂ ਸ਼ਿਕਾਰ ਹੋਈਆਂ ਹਨ। ਉਹ ਭਾਰਤ ਦੇ ਹੋਰ ਸੂਬਿਆਂ ਅਤੇ ਇੱਥੋਂ ਤੱਕ ਕਿ ਨੇਪਾਲ ਤੱਕ ਤੋਂ ਇੱਥੇ ਪਹੁੰਚੀਆਂ ਹਨ।
ਪਿਛਲੇ ਸਾਲ 10 ਦਸੰਬਰ ਨੂੰ ਸਕਸੈਲ ਵਿੱਚ ਅਜਿਹੀ ਹੀ ਇੱਕ ਆਰਕੈਸਟਰਾ ਵਰਕਰ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ।
30 ਦਸੰਬਰ,2020 ਨੂੰ ਇੱਕ ਨੌਜਵਾਨ ਨੇ ਇੱਕ ਡਾਂਸਰ ਨੂੰ ਗੋਲ਼ੀ ਮਾਰ ਦਿੱਤੀ। ਅਜਿਹੀਆਂ ਜ਼ਿਆਦਾਤਰ ਘਟਨਾਵਾਂ ਤਾਂ ਖ਼ਬਰ ਵੀ ਨਹੀਂ ਬਣਦੀਆਂ
ਗਵਾਹਾਂ ਅਤੇ ਸਬੂਤਾਂ ਦੀ ਘਾਟ ਕਾਰਨ ਪੁਲਿਸ ਕਦੇ-ਕਦਾਈਂ ਹੀ ਕੇਸ ਦਰਜ ਕਰਦੀ ਹੈ। ਦੂਜਾ ਇਨ੍ਹਾਂ ਔਰਤਾਂ ਨੂੰ ਹੀ ਕਲੰਕਿਤ ਸਮਝਿਆ ਜਾਂਦਾ ਹੈ।
ਸਮਾਜ ਇਨ੍ਹਾਂ ਬਾਰੇ ਕੋਈ ਬਹੁਤੀ ਵਧੀਆ ਸੋਚ ਦਾ ਧਾਰਣੀ ਨਹੀਂ ਹੈ।
ਇਹ ਬਹੁਤ ਹੀ ਗੁਪਤ ਜ਼ਿੰਦਗੀ ਜਿਊਂਦੀਆਂ ਹਨ ਅਤੇ ਲੋੜ ਪੈਣ 'ਤੇ ਕਿਸੇ ਸੰਸਥਾ ਦਾ ਸਾਥ ਨਾ ਮਿਲਣ ਕਾਰਨ ਹੁਣ ਇਨ੍ਹਾਂ ਵਿੱਚ ਵਿਆਪਕ ਬੇਵਿਸਾਹੀ ਹੈ।
ਕੌਮੀ ਕਲਾਕਾਰ ਮਹਾਂ ਸੰਘ ਦੇ ਮੋਢੀ ਅਖ਼ਲਾਕ ਖ਼ਾਨ ਕਹਿੰਦੇ ਹਨ,"ਸਮੱਸਿਆ ਸਨਮਾਨ ਦੀ ਹੈ। ਬਿਹਾਰ ਵਿੱਚ ਆਰਕੈਸਟਰਾ ਬੈਂਡ ਇਸ ਲਈ ਪੈਦਾ ਹੋ ਰਹੇ ਹਨ ਕਿਉਂਕਿ ਉਹ ਗ਼ੈਰ-ਕਾਨੂੰਨੀ ਕੰਮ ਕਰਦੇ ਹਨ। ਇਹ ਰਜਿਸਟਰੇਸ਼ਨ ਵੀ ਨਹੀਂ ਕਰਦੇ। ਇਹ ਮਨੋਰੰਜਨ ਨਹੀਂ ਕੁਝ ਹੋਰ ਹੀ ਹੈ।"
ਉਹ ਕਹਿੰਦੇ ਹਨ,"ਸਮਾਜ ਵਿੱਚ ਇਨ੍ਹਾਂ ਕੁੜੀਆਂ ਪ੍ਰਤੀ ਜੋ ਰਾਇ ਹੈ, ਉਸ ਕਾਰਨ ਕੋਈ ਇਨ੍ਹਾਂ ਲਈ ਲੜਾਈ ਲੜਨ ਅੱਗੇ ਨਹੀਂ ਆਉਂਦਾ।
ਬੈਂਡ ਮਾਲਕ ਕੁਝ ਨਹੀਂ ਕਰਦੇ। ਉਹ ਸਿਰਫ਼ ਚੂਸ ਕੇ ਛੱਡ ਦਿੰਦੇ ਹਨ। ਬਿਹਾਰ ਅਤੇ ਯੂਪੀ ਵਿੱਚ ਅਜਿਹੇ ਹਜ਼ਾਰਾਂ ਆਰਕੈਸਟਰਾ ਬੈਂਡ ਹਨ ਅਤੇ ਇਹ ਔਰਤਾਂ ਦੇ ਸ਼ੋਸ਼ਣ ਦੇ ਅੱਡੇ ਬਣੇ ਹੋਏ ਹਨ।"
ਪ੍ਰੋਫ਼ੈਸਰ ਮੁੰਨਾ ਕੁਮਾਰ ਪਾਂਡੇ ਕਹਿੰਦੇ ਹਨ ਕਿ ਪਿਛਲੇ ਕੁਝ ਸਮੇਂ ਦੌਰਾਨ ਵਿਆਹਾਂ ਵਿੱਚ ਨੱਚਣ ਵਾਲੀਆਂ ਬੁਲਾਉਣਾ ਰੁਤਬੇ ਦਾ ਪ੍ਰਤੀਕ ਬਣ ਗਿਆ ਹੈ।
ਬਿਹਾਰ ਵਿੱਚ ਸ਼ਰਾਬ ਉੱਪਰ ਭਾਵੇਂ ਪਾਬੰਦੀ ਹੈ ਪਰ ਵਿਆਹਾਂ ਵਿੱਚ ਇਹ ਸੌਖਿਆਂ ਮਿਲ ਜਾਂਦੀ ਹੈ।
ਅਜੋਕੇ ਸਮੇਂ ਦੌਰਾਨ ਸਕ੍ਰੀਨ ਉੱਪਰ ਜਿਸ ਤਰ੍ਹਾਂ ਦੀ ਕਾਮ ਉਕਸਾਊ ਸਮੱਗਰੀ/ਦ੍ਰਿਸ਼ ਪਰੋਸੇ ਜਾਂਦੇ ਹਨ, ਉਸ ਦਾ ਵੀ ਦਰਸ਼ਕਾਂ ਉੱਪਰ ਅਸਰ ਪਿਆ ਹੈ। ਲੋਕ ਅਜਿਹੇ ਦ੍ਰਿਸ਼ਾਂ ਦੀ ਮੰਗ ਲਾਈਵ ਸ਼ੋਅ ਦੌਰਾਨ ਕੁੜੀਆਂ ਤੋਂ ਕੀਤੀ ਜਾਂਦੀ ਹੈ ਅਤੇ ਉਹ ਅਸਰ ਹੇਠ ਜਾਂ ਦਬਾਅ ਹੇਠ ਆ ਜਾਂਦੀਆਂ ਹਨ।
ਜ਼ਿਆਦਾਤਰ ਕੁੜੀਆਂ ਨਾਬਾਲਗ ਅਤੇ ਪੈਸੇ ਦੀ ਲੋੜ ਵਿੱਚ ਹੁੰਦੀਆਂ ਹਨ। ਉਹ ਸਿਖਲਾਈ ਯਾਫ਼ਤਾ ਡਾਂਸਰ ਨਹੀਂ ਹੁੰਦੀਆਂ।
ਦਿਵਿਆ ਲਈ ਟਰੇਂਡ ਡਾਂਸਰ ਹੋਣਾ ਮਾਅਨੇ ਨਹੀਂ ਰੱਖਦਾ। ਕੁੜੀਆਂ ਤੋਂ ਥੋੜ੍ਹੇ ਕੱਪੜਿਆਂ ਵਿੱਚ ਨੱਚਣ ਦੀ ਉਮੀਦ ਕੀਤੀ ਜਾਂਦੀ ਹੈ।
ਦਿਵਿਆ ਜਾਣਦੀ ਹੈ ਕਿ ਇੰਡਸਟਰੀ ਵਿੱਚ ਉਸ ਦੇ ਕੁਝ ਹੀ ਸਾਲ ਬਾਕੀ ਰਹਿੰਦੇ ਹਨ। ਆਰਗੇਨਾਈਜ਼ਰਾਂ ਕੋਲ ਉਸ ਦਾ ਪੈਸਾ ਹੈ।
ਉਸ ਨੇ ਮਕਾਨ ਦਾ ਕਿਰਾਇਆ ਦੇਣਾ ਹੈ ਅਤੇ ਬੱਚਿਆਂ ਦੀ ਫ਼ੀਸ ਭਰਨੀ ਹੈ।
ਦਿਵਿਆ ਦਾ ਕਹਿਣਾ ਹੈ,"ਅਸੀਂ ਮੁੱਲ-ਭਾਅ ਕਰਨ ਦੀ ਆਪਣੀ ਤਾਕਤ ਗੁਆ ਲਈ ਹੈ।"
"ਲੋਕ ਸਾਡੇ ਕੋਲ ਗਿਰਝਾਂ ਵਾਂਗ ਆਉਂਦੇ ਹਨ, ਸਾਡੇ ਕੱਪੜੇ ਤੱਕ ਪਾੜ ਦਿੰਦੇ ਹਨ।"
ਸਟੇਜ ਤੋਂ ਲੈ ਕੇ ਪਿੰਜਰੇ ਤੱਕ ਹਰ ਸਮੇਂ ਉਹ ਇਸ ਦਾ ਸ਼ਿਕਾਰ ਬਣਦੀਆਂ ਹਨ। ਇਹੀ ਉਨ੍ਹਾਂ ਦੀ ਜ਼ਿੰਦਗੀ ਹੈ। ਪਿੰਜਰੇ ਵਿੱਚ ਕੈਦ ਚਿੜੀ ਵਰਗੀ, ਜ਼ਿੰਦਗੀ।
ਦਿਵਿਆ ਫਿਰ ਵੀ ਸੁਫ਼ਨੇ ਦੇਖਦੀ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਜਾਣ ਦਾ ਕਿੰਨਾ ਚਾਅ ਸੀ।
ਜਦੋਂ ਵੀ ਕਿਸੇ ਰਾਤ ਡਾਂਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਚਾਰੇ ਪਾਸੇ ਗਿਰਝਾਂ ਮੰਡਰਾਉਂਦੀਆਂ ਹਨ ਤਾਂ ਉਹ ਉਸ ਸੁਹੀਨ ਅਦਾਕਾਰਾ ਨੂੰ ਯਾਦ ਕਰਦੇ ਹਨ, ਜਿਸ ਦੇ ਨਾਂ 'ਤੇ ਉਨ੍ਹਾਂ ਨੇ ਆਪਣਾ ਨਾਂ ਦਿਵਿਆ ਰੱਖਿਆ ਸੀ।
ਇਹ ਵੀ ਪੜ੍ਹੋ:
https://www.youtube.com/watch?v=j0_FSLulLek
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fc4a7c3b-d0ab-4c15-91b5-9693802ad44a','assetType': 'STY','pageCounter': 'punjabi.india.story.57797727.page','title': 'ਪਿੰਜਰਿਆਂ ਬੰਦ ਵਿਚ ਕੁੜੀਆਂ \'ਤੇ ਗਿਰਝਾਂ ਵਾਂਗ ਝਪਟਦੇ ਲੋਕ, ਆਰਕੈਸਟਰਾ ਵਾਲੀਆਂ ਕੁੜੀਆਂ ਦੀ ਜਿੰਦਗੀ','author': 'ਚਿੰਕੀ ਸਿਨਹਾ','published': '2021-07-12T10:30:14Z','updated': '2021-07-12T10:30:14Z'});s_bbcws('track','pageView');

ਪੰਜਾਬ ਦੇ ਸਰਕਾਰੀ ਡਾਕਟਰ ਕਿਉਂ ਵਾਰ-ਵਾਰ ਹੜਤਾਲ ''ਤੇ ਜਾ ਰਹੇ ਹਨ, ਕੀ ਹੈ ਪੂਰਾ ਮਾਮਲਾ
NEXT STORY