ਅਕਸ਼ਦੀਪ ਸਿੰਘ ਕਿਸੇ ਸਮੇਂ ਪਿੰਡ ਦੀਆਂ ਲਿੰਕ ਸੜਕਾਂ ਉਪਰ ਟੁੱਟੇ ਬੂਟਾਂ ਨਾਲ ਦੌੜਦਾ ਸੀ ਪਰ ਹੁਣ ਉਹ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਤਗਮੇ ਦੀ ਉਮੀਦ ਹੈ।
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਦਾ ਨੌਜਵਾਨ ਅਕਸ਼ਦੀਪ ਸਿੰਘ 20 ਕਿਲੋਮੀਟਰ ਪੈਦਲ ਤੋਰ ਵਿੱਚ ਉਲੰਪਿਕ ਖੇਡਣ ਜਾ ਰਿਹਾ ਹੈ।
ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ''ਚ ਪਿਛਲੇ ਦਿਨੀਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਪੈਰਿਸ ਓਲੰਪਿਕ ਖੇਡਾਂ-2024, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
23 ਸਾਲਾਂ ਦੇ ਅਕਸ਼ਦੀਪ ਸਿੰਘ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।
ਦੋ ਏਕੜ ਜ਼ਮੀਨ ਵਾਲੇ ਆਮ ਕਿਸਾਨ ਪਰਿਵਾਰ ਦੇ ਇਸ ਨੌਜਵਾਨ ਨੇ ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਇਹ ਮੰਜਿਲ ਹਾਸਲ ਕੀਤੀ ਹੈ।
ਘਰ ਵਿੱਚ ਵਿਆਹ ਵਰਗਾ ਮਾਹੌਲ
ਉਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ ਮਹਿਜ ਕੁਝ ਦਿਨਾਂ ਲਈ ਅਕਸ਼ਦੀਪ ਸਿੰਘ ਆਪਣੇ ਪਿੰਡ ਕਾਹਨੇਕੇ ਆਇਆ ਹੋਇਆ ਸੀ।
ਅਕਸ਼ਦੀਪ ਸਿੰਘ ਦੀ ਆਮਦ ਸਮੇਂ ਘਰ ਵਿੱਚ ਵਿਆਹ ਵਰਗਾ ਮਹੌਲ ਸੀ।
ਉਹਨਾਂ ਦੇ ਸਾਰੇ ਰਿਸ਼ਤੇਦਾਰ ਅਤੇ ਦੋਸਤ ਮਿਲਣ ਲਈ ਆ ਰਹੇ ਸਨ।
ਸੱਤਾਧਾਰੀ ਧਿਰ ਸਮੇਤ ਸੂਬੇ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਅਕਸ਼ਦੀਪ ਸਿੰਘ ਦੇ ਘਰ ਜਾ ਕੇ ਉਸਦਾ ਸਨਮਾਨ ਕਰ ਰਹੇ ਹਨ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ 5 ਲੱਖ ਰੁਪਏ ਦੇ ਚੈੱਕ ਨਾਲ ਉਹਨਾਂ ਦੇ ਘਰ ਜਾ ਕੇ ਸਨਮਾਨ ਕੀਤਾ।
ਅਕਸ਼ਦੀਪ ਸਿੰਘ ਦਾ ਸਫ਼ਰ
ਅਕਸ਼ਦੀਪ ਸਿੰਘ ਨੇ ਪਿੰਡ ਕਾਹਨੇਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕੀਤੀ ਹੈ।
ਉਹ ਸ਼ੁਰੂਆਤ ਵਿੱਚ ਆਮ ਬੂਟਾਂ ਨਾਲ ਪ੍ਰੈਕਟਿਸ ਕਰਦਾ ਰਿਹਾ ਅਤੇ ਸਾਲ 2016 ਤੱਕ ਪਿੰਡ ਦੀ ਲਿੰਕ ਸੜਕ ''ਤੇ ਭੱਜਦੇ (ਪ੍ਰੈਕਟਿਸ) ਰਹੇ ਹਨ।
ਇਸ ਤੋਂ ਬਾਅਦ ਉਹਨਾਂ ਨੇ ਬਰਨਾਲਾ ਦੇ ਬਾਬਾ ਕਾਲਾ ਮਹਿਲ ਸਟੇਡੀਅਮ ਵਿਖੇ ਪ੍ਰੈਕਟਿਸ ਸ਼ੁਰੂ ਕੀਤੀ, ਉਸਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੈਕਟਿਸ ਕੀਤੀ।
ਅਕਸ਼ਦੀਪ ਨੇ ਹੁਣ 20 ਕਿਲੋਮੀਟਰ ਪੈਦਲ ਤੋਰ ''ਚ ਨੈਸ਼ਨਲ ਰਿਕਾਰਡ ਬਣਾਇਆ ਹੈ। ਉਹਨਾਂ ਨੇ ਮਹਿਜ਼ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।
ਰਾਂਚੀ (ਝਾਰਖੰਡ) ਵਿਖੇ ਕਰਵਾਈ ਗਈ ''ਓਪਨ ਨੈਸ਼ਨਲ 20 ਕਿਲੋਮੀਟਰ ਰੇਸ ਵਾਕ ਚੈਪਨੀਅਨਸ਼ਿਪ'' ਵਿਚ ਅਕਸ਼ਦੀਪ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਹੋਣ ਵਾਲਾ ਪਹਿਲਾ ਭਾਰਤੀ ਅਥਲੀਟ ਤੇ ਓਵਰ ਆਲ ਚੌਥਾ ਖਿਡਾਰੀ ਬਣਿਆ ਹੈ।
ਉਹ ਉਲੰਪਿਕਸ ਵਿੱਚ ਪੁੱਜਣ ਵਾਲੇ ਬਰਨਾਲਾ ਜਿਲ੍ਹੇ ਦੇ ਪਹਿਲਾ ਖਿਡਾਰੀ ਹਨ।
ਅਕਸ਼ਦੀਪ ਸਿੰਘ ਬਾਰੇ ਖਾਸ ਗੱਲਾਂ
- ਅਕਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦੇ ਰਹਿਣ ਵਾਲੇ ਤੇ ਆਮ ਘਰ ਨਾਲ ਸਬੰਧ ਰੱਖਦੇ ਹਨ
- ਸ਼ੁਰੂਆਤ ਵਿੱਚ ਆਮ ਬੂਟਾਂ ਨਾਲ ਪ੍ਰੈਕਟਿਸ ਕਰਦੇ ਰਹੇ, ਫਿਰ ਐਨਆਰਆਈ ਮਿੱਤਰਾਂ ਦਾ ਸਹਿਯੋਗ ਮਿਲਿਆ
- ਅਕਸ਼ਦੀਪ ਨੇ ਹੁਣ 20 ਕਿਲੋਮੀਟਰ ਪੈਦਲ ਤੋਰ ''ਚ ਨੈਸ਼ਨਲ ਰਿਕਾਰਡ ਬਣਾਇਆ ਹੈ
- ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਹੋਏ ਹਨ
ਕੋਚ ਨੇ ਕੀ ਕਿਹਾ ?
ਪੈਰਿਸ ਵਿਖੇ ਹੋਣ ਵਾਲੀਆਂ 2024 ਦੀਆਂ ਉਲੰਪਿਕ ਖੇਡਾਂ ਲਈ ਇਸ ਤੋਂ ਪਹਿਲਾਂ ਸਿਰਫ ਤਿੰਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਕੁਆਲੀਫਾਈ ਕੀਤਾ ਹੈ।
ਇਸ ਹਿਸਾਬ ਨਾਲ ਅਕਸ਼ਦੀਪ ਭਾਰਤ ਦਾ ਪਹਿਲਾ ਅਥਲੀਟ ਤੇ ਚੌਥਾ ਖਿਡਾਰੀ ਹੈ, ਜਿਸਨੇ ਉਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਉਲੰਪਿਕ ਖੇਡਾਂ ਵਿੱਚ ਕੁਆਲੀਫਾਈ ਲਈ ਘੱਟੋ-ਘੱਟ 1 ਘੰਟਾਂ 20 ਮਿੰਟ ਤੇ 10 ਸੈਕਿੰਡ ਦਾ ਸਮਾਂ ਮਿਥਿਆ ਹੋਇਆ ਹੈ ਪਰ ਅਕਸ਼ਦੀਪ ਸਿੰਘ ਨੇ ਇਹ 1 ਘੰਟਾ 19 ਮਿੰਟ ਤੇ 55 ਸੈਕਿੰਡ ਵਿੱਚ ਪੂਰੀ ਕਰਕੇ ਆਪਣੀ ਥਾਂ ਬਣਾ ਲਈ ਹੈ।
ਅਕਸ਼ਦੀਪ ਸਿੰਘ ਦੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਨੇ ਪਹਿਲਾਂ 20 ਕਿਲੋਮੀਟਰ ਰੇਸ ਵਾਕ ''ਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਬੰਗਲੌਰ ਵਿਖੇ ਪੰਜਾਬ ਦੀ ਝੋਲੀ ਸੋਨ ਤਗਮਾ ਪਾਇਆ ਸੀ।
ਇਸ ਤੋਂ ਇਲਾਵਾ ਰਾਂਚੀ (ਝਾਰਖੰਡ) ਵਿਖੇ ਕਰਵਾਈ ਗਈ ''ਓਪਨ ਨੈਸ਼ਨਲ 20 ਕਿਲੋਮੀਟਰ ਰੇਸ ਵਾਕ ਚੈਪਨੀਅਨਸ਼ਿਪ'' ਵਿਚ ਅਕਸ਼ਦੀਪ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ
ਉਹਨਾਂ ਨੇ ਕੌਮੀ ਪੱਧਰ ''ਤੇ ਹੋਰ ਕਈ ਪ੍ਰਾਪਤੀਆਂ ਕੀਤੀਆਂ ਹਨ।
ਉਹਨਾਂ ਕਿਹਾ ਕਿ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਅਥਲੈਟਿਕਸ ਦੇ ਖੇਤਰ ''ਚ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ।
ਕਮਜ਼ੋਰ ਅਰਥਿਕ ਹਾਲਤ ਅਤੇ ਪਰਿਵਾਰ
ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਕੋਲ ਮਹਿਜ਼ ਦੋ ਏਕੜ ਜ਼ਮੀਨ ਹੈ।
ਘੱਟ ਜ਼ਮੀਨ ਹੋਣ ਕਾਰਨ ਉਹਨਾਂ ਦੇ ਪਿਤਾ ਖੇਤੀ ਦੇ ਨਾਲ-ਨਾਲ ਇੱਕ ਫੈਕਟਰੀ ਵਿੱਚ ਨੌਕਰੀ ਕਰਦੇ ਹਨ।
ਉਹਨਾਂ ਦੀ ਮਾਤਾ ਇੱਕ ਘਰੇਲੂ ਔਰਤ ਹਨ। ਉਹ ਘਰ ਦੇ ਕੰਮ ਕਰਦੇ ਹਨ ਅਤੇ ਤਿੰਨ ਮੱਝਾਂ ਨੂੰ ਸੰਭਾਲਦੇ ਹਨ।
ਅਕਸ਼ਦੀਪ ਸਿੰਘ ਦਾ ਛੋਟਾ ਭਰਾ ਪੜ੍ਹਾਈ ਕਰ ਰਿਹਾ ਹੈ।
ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਜਦ ਉਹਨਾਂ ਦੇ ਪੁੱਤਰ ਨੇ ਖੇਡਣਾ ਸ਼ੁਰੂ ਕੀਤਾ ਸੀ ਤਾਂ ਪਿੰਡ ਵਿੱਚ ਲੋੜੀਂਦਾ ਗਰਾਊਂਡ ਨਾ ਹੋਣ ਕਾਰਨ ਉਸਨੇ ਸੜਕਾਂ ਅਤੇ ਰਜਵਾਹੇ ਕਿਨਾਰੇ ਭੱਜ-ਭੱਜ ਕੇ ਪ੍ਰੈਕਟਿਸ ਕੀਤੀ।
ਅਕਸ਼ਦੀਪ ਆਪ ਦੱਸਦਾ ਹੈ ਕਿ ਕਿਸੇ ਵੇਲੇ ਉਸ ਕੋਲ ਪ੍ਰੈਕਟਿਸ ਲਈ ਬੂਟ ਵੀ ਚੰਗੇ ਨਹੀਂ ਹੁੰਦੇ ਸਨ, ਕਈ ਵਾਰ ਤਾਂ ਫਟੇ ਪੁਰਾਣੇ ਬੂਟਾਂ ਨਾਲ ਹੀ ਖੇਡਣਾ ਪੈਂਦਾ ਸੀ।
ਉਹਨਾਂ ਦੱਸਿਆ ਕਿ ਪ੍ਰੈਕਟਿਸ ਲਈ ਲਗਭਗ 12 ਹਜ਼ਾਰ ਜਾਂ 14 ਹਜ਼ਾਰ ਦੇ ਵਿਦੇਸ਼ੀ ਬੂਟਾਂ ਦਾ ਜੋੜਾ ਆਉਂਦਾ ਸੀ ਅਤੇ ਉਹਨਾਂ ਦੇ ਵਿਦੇਸ਼ ਵਿੱਚ ਰਹਿਣ ਵਾਲੇ ਮਿੱਤਰਾਂ ਅਤੇ ਪਿੰਡ ਵਾਸੀਆਂ ਨੇ ਅਕਸ਼ਦੀਪ ਨੂੰ ਸਮੇਂ-ਸਮੇਂ ''ਤੇ ਬੂਟ ਉਪਲੱਬਧ ਕਰਵਾਏ।
ਪੰਜਾਬ ਸਰਕਾਰ ਵੱਲੋਂ ਹੁਣ ਕੀਤੀ ਜਾ ਰਹੀ ਮੱਦਦ ਤੋਂ ਤਾਂ ਪਰਿਵਾਰ ਖੁਸ਼ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਗਿਲਾ ਵੀ ਹੈ ਕਿ ਬਾਕੀ ਸੂਬਾ ਸਰਕਾਰਾਂ ਆਪਣੇ ਖਿਡਾਰੀਆਂ ਦੀ ਮੱਦਦ ਲਈ ਜਿਆਦਾ ਸਹਿਯੋਗ ਕਰਦੀਆਂ ਹਨ।
ਉਹਨਾਂ ਕਿਹਾ ਕਿ ਓਲੰਪਿਕ ਖੇਡਾਂ ਤੇ ਏਸ਼ਿਆਈ ਖੇਡਾਂ ਲਈ ਅਕਸ਼ਦੀਪ ਸਿੰਘ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਉਹਨਾਂ ਦਾ ਪੁੱਤਰ ਮੈਡਲ ਜਿੱਤਣ ਦੇ ਬਿਲਕੁੱਲ ਨਜ਼ਦੀਕ ਹੈ।
ਅਕਸ਼ਦੀਪ ਸਿੰਘ ਦੇ ਮਾਤਾ ਰੁਪਿੰਦਰ ਕੌਰ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਉਹ ਘਰ ਆ ਰਹੇ ਮਹਿਮਾਨਾਂ ਤੇ ਰਿਸ਼ਤੇਦਾਰਾਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕਰਦੇ ਨਜ਼ਰ ਆਉਂਦੇ ਹਨ।
ਉਹਨਾਂ ਦੱਸਿਆ, "ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਡਾ ਮੁੰਡਾ ਇੱਥੋਂ ਤੱਕ ਪਹੁੰਚੇਗਾ। ਸਾਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ।"
ਉਹ ਕਹਿੰਦੇ ਹਨ ਕਿ ਕਰੋਨਾਵਾਇਰਸ ਕਾਰਨ ਲੱਗੇ ਲੌਕਡਾਉਨ ਦੌਰਾਨ ਗਰਾਊਂਡ ਬੰਦ ਹੋ ਗਏ ਸਨ ਤੇ ਖੇਡਾਂ ਦੀਆਂ ਪ੍ਰਤੀਯੋਗਤਾਵਾਂ ਵੀ ਨਹੀਂ ਹੋ ਰਹੀਆਂ ਸਨ ਤਾਂ ਉਹਨਾਂ ਦਾ ਪੁੱਤਰ ਪ੍ਰੇਸ਼ਾਨ ਹੋ ਗਿਆ ਸੀ, ਪਰ ਹੁਣ ਉਸ ਨੂੰ ਸੰਤੁਸ਼ਟੀ ਹੈ।
ਅਕਸ਼ਦੀਪ ਦੀਆਂ ਹੁਣ ਤੱਕ ਪ੍ਰਾਪਤੀਆਂ
2017 : ਜੂਨੀਅਰ ਨੈਸ਼ਨਲ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਗਮੇ ਜਿੱਤੇ।
2018 : ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ, ਜੂਨੀਅਰ ਨੈਸ਼ਨਲ ਦੇ 10 ਕਿਲੋਮੀਟਰ ਵਿੱਚ ਨਵਾਂ ਜੂਨੀਅਰ ਨੈਸ਼ਨਲ ਰਿਕਾਰਡ, ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਸੋਨ ਤਗਮਾ।
2022 : ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਸੋਨ ਤਗਮਾ,ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗਮਾ, ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਨੈਸ਼ਨਲ ਖੇਡਾਂ ਵਿੱਚ ਕਾਂਸੀ ਦਾ ਤਗਮਾ।
ਫਰਵਰੀ 2023 : ਰਾਂਚੀ ਵਿਖੇ ਨਵੇਂ ਨੈਸ਼ਨਲ ਰਿਕਾਰਡ ਨਾਲ ਓਪਨ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ''ਚ ਸੋਨੇ ਦਾ ਤਗਮਾ ਜਿੱਤਦਿਆਂ ਓਲੰਪਿਕਸ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ।
2022 ਵਿੱਚ ਅਕਸ਼ਦੀਪ ਭਾਰਤੀ ਨੇਵੀ ਵਿੱਚ ਭਰਤੀ ਹੋ ਗਿਆ ਸੀ ਤੇ ਇਸ ਸਮੇਂ ਆਪਣੀ ਨੌਕਰੀ ਦੇ ਨਾਲ-ਨਾਲ ਫਿਜੀਕਲ ਐਜੁਕੇਸ਼ਨ ਵਿੱਚ ਗਰੈਜੂਏਸ਼ਨ ਕਰ ਰਿਹਾ ਹੈ।
ਭਾਰਤ ਨੂੰ ਅਕਾਸ਼ਦੀਪ ਤੋਂ ਵੱਡੀਆਂ ਉਮੀਦਾਂ
ਅਕਸ਼ਦੀਪ ਸਿੰਘ ਤੋਂ ਭਾਰਤ ਨੂੰ ਬਹੁਤ ਵੱਡੀਆਂ ਉਮੀਦਾਂ ਨਜ਼ਰ ਆ ਰਹੀਆਂ ਹਨ ਕਿਉਂਕਿ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਅਤੇ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਦੌਰਾਨ 20 ਕਿਲੋਮੀਟਰ ਪੈਦਲ ਤੋਰ ਵਿੱਚ ਸੋਨ ਤਗਮਾ ਜਿੱਤਣ ਵਾਲੇ ਅਥਲੀਟਾਂ ਦੇ ਸਮੇਂ ਤੋਂ ਬਿਹਤਰੀਨ ਸਮਾਂ ਅਕਸ਼ਦੀਪ ਸਿੰਘ ਨੇ ਕੱਢਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

''ਟੱਬਰ ਦੇ 17 ਜੀਅ ਮਰ ਗਏ, ਕੁਝ ਤਾਂ ਲੱਭੇ ਵੀ ਨਹੀਂ,'' ਆਪਣੇ ਹੀ ਮੁਲਕ ਵਿੱਚ ਸ਼ਰਨਾਰਥੀ ਬਣੇ ਲੋਕਾਂ ਦੀ...
NEXT STORY