ਪਿਛਲੇ ਹਫਤੇ ਮੈਕਸੀਕੋ ਵਿਚ ਬੰਦੂਕ ਦੀ ਨੋਕ ''ਤੇ ਅਗਵਾ ਕੀਤੇ ਗਏ ਚਾਰ ਅਮਰੀਕੀਆਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਜ਼ਿੰਦਾ ਹਨ। ਇਸ ਦੀ ਜਾਣਕਾਰੀ ਮੈਕਸੀਕੋ ਅਤੇ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ।
ਜ਼ਿੰਦਾ ਬਚੇ 2 ਵਿਅਕਤੀ ਹੁਣ ਵਾਪਸ ਅਮਰੀਕਾ ਵਿਚ ਆ ਗਏ ਹਨ।
ਦਰਅਸਲ, ਚਾਰ ਅਮਰੀਕੀ ਨਾਗਰਿਕਾਂ ਨੂੰ ਹਥਿਆਰਬੰਦ ਵਿਅਕਤੀਆਂ ਨੇ 3 ਮਾਰਚ ਨੂੰ ਟੈਕਸਾਸ ਤੋਂ ਸਰਹੱਦ ਪਾਰ ਤੋਂ ਮੈਕਸੀਕੋ ਦੇ ਉੱਤਰ-ਪੂਰਬੀ ਸ਼ਹਿਰ ਵਿੱਚ ਡਰਾਈਵਿੰਗ ਕਰਦੇ ਸਮੇਂ ਅਗਵਾ ਕਰ ਲਿਆ ਸੀ।
ਇਨ੍ਹਾਂ ''ਚੋਂ ਇੱਕ ਦੇ ਰਿਸ਼ਤੇਦਾਰ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਹ ਕਾਸਮੈਟਿਕ ਸਰਜਰੀ ਲਈ ਉੱਥੇ ਗਏ ਸਨ।
24 ਸਾਲਾ ਇੱਕ ਵਿਅਕਤੀ, ਜਿਸ ਦਾ ਨਾਮ ਜੋਸ "ਐਨ" ਹੈ ਅਤੇ ਜੋ ਤਾਮਉਲੀਪਾਸ ਦਾ ਰਹਿਣ ਵਾਲਾ ਹੈ, ਉਸ ਨੂੰ ਇਸ ਮਾਮਲੇ ''ਚ ਗ੍ਰਿਫਤਾਰ ਕੀਤਾ ਗਿਆ ਹੈ।
ਐਫਬੀਆਈ ਨੇ ਪੁਸ਼ਟੀ ਕੀਤੀ ਹੈ ਕਿ ਦੋ ਅਮਰੀਕੀ ਮ੍ਰਿਤਕ ਪਾਏ ਗਏ ਸਨ ਅਤੇ ਬਾਕੀ ਦੋ ਨੂੰ ਇਲਾਜ ਲਈ ਅਮਰੀਕੀ ਹਸਪਤਾਲਾਂ ਵਿੱਚ ਲਿਆਂਦਾ ਗਿਆ ਹੈ।
ਐਫਬੀਆਈ ਨੇ ਕਿਹਾ, "ਹਮਲੇ ਦੌਰਾਨ ਬਚੇ ਪੀੜਤਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ।"
ਪਰ ਇੱਥੇ ਇੱਕ ਵੱਡਾ ਸਵਾਲ ਇਹ ਹੈ ਕਿ ਕਿਉਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਅਮਰੀਕੀ ਲੋਕ ਮੈਡੀਕਲ ਟੂਰਿਸਟ ਦੇ ਤੌਰ ''ਤੇ ਮੈਕਸੀਕੋ ਜਾਂਦੇ ਹਨ ਅਤੇ ਆਪਣੇ ਆਪ ਨੂੰ ਖ਼ਤਰੇ ਵਿੱਚ ਪਾਉਂਦੇ ਹਨ?
ਸਸਤੀਆਂ ਡਾਕਟਰੀ ਸੇਵਾਵਾਂ
ਅਮਰੀਕੀ ਅਕਸਰ ਘੱਟ ਲਾਗਤ ਵਾਲੀਆਂ ਡਾਕਟਰੀ ਸੇਵਾਵਾਂ ਲਈ ਮੈਕਸੀਕੋ ਜਾਂਦੇ ਹਨ।
ਜਿਸ ਥਾਂ ਹਾਲ ਹੀ ਵਿੱਚ ਅਮਰੀਕੀ ਨਾਗਰਿਕਾਂ ਦੀ ਮੌਤ ਹੋਈ ਹੈ, ਮੈਕਸੀਕੋ ਵਿੱਚ ਮਾਟਾਮੋਰੋਸ ਵਰਗੇ ਅਜਿਹੇ ਸਰਹੱਦੀ ਸ਼ਹਿਰ ਸਭ ਤੋਂ ਵੱਧ ਖ਼ਤਰਨਾਕ ਹਨ।
ਡਰੱਗਜ਼ ਬਣਾਉਣ ਵਾਲੇ ਲੋਕ ਤਾਮੌਲੀਪਾਸ ਸੂਬੇ ਦੇ ਵੱਡੇ ਖੇਤਰਾਂ ਨੂੰ ਨਿਯੰਤਰਿਤ ਕਰਦੇ ਹਨ ਅਤੇ ਅਕਸਰ ਸਥਾਨਕ ਕਾਨੂੰਨ ਵਿਵਸਥਾ ਨਾਲੋਂ ਵਧੇਰੇ ਤਾਕਤਵਰ ਹੁੰਦੇ ਹਨ।
ਪਰ ਇਹ ਕਸਬੇ ਹਜ਼ਾਰਾਂ ਅਮਰੀਕੀਆਂ ਲਈ ਅਜਿਹੇ ਪ੍ਰਮੁੱਖ ਸਥਾਨ ਹਨ ਜਿਥੇ ਉਹ ਮੈਡੀਕਲ ਸੁਵਿਧਾਵਾਂ ਲੈਣ ਲਈ ਆਉਂਦੇ ਹਨ।
ਅਜਿਹੇ ਲੋਕਾਂ ਵਿੱਚ ਉਹ ਲੋਕ ਵਿਸ਼ੇਸ਼ ਤੌਰ ''ਤੇ ਸ਼ਾਮਲ ਹਨ ਜੋ ਅਮਰੀਕਾ ਵਿੱਚ ਅਜਿਹੀਆਂ ਮੈਡੀਕਲ ਸੁਵਿਧਾਵਾਂ ਨਹੀਂ ਲੈ ਸਕਦੇ।
ਮੈਡੀਕਲ ਸਾਮਾਨ ਦੇ ਖਰੀਦਦਾਰ, ਖਾਸ ਤੌਰ ''ਤੇ ਜਿਹੜੇ ਇਸ ਖੇਤਰ ਤੋਂ ਜਾਣੂ ਹਨ, ਉਨ੍ਹਾਂ ਨੇ ਤਾਂ ਸਾਵਧਾਨੀ ਵਰਤਣੀ ਸਿੱਖ ਲਈ ਹੈ।
ਮਿਸਾਲ ਵਜੋਂ, ਉਹ ਮੈਕਸੀਕੋ ਵਿੱਚ ਆਪਣੇ ਵਾਹਨ ਨੂੰ ਰਜਿਸਟਰ ਕਰਵਾ ਲੈਂਦੇ ਹਨ, ਜਿਸ ਨਾਲ ਉਹ ਕਾਰ ਰਾਹੀਂ ਇਸ ਦੇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਲਾਇਸੈਂਸ ਪਲੇਟ ਨੂੰ ਮੈਕਸੀਕਨ ਪਲੇਟ ਵਿੱਚ ਬਦਲ ਸਕਦੇ ਹਨ ਤਾਂ ਜੋ ਉਹ ਨਿਸ਼ਾਨੇ ''ਤੇ ਆਉਣ ਤੋਂ ਬਚ ਸਕਣ।
ਇਸ ਦੇ ਨਾਲ ਹੀ ਉਹ ਇਸ ਇਲਾਕੇ ਵਿੱਚ ਪੈਦਲ ਘੁੰਮਣ-ਫਿਰਨ ਤੋਂ ਪਰਹੇਜ਼ ਕਰਦੇ ਹਨ।
ਮੈਡੀਕਲ ਸਾਮਾਨ ਦੀਆਂ ਕੀਮਤ ਅਤੇ ਉਨ੍ਹਾਂ ਤੱਕ ਸੌਖੀ ਪਹੁੰਚ ਨੇ ਮੈਕਸੀਕੋ ਨੂੰ ਅਮਰੀਕੀਆਂ ਲਈ ਇੱਕ ਪ੍ਰਮੁੱਖ ਮੈਡੀਕਲ ਸੈਰ-ਸਪਾਟਾ ਸਥਾਨ ਬਣਾ ਦਿੱਤਾ ਹੈ।
ਨੇਸਟਰ ਰੌਡਰਿਗਜ਼, ਇੱਕ ਇਮੀਗ੍ਰੇਸ਼ਨ ਅਧਿਐਨ ਮਾਹਰ ਅਤੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ ਕਿ "ਇਹ ਅਰਥ ਸ਼ਾਸਤਰ ਹੈ।"
ਉਨ੍ਹਾਂ ਮੁਤਾਬਕ, "ਮੈਕਸੀਕੋ ਵਿੱਚ ਦਵਾਈਆਂ ਅਤੇ ਸੇਵਾਵਾਂ ਸਸਤੀਆਂ ਹਨ, ਖਾਸ ਤੌਰ ''ਤੇ ਦੰਦਾਂ ਦੇ ਇਲਾਜ ਨਾਲ ਸਬੰਧਿਤ। ਤੁਸੀਂ ਆਪਣੇ ਦੰਦਾਂ ਦੀ ਸਫਾਈ ਜਾਂ ਇਮਪਲਾਂਟ ਅਮਰੀਕਾ ''ਚ ਹੋਣ ਵਾਲੇ ਇਲਾਜ ਦੀ ਲਾਗਤ ਦੇ ਇੱਕ ਅੰਸ਼ ਨਾਲ ਹੀ ਕਰਵਾ ਸਕਦੇ ਹੋ।"
ਉਹ ਅੱਗੇ ਦੱਸਦੇ ਹਨ ਕਿ ਦੇਖਭਾਲ ਦੀ ਗੁਣਵੱਤਾ ਆਮ ਤੌਰ ''ਤੇ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਇੱਕ ਮਰੀਜ਼ ਯੂਐਸ ਵਿੱਚ ਮਿਲ ਸਕਦੀ ਹੈ।
ਹਾਲਾਂਕਿ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਮੈਕਸੀਕੋ ਵਿੱਚ ਸਰਜੀਕਲ ਪ੍ਰਕਿਰਿਆਵਾਂ ਤੋਂ ਹੋਣ ਵਾਲੀਆਂ ਲਾਗਾਂ ਬਾਰੇ ਚੇਤਾਵਨੀ ਦਿੱਤੀ ਹੈ।
ਮੈਡੀਕਲ ਟੂਰਿਜ਼ਮ ਇੰਡਸਟਰੀ ਲਈ ਮੈਕਸੀਕਨ ਕੌਂਸਲ ਦੇ ਅਨੁਸਾਰ, ਹਰ ਸਾਲ ਲਗਭਗ 10 ਲੱਖ ਅਮਰੀਕੀ ਲੋਕ ਡਾਕਟਰੀ ਦੇਖਭਾਲ ਲਈ ਮੈਕਸੀਕੋ ਆਉਂਦੇ ਹਨ।
- ਪਿਛਲੇ ਹਫਤੇ ਮੈਕਸੀਕੋ ''ਚ ਬੰਦੂਕ ਦੀ ਨੋਕ ''ਤੇ ਅਗਵਾ ਕੀਤੇ ਚਾਰ ਅਮਰੀਕੀਆਂ ''ਚੋਂ ਦੋ ਦੀ ਮੌਤ ਹੋ ਚੁੱਕੀ ਹੈ
- ਉਨ੍ਹਾਂ ਵਿੱਚੋਂ 2 ਵਿਅਕਤੀ ਜ਼ਿੰਦਾ ਹਨ ਅਤੇ ਅਮਰੀਕਾ ਵਾਪਸ ਪਹੁੰਚ ਚੁੱਕੇ ਹਨ
- ਇਸ ਮਾਮਲੇ ਵਿੱਚ 24 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
- ਅਮਰੀਕੀ ਅਕਸਰ ਘੱਟ ਲਾਗਤ ਵਾਲੀਆਂ ਡਾਕਟਰੀ ਸੇਵਾਵਾਂ ਲਈ ਮੈਕਸੀਕੋ ਜਾਂਦੇ ਹਨ
- ਪਰ ਉਨ੍ਹਾਂ ਲਈ ਇਹ ਰਸਤੇ ਬਹੁਤ ਜ਼ੋਖਿਮ ਭਰੇ ਹੁੰਦੇ ਹਨ
- ਇੱਥੇ ਸਰਹੱਦੀ ਸ਼ਹਿਰਾਂ ਵਿੱਚ ਮੈਡੀਕਲ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ
''ਮੈਂ ਕਦੇ ਵੀ ਇਕੱਲੀ ਨਹੀਂ ਜਾਂਦੀ''
ਮੈਕਸੀਕੋ ਵਿੱਚ ਜੰਮੀ ਅਤੇ ਯੂਐਸ ਨਾਗਰਿਕ ਟੇਡੇ ਰਮੀਰੇਜ਼ 58 ਸਾਲ ਦੇ ਹਨ।
ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਹ ਆਪਣੇ ਹਾਈਪੋਥਾਈਰੋਡਿਜ਼ਮ ਦਾ ਸਸਤਾ ਇਲਾਜ ਕਰਵਾਉਣ ਲਈ ਸਰਹੱਦ ਪਾਰ ਕਰ ਰਹੇ ਹਨ।
ਉਨ੍ਹਾਂ ਦਾ ਘਰ ਸੈਨ ਐਂਟੋਨੀਓ ਵਿੱਚ ਹੈ ਅਤੇ ਉਥੋਂ ਈਗਲ ਪਾਸ/ਪੀਡਰਾਸ ਨੇਗ੍ਰਾਸ ਬਾਰਡਰ (ਮੈਕਸੀਕੋ ਸਰਹੱਦ) ਤੱਕ ਢਾਈ ਘੰਟੇ ਦੀ ਦੂਰੀ ਹੈ।
ਹਾਲਾਂਕਿ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਨੂੰ ਸਿਹਤ ਬੀਮਾ ਦਿੱਤਾ ਹੋਇਆ ਹੈ, ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਇਸ ਸਬੰਧੀ ਹੋਰ ਖਰਚੇ ਮੈਕਸੀਕੋ ਵਿੱਚ ਲਏ ਜਾਣ ਵਾਲੇ ਖਰਚੇ ਨਾਲੋਂ ਜ਼ਿਆਦਾ ਮਹਿੰਗੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਮ ਤੌਰ ''ਤੇ ਸਫ਼ਰ ਲਈ ਪੂਰਾ ਦਿਨ ਲੱਗ ਜਾਂਦਾ ਹੈ ਅਤੇ ਦੱਖਣ ਦੇ ਰਸਤੇ ''ਤੇ ਉਨ੍ਹਾਂ ਨੂੰ ਕਦੇ ਵੀ ਕੋਈ ਸਮੱਸਿਆ ਨਹੀਂ ਆਈ।
ਫਿਰ ਵੀ ਉਨ੍ਹਾਂ ਸੁਰੱਖਿਆ ਦੀ ਚਿੰਤਾ ਰਹਿੰਦੀ ਹੈ। ਉਹ ਰਾਤ ਨੂੰ ਸਰਹੱਦ ਪਾਰ ਨਹੀਂ ਕਰਦੀ ਅਤੇ ਸਿੱਧੇ ਡਾਕਟਰ ਕੋਲ ਜਾਂਦੀ ਹੈ ਤੇ ਤੁਰੰਤ ਵਾਪਸ ਅਮਰੀਕਾ ਆ ਜਾਂਦੀ ਹੈ।
ਉਨ੍ਹਾਂ ਕਿਹਾ, "ਮੈਂ ਕਦੇ ਵੀ ਇਕੱਲੀ ਨਹੀਂ ਜਾਂਦੀ। ਮੈਂ ਹਮੇਸ਼ਾ ਆਪਣੀ ਭੈਣ ਨੂੰ ਜਾਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾਂਦੀ ਹਾਂ।''''
ਸਰਹੱਦੀ ਇਲਾਕਿਆਂ ''ਚ ਵਧ ਰਿਹਾ ਮੈਡੀਕਲ ਕਾਰੋਬਾਰ
ਬਹੁਤ ਸਾਰੇ ਸਰਹੱਦੀ ਸ਼ਹਿਰਾਂ ਵਿੱਚ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ।
ਨੁਏਵੋ ਲਾਰੇਡੋ, ਤਾਮੌਲੀਪਾਸ ਵਿੱਚ ਡਾਕਟਰੀ ਦੇਖਭਾਲ ਦੀ ਮੰਗ ਕਰਨ ਵਾਲੇ ਯਾਤਰੀਆਂ ਲਈ ਦਰਜਨਾਂ ਦੰਦਾਂ ਦੇ ਹਸਪਤਾਲ ਅਤੇ ਹੋਟਲ ਮੌਜੂਦ ਹਨ।
ਟਿਜੁਆਨਾ, ਬਾਜਾ ਕੈਲੀਫੋਰਨੀਆ ਵਿੱਚ, ਸੈਨ ਡਿਏਗੋ ਤੋਂ ਸਰਹੱਦ ਦੇ ਦੱਖਣ ਵਿੱਚ ਸਿਰਫ ਤਿੰਨ ਮਿੰਟ ਦੀ ਦੂਰੀ ''ਤੇ ਇੱਕ 33-ਮੰਜ਼ਿਲਾ ਮੈਡੀਕਲ ਸਹੂਲਤ ਨਵੰਬਰ 2022 ਵਿੱਚ ਖੋਲ੍ਹੀ ਗਈ ਸੀ।
ਇਸ ਨੂੰ "ਵਿਸ਼ਵ ਵਿੱਚ ਸਭ ਤੋਂ ਵਧੀਆ ਮੈਡੀਕਲ ਸੈਰ-ਸਪਾਟਾ ਸਹੂਲਤ" ਵਜੋਂ ਲਾਂਚ ਕੀਤਾ ਗਿਆ ਸੀ। ਇਹ ਨਿਊਸਿਟੀ ਮੈਡੀਕਲ ਪਲਾਜ਼ਾ 30 ਤੋਂ ਵੱਧ ਡਾਕਟਰੀ ਵਿਸ਼ੇਸ਼ਤਾਵਾਂ ਦੀ ਸਹੂਲਤ ਦਿੰਦਾ ਹੈ, ਜਿਸ ਵਿੱਚ ਕਾਸਮੈਟਿਕ ਸਰਜਰੀ ਕਰਾਉਣ ਦੇ ਨਾਲ-ਨਾਲ ਇੱਕ ਹੋਟਲ ਅਤੇ ਸ਼ਾਪਿੰਗ ਸੈਂਟਰ ਦੀ ਸੁਵਿਧਾ ਵੀ ਸ਼ਾਮਲ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਜਾਰੀ ਕੀਤੀਆਂ ਇਹ ਹਦਾਇਤਾਂ
ਅਮਰੀਕੀ ਵਿਦੇਸ਼ ਵਿਭਾਗ ਦੀਆਂ ਨਵੀਆਂ ਹਦਾਇਤਾਂ ਵਿੱਚ ਅਪਰਾਧ ਅਤੇ ਅਗਵਾ ਕਰਨ ਦੇ ਮਾਮਲਿਆਂ ਦੇ ਮੱਦੇਨਜ਼ਰ ਤਾਮੌਲੀਪਾਸ ਦੀ ਯਾਤਰਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿੱਚ ਯਾਤਰੀ ਬੱਸਾਂ ਅਤੇ ਨਿੱਜੀ ਵਾਹਨ ਅਕਸਰ ਨਿਸ਼ਾਨਾ ਬਣ ਸਕਦੇ ਹਨ।
ਇਸ ਤਨ ਇਲਾਵਾ, ਮੈਕਸੀਕੋ ਦੇ ਹੋਰ ਸਰਹੱਦੀ ਸੂਬਿਆਂ ਵਿੱਚ ਯਾਤਰਾ ਸਬੰਧੀ ਵੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਹਾਲਾਂਕਿ, ਕੁਝ ਸਰਹੱਦੀ ਕਸਬਿਆਂ ਵਿੱਚ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਅਤੇ ਪਨਾਹ ਮੰਗਣ ਵਾਲਿਆਂ ਲਈ ਵਿਸ਼ੇਸ਼ ਤੌਰ ''ਤੇ ਨਫਰਤ ਹੈ ਪਰ ਫਿਰ ਵੀ ਇਨ੍ਹਾਂ ਖੇਤਰਾਂ ਵਿੱਚ ਅਮਰੀਕੀਆਂ ਵਿਰੁੱਧ ਹਿੰਸਾ ਅਜੇ ਵੀ ਬਹੁਤ ਘੱਟ ਹੈ।
ਰੌਡਰਿਗਜ਼ ਕਹਿੰਦੇ ਹਨ ਕਿ ਚਾਰ ਅਮਰੀਕੀਆਂ ਨੂੰ ਅਗਵਾ ਕਰਨਾ ਅਤੇ ਬਾਅਦ ਵਿੱਚ ਦੋ ਦਾ ਕਤਲ ਕਰਨਾ ਆਮ ਗੱਲ ਨਹੀਂ ਹੈ।
ਉਹ ਕਹਿੰਦੇ ਹਨ, ਪਰ ਇਹ ਇੱਕ ਯਾਦ ਦਿਵਾਉਂਦਾ ਹੈ ਕਿ ਸਰਹੱਦ ਅਸਲ ਵਿੱਚ ਸੁਰੱਖਿਅਤ ਨਹੀਂ ਹੈ ਅਤੇ "ਮੈਂ ਜਾਣਾ ਬੰਦ ਕਰ ਦਿੱਤਾ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਸਾਹਿਰ ਲੁਧਿਆਣਵੀ ਤੋਂ ਅੰਮ੍ਰਿਤਾ ਪ੍ਰੀਤਮ ਨੂੰ ਸਿਗਰਟ ਪੀਣ ਦੀ ਆਦਤ ਇੰਝ ਪਈ
NEXT STORY