ਕਲਪਨਾ ਕਰੋ ਕਿ ਤੁਸੀਂ ਭਾਰਤ ਵਿੱਚ ਘੱਟ ਤਨਖ਼ਾਹ ਹਾਸਲ ਕਰਨ ਵਾਲੇ ਇੱਕ ਕਾਮੇ ਹੋ, ਜਿਸ ਨੂੰ ਇੱਕ ਦਿਨ ਲਈ ਬਾਲੀਵੁੱਡ ਫ਼ਿਲਮ ਵਿੱਚ ਵਾਧੂ ਕਲਾਕਾਰ ਵਜੋਂ ਕੰਮ ਦੀ ਪੇਸ਼ਕਸ਼ ਹੋਈ ਹੋਵੇ।
.... ਤੇ ਤੁਹਾਡਾ ਰੋਲ ਹੈ, ਇੱਕ ਕੈਸ਼ ਮਸ਼ੀਨ ਕੋਲ ਜਾਣਾ ਅਤੇ ਕੁਝ ਪੈਸੇ ਕਢਵਾਉਣਾ।
ਮਸਲਾ 2018 ਦਾ ਹੈ। ਮਹਾਰਾਸ਼ਟਰ ਵਿੱਚ ਕਈ ਬੰਦਿਆਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਫ਼ਿਲਮ ਵਿੱਚ ਕੰਮ ਮਿਲਿਆ ਹੈ, ਪਰ ਅਸਲ ਵਿੱਚ ਉਨ੍ਹਾਂ ਨੂੰ ਇੱਕ ਵੱਡੀ ਬੈਂਕ ਚੋਰੀ ਵਿੱਚ ‘ਕੈਸ਼ ਢੋਹਣ’ ਲਈ ਵਰਤਿਆ ਗਿਆ।
ਹਾਂ ਜੀ, ‘ਢੋਹਣֹ’ ਲਈ, ਚੋਰੀ ਕੀਤੇ ਹੋਏ ਪੈਸੇ ਇੱਕ ਥਾਂ ਤੋਂ ਦੂਜੀ ’ਤੇ ਲੈ ਜਾਣ ਲਈ।
ਅਗਸਤ 2018, ਸ਼ਨੀਵਾਰ ਦਾ ਦਿਨ, ਬਾਅਦ ਦੁਪਹਿਰ ਵੇਲੇ ਕੋਸਮੋਸ ਕੋ-ਓਪਰੇਟਿਵ ਬੈਂਕ ਦੇ ਪੂਣੇ ਸਥਿਤ ਮੁੱਖ ਦਫ਼ਤਰ ਦੇ ਸਟਾਫ਼ ਨੂੰ ਲਗਾਤਾਰ ਹੈਰਾਨ ਕਰ ਦੇਣ ਵੇਲੇ ਮੈਸੇਜ ਆਉਣੇ ਸ਼ੁਰੂ ਹੋ ਗਏ।
ਇਹ ਮੈਸੇਜ ਅਮਰੀਕਾ ਦੀ ਕਾਰਡ ਪੇਮੈਂਟ ਕੰਪਨੀ ‘ਵੀਜ਼ਾ’ ਵੱਲੋਂ ਸਨ। ਕੰਪਨੀ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਕੋਸਮੋਸ ਬੈਂਕ ਕਾਰਡ ਗਾਹਕਾਂ ਵੱਲੋਂ ਏਟੀਐੱਮ ਯਾਨੀ ਕੈਸ਼ ਮਸ਼ੀਨਾਂ ਜ਼ਰੀਏ ਭਾਰੀ ਕੈਸ਼ ਕਢਵਾਉਣ ਦੀ ਮੰਗ ਹੋ ਰਹੀ ਹੈ।
ਪਰ ਜਦੋਂ ਬੈਂਕ ਦੇ ਸਟਾਫ਼ ਨੇ ਆਪਣੇ ਸਿਸਟਮ ਚੈੱਕ ਕੀਤੇ ਤਾਂ ਪੈਸਿਆਂ ਦਾ ਕੋਈ ਅਸਧਾਰਨ ਲੈਣ-ਦੇਣ ਨਜ਼ਰ ਨਾ ਆਇਆ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤਕਰੀਬਨ ਅੱਧੇ ਘੰਟੇ ਬਾਅਦ, ਉਨ੍ਹਾਂ ਨੇ ‘ਵੀਜ਼ਾ’ ਕੰਪਨੀ ਨੂੰ ਕੋਸਮੋਸ ਬੈਂਕ ਕਾਰਡਾਂ ਤੋਂ ਹੋਇਆ ਲੈਣ-ਦੇਣ ਰੋਕਣ ਦਾ ਫ਼ੈਸਲਾ ਕੀਤਾ। ਪਰ ਅੱਧੇ ਘੰਟੇ ਦੀ ਇਹ ਦੇਰੀ ਉਨ੍ਹਾਂ ਨੂੰ ਬਹੁਤ ਮਹਿੰਗੀ ਪਈ।
ਦੁਨੀਆਂ ਭਰ ਦੀਆਂ ਏਟੀਐੱਮ ਮਸ਼ੀਨਾਂ ਵਿੱਚੋਂ ਕਢਵਾਏ ਗਏ ਪੈਸੇ
ਅਗਲੇ ਦਿਨ, ਵੀਜ਼ਾ ਵੱਲੋਂ ਕੋਸਮੋਸ ਕੋ-ਓਪਰੇਟਿਵ ਬੈਂਕ ਦੇ ਮੁੱਖ ਦਫ਼ਤਰ ਨਾਲ ਸ਼ੱਕੀ ਲੈਣ-ਦੇਣ ਦੀ ਸਾਰੀ ਸੂਚੀ ਸਾਂਝੀ ਕੀਤੀ ਗਈ। ਦੁਨੀਆ ਭਰ ਵਿੱਚੋਂ 12,000 ਵੱਖ-ਵੱਖ ਥਾਂਵਾਂ ਤੋਂ ਕੈਸ਼ ਕਢਵਾਏ ਜਾਣ ਦੀ ਖ਼ਬਰ ਸੀ।
ਬੈਂਕ ਨੂੰ ਕਰੀਬ 1.4 ਕਰੋੜ ਡਾਲਰ ਦਾ ਨੁਕਸਾਨ ਹੋਇਆ।
ਇਹ ਇੱਕ ਵੱਡੇ ਪੱਧਰ ’ਤੇ ਕੀਤਾ ਗਿਆ ਜੁਰਮ ਸੀ, ਜਿਸ ਵਿੱਚ ਧਿਆਨ ਰੱਖਿਆ ਗਿਆ ਕਿ ਪੈਸੇ ਇਕੋਂ ਥਾਂ ਤੋਂ ਕਢਵਾਏ ਜਾਣ।
ਅਮਰੀਕਾ, ਯੂਕੇ, ਯੂਏਈ ਅਤੇ ਰੂਸ ਸਮੇਤ 28 ਵੱਖੋ-ਵੱਖਰੇ ਦੇਸ਼ਾਂ ਵਿੱਚ ਏਟੀਐੱਮ ਨਿਸ਼ਾਨਾ ਬਣਾਏ ਗਏ। ਇਹ ਸਾਰਾ ਕੁਝ ਦੋ ਘੰਟੇ, ਤੇਰ੍ਹਾਂ ਮਿੰਟਾਂ ਦੇ ਅੰਦਰ ਵਾਪਰਿਆ।
ਆਖ਼ਰਕਾਰ, ਜਾਂਚ ਕਰਤਾਵਾਂ ਨੇ ਇਸ ਦੇ ਤਾਰ ਉੱਤਰੀ ਕੋਰੀਆ ਦੇ ਸ਼ੱਕੀ ਹੈਕਰਜ਼ ਨਾਲ ਜੁੜਦੇ ਮਿਲੇ।
ਭਾਰਤ ਵਿੱਚ ਕੀ ਹੋਇਆ
ਇਸ ਚੋਰੀ ਦੀ ਇੰਨੀ ਵੱਡੀ ਤਸਵੀਰ ਸਾਹਮਣੇ ਆਉਣ ਤੋਂ ਪਹਿਲਾਂ, ਮਹਾਰਾਸ਼ਟਰ ਦੇ ਸਾਈਬਰ ਯੁਨਿਟ ਨੇ ਹੈਰਾਨ ਕਰ ਦੇਣ ਵਾਲੀ ਸੀਸੀਟੀਵੀ ਫੁਟੇਜ ਦੇਖੀ ਕਿ ਕਿਵੇਂ ਦਰਜਨਾਂ ਆਦਮੀ ਕੈਸ਼ ਮਸ਼ੀਨਾਂ ਤੱਕ ਪਹੁੰਚਦੇ ਹਨ, ਮਸ਼ੀਨ ਵਿੱਚ ਕਾਰਡ ਪਾਉਂਦੇ ਹਨ ਅਤੇ ਨੋਟਾਂ ਨਾਲ ਬੈਗ ਭਰ ਰਹੇ ਹਨ।
ਜਾਂਚ ਦੀ ਅਗਵਾਈ ਕਰਨ ਵਾਲੇ ਇੰਸਪੈਕਟਰ ਜਨਰਲ ਬ੍ਰਿਜੇਸ਼ ਸਿੰਘ ਕਹਿੰਦੇ ਹਨ, “ਸਾਨੂੰ ਇਸ ਤਰ੍ਹਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਨਹੀਂ ਸੀ।”
“ਇਸ ਸਾਰੇ ਗੈਂਗ ਵਿੱਚ ਇੱਕ ਹੈਂਡਲਰਜ਼ ਸੀ, ਜੋ ਲੈਪਟੌਪ ਜ਼ਰੀਏ ਰੀਅਲ ਟਾਈਮ ਵਿੱਚ ਏਟੀਐੱਮ ਟਰਾਂਜ਼ੈਕਸ਼ਨਜ਼ ’ਤੇ ਨਿਗਾਹ ਰੱਖ ਰਿਹਾ ਸੀ।”
“ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਜਦੋਂ ਪੈਸੇ ਕਢਵਾਉਣ ਲਈ ਵਰਤਿਆ ਆਦਮੀ ਖ਼ੁਦ ਲਈ ਕੁਝ ਕੈਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ ਤਾਂ ਹੈਂਡਲਰ ਨੂੰ ਉਸ ਦਾ ਪਤਾ ਲੱਗ ਜਾਂਦਾ ਸੀ ਅਤੇ ਉਹ ਉਸ ਨਾਲ ਸਖ਼ਤ ਰਵੱਈਆ ਰੱਖਦਾ ਸੀ।”
ਉਕਤ ਕੈਸ਼ ਮਸ਼ੀਨਾਂ(ਏਟੀਐੱਮ) ਦੇ ਨੇੜਲੇ ਇਲਾਕਿਆਂ ਤੋਂ ਮਿਲੇ ਮੋਬਾਈਲ ਡਾਟਾ ਅਤੇ ਸੀਸੀਟੀਵੀ ਫੁਟੇਜ ਜ਼ਰੀਏ ਭਾਰਤ ਦੇ ਜਾਂਚਕਰਤਾ ਇੱਕ ਹਫਤੇ ਅੰਦਰ 18 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋ ਗਏ।
ਉਨ੍ਹਾਂ ਵਿੱਚੋਂ ਬਹੁਤੇ ਇਸ ਵੇਲੇ ਜੇਲ੍ਹ ਵਿੱਚ ਹਨ, ਟ੍ਰਾਇਲ ਦਾ ਇੰਤਜ਼ਾਰ ਕਰ ਰਹੇ ਹਨ।
ਬ੍ਰਿਜੇਸ਼ ਸਿੰਘ ਕਹਿੰਦੇ ਹਨ ਕਿ ਇਹ ਆਦਮੀ ਕੋਈ ਵੱਡੇ ਬਦਮਾਸ਼ ਨਹੀਂ ਸਨ। ਗ੍ਰਿਫ਼ਤਾਰ ਕੀਤਿਆਂ ਵਿੱਚੋਂ ਇੱਕ ਵੇਟਰ, ਇੱਕ ਡਰਾਈਵਰ ਅਤੇ ਇੱਕ ਮੋਚੀ ਸੀ। ਇੱਕ ਹੋਰ ਸੀ ਜਿਸ ਕੋਲ ਫਾਰਮੇਸੀ ਦੀ ਡਿਗਰੀ ਸੀ।
ਸਿੰਘ ਕਹਿੰਦੇ ਹਨ, “ਉਹ ਨਰਮ ਦਿਲ ਲੋਕ ਸਨ।”
ਕੋਈ ਚੋਰੀ ਵਿੱਚ ਇਸਤੇਮਾਲ ਹੋਏ ਲੋਕ ਜਾਣਦੇ ਸਨ
ਚੋਰੀ ਵਿੱਚ ਆਮ ਲੋਕਾਂ ਨੂੰ ਵਰਤਿਆ ਗਿਆ ਸੀ। ਸਵਾਲ ਇਹ ਹੈ ਕਿ ਜਦੋਂ ਅਸਲ ਵਿੱਚ ਚੋਰੀ ਹੋਈ, ਉਦੋਂ ਤੱਕ ਇਨ੍ਹਾਂ ਸਾਰੇ ਆਦਮੀਆਂ ਨੂੰ ਪਤਾ ਸੀ ਕਿ ਅਸਲ ਵਿੱਚ ਉਹ ਕੀ ਕਰ ਰਹੇ ਹਨ।
ਪਰ ਕੀ ਉਹ ਜਾਣਦੇ ਸੀ ਕਿ ਉਹ ਕਿਸ ਲਈ ਕੰਮ ਕਰ ਰਹੇ ਹਨ?
ਜਾਂਚ ਕਰਤਾ ਮੰਨਦੇ ਹਨ ਕਿ ਇਸ ਵੱਡੀ ਚੋਰੀ ਪਿੱਛੇ ਗੁਪਤ ਅਤੇ ਆਈਸੋਲੇਟਡ ਉੱਤਰੀ ਕੋਰੀਆ ਸੀ।
ਉੱਤਰੀ ਕੋਰੀਆ ਦੁਨੀਆਂ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਹੈ, ਫ਼ਿਰ ਵੀ ਇੱਥੋਂ ਦੇ ਸੀਮਤ ਸ੍ਰੋਤਾਂ ਦਾ ਵੱਡਾ ਹਿੱਸਾ ਨਿਊਕਲੀਅਰ ਹਥਿਆਰ ਅਤੇ ਮਿਜ਼ਾਈਲਾਂ ਬਣਾਉਣ ਵਿੱਚ ਜਾਂਦਾ ਹੈ।
ਇਹ ਕਾਰਵਾਈ ਸੰਯੁਕਤ ਰਾਸ਼ਟਰ ਦੇ ਸਕਿਉਰਟੀ ਕਾਊਂਸਲ ਵੱਲੋਂ ਬੈਨ ਹੈ। ਨਤੀਜੇ ਵਜੋਂ, ਯੂਐੱਨ ਨੇ
ਦੇਸ਼ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਜਿਸ ਵਿੱਚ ਟਰੇਡ ’ਤੇ ਵੀ ਪ੍ਰਤਿਬੰਧ ਲਗਾਏ ਗਏ ਹਨ।
ਗਿਆਰਾਂ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਉੱਤਰੀ ਕੋਰੀਆ ਦੇ ਲੀਡਰ ਕਿਮ ਜੌਂਗ ਉਨ ਨੇ ਹਥਿਆਰਾਂ ਦੇ ਕਈ ਨਿਰੀਖਣਾਂ ਦੀ ਨਿਗਰਾਨੀ ਕੀਤੀ ਹੈ।
ਇਨ੍ਹਾਂ ਵਿੱਚ ਚਾਰ ਪਰਮਾਣੂ ਪ੍ਰੀਖਣਾਂ ਅਤੇ ਅੰਤਰ-ਮਹਾਂਦੀਪੀ ਮਿਜ਼ਾਈਲਾਂ ਦਾਗ਼ਣ ਦਾ ਪ੍ਰੀਖਣ ਕਰਨ ਲਈ ਕਈ ਬੋਲੀਆਂ ਲਾਉਣਾ ਵੀ ਸ਼ਾਮਲ ਹੈ।
ਦੋ ਘੰਟਿਆਂ ਵਿੱਚ 1.4 ਕਰੋੜ ਡਾਲਰ ਦੀ ਚੋਰੀ, ਭਾਰਤੀ ਬੈਂਕ ਬਣਿਆ ਨਿਸ਼ਾਨਾ
- 2018 28 ਦੇਸ਼ਾਂ ਵਿੱਚ ਕੀਤੀ ਗਈ ਇੱਕੋਂ ਸਮੇਂ ਚੋਰੀ
- ਦੁਨੀਆਂ ਭਰ ਵਿੱਚੋਂ 12,000 ਵੱਖ-ਵੱਖ ਥਾਂਵਾਂ ਤੋਂ ਕੈਸ਼ ਕਢਵਾਇਆ ਗਿਆ
- ਭਾਰਤ ਵਿੱਚ ਪੁਣੇ ਤੋਂ ਵੀ ਕਢਵਾਏ ਗਏ ਪੈਸੇ
- ਬੈਂਕ ਨੂੰ ਕਰੀਬ 1.4 ਕਰੋੜ ਡਾਲਰ ਦਾ ਨੁਕਸਾਨ ਹੋਇਆ।
- ਅਮਰੀਕਾ, ਯੂਕੇ, ਯੂਏਈ ਅਤੇ ਰੂਸ ਸਮੇਤ 28 ਵੱਖੋ-ਵੱਖਰੇ ਦੇਸ਼ਾਂ ਵਿੱਚ ਏਟੀਐੱਮ ਨਿਸ਼ਾਨਾ ਬਣਾਏ ਗਏ।
- ਸਾਰਾ ਘਟਨਾਕ੍ਰਮ ਕਰੀਬ ਦੋ ਘੰਟੇ, ਤੇਰ੍ਹਾਂ ਮਿੰਟਾਂ ਦੇ ਅੰਦਰ ਵਾਪਰਿਆ।
- ਚੋਰੀ ਕਰਨ ਵਾਲੇ ਵੀ ਨਹੀਂ ਸਨ ਜਾਣਦੇ ਕੀ ਕਰ ਰਹੇ ਹਨ
- ਲੁੱਟ ਲਈ ਉੱਤਰੀ ਕੋਰੀਆ ਦੇ ਲਾਜ਼ਾਰਸ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
- ਲਾਜ਼ਾਰਸ ਗਰੁੱਪ ਦੀ ਹੋਂਦ ਅਤੇ ਸਟੇਟ ਵੱਲੋਂ ਹੈਕਿੰਗ ਕਰਵਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰਦਾ ਹੈ।
ਉੱਤਰੀ ਕੋਰੀਆ ਦੇ ਹੈਕਰਜ਼ ਦਾ ਹੱਥ
ਅਮਰੀਕਾ ਦੇ ਅਧਿਕਾਰੀ ਮੰਨਦੇ ਹਨ ਕਿ ਉੱਤਰੀ ਕੋਰੀਆ ਦੀ ਸਰਕਾਰ ਦੁਨੀਆਂ ਭਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਸੰਨ੍ਹ ਲਾਉਣ ਲਈ ਵੱਡੇ ਹੈਕਰਾਂ ਨੂੰ ਵਰਤ ਰਹੀ ਹੈ ਤਾਂ ਕਿ ਆਰਥਿਕਤਾ ਚਲਦੀ ਰਹੇ ਅਤੇ ਹਥਿਆਰਾਂ ਲਈ ਪੈਸਾ ਆਉਂਦਾ ਰਹੇ।
ਉਹ ਹੈਕਰ, ਜਿਨ੍ਹਾਂ ਨੂੰ ਲਾਜ਼ਾਰਸ ਗਰੁੱਪ ਦਾ ਨਾਮ ਦਿੱਤਾ ਗਿਆ ਹੈ, ਬਾਰੇ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਦੀ ਤਾਕਤਵਰ ਮਿਲਟਰੀ ਇੰਟੈਲੀਜੈਂਸ ਏਜੰਸੀ ਵੱਲੋਂ ਨਿਰਦੇਸ਼ਿਤ ਯੁਨਿਟ ਨਾਲ ਸੰਬੰਧਿਤ ਹਨ।
ਸਾਈਬਰ ਸਕਿਉਰਟੀ ਮਾਹਿਰਾਂ ਨੇ ਬਾਈਬਲ ਦੇ ਮਰ ਕੇ ਪਰਤਣ ਵਾਲੇ ਲਾਜ਼ਾਰਸ ਪਿੱਛੇ ਇਸ ਗਰੁੱਪ ਨੂੰ ਨਾਮ ਦਿੱਤਾ।
ਕਿਉਂਕਿ ਇੱਕ ਵਾਰ ਇਨ੍ਹਾਂ ਦਾ ਵਾਇਰਸ ਕੰਪਿਊਟਰ ਨੈੱਟਵਰਕ ਵਿੱਚ ਦਾਖ਼ਲ ਹੋ ਜਾਵੇ ਤਾਂ ਇਸ ਨੂੰ ਮਾਰਨਾ ਲਗਭਗ ਅਸੰਭਵ ਹੈ।
ਇਹ ਗਰੁੱਪ ਦੁਨੀਆਂ ਭਰ ਵਿੱਚ ਸਭ ਤੋਂ ਪਹਿਲਾਂ ਚਰਚਾ ਵਿੱਚ ਉਦੋਂ ਆਇਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ 2014 ਵਿੱਚ ਉੱਤਰੀ ਕੋਰੀਆ ’ਤੇ ਸੋਨੀ ਇੰਟਰਟੇਨਮੈਂਟ ਦੇ ਕੰਪਿਊਟਰ ਨੈੱਟਵਰਕ ਹੈਕ ਕਰਨ ਦਾ ਇਲਜ਼ਾਮ ਲਾਇਆ ਸੀ।
ਐੱਫ਼ਬੀਆਈ ਦਾ ਇਲਜ਼ਾਮ ਸੀ ਕਿ ਕਿਮ ਜੌਂਗ ਉਨ ਦੇ ਕਤਲ ਨੂੰ ਦਰਸਾਉਂਦੀ ਕਾਮੇਡੀ ‘ਦ ਇੰਟਰਵਿਊ’, ਦੇ ਬਦਲੇ ਵਜੋਂ ਸਾਈਬਰ ਅਟੈਕ ਕੀਤਾ ਗਿਆ।
ਲਾਜ਼ਾਰਸ ਗਰੁੱਪ ’ਤੇ 2016 ਵਿੱਚ ਬੰਗਲਾਦੇਸ਼ ਦੇ ਸੈਂਟਰਲ ਬੈਂਕ ਵਿੱਚੋਂ 100 ਕਰੋੜ ਦੀ ਚੋਰੀ ਦਾ ਵੀ ਇਲਜ਼ਾਮ ਲੱਗਿਆ।
ਉੱਤਰੀ ਕੋਰੀਆ ਲਾਜ਼ਾਰਸ ਗਰੁੱਪ ਦੀ ਹੋਂਦ ਅਤੇ ਸਟੇਟ ਵੱਲੋਂ ਹੈਕਿੰਗ ਕਰਵਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰਦਾ ਹੈ।
ਪਰ ਵੱਡੀਆਂ ਏਜੰਸੀਆਂ ਕਹਿੰਦੀਆਂ ਹਨ ਕਿ ਉੱਤਰੀ ਕੋਰੀਆ ਦੇ ਹੈਕਰ ਵਧੇਰੇ ਅਧੁਨਿਕ, ਵਧੇਰੇ ਬੇਰਹਿਮ ਅਤੇ ਪਹਿਲਾਂ ਨਾਲ਼ੋਂ ਵਧੇਰੇ ਅਭਿਲਾਸ਼ੀ ਹਨ।
ਕੋਸਮੋਸ ਬੈਂਕ ਦੀ ਚੋਰੀ ਲਈ, ਹੈਕਰਾਂ ਨੇ ਜੈਕਪੌਟਿੰਗ ਨਾਮੀ ਤਕਨੀਕ ਵਰਤੀ, ਕਿਉਂਕਿ ਇਸ ਤਰ੍ਹਾਂ ਕੈਸ਼ ਮਸ਼ੀਨਾਂ ਵਿੱਚੋਂ ਭਾਰੀ ਕੈਸ਼ ਕਢਵਾਉਣਾ ਸਲੌਟ ਮਸ਼ੀਨ ’ਤੇ ਜੈਕਪੌਟ ਲੱਗਣ ਜਿਹਾ ਹੈ।
ਪਹਿਲਾਂ ਇੱਕ ਫਿਸ਼ਿੰਗ ਈਮੇਲ ਜ਼ਰੀਏ ਬੈਂਕ ਦੀਆਂ ਮਸ਼ੀਨਾਂ ਨੂੰ ਪ੍ਰਭਾਵਿਤ ਕੀਤਾ ਗਿਆ ਸੀ, ਜਿਸ ਵਿੱਚ ਬੈਂਕ ਦੇ ਇੱਕ ਮੁਲਾਜ਼ਮ ਵੱਲੋਂ ਈਮੇਲ ਖੋਲ੍ਹੇ ਜਾਣ ’ਤੇ ਸਾਰਾ ਕੰਪਿਊਟਰ ਨੈਟਵਰਕ ਮਾਲਵੇਅਰ ਨਾਲ ਸੰਕਰਮਿਤ ਕੀਤਾ ਗਿਆ।
ਇੱਕ ਵਾਰ ਨੈਟਵਰਕ ਅੰਦਰ ਦਾਖਲ ਹੋਣ ਬਾਅਦ, ਹੈਕਰਾਂ ਨੇ ‘ਏਟੀਐੱਮ ਸਵਿੱਚ’ ਨਾਮੀ ਸਾਫਟਵੇਅਰ ਨੂੰ ਆਪਣੇ ਹਿਸਾਬ ਨਾਲ ਬਦਲਿਆ, ਜਿਸ ਜ਼ਰੀਏ ਕੈਸ਼ ਮਸ਼ੀਨ ਜ਼ਰੀਏ ਪੈਸੇ ਕਢਵਾਉਣ ਦੀ ਸਹਿਮਤੀ ਲੈਣ ਲਈ ਬੈਂਕ ਨੂੰ ਮੈਸੇਜ ਭੇਜਿਆ ਜਾਂਦਾ ਹੈ।
ਇਸ ਨਾਲ ਹੈਕਰਾਂ ਨੂੰ ਦੁਨੀਆ ਭਰ ਵਿੱਚ ਕਿਤੇ ਵੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੀ ਇਜਾਜ਼ਤ ਦੇਣ ਦੀ ਪਾਵਰ ਮਿਲ ਗਈ।
ਇੱਕ ਵਾਰ ਵਿੱਚ ਕਿਨੇ ਪੈਸੇ ਕਢਵਾਏ ਜਾ ਸਕਦੇ ਹਨ, ਸਿਰਫ਼ ਇੱਕੋ ਚੀਜ਼ ਸੀ ਜੋ ਉਹ ਨਹੀਂ ਬਦਲ ਸਕੇ ਸੀ ਇਸ ਲਈ ਉਨ੍ਹਾਂ ਨੂੰ ਬਹੁਤ ਸਾਰੇ ਕਾਰਡਾਂ ਅਤੇ ਪੈਸੇ ਕਢਵਾਉਣ ਲਈ ਲੋਕਾਂ ਦੀ ਲੋੜ ਪਈ।
ਪਹਿਲਾਂ ਤੋਂ ਕੀਤਾ ਗਿਆ ਬੈਂਕਿੰਗ ਦਾ ਅਭਿਆਸ
ਇਸ ਚੋਰੀ ਦੀ ਤਿਆਰੀ ਵਿੱਚ, ਉਨ੍ਹਾਂ ਨੇ ਅਸਲ ਬੈਂਕ ਡਾਟਾ ਵਰਤ ਕੇ ਏਟੀਐੱਮ ਵਿੱਚ ਵਰਤੇ ਜਾ ਸਕਣ ਵਾਲੇ ਕਲੋਨ ਏਟੀਐੱਮ ਕਾਰਡ ਬਣਵਾਏ।
ਬ੍ਰਿਟਿਸ਼ ਸਕਿਉਰਟੀ ਕੰਪਨੀ ਬੀਏਈ ਸਿਸਟਮਜ਼ ਨੂੰ ਤੁਰੰਤ ਸ਼ੱਕ ਹੋਇਆ ਕਿ ਇਹ ਕੰਮ ਲਾਜ਼ਾਰਸ ਗਰੁਪ ਦਾ ਸੀ। ਉਹ ਇਸ ਗਰੁਪ ’ਤੇ ਕਈ ਮਹੀਨਿਆਂ ਤੋਂ ਨਿਗਾਹ ਰੱਖ ਰਹੇ ਸੀ ਅਤੇ ਜਾਣਦੇ ਸੀ ਕਿ ਉਹ ਇੱਕ ਭਾਰਤੀ ਬੈਂਕ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸੀ।
ਸਿਰਫ਼ ਇਹ ਨਹੀਂ ਸੀ ਪਤਾ ਕਿ ਇਹ ਕਿਹੜਾ ਬੈਂਕ ਹੋਏਗਾ।
ਬੀਏਈ ਦੇ ਸਕਿਉਰਟੀ ਰਿਸਰਚਰ ਆਦਰੀਅਨ ਨੀਸ਼ ਕਹਿੰਦੇ ਹਨ, “ਕੋਈ ਹੋਰ ਕ੍ਰਿਮਿਨਲ ਅਪਰੇਸ਼ਨ ਹੁੰਦਾ ਤਾਂ ਬਹੁਤ ਵੱਡਾ ਸੰਯੋਗ ਹੋਣਾ ਸੀ। ਲਾਜ਼ਾਰਾਸ ਗਰੁਪ ਬਹੁਤ ਅਭਿਲਾਸ਼ੀ ਅਤੇ ਪਰਭਾਵੀ ਹੈ। ਜ਼ਿਆਦਾ ਕ੍ਰਿਮਿਨਲ ਗਰੁੱਪ ਕੁਝ ਕੁ ਲੱਖ ਡਾਰਲ ਲੈ ਕੇ ਖੁਸ਼ ਹੋ ਜਾਣੇ ਸੀ ਅਤੇ ਉੱਥੇ ਰੁਕ ਜਾਣੇ ਸੀ।”
ਕੋਸਮੋਸ ਬੈਂਕ ਚੋਰੀ ਵਿੱਚ ਵਰਤਿਆ ਲੌਜੀਸਿਟਿਕਸ ਵੀ ਹੈਰਾਨ ਕਰਨ ਵਾਲਾ ਹੈ।
ਹੈਕਰਾਂ ਨੇ 28 ਦੇਸ਼ਾਂ ਵਿੱਚ ਇਸ ਚੋਰੀ ਵਿੱਚ ਸ਼ਾਮਲ ਕਰਨ ਵਾਲੇ ਬੰਦੇ ਕਿਵੇਂ ਲੱਭੇ, ਇਨ੍ਹਾਂ ਵਿੱਚੋਂ ਉਹ ਵੀ ਦੇਸ਼ ਹਨ ਜਿੱਥੇ ਉੱਤਰੀ ਕੋਰੀਆ ਦੇ ਨਾਗਰਿਕ ਕਾਨੂੰਨੀ ਤੌਰ ’ਤੇ ਨਹੀਂ ਜਾ ਸਕਦੇ।
ਸੋਸ਼ਲ ਮੀਡੀਆ ’ਤੇ ਚੋਰੀ ਦੇ ਢੰਗ ਮੌਜੂਦ ਹੋਣਾ
ਅਮਰੀਕਾ ਦੇ ਤਕਨੀਕੀ ਸੁਰੱਖਿਆ ਜਾਂਚ ਕਰਤਾ ਮੰਨਦੇ ਹਨ ਕਿ ਲਾਜ਼ਾਰਸ ਗਰੁਪ ਇੱਕ ਖਾਸ ਮਦਦਗਾਰ ਨੂੰ ਡਾਰਕ ਵੈਬ ’ਤੇ ਮਿਲੇ ਜਿੱਥੇ ਹੈਕਿੰਗ ਦੀਆਂ ਬਕਾਇਆਂ ਫੋਰਮਾਂ ਹਨ ਅਤੇ ਜਿੱਥੇ ਕ੍ਰਿਮਿਨਲ ਆਪਣੀਆਂ ਸੇਵਾਵਾਂ ਵੇਚਦੇ ਹਨ।
ਫ਼ਰਵਰੀ 2018 ਵਿੱਚ, ਖੁਦ ਨੂੰ ਬਿਗ ਬੌਸ ਕਹਿਣ ਵਾਲੇ ਇੱਕ ਯੂਜ਼ਰ ਨੇ ਕ੍ਰੈਡਿਟ ਕਾਰਡ ਜ਼ਰੀਏ ਠੱਗੀ ਮਾਰਨ ਲਈ ਟਿਪਸ ਪੋਸਟ ਕੀਤੀਆਂ।
ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਕਲੋਨ ਏਟੀਐੱਮ ਕਾਰਡ ਬਣਾਉਣ ਵਾਲੇ ਉਪਕਰਨ ਹਨ ਅਤੇ ਉਸ ਦਾ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਮਨੀ ਮਿਊਲਜ਼(ਪੈਸੇ ਢੋਲਣ ਵਾਲਿਆਂ) ਨਾਲ ਸੰਪਰਕ ਹੈ।
ਇਹੀ ਉਹ ਸਰਵਿਸ ਸੀ ਜੋ ਲਾਜ਼ਾਰਸ ਗਰੁੱਪ ਨੂੰ ਕੋਸਮੋਸ ਬੈਂਕ ’ਤੇ ਹਮਲਾ ਕਰਨ ਲਈ ਚਾਹੀਦੀ ਸੀ ਅਤੇ ਉਨ੍ਹਾਂ ਨੇ ਬਿਗ ਬੌਸ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਅਸੀਂ ਅਮਰੀਕਾ ਵਿੱਚ ਇੱਕ ਟੈਕ ਸਕਿਉਰਟੀ ਕੰਪਨੀ ਇੰਟੈਲ 471 ਵਿੱਚ ਚੀਫ਼ ਇੰਟੈਲੀਜੈਂਸ ਅਫ਼ਸਰ ਮਾਈਕ ਡੀਬੋਲਟ ਨੂੰ ਉਨ੍ਹਾਂ ਦੇ ਸਾਥੀ ਬਾਰੇ ਹੋਰ ਪਤਾ ਕਰਨ ਲਈ ਕਿਹਾ।
ਡੀਬੋਲਟ ਦੀ ਟੀਮ ਨੂੰ ਪਤਾ ਲੱਗਿਆ ਕਿ ਬਿਗ ਬੌਸ ਪਿਛਲੇ 14 ਸਾਲ ਤੋਂ ਸਰਗਰਮ ਹੈ ਅਤੇ ਉਸ ਦੇ ਜੀ, ਹਬੀਬੀ ਅਤੇ ਬੈਕਵੁੱਡ ਜਿਹੇ ਕਈ ਹੋਰ ਨਾਮ ਵੀ ਹਨ। ਉਹ ਇੱਕੋ ਈਮੇਲ ਜ਼ਰੀਏ ਵੱਖਰੇ ਪਲੇਟਫੋਰਮਜ਼ ਜ਼ਰੀਏ ਜਾਂਦਾ ਸੀ, ਜਿਸ ਕਾਰਨ ਸੁਰੱਖਿਆ ਮਾਹਿਰ ਇਹ ਲੱਭ ਸਕੇ।
ਡੀਬੋਲਟ ਕਹਿੰਦੇ ਹਨ, “ਉਹ ਬੱਸ ਸੁਸਤ ਬਣ ਰਿਹਾ ਹੈ। ਅਸੀਂ ਅਕਸਰ ਇਹ ਦੇਖਦੇ ਹਾਂ। ਇੱਥੇ ਕੰਮ ਕਰਨ ਵਾਲੇ ਅਕਸਰ ਫੋਰਮ ’ਤੇ ਆਪਣੇ ਨਾਮ ਬਦਲ ਲੈੰਦੇ ਹਨ, ਪਰ ਈਮੇਲ ਉਹੀ ਰੱਖਦੇ ਹਨ।”
ਸਾਲ 2019 ਵਿੱਚ, ਬਿਗ ਬੌਸ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 36 ਸਾਲਾ ਕੈਨੇਡੀਅਨ ਗ਼ਾਲਿਬ ਅਲੌਮਾਰੀ ਵਜੋਂ ਪਛਾਣਿਆ ਗਿਆ ਸੀ।
ਉਸ ਨੂੰ ਉੱਤਰੀ ਕੋਰੀਆਂ ਦੀਆਂ ਬੈਂਕ ਚੋਰੀਆਂ ਦਾ ਦੋਸ਼ੀ ਮੰਨਦਿਆਂ ਗਿਆਰਾਂ ਸਾਲ, ਅੱਠ ਮਹੀਨੇ ਕੈਦ ਦੀ ਸਜ਼ਾ ਦਿੱਤੀ ਗਈ ਸੀ।
ਉੱਤਰੀ ਕੋਰੀਆ ਨੇ ਕੋਸਮੋਸ ਬੈਂਕ ਚੋਰੀ ਜਾਂ ਕਿਸੇ ਹੋਰ ਹੈਕਿੰਗ ਸਕੀਮ ਵਿੱਚ ਸ਼ਮੂਲੀਅਤ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਬੀਬੀਸੀ ਨੇ ਲੰਡਨ ਵਿੱਚ ਉੱਤਰੀ ਕੋਰੀਆ ਦੀ ਅੰਬੈਸੀ ਕੋਲ ਇਨ੍ਹਾਂ ਇਲਜ਼ਾਮਾਂ ਬਾਰੇ ਪੁੱਛਿਆ, ਪਰ ਕੋਈ ਜਵਾਬ ਨਹੀਂ ਮਿਲਿਆ।
ਹਾਲਾਂਕਿ, ਜਦੋਂ ਅਸੀਂ ਅੰਬੈਸਡਰ ਚੋਏ ਨੂੰ ਪਿਛਲੀ ਵਾਰ ਸੰਪਰਕ ਕੀਤਾ ਸੀ ਤਾਂ ਉਨ੍ਹਾਂ ਨੇ ਉੱਤਰੀ ਕੋਰੀਆ ’ਤੇ ਹੈਕਿੰਗ ਕਰਵਾਉਣ ਦੇ ਇਲਜ਼ਾਮਾਂ ਨੂੰ ਇੱਕ ਮਜ਼ਾਕ ਅਤੇ ਅਮਰੀਕਾ ਵੱਲੋਂ ਉਨ੍ਹਾਂ ਦੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ।
ਫ਼ਰਵਰੀ 2021 ਵਿੱਚ, ਐੱਫ਼ਬੀਆਈ ਅਤੇ ਨਿਆਂ ਵਿਭਾਗ ਨੇ ਲਾਜ਼ਾਰਸ ਗਰੁਪ ਦੇ ਤਿੰਨ ਸਾਥੀਆਂ ਜੋਨ ਚੈਂਗ ਹਿਓਕ, ਕਿਮ ਇਲ ਅਤੇ ਪਾਰਕ ਜਿਨ ਹਿਓਕ ਤੇ ਉੱਤਰੀ ਕੋਰੀਆਂ ਦੀ ਮਿਲਟਰੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਨ ਦੇ ਇਲਜ਼ਾਮ ਐਲਾਨੇ ਸੀ। ਉਨ੍ਹਾਂ ਦੇ ਹੁਣ ਵਾਪਸ ਪਿਓਂਗਾਇੰਗ ਚਲੇ ਜਾਣ ਬਾਰੇ ਕਿਹਾ ਜਾ ਰਿਹਾ ਹੈ।
ਯੂਐਸ ਅਤੇ ਦੱਖਣੀ ਕੋਰੀਆ ਦੀਆਂ ਅਥਾਰਟੀਜ਼ ਦਾ ਅਨੁਮਾਨ ਹੈ ਕਿ ਉੱਤਰੀ ਕੋਰੀਆ ਕੋਲ ਤਕਰੀਬਨ 7,000 ਟਰੇਨਡ ਹੈਕਰ ਹਨ। ਉਨ੍ਹਾਂ ਦੇ ਦੇਸ਼ ਵਿੱਚੋਂ ਹੀ ਕੰਮ ਕਰਨ ਦੀ ਉਮੀਦ ਘੱਟ ਹੈ। ਇਨ੍ਹਾਂ ਨੂੰ ਅਕਸਰ ਹੋਰ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ।
ਉੱਤਰੀ ਕੋਰੀਆ ਦੇ ਸਾਬਕਾ ਡਿਪਲੋਮੈਟ ਰਿਊ ਹਿਉਨ ਵੂ ਨੇ ਜਾਣਕਾਰੀ ਦਿੱਤੀ ਕਿ ਵਿਦੇਸ਼ਾਂ ਵਿੱਚ ਹੈਕਰਾਂ ਦਾ ਨੈਟਵਰਕ ਕਿਵੇਂ ਕੰਮ ਕਰਦਾ ਹੈ।
ਸਾਲ 2017 ਵਿੱਚ, ਉਹ ਕੁਵੈਤ ਵਿੱਚ ਉੱਤਰੀ ਕੋਰੀਆ ਦੀ ਅੰਬੈਸੀ ਵਿੱਚ ਕੰਮ ਕਰ ਰਹੇ ਸੀ ਅਤੇ ਉੱਥੇ ਕਰੀਬ 10,000 ਉੱਤਰੀ ਕੋਰੀਅਨਾਂ ਦੇ ਰੁਜ਼ਗਾਰ ਵਿੱਚ ਮਦਦ ਕਰਨ ਬਾਰੇ ਦੇਖ ਰਹੇ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਨੂੰ ਉੱਤਰੀ ਕੋਰੀਆਂ ਦੇ ਇੱਕ ਹੈਂਡਲਰ ਵੱਲੋਂ ਕਾਲ ਆਈ ਜੋ ਕਿ ਦੁਬਈ ਦੇ ਭੀੜੇ ਕੁਆਟਰਾਂ ਵਿੱਚ ਰਹਿੰਦੇ 19 ਹੈਕਰਾਂ ਦੇ ਰਹਿਣ ਸਹਿਣ ਦੀ ਨਿਗਰਾਨੀ ਰੱਖਦਾ ਸੀ। ਉਸ ਨੇ ਕਿਹਾ, “ਉਨ੍ਹਾਂ ਨੂੰ ਬੱਸ ਇਹੀ ਚਾਹੀਦਾ ਹੈ, ਇੱਕ ਕੰਪਿਊਟਰ ਜੋ ਇੰਟਰਨੈਟ ਨਾਲ ਜੁੜਿਆ ਹੋਵੇ।”
ਉੱਤਰੀ ਕੋਰੀਆ ਵਿਦੇਸ਼ਾਂ ਵਿੱਚ ਹੈਕਰ ਬਿਠਾਉਣ ਦੇ ਇਲਜ਼ਾਮ ਨਕਾਰਦਾ ਹੈ। ਪਰ ਸ੍ਰੀਮਾਨ ਰਿਊ ਨੇ ਜੋ ਦੱਸਿਆ ਉਹ ਐਫਬੀਆਈ ਵੱਲੋਂ ਇਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਮੇਲ ਖਾਂਦਾ ਹੈ।
ਸਤੰਬਰ 2017 ਵਿੱਚ, ਸੰਯੁਕਤ ਰਾਸ਼ਟਰ ਸਕਿਉਰਟੀ ਕਾਊਂਸਲ ਨੇ ਉੱਤਰੀ ਕੋਰੀਆ ’ਤੇ ਸਖ਼ਤ ਪਾਬੰਦੀਆਂ ਲਗਾਈਆਂ, ਈਂਧਣ ਆਯਾਤ ਘਟਾਇਆ ਗਿਆ, ਨਿਰਯਾਤ ਪ੍ਰਤੀਬੰਧਤ ਕੀਤਾ ਅਤੇ ਮੰਗ ਕੀਤੀ ਕਿ ਯੂਐਨ ਦੇ ਮੈਂਬਰ ਦੇਸ਼ ਉੱਤਰੀ ਕੋਰੀਆਂ ਦੇ ਵਰਕਰਾਂ ਨੂੰ ਦਸੰਬਰ 2019 ਤੱਕ ਵਾਪਸ ਭੇਜਣਗੇ।
ਫਿਰ ਵੀ ਹੈਕਰ ਸਰਗਰਮ ਜਾਪਦੇ ਹਨ। ਹੁਣ ਉਹ ਕ੍ਰਿਪਟੋ ਕਰੰਸੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕਰੀਬ 3.2ਬਿਲੀਅਨ ਡਾਲਰ ਚੋਰੀ ਕਰਨ ਦਾ ਅਨੁਮਾਨ ਹੈ।
ਅਮਰੀਕਨ ਅਧਿਕਾਰੀਆਂ ਨੇ ਉਨ੍ਹਾਂ ਨੂੰ ‘ਬੰਦੂਕਾਂ ਦੀ ਬਜਾਏ ਕੀਬੋਰਡ ਵਰਤਣ ਵਾਲੇ ਦੁਨੀਆ ਦੇ ਸਭ ਤੋਂ ਮੋਹਰੀ ਬੈਂਕ ਚੋਰ’ ਕਿਹਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਡੇਰਾ ਸੱਚਖੰਡ ਬੱਲਾਂ ਦਾ ਕਿਵੇਂ ਹੋਇਆ ਉਭਾਰ ਤੇ ਇਸ ਦੀ ਸਿਆਸੀ ਅਹਿਮੀਅਤ ਕੀ ਹੈ
NEXT STORY