ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਪਰ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪੂਰੇ ਪਾਕਿਸਤਾਨ ਵਿੱਚ ਹਿੰਸਾ ਅਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋਣ ਤੱਕ ਸੁਰੱਖਿਆ ਦੇ ਮੱਦੇਨਜ਼ਰ, ਅਦਾਲਤ ਦੀ ਨਿਗਰਾਨੀ ਵਿੱਚ ਪੁਲੀਸ ਸੁਰੱਖਿਆ ਹੇਠ ਰਹਿਣਾ ਹੋਵੇਗਾ।
ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਇਮਰਾਨ ਖਾਨ ਨੂੰ ਕਿਹਾ ਕਿ ਤੁਹਾਡੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ ਹੈ, ਇਸ ਲਈ ਪੂਰੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਦੇਖਣ ਦੀ ਲੋੜ ਹੈ।
ਜਸਟਿਸ ਬੰਦਿਆਲ ਨੇ ਕਿਹਾ, "ਅਸੀਂ ਪ੍ਰਸਤਾਵ ਦਿੰਦੇ ਹਾਂ ਕਿ ਪੇਸ਼ੀ ਦੌਰਾਨ ਇਸਲਾਮਾਬਾਦ ਪੁਲਿਸ ਸੁਰੱਖਿਆ ਮੁਹੱਈਆ ਕਰਵਾਏਗੀ ਅਤੇ ਇਮਰਾਨ ਖਾਨ ਨੂੰ ਉਨ੍ਹਾਂ ਰਿਸ਼ਤੇਦਾਰਾਂ ਅਤੇ ਵਕੀਲਾਂ ਦੇ ਨਾਵਾਂ ਦੀ ਸੂਚੀ ਦੇਣੀ ਪਵੇਗੀ ਜਿਨ੍ਹਾਂ ਨੂੰ ਉਹ ਪੁਲਿਸ ਲਾਈਨ ਹੈੱਡਕੁਆਰਟਰ ਵਿੱਚ ਮਿਲਣਾ ਚਾਹੁੰਦੇ ਹਨ।"
ਇਮਰਾਨ ਖਾਨ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਇਸਲਾਮਾਬਾਦ ਤੋਂ ਬਾਹਰ ਆਪਣੇ ਫ਼ਾਰਮ ਹਾਊਸ ''ਤੇ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਇਮਰਾਨ ਖਾਨ ਦੇ ਵਕੀਲ ਬਾਬਰ ਅਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਵਲੋਂ ਪ੍ਰਸਤਾਵਿਤ ਥਾਂ ''ਤੇ ਹੀ ਰਹਿਣਗੇ ਅਤੇ ਆਪਣੇ ਕਰੀਬੀ ਲੋਕਾਂ ਨੂੰ ਮਿਲ ਸਕਦੇ ਹਨ।
ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਠਹਿਰਾਏ ਜਾਣ ਤੋਂ ਪਹਿਲਾਂ, ਬੁੱਧਵਾਰ ਨੂੰ ਇਸਲਾਮਾਬਾਦ ਦੀ ਪੁਲਿਸ ਲਾਈਨਜ਼ ’ਚ ਇੱਕ ਅਸਥਾਈ ਅਦਾਲਤ ਬੈਠੀ ਸੀ ਜਿਸ ਨੇ ਇਮਰਾਨ ਖਾਨ ਮਾਮਲੇ ਦੀ ਸੁਣਵਾਈ ਕੀਤੀ ਸੀ।
ਇਮਰਾਨ ਖਾਨ ਦੇ ਮਾਮਲੇ ਦੀ ਸੁਣਵਾਈ ਨੈਸ਼ਨਲ ਅਕਾਉਂਟੇਬਿਲਟੀ ਬਿਊਰੋ (ਨੈਬ) ਦੇ ਜੱਜ ਮੁਹੰਮਦ ਬਸ਼ੀਰ ਕਰ ਰਹੇ ਸਨ।
ਨੈਬ ਦੇ ਵਕੀਲਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਖਾਨ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਜੱਜ ਮੁਹੰਮਦ ਬਸ਼ੀਰ ਨੇ ਸਿਰਫ਼ ਅੱਠ ਦਿਨਾਂ ਦਾ ਹੀ ਰਿਮਾਂਡ ਦਿੱਤਾ ਸੀ।
ਮੁਹੰਮਦ ਬਸ਼ੀਰ ਲੰਘੇ 11 ਸਾਲਾਂ ਤੋਂ ਇਸ ਆਹੁਦੇ ’ਤੇ ਹਨ ਤੇ 2021 ’ਚ ਉਨ੍ਹਾਂ ਦਾ ਦੂਜਾ ਕਾਰਜਕਾਲ ਖ਼ਤਮ ਹੋਣ ਸਮੇਂ ਤਤਕਾਲੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਹੀ ਉਨ੍ਹਾਂ ਦਾ ਕਾਰਕਾਲ ਤਿੰਨ ਸਾਲ ਹੋਰ ਵਧਾ ਦਿੱਤਾ ਸੀ।
ਕੌਣ ਹਨ ਜੱਜ ਮੁਹੰਮਦ ਬਸ਼ੀਰ?
ਜਸਟਿਸ ਮੁਹੰਮਦ ਬਸ਼ੀਰ ਇਸਲਾਮਾਬਾਦ ’ਚ ਨੈਬ ਦੀਆਂ ਤਿੰਨਾਂ ਅਦਾਲਤਾਂ ਦੇ ਪ੍ਰਬੰਧਕੀ ਜੱਜ ਹਨ।
ਇਸ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਦੀ ਰਾਜਧਾਨੀ ’ਚ ਜੋ ਵੀ ਨੈਬ ਦਾ ਮਾਮਲਾ ਆਵੇਗਾ, ਉਸ ਦੀ ਸੁਣਵਾਈ ਜੱਜ ਬਸ਼ੀਰ ਹੀ ਕਰਨਗੇ।
ਉਨ੍ਹਾਂ ਕੋਲ ਕੇਸ ਸੁਣਨ ਜਾਂ ਨਾ ਸੁਣਨ ਦਾ ਬਦਲ ਮੌਜੂਦ ਰਹਿੰਦਾ ਹੈ। ਉਹ ਚਾਹੁਣ ਤਾਂ ਉਹ ਨੈਬ ਕੋਲ ਆਏ ਕਿਸੇ ਵੀ ਮਾਮਲੇ ਨੂੰ ਤਿੰਨਾਂ ਅਦਾਲਤਾਂ ਦੇ ਕਿਸੇ ਵੀ ਜੱਜ ਕੋਲ ਭੇਜ ਸਕਦੇ ਹਨ।
ਪਾਕਿਸਤਾਨ ਦੇ ਕਾਨੂੰਨ ਮੰਤਰਾਲੇ ਦੇ ਨਿਯਮਾਂ ਦੇ ਮੁਤਾਬਕ, ਨੈਬ ਦੇ ਜੱਜਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਜਾਂਦੀ ਹੈ। ਪਰ ਜੱਜ ਬਸ਼ੀਰ ’ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਹੈ।
ਜੱਜ ਬਸ਼ੀਰ ਇਸਲਾਮਾਬਾਦ ’ਚ ਨੈਬ ਦੇ ਕੋਰਟ ਨੰਬਰ 1 ’ਚ ਪਿਛਲੇ 11 ਸਾਲਾਂ ਤੋਂ ਨਿਯੁਕਤ ਹਨ। ਉਨ੍ਹਾਂ ਨੂੰ ਸਾਲ 2012 ’ਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਜ਼ੀਰ-ਏ-ਆਜ਼ਮ ਯੂਸਫ਼ ਰਜ਼ਾ ਗਿਲਾਨੀ ਨੇ ਨਿਯੁਕਤ ਕੀਤਾ ਸੀ।
ਇਸ ਤੋਂ ਬਾਅਦ 2018 ’ਚ ਨਵਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਤਿੰਨ ਸਾਲਾਂ ਲਈ ਨਿਯੁਕਤ ਕਰ ਦਿੱਤਾ ਸੀ।
2021 ’ਚ ਉਨ੍ਹਾਂ ਦਾ ਦੂਜਾ ਕਾਰਜਕਾਲ ਖ਼ਤਮ ਹੋਇਆ , ਪਰ ਤਤਕਾਲੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਵੀ ਉਨ੍ਹਾਂ ਨੂੰ ਹੋਰ ਤਿੰਨ ਸਾਲਾਂ ਲਈ ਆਪਣੇ ਅਹੁਦੇ ’ਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ।
ਬੀਬੀਸੀ ਉਰਦੂ ਦੇ ਸ਼ਹਿਜ਼ਾਦ ਮਲਿਕ ਦੱਸਦੇ ਹਨ ਕਿ 2024 ’ਚ ਉਨ੍ਹਾਂ ਨੂੰ ਇੱਕ ਹੋਰ ਐਕਸਟੈਂਸ਼ਨ ਦੇਣ ਦੀ ਫ਼ਾਈਲ ਵੀ ਵਿਚਾਰ ਅਧੀਨ ਹੈ।
ਨੈਬ ਦੇ ਜੱਜਾਂ ਦੀ ਨਿਯੁਕਤੀ ਹੁੰਦੀ ਕਿਵੇਂ ਹੈੈ?
ਆਮਿਰ ਸਈਦ ਅੱਬਾਸੀ ਪਾਕਿਸਤਾਨੀ ਟੀਵੀ ਚੈਨਲ ‘ਦੁਨੀਆਂ’ ਦੇ ਇੱਕ ਸੀਨੀਅਰ ਕੋਰਟ ਪੱਤਰਕਾਰ ਹਨ।
ਅੱਬਾਸੀ ਕਹਿੰਦੇ ਹਨ ਕਿ ਨਿਯੁਕਤੀ ਦੇ ਲਈ ਜੱਜ ਦੇ ਨਾਮ ਦਾ ਸੁਝਾਅ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਕਾਨੂੰਨ ਮੰਤਰਾਲੇ ਨੂੰ ਭੇਜਿਆ ਜਾਂਦਾ ਹੈ।
ਇਸ ਤੋਂ ਬਾਅਦ ਕਾਨੂੰਨ ਮੰਤਰਾਲਾ ਇਸ ਪ੍ਰਸਤਾਵ ਨੂੰ ਕੈਬਨਿਟ ਸਾਹਮਣੇ ਰੱਖਦਾ ਹੈ।
ਕੈਬਨਿਟ ਦੀ ਸਹਿਮਤੀ ਤੋਂ ਬਾਅਦ ਇਹ ਫ਼ਾਈਲ ਰਾਸ਼ਟਰਪਤੀ ਕੋਲ ਭੇਜੀ ਜਾਂਦੀ ਹੈ , ਜਿੱਥੇ ਇਸ ’ਤੇ ਅੰਤਿਮ ਮੋਹਰ ਲੱਗਦੀ ਹੈ।
ਸੈਸ਼ਨ ਜੱਜ ਮੁਹੰਮਦ ਬਸ਼ੀਰ ਦਾ ਨਾਮ ਇਸਲਾਮਾਬਾਦ ਹਾਈ ਕੋਰਟ ਦੇ ਦੋ ਮੁੱਖ ਜੱਜਾਂ ਵੱਲੋਂ ਸੁਝਾਇਆ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਜੱਜ ਬਸ਼ੀਰ ਨੂੰ ਪਾਕਿਸਤਾਨ ਦੀਆਂ ਤਿੰਨੋਂ ਵੱਡੀਆਂ ਸਿਆਸੀਆਂ ਪਾਰਟੀਆਂ ਦੇ ਕਾਰਜਕਾਲ ਦੌਰਾਨ ਐਕਸਟੈਂਸ਼ਨ ਮਿਲੀ ਅਤੇ ਜਿਸ ਵੀ ਵਜ਼ੀਰ-ਏ-ਆਜ਼ਮ ਨੇ ਉਨ੍ਹਾਂ ਦੇ ਕਾਰਜਕਾਲ ’ਚ ਵਾਧਾ ਕਰਵਾਇਆ, ਉਹੀ ਉਨ੍ਹਾਂ ਦੇ ਸਾਹਮਣੇ ਮੁਲਜ਼ਮ ਬਣ ਕੇ ਪੇਸ਼ ਹੋਇਆ।
ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੋ ਕੁਝ ਹੋਇਆ
- ਮੰਗਲਵਾਰ ਨੂੰ ਜਦੋਂ ਇਮਰਾਨ ਖਾਨ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ੀ ਲਈ ਜਾ ਰਹੇ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
- ਇਮਰਾਨ ਖਾਨ ਦੀ ਗ੍ਰਿਫ਼ਤਾਰੀ ਖਿਲਾਫ਼ ਲਾਹੌਰ ਸਣੇ ਕਈ ਥਾਵਾਂ ਉੱਤੇ ਹਿੰਸਕ ਮੁਜ਼ਾਹਰੇ ਹੋਏ।
- ਪੀਟੀਆਈ ਦੇ ਲੀਡਰਸ਼ਿਪ ਨੇ ਇੱਕ ਐਮਰਜੈਂਸੀ ਬੈਠਕ ਬੁਲਾ ਕੇ ਆਪਣੇ ਚੇਅਰਮੈਨ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਅਤੇ ਇਸ ਖਿਲਾਫ਼ ਨਿੰਦਾ ਮਤਾ ਪਾਸ ਕੀਤਾ।
- ਪਾਰਟੀ ਨੇ ਐਲਾਨ ਕੀਤਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਤੱਕ ‘‘ਸ਼ਾਂਤਮਈ’’ ਰੋਸ ਮੁਜ਼ਾਹਰੇ ਜਾਰੀ ਰਹਿਣਗੇ। ਵਰਕਰਾਂ ਨੂੰ ਇਸਲਾਮਾਬਾਦ ਕੋਰਟ ਅੱਗੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ।
- ਸੁਰੱਖਿਆ ਦੇ ਹਰ ਪਾਸੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ , ਦੇਸ ਭਰ ਵਿੱਚ ਮੋਬਾਈਲ ਬਰੌਡਬੈਂਡ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕੁਝ ਹੱਦ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ।
- ਵੱਖ ਵੱਖ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।
- ਸਕੂਲ ਅਤੇ ਕਾਲਜ ਪੱਧਰ ਦੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ, ਆਈਲੈੱਟਸ ਦੀ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਹੈ।
- ਸਰਕਾਰ ਨੇ ਹਿੰਸਕ ਮੁਜ਼ਾਹਰਿਆਂ ਵਿੱਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੀ ਗੱਲ ਰਹੀ ਹੈ।
- ਪੁਲਿਸ ਮੁਤਾਬਕ ਪੰਜਾਬ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ''ਚ ਹੁਣ ਤੱਕ 2000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
- ਵੀਰਵਾਰ ਨੂੰ ਅਦਾਲਤ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਪਰ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਚਾਰ ਵਜ਼ੀਰ-ਏ-ਆਜ਼ਮ ਉਨ੍ਹਾਂ ਅੱਗੇ ਪੇਸ਼ ਹੋਏ
ਜੱਜ ਬਸ਼ੀਰ ਦੇ ਸਬੰਧ ’ਚ ਇੱਕ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਸਾਲ 2012 ਤੋਂ ਬਾਅਦ 4 ਪ੍ਰਧਾਨ ਮੰਤਰੀਆਂ ਨੂੰ ਮੁਲਜ਼ਮ ਵੱਜੋਂ ਆਪਣੀ ਅਦਾਲਤ ’ਚ ਪੇਸ਼ ਹੁੰਦਿਆਂ ਵੇਖਿਆ ਹੈ।
ਇਨ੍ਹਾਂ ’ਚ ਪੀਪਲਜ਼ ਪਾਰਟੀ ਦੇ ਰਾਜਾ ਪਰਵੇਜ਼ ਅਸ਼ਰਫ਼, ਮੁਸਲਿਮ ਲੀਗ (ਨਵਾਜ਼) ਦੇ ਸ਼ਾਹਿਦ ਖ਼ਾਕਾਨ ਅੱਬਾਸੀ ਅਤੇ ਨਵਾਜ਼ ਸ਼ਰੀਫ਼ ਅਤੇ ਹੁਣ ਤਹਿਰੀਕ-ਏ-ਇਨਸਾਫ ਦੇ ਇਮਰਾਨ ਖਾਨ ਸ਼ਾਮਲ ਹਨ।
ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਅਤੇ ਜਵਾਈ ਕੈਪਟਨ ਸਫ਼ਦਰ ਨੂੰ ਜੱਜ ਬਸ਼ੀਰ ਨੇ ਹੀ ਐਵੇਨਫੀਲਡ ਅਪਾਰਟਮੈਂਟ ਮਾਮਲੇ ’ਚ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਭੇਜਿਆ ਸੀ।
ਪੱਤਰਕਾਰ ਆਮਿਰ ਸਈਦ ਅੱਬਾਸੀ ਦੱਸਦੇ ਹਨ ਕਿ ਜੱਜ ਬਸ਼ੀਰ ਦਾ ਕਰੀਅਰ ਬਹੁਤ ਹੀ ਦਿਲਚਸਪ ਰਿਹਾ ਹੈ।
ਉਹ ਕਹਿੰਦੇ ਹਨ, “ਆਮ ਤੌਰ ’ਤੇ ਜੱਜਾਂ ਦੀ ਨਿਯੁਕਤੀ ਸਿਰਫ ਇੱਕ ਹੀ ਕਾਰਜਕਾਲ ਲਈ ਹੁੰਦੀ ਹੈ। ਪਰ ਮੁਹੰਮਦ ਬਸ਼ੀਰ ਨੂੰ 4 ਵਾਰ ਇਸ ਅਹੁਦੇ ’ਤੇ ਵਿਰਾਜਮਾਣ ਹੋਣ ਦਾ ਮੌਕਾ ਮਿਲਿਆ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਵਿਅਕਤੀ ਹਨ।”
“ਅਜਿਹੇ ਬਹੁਤ ਹੀ ਘੱਟ ਮਾਮਲੇ ਹਨ ਜਦੋਂ ਕਿਸੇ ਜੱਜ ਦੀ ਮੁੜ ਨਿਯੁਕਤੀ ਕੀਤੀ ਗਈ ਹੋਵੇ। ਮਿਸਾਲ ਦੇ ਤੌਰ ’ਤੇ 2018 ’ਚ ਚੀਫ਼ ਜਸਟਿਸ ਸਾਕਿਬ ਨਿਸਾਰ ਵੱਲੋਂ ਉਨ੍ਹਾਂ ਦੀ ਦੁਬਾਰਾ ਨਿਯੁਕਤੀ ਸਬੰਧੀ ਬਹੁਤ ਦਬਾਅ ਸੀ।”
“ਉਸ ਸਮੇਂ ਸੁਪਰੀਮ ਕੋਰਟ ਦੇ ਸੁਪਰਵਾਈਜ਼ਰ ਜੱਜ ਜਸਟਿਸ ਇਜਾਜ਼ ਉਲ ਅਹਿਸਾਨ ਇਸ ਮਾਮਲੇ ਨੂੰ ਲਗਾਤਾਰ ਵੇਖ ਰਹੇ ਸਨ। ਉਨ੍ਹਾਂ ਨੇ ਯਕੀਨੀ ਬਣਾਇਆ ਕਿ ਮੁਹੰਮਦ ਬਸ਼ੀਰ ਦੀ ਮੁੜ ਨਿਯੁਕਤੀ ਦਾ ਨੋਟੀਫਿਕੇਸ਼ਨ ਛੇਤੀ ਤੋਂ ਛੇਤੀ ਜਾਰੀ ਕੀਤਾ ਜਾਵੇ।”
ਅੱਬਾਸੀ ਅੱਗੇ ਕਹਿੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਅਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਉਨ੍ਹਾਂ ਦੀ ਅਦਾਲਤ ’ਚੋਂ ਕਾਫ਼ੀ ਰਾਹਤ ਮਿਲੀ ਸੀ। ਉਹ 5 ਮਾਮਲਿਆਂ ’ਚ ਬਰੀ ਹੋ ਗਏ ਸਨ।
ਜਦੋਂ 2017 ’ਚ ਤਤਕਾਲੀ ਵਿੱਤ ਮੰਤਰੀ ਇਸ਼ਾਕ ਡਾਰ ਉਨ੍ਹਾਂ ਦੀ ਅਦਾਲਤ ’ਚ ਪੇਸ਼ ਨਹੀਂ ਹੋਏ ਤਾਂ ਮੁਹੰਮਦ ਬਸ਼ੀਰ ਦੀ ਅਦਾਲਤ ਏਸੀ-1 ਨੇ ਉਨ੍ਹਾਂ ਨੂੰ ਐਲਾਨਿਆ ਹੋਇਆ ਮੁਲਜ਼ਮ ਕਰਾਰ ਦੇ ਦਿੱਤਾ ਸੀ।
ਸਜ਼ਾ ਤੋਂ ਬਚਣ ਲਈ ਡਾਰ ਵਿਦੇਸ਼ ’ਚ ਘਰ ਵਿੱਚ ਹੀ ਕੈਦ ਰਹੇ।
ਪਰ ਜੱਜ ਨੇ ਆਪਣੇ ਪਹਿਲੇ ਫ਼ੈਸਲੇ ਨੂੰ ਪਲਟ ਦਿੱਤਾ ਅਤੇ ਕਾਨੂੰਨੀ ਏਜੰਸੀਆਂ ਨੂੰ ਇਸ਼ਾਕ ਡਾਰ ਨੂੰ ਗ੍ਰਿਫਤਾਰ ਨਾ ਕਰਨ ਦੀ ਹਦਾਇਤ ਕੀਤੀ, ਕਿਉਂਕਿ ਉਹ ਪਿਛਲੇ ਸਾਲ ਪਾਕਿਸਤਾਨ ਵਾਪਸ ਪਰਤ ਕੇ ਮੌਜੂਦਾ ਪੀਡੀਐੱਮ ’ਚ ਬਤੌਰ ਵਿੱਤ ਮੰਤਰੀ ਅਹੁਦਾ ਸੰਭਾਲਣ ਵਾਲੇ ਸਨ।
ਡਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ’ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਗੇ।
ਹੁਣ ਇਮਰਾਨ ਖਾਨ ਦੀ ਵਾਰੀ…
ਅਤੇ ਹੁਣ ਇਮਰਾਨ ਖਾਨ ਦੀ ਵਾਰੀ ਹੈ। ਅਲ-ਕਦੀਰ ਟਰੱਸਟ ਮਾਮਲੇ ਨੇ ਉਨ੍ਹਾਂ ਨੂੰ ਮੁਹੰਮਦ ਬਸ਼ੀਰ ਦੀ ਏਸੀ-1 ਅਦਾਲਤ ’ਚ ਪਹੁੰਚਾ ਦਿੱਤਾ ਹੈ।
ਬੀਬੀਸੀ ਉਰਦੂ ਦੇ ਕੋਰਟ ਰਿਪੋਰਟਰ ਸ਼ਾਹਜ਼ਾਦ ਮਲਿਕ ਪਿਛਲੇ ਇੱਕ ਦਹਾਕੇ ਤੋਂ ਅਦਾਲਤੀ ਕਾਰਵਾਈਆਂ ਨੂੰ ਕਵਰ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ “ਮੁਹੰਮਦ ਬਸ਼ੀਰ ਨੂੰ ਸਰਕਾਰ ਹਮਾਇਤੀ ਜੱਜ ਮੰਨਿਆ ਜਾਂਦਾ ਹੈ। ਕਾਰਵਾਈ ਦੌਰਾਨ ਉਹ ਬਹੁਤ ਹੀ ਹਲੀਮੀ ਅਤੇ ਸਹਿਜ ਨਾਲ ਸਾਰੀ ਸੁਣਵਾਈ ਕਰਦੇ ਹਨ, ਦਲੀਲਾਂ ਦੇਣ ਲਈ ਢੁੱਕਵਾਂ ਸਮਾਂ ਦਿੰਦੇ ਹਨ ਅਤੇ ਬਹੁਤ ਹੀ ਧਿਆਨ ਨਾਲ ਬਹਿਸ ਸੁਣਦੇ ਹਨ।''''
''''ਹਾਲਾਂਕਿ ਜੇਕਰ ਉਨ੍ਹਾਂ ਦੇ ਫੈਸਲਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਤਕਰੀਬਨ ਸਾਰੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਉਨ੍ਹਾਂ ਦੇ ਇਨਸਾਫ਼ ਦਾ ਸਵਾਦ ਜ਼ਰੂਰ ਚੱਖਿਆ ਹੈ।”
ਸੀਨੀਅਰ ਵਿਸ਼ਲੇਸ਼ਕ ਕਾਮਰਾਨ ਖਾਨ ਦਾ ਕਹਿਣਾ ਹੈ, “ਜੇਕਰ ਸਜ਼ਾ ਵਾਲੇ ਫ਼ੈਸਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਦਿਲਚਸਪ ਗੱਲ ਹੈ ਕਿ ਜੱਜ ਮੁਹੰਮਦ ਬਸ਼ੀਰ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਦੇ ਚਹੇਤੇ ਜੱਜ ਰਹੇ ਹਨ।”
“ਉਹ ਇੰਨੀ ਗੁੰਝਲਦਾਰ ਸ਼ਖਸੀਅਤ ਦੇ ਮਾਲਕ ਹਨ ਕਿ ਉਨ੍ਹਾਂ ’ਤੇ ਇੱਕ ਪੂਰੀ ਕਿਤਾਬ ਤੱਕ ਲਿਖੀ ਜਾ ਸਕਦੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਬੀਬੀਸੀ ਪੰਜਾਬੀ ''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
NEXT STORY