ਇਸ ਘਟਨਾ ਵਿੱਚ 18 ਸਾਲਾ ਨਿਤਿਨ ਅਹਿਰਵਾਰ ਦੀ ਮੌਤ ਹੋ ਗਈ ਹੈ ਜਦਕਿ ਉਸ ਦੀ ਮਾਂ ਜ਼ਖ਼ਮੀ ਹੋ ਗਈ ਹੈ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ''ਚ ਇੱਕ ਦਲਿਤ ਨੌਜਵਾਨ ਨੂੰ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।
ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਗਠਨ ਇਸ ਘਟਨਾ ਲਈ ਮੱਧ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕਰ ਰਹੇ ਹਨ ਅਤੇ ਸੂਬੇ ਵਿੱਚ ''ਅਨੁਸੂਚਿਤ ਜਾਤੀ ਦੇ ਲੋਕਾਂ ''ਤੇ ਅੱਤਿਆਚਾਰ ਦੇ ਮਾਮਲਿਆਂ ਵਿੱਚ ਵਾਧੇ'' ਦਾ ਇਲਜ਼ਾਮ ਲਗਾ ਰਹੇ ਹਨ।
ਇਹ ਘਟਨਾ ਸਾਗਰ ਜ਼ਿਲ੍ਹੇ ਦੇ ਖੁਰਾਈ ਦੇ ਬਰੋਦੀਆ ਨੌਨਾਗੀਰ ਪਿੰਡ ਵਿੱਚ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਿਸ ਦੀਆਂ ਤਾਰਾਂ ਸਾਲ 2019 ''ਚ ਵਾਪਰੀ ਛੇੜਛਾੜ ਦੀ ਘਟਨਾ ਨਾਲ ਜੁੜੀਆਂ ਹੋਈਆਂ ਹਨ।
ਹਾਲ ਹੀ ਦੀ ਇਸ ਘਟਨਾ ਵਿੱਚ 18 ਸਾਲਾ ਨਿਤਿਨ ਅਹਿਰਵਾਰ ਦੀ ਮੌਤ ਹੋ ਗਈ ਹੈ ਜਦਕਿ ਉਸ ਦੀ ਮਾਂ ਜ਼ਖ਼ਮੀ ਹੋ ਗਈ ਹੈ।
2019 ਦੀ ਘਟਨਾ ਨਾਲ ਦੱਸਿਆ ਜਾ ਰਿਹਾ ਹਮਲੇ ਦਾ ਸਬੰਧ
ਇਸ ਹਮਲੇ ਦੀਆਂ ਤਾਰਾਂ ਸਾਲ 2019 ''ਚ ਵਾਪਰੀ ਛੇੜਛਾੜ ਦੀ ਘਟਨਾ ਨਾਲ ਜੁੜੀਆਂ ਹੋਈਆਂ ਹਨ
ਪੀੜਿਤ ਪਰਿਵਾਰ ਦਾ ਇਲਜ਼ਾਮ ਹੈ ਕਿ 2019 ਦੀ ਘਟਨਾ ਨਿਤਿਨ ਦੀ ਭੈਣ ਨਾਲ ਵਾਪਰੀ ਸੀ। ਉਸੇ ਮਾਮਲੇ ਦੇ ਮੁਲਜ਼ਮ ਵੀਰਵਾਰ ਸ਼ਾਮ ਨੂੰ ਨਿਤਿਨ ਦੇ ਘਰ ਆਏ ਸਨ।
ਪਰਿਵਾਰ ਦਾ ਇਲਜ਼ਾਮ ਹੈ ਕਿ ਉਸ 2019 ਦੀ ਘਟਨਾ ਦੇ ਇਨ੍ਹਾਂ ਮੁਲਜ਼ਮਾਂ ਨੇ ਪਰਿਵਾਰ ''ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ।
ਖੁਰਾਈ ਥਾਣੇ ਵਿੱਚ ਦਰਜ ਐਫਆਈਆਰ ਅਨੁਸਾਰ, ਜਦੋਂ ਨਿਤਿਨ ਦੀ ਮਾਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਉਸ ਸਮੇਂ ਨਿਤਿਨ ਪਿੰਡ ਦੇ ਬੱਸ ਸਟੈਂਡ ''ਤੇ ਸਨ, ਮੁਲਜ਼ਮਾਂ ਨੇ ਉੱਥੇ ਜਾ ਕੇ ਹੀ ਨਿਤਿਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨਿਤਿਨ ਦੀ ਮਾਂ ਅਤੇ ਭੈਣ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਨਿਤਿਨ ਦੀ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਥੋਂ ਭੱਜ ਕੇ ਜੰਗਲ ਵੱਲ ਚਲੀ ਗਈ ਸੀ, ਜਿਸ ਕਾਰਨ ਉਹ ਬਚ ਗਈ।
ਨਿਤਿਨ ਦੀ ਭੈਣ ਨੇ ਤਿੰਨ ਮੁੱਖ ਮੁਲਜ਼ਮਾਂ ਦੀ ਪਛਾਣ ਵਿਕਰਮ ਸਿੰਘ, ਕੋਮਲ ਸਿੰਘ ਅਤੇ ਆਜ਼ਾਦ ਸਿੰਘ ਵਜੋਂ ਕੀਤੀ ਹੈ, ਜਦਕਿ ਉਨ੍ਹਾਂ ਦੇ ਨਾਲ ਹਮਲੇ ''ਚ ਸ਼ਾਮਲ ਹੋਰ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਹੈ।
ਪੁੱਤ ਦੀ ਮੌਤ ਤੇ ਮਾਂ ਜ਼ਖਮੀ
ਖੁਰਾਈ ਥਾਣਾ ਇੰਚਾਰਜ ਨਿਤਿਨ ਪਾਲ ਮੁਤਾਬਕ, ਪੀੜਤ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਤੋਂ ਇਲਾਵਾ, ਨਿਤਿਨ ਦੀ ਮਾਂ ਦੇ ਇੱਕ ਹੱਥ ''ਤੇ ਪਲਾਸਟਰ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਦੂਜਾ ਹੱਥ ਵੀ ਜ਼ਖਮੀ ਹੈ।
ਸਾਗਰ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਨੂੰ ''ਸਹਾਇਤਾ'' ਵਜੋਂ ਇਕ ਲੱਖ ਰੁਪਏ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਟੁੱਟੇ ਹੋਏ ਘਰ ਨੂੰ ਦੁਬਾਰਾ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਖੁਰਾਈ ਦੇ ਉਪ ਮੰਡਲ ਅਧਿਕਾਰੀ ਰਵੀ ਸ੍ਰੀਵਾਸਤਵ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਟੁੱਟੇ ਹੋਏ ਮਕਾਨ ਅਤੇ ਖਾਣ-ਪੀਣ ਦੀਆਂ ਵਸਤਾਂ ਦਾ ਮੁਰੰਮਤ ਲਈ ਪ੍ਰਬੰਧ ਕਰ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਰਿਵਾਰ ਦੀ ਸੁਰੱਖਿਆ ਲਈ ਵਾਧੂ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ।
ਨਿਤਿਨ ਅਹਿਰਵਾਰ ਦਾ ਟੁੱਟਿਆ ਹੋਇਆ ਘਰ
''ਮੁਲਜ਼ਮਾਂ ਨੇ ਸਾਡੇ ਚਾਰ ਵਿੱਚੋਂ ਤਿੰਨ ਕਮਰੇ ਤੋੜ ਦਿੱਤੇ''
ਜਦੋਂ ਬੀਬੀਸੀ ਨੇ ਨਿਤਿਨ ਦੇ ਭਰਾ ਰੋਹਿਤ ਅਹਿਰਵਾਰ ਨਾਲ ਫ਼ੋਨ ''ਤੇ ਗੱਲ ਕੀਤੀ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ। ਉਨ੍ਹਾਂ ਦੇ ਪਿਤਾ ਰਘੁਵੀਰ ਸਿੰਘ ਦੇ ਰੋਣ ਦੀ ਆਵਾਜ਼ ਵੀ ਪਿੱਛੇ ਤੋਂ ਸੁਣਾਈ ਦੇ ਰਹੀ ਸੀ।
ਰਘੁਵੀਰ ਸਿੰਘ ਇੰਦੌਰ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਆਪਣੇ ਪਿੰਡ ਬਰੋਦੀਆ ਨੌਨਾਗੀਰ ਆ ਗਏ ਸਨ।
ਪਹਿਲਾਂ ਤਾਂ ਪਰਿਵਾਰ ਨੇ ਨਿਤਿਨ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖੀਆਂ ਸਨ।
ਸਾਗਰ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਕ ਆਰੀਆ ਦੇ ਭਰੋਸੇ ਤੋਂ ਬਾਅਦ ਸ਼ਨੀਵਾਰ ਸ਼ਾਮ ਨਿਤਿਨ ਦਾ ਸਸਕਾਰ ਕਰ ਦਿੱਤਾ ਗਿਆ।
ਰੋਹਿਤ ਅਹਿਰਵਾਰ ਨੇ ਦੱਸਿਆ, “ਪਿੰਡ ਵਿੱਚ ਸਾਡੇ ਘਰ ਵਿੱਚ ਚਾਰ ਛੋਟੇ ਕਮਰੇ ਸਨ। ਮੁਲਜ਼ਮਾਂ ਨੇ ਤਿੰਨ ਕਮਰੇ ਤੋੜ ਦਿੱਤੇ। ਅਸੀਂ ਸਾਰੇ ਇੱਕ ਕਮਰੇ ਵਿੱਚ ਹਾਂ। ਮਾਂ ਸੌਂ ਰਹੀ ਹੈ। ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਅਸੀਂ ਕੀ ਕੀਤਾ ਸੀ ਕਿ ਸਾਡੇ ਨਾਲ ਅਜਿਹਾ ਸਲੂਕ ਕੀਤਾ ਗਿਆ।''''
ਅੱਠ ਲੋਕ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਹੁਣ ਤੱਕ ਜਿਨ੍ਹਾਂ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁੱਖ ਮੁਲਜ਼ਮ ਵਿਕਰਮ ਸਿੰਘ ਠਾਕੁਰ ਸ਼ਾਮਲ ਹਨ, ਜਦਕਿ ਇੱਕ ਹੋਰ ਮੁਲਜ਼ਮ ਕੋਮਲ ਸਿੰਘ ਫਰਾਰ ਹਨ।
ਸ੍ਰੀਵਾਸਤਵ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਵਿੱਚ ਪਿੰਡ ਦੀ ਸਰਪੰਚ ਦੇ ਪਤੀ ਵੀ ਸ਼ਾਮਲ ਹਨ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਗਰ ਦੇ ਵਧੀਕ ਐਸਪੀ ਸੰਜੀਵ ਉਈਕੇ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307 ਅਤੇ ਅਨੁਸੂਚਿਤ ਜਾਤੀ ਅੱਤਿਆਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਮੁਲਜ਼ਮ ਅਜੇ ਫਰਾਰ ਹਨ, ਪੁਲਿਸ ਉਨ੍ਹਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਖੁਰਾਈ ਦੇ ਉਪ ਮੰਡਲ ਅਧਿਕਾਰੀ ਰਵੀ ਸ਼੍ਰੀਵਾਸਤਵ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਮੁਲਜ਼ਮਾਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ, “ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਸੀਂ ਸਾਰੇ ਮੁਲਜ਼ਮਾਂ ਦੀਆਂ ਜਾਇਦਾਦਾਂ ਦੀ ਜਾਂਚ ਕਰ ਰਹੇ ਹਾਂ। ਜੇਕਰ ਇਨ੍ਹਾਂ ਵਿੱਚ ਕਬਜੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਤੋੜਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।''''
ਮਾਇਆਵਤੀ ਦਾ ਭਾਜਪਾ ''ਤੇ ਹਮਲਾ
ਉੱਧਰ ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾ ਟਵਿੱਟਰ) ''ਤੇ ਆਪਣਾ ਗੁੱਸਾ ਜ਼ਾਹਿਰ ਕੀਤਾ।
ਉਨ੍ਹਾਂ ਲਿਖਿਆ, "ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ, ਜਿੱਥੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਬਹੁਤ ਧੂਮਧਾਮ ਨਾਲ ਸੰਤ ਗੁਰੂ ਰਵਿਦਾਸ ਜੀ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ, ਉਸੇ ਖੇਤਰ ਵਿੱਚ ਉਨ੍ਹਾਂ ਦੇ ਭਗਤਾਂ ਨਾਲ ਅੱਤਿਆਚਾਰ ਸਿਖਰਾਂ ''ਤੇ ਹਨ, ਜੋ ਕਿ ਭਾਜਪਾ ਅਤੇ ਇਸ ਦੀ ਸਰਕਾਰ ਦੇ ਦੋਗਲੇਪਣ ਦਾ ਜਿਉਂਦਾ ਜਾਗਦਾ ਸਬੂਤ ਹੈ।''''
ਮੱਧ ਪ੍ਰਦੇਸ਼ ਦਲਿਤਾਂ ''ਤੇ ਅੱਤਿਆਚਾਰਾਂ ਦੀ ਪ੍ਰਯੋਗਸ਼ਾਲਾ - ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ''ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਲਜ਼ਾਮ ਲਗਾਇਆ ਹੈ ਕਿ “ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿਰਫ਼ ਕੈਮਰੇ ਦੇ ਸਾਹਮਣੇ ਗਰੀਬਾਂ ਦੇ ਪੈਰ ਧੋ ਕੇ ਆਪਣੇ ਅਪਰਾਧ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਭਾਜਪਾ ਨੇ ਮੱਧ ਪ੍ਰਦੇਸ਼ ਨੂੰ ਦਲਿਤ ਅੱਤਿਆਚਾਰਾਂ ਦੀ ਪ੍ਰਯੋਗਸ਼ਾਲਾ ਬਣਾ ਰੱਖਿਆ ਹੈ।''''
ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇੱਕ ਜਾਂਚ ਟੀਮ ਵੀ ਸ਼ਨੀਵਾਰ ਨੂੰ ਬਰੋਦੀਆ ਨੌਨਾਗੀਰ ਪਿੰਡ ਪਹੁੰਚੀ। ਜਾਂਚ ਟੀਮ ਨੇ ਪੀੜਤ ਪਰਿਵਾਰ ਦੀ ਸੂਬਾ ਪ੍ਰਧਾਨ ਕਮਲਨਾਥ ਨਾਲ ਫੋਨ ’ਤੇ ਗੱਲ ਵੀ ਕਰਵਾਈ।
ਕਾਂਗਰਸ ਦਾ ਇਲਜ਼ਾਮ ਹੈ ਕਿ ਜ਼ਿਆਦਾਤਰ ਮੁਲਜ਼ਮ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ।
ਪ੍ਰਦੇਸ਼ ਕਾਂਗਰਸ ਕਮੇਟੀ ਦੀ ਤਰਫੋਂ ਸਾਗਰ ਜ਼ਿਲ੍ਹਾ ਇੰਚਾਰਜ ਅਵਨੀਸ਼ ਭਾਰਗਵ ਨੇ ਇਲਜ਼ਾਮ ਲਾਇਆ ਕਿ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਅੰਕਿਤ ਸਿੰਘ ਠਾਕੁਰ ਜਨਪਦ ਦੇ ਮੈਂਬਰ ਹਨ ਅਤੇ ਭਾਜਪਾ ਯੁਵਾ ਮੋਰਚਾ ਗ੍ਰਾਮੀਣ ਮੰਡਲ ਦੇ ਪ੍ਰਧਾਨ ਵੀ ਹਨ। ਜਦਕਿ ਕੋਮਲ ਸਿੰਘ ਪਿੰਡ ਦੀ ਹੀ ਸਰਪੰਚ ਦੇ ਪਤੀ ਅਤੇ ਵਿਧਾਇਕ ਨੁਮਾਇੰਦੇ ਵੀ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ''ਚ ਸੋਨ ਤਗਮਾ ਜਿੱਤ ਰਚਿਆ ਇਤਿਹਾਸ, ਗੋਲ਼ ਗੱਪਿਆਂ ਦੇ...
NEXT STORY