ਜੈਵਲੀਨ ਥ੍ਰੋਅ ਦੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਹੁਣ ਵਿਸ਼ਵ ਚੈਂਪੀਅਨਸ਼ਿਪ ਵੀ ਆਪਣੇ ਨਾਮ ਕਰ ਲਈ ਹੈ।
ਉਨ੍ਹਾਂ ਨੇ ਐਥਲੇਟਿਕਸ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਖੇਡਾਂ ''ਚ ਵੀ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।
ਨੀਰਜ ਚੋਪੜਾ ਨੇ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ਵਿੱਚ 88.17 ਮੀਟਰ ਥ੍ਰੋਅ ਦੇ ਨਾਲ ਸੋਨ ਤਮਗਾ ਜਿੱਤਿਆ ਹੈ।
ਪੋਲੈਂਡ ਵਿੱਚ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ਵਿੱਚ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੇ ਹਰ ਉਹ ਤਮਗਾ ਜਿੱਤ ਲਿਆ ਸੀ, ਜੋ ਉਹ ਜਿੱਤ ਸਕਦੇ ਸਨ।
ਐਤਵਾਰ ਰਾਤ ਨੂੰ 24 ਸਾਲਾ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗਾ ਵੀ ਆਪਣੇ ਨਾਮ ਕਰ ਲਿਆ। ਪਿਛਲੇ ਸਾਲ ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਚੋਪੜਾ ਨੇ ਇਸ ਮੁਕਾਬਲੇ ਵਿੱਚ 88.17 ਮੀਟਰ ਦੂਰ ਜੈਵਲਿਨ ਸੁੱਟਿਆ। ਇਹ ਉਨ੍ਹਾਂ ਦੇ ਪੰਜ ਸਰਵੋਤਮ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਨਹੀਂ ਹੈ।
ਹੁਣ ਓਲੰਪਿਕ ''ਚ ਸੋਨ ਤਮਗੇ ਦੇ ਨਾਲ-ਨਾਲ ਚੋਪੜਾ ਕੋਲ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ਦਾ ਸੋਨ ਤਮਗਾ ਵੀ ਹੈ।
ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ''ਚ 90 ਮੀਟਰ ਤੋਂ ਜ਼ਿਆਦਾ ਦੂਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤਣ ਵਾਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਇਸ ਮੁਕਾਬਲੇ ਵਿੱਚ 87.82 ਮੀਟਰ ਦੀ ਦੂਰੀ ਨਾਲ ਦੂਜੇ ਸਥਾਨ ''ਤੇ ਰਹੇ ਅਤੇ ਚਾਂਦੀ ਦਾ ਤਮਗਾ ਜਿੱਤਿਆ।
ਜਦਕਿ ਚੈੱਕ ਗਣਰਾਜ ਦੇ ਯਾਕੂਬ ਵਾਡਲੇਚ ਨੇ 86.67 ਮੀਟਰ ਦੀ ਦੂਰੀ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਇਸ ਦੇ ਨਾਲ ਹੀ ਭਾਰਤ ਦੇ ਕਿਸ਼ੋਰ ਜੇਨਾ ਪੰਜਵੇਂ ਜਦਕਿ ਡੀਪੀ ਮਨੂ ਛੇਵੇਂ ਸਥਾਨ ’ਤੇ ਰਹੇ।
ਪਹਿਲੇ ਦੌਰ ''ਚ ਪਿੱਛੇ ਚੱਲ ਰਹੇ ਨੀਰਜ ਚੋਪੜਾ ਨੇ ਦੂਜੇ ਦੌਰ ''ਚ ਜ਼ਬਰਦਸਤ ਵਾਪਸੀ ਕੀਤੀ।
ਪਾਕਿਸਤਾਨ ਦੇ ਅਰਸ਼ਦ ਨਦੀਮ
ਜਿੱਤ ਤੋਂ ਬਾਅਦ ਨੀਰਜ ਨੇ ਕੀ ਕਿਹਾ?
ਜੈਵਲਿਨ ਸੁੱਟਣ ਤੋਂ ਪਹਿਲਾਂ, ਉਨ੍ਹਾਂ ਨੇ ਦਰਸ਼ਕਾਂ ਵੱਲ ਵੇਖਿਆ ਅਤੇ ਆਪਣਾ ਹੱਥ ਉੱਚਾ ਕੀਤਾ। ਜਿਵੇਂ ਉਨ੍ਹਾਂ ਨੂੰ ਯਕੀਨ ਸੀ ਕਿ ਮੈਡਲ ਉਨ੍ਹਾਂ ਦਾ ਹੀ ਹੈ।
ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ, ''''ਮੈਂ ਸੋਚ ਰਿਹਾ ਸੀ ਕਿ ਮੈਂ ਲੰਮਾ ਜਾਵਾਂਗਾ। ਪਹਿਲੀ ਥ੍ਰੋਅ ਦੇ ਨਾਲ, ਪਰ ਇਸ ਕੋਸ਼ਿਸ਼ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਰਹੀਆਂ। ਪਹਿਲਾ ਥ੍ਰੋਅ ਮਾੜਾ ਰਿਹਾ, ਅਜਿਹਾ ਹੁੰਦਾ ਹੈ, ਪਰ ਮੈਂ ਹੋਰ ਜ਼ੋਰ ਲਗਾਇਆ।''''
''''ਮੈਂ ਆਪਣੀ ਸੱਟ ਬਾਰੇ ਵੀ ਸੋਚ ਰਿਹਾ ਸੀ। ਮੈਂ ਸਾਵਧਾਨੀ ਵਰਤ ਰਿਹਾ ਸੀ ਅਤੇ ਮੇਰੀ ਗਤੀ 100 ਫੀਸਦੀ ਨਹੀਂ ਸੀ। ਜਦੋਂ ਮੇਰੀ ਰਫਤਾਰ ਮੇਰੇ ਕੋਲ ਨਹੀਂ ਹੁੰਦੀ ਹੈ, ਤਾਂ ਮੈਂ ਗਿਰਾਵਟ ਮਹਿਸੂਸ ਕਰਦਾ ਹਾਂ ਅਤੇ ਮੇਰੇ ਲਈ 100 ਫੀਸਦੀ ਫਿੱਟ ਰਹਿਣਾ ਹੀ ਤਰਜੀਹ ਹੈ।''''
ਨੀਰਜ ਚੋਪੜਾ ਨੇ ਕਿਹਾ, ''''ਮੇਰਾ ਮੈਚ ਦੇਖਣ ਲਈ ਇੰਨੀ ਦੇਰ ਤੱਕ ਜਾਗਦੇ ਰਹਿਣ ਲਈ ਮੈਂ ਸਾਰੇ ਭਾਰਤੀਆਂ ਦਾ ਧੰਨਵਾਦ ਕਰਦਾ ਹਾਂ। ਇਹ ਮੈਡਲ ਪੂਰੇ ਭਾਰਤ ਲਈ ਹੈ। ਮੈਂ ਓਲੰਪਿਕ ਚੈਂਪੀਅਨ ਬਣਿਆ, ਹੁਣ ਮੈਂ ਵਿਸ਼ਵ ਚੈਂਪੀਅਨ ਹਾਂ। ਜੋ ਦੱਸਦੇ ਹੈ ਕਿ ਅਸੀਂ (ਭਾਰਤੀ) ਕੁਝ ਵੀ ਕਰ ਸਕਦੇ ਹਾਂ। ਤੁਸੀਂ ਵੀ ਇਸੇ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਜਾਰੀ ਰੱਖੋ।
ਆਪਣੇ ਪ੍ਰਦਰਸ਼ਨ ਤੋਂ ਛੇਤੀ ਸੰਤੁਸ਼ਟ ਨਹੀਂ ਹੁੰਦੇ ਨੀਰਜ
ਨੀਰਜ ਚੋਪੜਾ ਨੇ ਦਬਾਅ ਨੂੰ ਦੂਰ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਹਾਲ ਹੀ ਦੇ ਸਾਲਾਂ ਵਿੱਚ, ਨੀਰਜ ਚੋਪੜਾ ਨੇ ਅਜਿਹੇ ਆਤਮ-ਵਿਸ਼ਵਾਸ ਨਾਲ ਪ੍ਰਦਰਸ਼ਨ ਕੀਤਾ ਹੈ ਕਿ ਜਦੋਂ ਉਹ ਮੈਦਾਨ ਵਿੱਚ ਉਤਰਦੇ ਹਨ ਤਾਂ ਭਾਰਤੀ ਪ੍ਰਸ਼ੰਸਕਾਂ ਲਈ ਉਨ੍ਹਾਂ ਜਿੱਤ ਲਗਭਗ ਪੱਕੀ ਹੋ ਜਾਂਦੀ ਹੈ।
ਨੀਰਜ ਐਥਲੇਟਿਕਸ ਵਿੱਚ ਭਾਰਤ ਲਈ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ ਅਤੇ ਹਰ ਜਿੱਤ ਦੇ ਨਾਲ ਚੋਪੜਾ ਮਹਾਨਤਾ ਵੱਲ ਵਧ ਰਹੇ ਹਨ।
ਨੀਰਜ ਚੋਪੜਾ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਉਹ ਆਪਣੇ ਕਿਸੇ ਵੀ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੁੰਦੇ ਅਤੇ ਲਗਾਤਾਰ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਮਿਸਾਲ ਵਜੋਂ, ਉਨ੍ਹਾਂ ਨੇ ਟੋਕੀਓ ਓਲੰਪਿਕਸ ਵਿੱਚ 87.58 ਮੀਟਰ ਦੀ ਦੂਰੀ ''ਤੇ ਸੋਨ ਤਗਮਾ ਜਿੱਤਿਆ। ਹਾਲਾਂਕਿ ਇਹ ਉਨ੍ਹਾਂ ਦੇ ਸਰਵੋਤਮ ਦਸ ਥ੍ਰੋਅ ਵਿੱਚ ਵੀ ਸ਼ਾਮਲ ਨਹੀਂ ਹੈ।
ਓਲੰਪਿਕ ਖੇਡਾਂ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਹੋਇਆ ਹੈ। ਉਨ੍ਹਾਂ ਦੇ ਦਸ ਸਰਵੋਤਮ ਥ੍ਰੋਅ ਵਿੱਚੋਂ ਨੌਂ ਟੋਕੀਓ ਓਲੰਪਿਕ ਖੇਡਾਂ ਤੋਂ ਬਾਅਦ ਆਏ ਹਨ।
ਉਹ ਆਪਣੇ ਕਰੀਅਰ ਵਿੱਚ ਦਸ ਵਾਰ 88 ਮੀਟਰ ਦੀ ਦੂਰੀ ਪਾਰ ਕਰ ਚੁੱਕੇ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 89.94 ਮੀਟਰ ਰਿਹਾ ਹੈ। ਹਾਲਾਂਕਿ, ਹੁਣ ਤੱਕ ਉਨ੍ਹਾਂ ਨੇ 90 ਮੀਟਰ ਦੀ ਦੂਰੀ ਨਹੀਂ ਪਾਰ ਕੀਤੀ ਹੈ।
ਹਰਿਆਣਾ ਦੇ ਪਾਣੀਪਤ ਦੇ ਹਨ ਨੀਰਜ ਚੌਪੜਾ
ਨੀਰਜ ਪਾਣੀਪਤ ਦੇ ਪਿੰਡ ਖੰਡਰਾ ਦੇ ਜੰਮਪਲ ਹਨ। ਬਚਪਨ ''ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ।
ਜਦੋਂ ਨੀਰਜ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਨ੍ਹਾਂ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ।
ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਚਾਹ ''ਚ ਨੀਰਜ ਨੇ ਪਾਣੀਪਤ ''ਚ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ ''ਤੇ ਨੇਜ਼ਾ ਸੁੱਟਣ ''ਚ ਆਪਣੀ ਕਿਸਮਤ ਅਜ਼ਮਾਈ।
ਫਿਰ ਕੀ ਸੀ, ਨੀਰਜ ਨੇ ਕਦੇ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਆਪਣੇ ਇਸ ਸਫ਼ਰ ''ਤੇ ਅੱਗੇ ਹੀ ਵਧਦੇ ਗਏ।
ਬਿਹਤਰ ਸਹੂਲਤਾਂ ਦੀ ਭਾਲ ''ਚ ਨੀਰਜ ਪੰਚਕੁਲਾ ਚਲੇ ਗਏ ਅਤੇ ਪਹਿਲੀ ਵਾਰ ਉਨ੍ਹਾਂ ਦਾ ਸਾਹਮਣਾ ਕੌਮੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ।
ਇੱਥੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ।
ਜਦੋਂ ਨੀਰਜ ਨੇ ਕੌਮੀ ਪੱਧਰ ''ਤੇ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਹੱਥ ਘਟੀਆ ਗੁਣਵੱਤਾ ਵਾਲੇ ਨੇਜ਼ੇ ਦੀ ਥਾਂ ''ਤੇ ਵਧੀਆ ਕਿਸਮ ਦਾ ਨੇਜ਼ਾ ਆ ਗਿਆ। ਹੁਣ ਹੌਲੀ-ਹੌਲੀ ਨੀਰਜ ਦੀ ਖੇਡ ''ਚ ਵੀ ਬਦਲਾਅ ਅਤੇ ਸੁਧਾਰ ਹੋ ਰਿਹਾ ਸੀ।
ਸਾਲ 2016 ''ਚ ਜਦੋਂ ਭਾਰਤ ਪੀਵੀ ਸਿੰਧੂ ਅਤੇ ਸਾਕਸ਼ੀ ਮਲਿਕ ਦੇ ਤਮਗਿਆਂ ਦਾ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਐਥਲੇਟਿਕਸ ਦੀ ਦੁਨੀਆਂ ''ਚ ਕਿਤੇ ਹੋਰ ਇੱਕ ਨਵਾਂ ਸਿਤਾਰਾ ਉੱਭਰ ਰਿਹਾ ਸੀ।
ਇਸੇ ਸਾਲ ਹੀ ਨੀਰਜ ਨੇ ਪੋਲੈਂਡ ''ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ''ਚ ਸੋਨੇ ਦਾ ਤਮਗਾ ਜਿੱਤਿਆ ਸੀ। ਜਲਦ ਹੀ ਇਹ ਨੌਜਵਾਨ ਖਿਡਾਰੀ ਕੌਮਾਂਤਰੀ ਪੱਧਰ ''ਤੇ ਆਪਣੀ ਪਛਾਣ ਕਾਇਮ ਕਰਨ ਲੱਗਿਆ।
ਨੀਰਜ ਨੇ ਗੋਲਡ ਕੋਸਟ ''ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ ''ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ।
ਬਾਅਦ ''ਚ ਸਾਲ 2018 ''ਚ ਏਸ਼ੀਆਈ ਖੇਡਾਂ ''ਚ 88.07 ਮੀਟਰ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਨਾਲ ਹੀ ਸੋਨ ਤਮਗਾ ਵੀ ਜਿੱਤਿਆ ਸੀ।
ਪਰ 2019 ਦਾ ਸਾਲ ਨੀਰਜ ਲਈ ਕਈ ਔਕੜਾਂ ਭਰਿਆ ਰਿਹਾ। ਮੋਢੇ ਦੀ ਸੱਟ ਦੇ ਕਾਰਨ ਉਹ ਖੇਡਣ ''ਚ ਅਸਮਰੱਥ ਰਹੇ ਅਤੇ ਸਰਜਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਮੈਦਾਨ ''ਚ ਨਾ ਉਤਰ ਸਕੇ।
ਫਿਰ 2020 ''ਚ ਕੋਵਿਡ-19 ਦੇ ਕਾਰਨ ਅੰਤਰਰਾਸ਼ਟਰੀ ਮੁਕਾਬਲੇ ਨਹੀਂ ਹੋ ਸਕੇ।
ਬਾਸਕਟਬਾਲ ਖੇਡਦਿਆਂ ਟੁੱਟਿਆ ਗੁੱਟ
ਹਾਂਲਾਕਿ, ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸੱਟ ਲੱਗਣ ਕਰਕੇ ਨੀਰਜ ਨੂੰ ਇੰਨ੍ਹੀ ਮੁਸ਼ਕਲ ਹੋਈ ਹੋਵੇ।
ਸਾਲ 2012 ''ਚ ਬਾਸਕਟਬਾਲ ਖੇਡਦਿਆਂ ਉਨ੍ਹਾਂ ਦਾ ਗੁੱਟ ਟੁੱਟ ਗਿਆ ਸੀ। ਇਹ ਉਹੀ ਗੁੱਟ ਸੀ, ਜਿਸ ਨਾਲ ਉਨ੍ਹਾਂ ਨੇ ਭਾਲਾ ਸੁੱਟਣਾ ਹੁੰਦਾ ਹੈ।
ਉਸ ਸਮੇਂ ਨੀਰਜ ਨੇ ਕਿਹਾ ਸੀ ਕਿ ਇੱਕ ਵਾਰ ਤਾਂ ਉਨ੍ਹਾਂ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਮੁੜ ਭਾਲਾ ਫੜ੍ਹ ਹੀ ਨਹੀਂ ਸਕਣਗੇ।
ਪਰ ਆਪਣੀ ਮਿਹਨਤ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਨੀਰਜ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ।
ਨੀਰਜ ਰੀਓ ਓਲੰਪਿਕ ''ਚ ਭਾਗ ਲੈਣ ਤੋਂ ਖੁੰਝ ਗਏ ਸੀ ਕਿਉਂਕਿ ਜਦੋਂ ਤੱਕ ਉਨ੍ਹਾਂ ਨੇ ਕੁਆਲੀਫਿਕੇਸ਼ਨ ਨਿਸ਼ਾਨ ਵਾਲਾ ਥ੍ਰੋਅ ਸੁੱਟਿਆ ਸੀ, ਉਸ ਸਮੇਂ ਤੱਕ ਕੁਆਲੀਫਾਈ ਕਰਨ ਦੀ ਆਖ਼ਰੀ ਤਾਰੀਖ ਨਿਕਲ ਚੁੱਕੀ ਸੀ।
ਨੀਰਜ ਲਈ ਇਹ ਦਿਲ ਤੋੜਨ ਵਾਲਾ ਅਨੁਭਵ ਸੀ ਪਰ ਟੋਕਿਓ ਓਲੰਪਿਕ ''ਚ ਨੀਰਜ ਨੇ ਅਜਿਹਾ ਨਹੀਂ ਹੋਣ ਦਿੱਤਾ।
ਬੱਬੂ ਮਾਨ ਦੇ ਗਾਣਿਆਂ ਦੇ ਸ਼ੌਕੀਨ
ਜੈਵਲਿਨ ਤਾਂ ਨੀਰਜ ਦਾ ਜਾਨੂੰਨ ਹੈ, ਪਰ ਬਾਈਕ ਚਲਾਉਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰਿਆਣਵੀ ਰਾਗਨੀਆਂ ਦਾ ਵੀ ਬਹੁਤ ਸ਼ੌਕ ਹੈ।
ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਨ੍ਹਾਂ ਦੀ ਪਲੇਅ ਲਿਸਟ ''ਚ ਰਹਿੰਦੇ ਹਨ।
ਆਮ ਤੌਰ ''ਤੇ ਖਿਡਾਰੀ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦੇ ਹਨ, ਪਰ ਨੀਰਜ ਗੋਲ ਗੱਪਿਆਂ ਦੇ ਬਹੁਤ ਸ਼ੌਕੀਨ ਹਨ।
ਉਨ੍ਹਾਂ ਦੇ ਲੰਮੇ ਵਾਲਾਂ ਦੇ ਕਾਰਨ, ਸੋਸ਼ਲ ਮੀਡੀਆ ''ਤੇ ਲੋਕ ਉਨ੍ਹਾਂ ਨੂੰ ਮੋਗਲੀ ਦੇ ਨਾਂਅ ਨਾਲ ਵੀ ਜਾਣਦੇ ਹਨ… ਸ਼ਾਇਦ ਲੰਮੇ ਵਾਲਾਂ ਦੇ ਨਾਲ-ਨਾਲ ਫੁਰਤੀਲੇ ਅਤੇ ਚੁਸਤ ਹੋਣ ਦੇ ਕਾਰਨ ਵੀ।
ਇਸੇ ਚੁਸਤੀ ਨੇ ਨੀਰਜ ਨੂੰ ਹੁਣ ਵਿਸ਼ਵ ਜੇਤੂ ਬਣਾ ਦਿੱਤਾ ਹੈ।

ਪੰਜਾਬੀ ਮੂਲ ਦਾ ਡਾਕਟਰ ਜੋ ਨੀਲਗਿਰੀ ਵਿੱਚ ਕਬਾਇਲੀ ਭਾਸ਼ਾ ਨੂੰ ਸਾਂਭ ਰਿਹਾ ਹੈ
NEXT STORY